ਆਂਗਣਵਾੜੀ ਸੁਪਰਵਾਈਜ਼ਰਾਂ ਨੇ ਸਰਕਾਰ ਨੂੰ ਲਾਇਆ 100 ਕਰੋੜ ਰੁਪਏ ਦਾ ਚੂਨਾ

Anganwari, Supervisors, 100 Crore, Charged, Government

ਪੰਜਾਬ ਤੋਂ ਬਾਹਰੋਂ ਹੋਰਨਾਂ ਸੂਬਿਆਂ ਦੀਆਂ ‘ਵਰਸਿਟੀਆਂ ‘ਚੋਂ ਲਿਆ ਕੇ ਦਿੱਤੇ ਸਨ ਸਰਟੀਫਿਕੇਟ

ਭਜਨ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ

ਆਈ. ਸੀ. ਡੀ. ਐੱਸ. ਸਕੀਮ ਅਧੀਨ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਕਰੀਬ ਸਵਾ ਚਾਰ ਸਾਲ ਪਹਿਲਾਂ 286 ਆਂਗਣਵਾੜੀ ਵਰਕਰਾਂ ਨੂੰ ਤਰੱਕੀ ਦੇ ਕੇ ਆਂਗਣਵਾੜੀ ਸੁਪਰਵਾਈਜ਼ਰ ਬਣਾਇਆ ਗਿਆ ਸੀ। ਉਸ ਵੇਲੇ ਤਿੰਨ ਦਰਜਨ ਦੇ ਕਰੀਬ ਵਰਕਰਾਂ ਅਜਿਹੀਆਂ ਸਨ, ਜਿਨ੍ਹਾਂ ਨੇ ਬੀ.ਏ. ਐੱਮ.ਏ. ਦੇ ਤੇ ਉੱਚ ਯੋਗਤਾ ਵਾਲੇ ਕੁਝ ਹੋਰ ਸਰਟੀਫਿਕੇਟ ਪੰਜਾਬ ਤੋਂ ਬਾਹਰੋਂ ਹੋਰਨਾਂ ਸੂਬਿਆਂ ਦੀਆਂ ਯੂਨੀਵਰਸਿਟੀਆਂ ‘ਚੋਂ ਸਰਟੀਫਿਕੇਟ ਲਿਆ ਕੇ ਦਿੱਤੇ ਸਨ। ਇਹ ਸਰਟੀਫਿਕੇਟ ਸ਼ੱਕ ਦੇ ਘੇਰੇ ‘ਚ ਸਨ। ਚਾਹੀਦਾ ਤਾਂ ਇਹ ਸੀ ਕਿ ਉਦੋਂ ਅਜਿਹੇ ਸ਼ੱਕੀ ਸਰਟੀਫਿਕੇਟਾਂ ਦੀ ਮਹਿਕਮੇ ਵੱਲੋਂ ਜਾਂਚ ਪੜਤਾਲ ਤੇ ਛਾਣ-ਬੀਣ ਕੀਤੀ ਜਾਂਦੀ ਤੇ ਫੇਰ ਹੀ ਸੁਪਰਵਾਈਜ਼ਰਾਂ ਨੂੰ ਜੁਆਇਨ ਕਰਵਾ ਕੇ ਸਟੇਸ਼ਨ ਅਲਾਟ ਕੀਤੇ ਜਾਂਦੇ।

ਪਰ ਹੋਇਆ ਇਹ ਕਿ ਸਬੰਧਿਤ ਮਹਿਕਮੇ ਦੀ ਰਲੀ ਮਿਲੀ ਭੁਗਤ ਕਰਕੇ ਉਪਰੋਕਤ ਤਿੰਨ ਦਰਜਨ ਦੇ ਲਗਭਗ ਸੁਪਰਵਾਈਜ਼ਰਾਂ ਨੂੰ ਇਹ ਸ਼ਰਤ ਲਾ ਕੇ ਜੁਆਇਨ ਕਰਵਾ ਲਿਆ ਕਿ ਤੁਹਾਡੇ ਸਰਟੀਫਿਕੇਟਾਂ ਦੀ ਬਾਅਦ ‘ਚ ਜਾਂਚ-ਪੜਤਾਲ ਕੀਤੀ ਜਾਵੇਗੀ ਅਤੇ ਜੇਕਰ ਸਰਟੀਫਿਕੇਟ ਗਲਤ ਪਾਏ ਗਏ ਤਾਂ 420 ਦਾ ਪਰਚਾ ਦਰਜ ਕਰਵਾਇਆ ਜਾਵੇਗਾ ਤੇ ਲਈ ਹੋਈ ਤਨਖਾਹ ਵੀ ਵਾਪਸ ਲਈ ਜਾਵੇਗੀ। ਉਸ ਸਮੇਂ ਜਿਹੜੀਆਂ ਆਂਗਣਵਾੜੀ ਵਰਕਰਾਂ ਆਪਣਾ ਹੱਕ ਰੱਖਦੀਆਂ ਸਨ ਤੇ ਮੈਰਿਟ ਲਿਸਟ ‘ਚ ਅਗਲਾ ਨੰਬਰ ਉਹਨਾਂ ਦਾ ਆਉਂਦਾ ਸੀ, ਨੇ ਅਦਾਲਤ ਦਾ ਦਰਵਾਜਾ ਵੀ ਖੜਕਾਇਆ ਸੀ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਲਿਖ ਕੇ ਦਿੱਤਾ ਸੀ ਕਿ ਗਲਤ ਸਰਟੀਫਿਕੇਟ ਨਾਲ ਲੱਗਣ ਵਾਲੀਆਂ ਸੁਪਰਵਾਈਜ਼ਰਾਂ ਦੀ ਪੜਤਾਲ ਕੀਤੀ ਜਾਵੇ।

ਪਹਿਲਾਂ ਤਾਂ ਮਹਿਕਮਾ ਗੂੜ੍ਹੀ ਨੀਂਦ ਹੀ ਸੁੱਤਾ ਰਿਹਾ, ਪਰ ਹੁਣ ਕਰੀਬ 6 ਮਹੀਨੇ ਪਹਿਲਾਂ ਪੜਤਾਲ ਤਾਂ ਮੁਕੰਮਲ ਕਰਵਾ ਲਈ ਤੇ ਸਰਟੀਫਿਕੇਟ ਵੀ ਬਾਹਰਲੀਆਂ ਯੂਨੀਵਰਸਿਟੀਆਂ ਦੇ ਗਲਤ ਪਾਏ ਗਏ ਹਨ। ਪਰ ਹੁਣ ਤੱਕ ਕਾਰਵਾਈ ਕਿਸੇ ‘ਤੇ ਕੋਈ ਨਹੀਂ ਕੀਤੀ। ਜਦਕਿ ਹਰ ਮਹੀਨੇ ਸੁਪਰਵਾਈਜ਼ਰ ਨੂੰ 50-60 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ। ਇੱਕ ਸਪੁਰਵਾਈਜ਼ਰ ਹੀ ਲਗਭਗ 30 ਲੱਖ ਰੁਪਏ ਸਰਕਾਰੀ ਖਜਾਨੇ ‘ਚੋਂ ਲੈ ਚੁੱਕੀ ਹੈ ਤੇ ਗਲਤ ਸਰਟੀਫਿਕੇਟਾਂ ਨਾਲ ਸਵਾ ਚਾਰ ਸਾਲ ਪਹਿਲਾਂ ਭਰਤੀ ਹੋਈਆਂ ਇਨ੍ਹਾਂ ਆਂਗਣਵਾੜੀ ਸੁਪਰਵਾਈਜ਼ਰਾਂ ਨੇ ਪੰਜਾਬ ਸਰਕਾਰ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲਾ ਦਿੱਤਾ ਹੈ। ਜਦਕਿ ਜਿਨ੍ਹਾਂ ਵਰਕਰਾਂ ਨੇ ਇਨ੍ਹਾਂ ਦੀ ਥਾਂ ‘ਤੇ ਲੱਗਣਾ ਸੀ, ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੀਆਂ ਹਨ ਤੇ ਮੁੱਖ ਦਫ਼ਤਰ ਚੰਡੀਗੜ੍ਹ ਦੇ ਗੇੜੇ ਕੱਢ ਰਹੀਆਂ ਹਨ। ਉਲਟਾ ਗਲਤ ਸਰਟੀਫਿਕੇਟਾਂ ‘ਤੇ ਲੱਗਣ ਵਾਲੀਆਂ ਸੁਪਰਵਾਈਜ਼ਰਾਂ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਰਹੀਆਂ ਹਨ ਤੇ ਇਨ੍ਹਾਂ ਨੂੰ ਡਰਾ ਧਮਕਾ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਸਬੰਧਿਤ ਵਿਭਾਗ ਦੀ ਡਾਇਰੈਕਟਰ ਗੁਰਪ੍ਰੀਤ ਕੌਰ ਸੁਪਰਾ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਹੈ ਤੇ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਗਲਤ ਢੰਗ ਨਾਲ ਭਰਤੀ ਹੋਈਆਂ ਤੇ ਦੂਜੀਆਂ ਵਰਕਰਾਂ ਦਾ ਹੱਕ ਮਾਰਨ ਵਾਲੀਆਂ ਸੁਪਰਵਾਈਜ਼ਰਾਂ ਖਿਲਾਫ਼ ਤੁਰੰਤ ਬਣਦੀ ਕਾਰਵਾਈ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਜਥੇਬੰਦੀ ਵੱਲੋਂ ਪਹਿਲਾਂ ਵੀ ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਨੂੰ ਇਸ ਸਬੰਧੀ ਮੰਗ ਪੱਤਰ ਪੱਤਰ ਦਿੱਤੇ ਗਏ ਸਨ। ਪਰ ਡਾਇਰੈਕਟਰ ਬਦਲ ਦਿੱਤੀ ਗਈ ਸੀ। ਹੁਣ ਨਵੀਂ ਆਈ ਡਾਇਰੈਕਟਰ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਇਹ ਗਲਤ ਹੋਇਆ ਹੈ ਤੇ ਅਜਿਹੀਆਂ ਸੁਪਰਵਾਈਜ਼ਰਾਂ ਖਿਲਾਫ਼ ਵਿਭਾਗੀ ਕਾਰਵਾਈ ਕਰਨੀ ਬਣਦੀ ਹੈ। ਪਤਾ ਲੱਗਾ ਹੈ ਕਿ ਜਦ ਸਾਲ 2015 ‘ਚ ਇਨ੍ਹਾਂ 286 ਸੁਪਰਵਾਈਜ਼ਰਾਂ ਦੀ ਭਰਤੀ ਹੋਈ ਸੀ ਤਾਂ ਉਦੋਂ ਵਿਭਾਗ ਦਾ ਐਡੀਸ਼ਨਲ ਡਾਇਰੈਕਟਰ ਰਜਨੀਸ਼ ਕੁਮਾਰ ਸੀ, ਜੋ ਵਿਵਾਦਾਂ ਦੇ ਘੇਰੇ ਵਿਚ ਸੀ ਤੇ ਇਸ ਸਾਰੀ ਭਰਤੀ ਪ੍ਰਕਿਰਿਆ ਦਾ ਕੰਮ ਉਨ੍ਹਾਂ ਕੋਲ ਹੀ ਸੀ। ਪਰ ਹੁਣ ਵਿਭਾਗ ਦਾ ਉਕਤ ਅਧਿਕਾਰੀ ਵੀ ਫਰਾਰ ਦੱਸਿਆ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।