ਸਰਸਾ ’ਚ ਅਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਪ੍ਰਸ਼ਾਸ਼ਨ ਹੋਇਆ ਪੱਬਾ ਭਾਰ

Amit Shah

ਥਾਂ-ਥਾਂ ਪੁਲਿਸ ਤਾਇਨਾਤ, ਸੁਰੱਖਿਆ ਦੇ ਸਖ਼ਤ ਇੰਤਜ਼ਾਮ

(ਸੱਚ ਕਹੂੰ ਨਿਊਜ਼) ਗੁਰਦਾਸਪੁਰ/ਸਰਸਾ। ਗੁਰਦਾਸਪੁਰ ਅਤੇ ਸਰਸਾ (ਹਰਿ.) ’ਚ ਐਤਵਾਰ ਨੂੰ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੇ ਮੈਗਾ ਆਊਟਰੀਚ ਪ੍ਰੋਗਰਾਮ ‘ਸੰਪਰਕ ਸੇ ਸਮਰੱਥਨ’ ਤਹਿਤ 18 ਜੂਨ ਨੂੰ ਦੁਪਹਿਰ ਡੇਢ ਵਜੇ ਗੁਰਦਾਸਪੁਰ ’ਚ ਰੈਲੀ ਨੂੰ ਸੰਬੋਧਨ ਕਰਨਗੇ। (Rally In Sirsa)

ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਪਠਾਨਕੋਟ ਦੇ ਇੰਚਾਰਜ ਅਨਿਲ ਸੱਚਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁਰਦਾਸਪੁਰ ਵਿੱਚ ਕੀਤੀ ਜਾ ਰਹੀ ਰੈਲੀ ਨੂੰ ਸਫ਼ਲ ਬਣਾਉਣ ਲਈ ਪਠਾਨਕੋਟ ਵਿੱਚ ਪੈਂਦੇ ਤਿੰਨੋਂ ਵਿਧਾਨ ਸਭਾ ਸੁਜਾਨਪੁਰ, ਪਠਾਨਕੋਟ ਅਤੇ ਭੋਆ ’ਚ ਪੈਂਦੇ ਦਸ ਮੰਡਲ ਪ੍ਰਧਾਨ ਅਤੇ ਗੁਰਦਾਸਪੁਰ ਪਾਰਲੀਮੈਂਟ ’ਚ ਪੈਂਦੇ ਸੈੱਲਾਂ ਦੇ ਅਹੁਦੇਦਾਰਾਂ ਨਾਲ ਰੈਲੀ ਨੂੰ ਸਫਲ ਬਣਾਉਣ ਲਈ ਮੀਟਿੰਗ ਕੀਤੀ। (Rally In Sirsa)

ਇਹ ਵੀ ਪੜ੍ਹੋ : ਵੇਦਾਂਤਾ ਦੀ ਪ੍ਰਾਪਤੀ : ਟੀਐਸਪੀਐਲ ਚੋਟੀ ਦੀਆਂ 100 ਕੰਪਨੀਆਂ ’ਚੋਂ 75ਵੇਂ ਸਥਾਨ ’ਤੇ

ਜਿਸ ਵਿੱਚ ਸਮੇਤ 10 ਮੰਡਲ ਪ੍ਰਧਾਨਾਂ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਅਤੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ, ਸਾਬਕਾ ਵਿਧਾਇਕ ਸੀਮਾ ਦੇਵੀ, ਪੰਜਾਬ ਦੇ ਸਾਰੇ ਸੈੱਲਾਂ ਦੇ ਕਨਵੀਨਰ ਰਾਕੇਸ਼ ਸ਼ਰਮਾ, ਲੀਗਲ ਸੈੱਲ ਦੇ ਕਨਵੀਨਰ ਐਨਕੇ ਵਰਮਾ ਅਤੇ ਪ੍ਰਸ਼ਾਂਤ ਗੰਭੀਰ ਹਾਜ਼ਰ ਰਹੇ। ਅਨਿਲ ਸੱਚਰ ਨੇ ਦੱਸਿਆ ਕਿ 18 ਜੂਨ ਨੂੰ ਗੁਰਦਾਸਪੁਰ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪਠਾਨਕੋਟ ਤੋਂ 150 ਬੱਸਾਂ ਅਤੇ 500 ਕਾਰਾਂ ਦਾ ਕਾਫਲਾ ਹਿੱਸਾ ਲਵੇਗਾ। ਅਨਿਲ ਸੱਚਰ ਨੇ ਕਿਹਾ ਕਿ ਮੋਦੀ ਸਰਕਾਰ 9 ਸਾਲਾਂ ਤੋਂ ਵਧੀਆ ਪ੍ਰਸ਼ਾਸਨ ਅਤੇ ਗਰੀਬਾਂ ਦੀ ਭਲਾਈ ਦੇ ਕੰਮ ਕਰ ਰਹੀ ਹੈ, ਜਿਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 18 ਜੂਨ ਨੂੰ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ ਅਤੇ ਐਨਡੀਏ ਸਰਕਾਰ ਦੀਆਂ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਜਨਤਾ ਸਾਹਮਣੇ ਪੇਸ਼ ਕਰਨਗੇ।

ਇਸ ਮੌਕੇ ਭਾਜਪਾ ਪੰਜਾਬ ਦੀ ਲੀਡਰਸ਼ਿਪ ਵੀ ਮੌਜੂਦ ਰਹੇਗੀ। ਉਨ੍ਹਾਂ ਸਾਰਿਆਂ ਨੂੰ ਇਸ ਰੈਲੀ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ। ਗੁਰਦਾਸਪੁਰ ਤੋਂ ਬਾਅਦ ਸ਼ਾਮ ਨੂੰ ਸਰਸਾ ’ਚ ਹੋਣ ਵਾਲੀ ਰੈਲੀ ਲਈ ਹਰਿਆਣਾ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਲਏ ਹਨ ਸਰਸਾ ਵਿਖੇ ਏਡੀਜੀਪੀ ਸ਼੍ਰੀਕਾਂਤ ਜਾਧਵ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ।

ਰੈਲੀ ਬਾਰੇ ਏਡੀਜੀਪੀ ਸ਼੍ਰੀਕਾਂਤ ਜਾਧਵ ਨੇ ਕਿਹਾ ਕਿ ਸੁਰੱਖਿਆ ਦੇ ਪੂਰੇ ਪ੍ਰਬੰਧ ਹਨ। ਹਰਿਆਣਾ ਪੁਲਿਸ ਦੇ ਨਾਲ-ਨਾਲ ਅਰਧ ਸੈਨਿਕ ਬਲ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਰੈਲੀ ਨੂੰ ਸ਼ਾਂਤਮਈ ਢੰਗ ਨਾਲ ਕਰਵਾਉਣਗੇ। ਦੂਜੇ ਪਾਸੇ ਕੈਬਨਿਟ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਰੈਲੀ ਬਾਰੇ ਦਾਅਵਾ ਕੀਤਾ ਕਿ ਇਸ ਰੈਲੀ ਵਿੱਚ ਹਜ਼ਾਰਾਂ ਲੋਕ ਪੁੱਜਣਗੇ। ਇਹ ਰੈਲੀ ਇਤਿਹਾਸਕ ਹੋਵੇਗੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੁਣਨ ਲਈ ਹਜ਼ਾਰਾਂ ਲੋਕ ਰੈਲੀ ਵਾਲੀ ਥਾਂ ’ਤੇ ਪਹੁੰਚਣਗੇ।