ਭਾਰੀ ਬਰਸਾਤ ਨੇ ਨਗਰ ਕੌਂਸਲ ਅਮਲੋਹ ਦੇ ਮਾੜੇ ਪ੍ਰਬੰਧਾਂ ਦੀ ਖੋਲ੍ਹੀ ਪੋਲ, ਸ਼ਹਿਰ ਹੋਇਆ ਜਲਥਲ

ਨਾ ਕਾਂਗਰਸ ਸਰਕਾਰ ਸਮੇਂ ਗੰਦਾ ਪਾਣੀ ਦੇ ਨਿਕਾਸੀ ਦਾ ਹੱਲ ਹੋਇਆ ਤੇ ਨਾ ਹੀ ਹੁਣ ਆਪ ਸਰਕਾਰ ਕੁਝ ਕਰ ਸਕੀ (Heavy Rain)

(ਅਨਿਲ ਲੁਟਾਵਾ) ਅਮਲੋਹ। ਪਿਛਲੇ ਦੋ ਦਿਨ ਤੋਂ ਹੋ ਰਹੀ ਭਾਰੀ ਬਰਸਾਤ (Heavy Rain) ਨੇ ਜਿੱਥੇ ਸਮੁੱਚੇ ਰੋਜ਼ਮਰਾ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਉਥੇ ਪ੍ਰਸ਼ਾਸਨ ਤੇ ਨਗਰ ਕੌਂਸਲ ਅਮਲੋਹ ਦੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜਿਸ ਕਾਰਨ ਸਮੁੱਚਾ ਅਮਲੋਹ ਸ਼ਹਿਰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਲਥਲ ਹੋਇਆ ਦਿਖਾਈ ਦੇ ਰਿਹਾ ਹੈ। ਭਾਵੇਂ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਸ਼ਹਿਰ ਨੂੰ ਗੰਦੇ ਪਾਣੀ ਦੀ ਨਿਕਾਸੀ ਤੋਂ ਨਿਜਾਤ ਦਿਵਾਉਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਸਮੁੱਚੇ ਸ਼ਹਿਰ ਵਿੱਚ ਜਿਥੇ ਸੀਵਰੇਜ਼ ਪਾਇਆ ਗਿਆ ਸੀ। ਉਥੇ ਸਮੁੱਚੇ ਸ਼ਹਿਰ ਦੀਆਂ ਗਲੀਆਂ ਨੂੰ ਵੀ ਐਟਰਲਾਕਿੰਗ ਕੀਤਾ ਗਿਆ ਤੇ ਰੌਸ਼ਨੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ।

ਪਰ ਜਦੋਂ ਦਾ ਨਗਰ ਕੌਂਸਲ ਅਮਲੋਹ ਤੇ ਕਾਂਗਰਸ ਕਾਬਜ ਹੋਈ ਉਹਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਸੰਭਾਲ ਤਾਂ ਕੀ ਹੋਣੀ ਸੀ। ਸਗੋਂ ਜਾਮ ਪਏ ਸੀਵਰੇਜ਼ ਸਿਸਟਮ ਨੂੰ ਖੋਲਣ ਦਾ ਯਤਨ ਵੀ ਨਹੀਂ ਕੀਤਾਂ ਗਿਆ।ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੇ ਗੰਦੇ ਪਾਣੀ ਦੇ ਥਾਂ-ਥਾਂ ਖੜਨ ਨਾਲ ਵੱਡਿਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗੰਦੇ ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ

ਜੇਕਰ ਮੌਜੂਦਾ ਆਪ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਰਕਾਰ ਵੱਲੋਂ ਵੀ ਆਪਣੇ 7 ਮਹੀਨੀਆਂ ਦੇ ਕਾਰਜਕਾਲ ਦੌਰਾਨ ਅਮਲੋਹ ਸ਼ਹਿਰ ਦੇ ਸੀਵਰੇਜ ਦੀ ਸਮੱਸਿਆ ਦਾ ਕੋਈ ਹੱਲ ਅਜੇ ਤੱਕ ਨਹੀ ਕੀਤਾ ਗਿਆ। ਜਦੋਂ ਕਿ ਅਮਲੋਹ ਸ਼ਹਿਰ ਦੇ ਦੁਕਾਨਦਾਰਾਂ,ਵਪਾਰਿਆ ਤੇ ਵਾਰਡਾਂ ਦੇ ਵਾਸੀਆਂ ਵੱਲੋਂ ਐਸ ਡੀ ਐਮ ਅਮਲੋਹ, ਕਾਰਜ਼ ਸਾਧਕ ਅਫਸਰ ਨਗਰ ਕੌਂਸਲ ਅਮਲੋਹ ਤੇ ਮੌਜ਼ੂਦਾ ਵਿਧਾਇਕ ਨੂੰ ਗੰਦੇ ਪਾਣੀ ਦੀ ਸਮੱਸਿਆ ਸਬੰਧੀ ਮੰਗ ਪੱਤਰ ਦੇ ਚੁੱਕੇ ਹਨ ਪਰ ਅਜੇ ਤੱਕ ਇਸ ਗੰਦੇ ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਹੀ ਦਿਖਾਈ ਦੇ ਰਹੀ ਹੈ।

ਅਮਲੋਹ : ਬਰਸਾਤ ਦੇ ਪਾਣੀ ਨਾਲ ਭਰਿਆ ਮੇਨ ਬਜ਼ਾਰ। ਤਸਵੀਰ : ਅਨਿਲ ਲੁਟਾਵਾ

ਦੁਕਾਨਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਬਰਸਾਤ ਕਾਰਨ ਅਮਲੋਹ ਮੇਨ ਬਜ਼ਾਰ ਅੰਦਰ ਤੇ ਗੁਰੂਦੁਆਰਾ ਸਿੰਘ ਸਭਾ ਮਾਰਕੀਟ ਅਮਲੋਹ ਅੰਦਰ ਵੱਡੀ ਗਿਣਤੀ ਵਿੱਚ ਗੰਦਾ ਪਾਣੀ ਜਮਾਂ ਹੋ ਚੁੱਕਾ ਹੈ ।ਪਰ ਨਗਰ ਕੌਂਸਲ ਅਮਲੋਹ ਦੇ ਅਧਿਕਾਰੀਆਂ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ ਜਦੋਂ ਕਿ ਉਹ ਇੱਕ ਮਹੀਨਾ ਪਹਿਲਾਂ ਨਗਰ ਕੌਂਸਲ ਅਮਲੋਹ ਦੇ ਈ ਓ ਤੇ ਸੀਵਰੇਜ਼ ਜੇ ਈ ਨੂੰ ਮਿਲ ਕਿ ਗੰਦੇ ਪਾਣੀ ਦੀ ਸਮੱਸਿਆ ਦੱਸ ਚੁੱਕੇ ਹਨ।ਪਰ ਅਜੇ ਤੱਕ ਨਗਰ ਕੌਂਸਲ ਅਮਲੋਹ ਕੋਈ ਸਾਰਥਿਕ ਹੱਲ ਨਹੀ ਕੱਢ ਸਕੀ। ਜਿਸ ਕਾਰਨ ਸਾਡੇ ਵਪਾਰ ਦਾ ਵੱਡਾ ਨੁਕਸਾਨ ਹੋ ਰਿਹਾ ਤੇ ਗੰਦੇ ਪਾਣੀ ਵਿੱਚੋਂ ਦੀ ਲੰਘ ਕੇ ਕੋਈ ਵੀ ਗਾਹਕ ਦੁਕਾਨਾਂ ਅੰਦਰ ਨਹੀਂ ਆ ਰਿਹਾ।

ਗੁਰਦੁਆਰਾ ਸਿੰਘ ਸਭਾ ਮਾਰਕੀਟ ਅਮਲੋਹ ਦੇ ਸਮੁੱਚੇ ਦੁਕਾਨਦਾਰਾਂ ਨੇ ਚੇਤਾਵਨੀ ਦਿੰਦੇ ਹੋਏ ਸਥਾਨਿਕ ਪ੍ਰਸ਼ਾਸਨ, ਨਗਰ ਕੌਂਸਲ ਅਮਲੋਹ ਦੇ ਅਧਿਕਾਰੀਆਂ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਖੜ ਰਹੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਜਲਦ ਨਾ ਕੀਤਾ ਗਿਆ ਤਾ ਆਉਣ ਵਾਲੇ ਦਿਨਾਂ ਵਿੱਚ ਨਗਰ ਕੌਂਸਲ ਅਮਲੋਹ ਤੇ ਐਸ ਡੀ ਐਮ ਦਫਤਰ ਅਮਲੋਹ ਦਾ ਘਿਰਾਓ ਕੀਤਾ ਜਾਵੇਗਾ।ਜਿਸ ਦੀ ਸਿੱਧੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ