ਸਿੱਧੂ ਸੰਕਟ ਦਾ ਹੁਣ ਹੱਲ ਕੱਢਣਗੇ ਅਮਰਿੰਦਰ ਦੇ ਸਿਆਸੀ ਸਲਾਹਕਾਰ ਸੰਦੀਪ ਸੰਧੂ

Amarinder, Political, Adviser Sandeep Sandhu, Call Sidhu Crisis

ਦਿੱਲੀ ਵਿਖੇ ਪੁੱਜੇ ਕੈਪਟਨ ਸੰਦੀਪ ਸੰਧੂ, ਦਿੱਲੀ ਲੀਡਰਸ਼ਿਪ ਨਾਲ ਕਰਨਗੇ ਰਾਬਤਾ ਕਾਇਮ

ਨਵਜੋਤ ਸਿੱਧੂ ਵੀ ਦਿੱਲੀ ਤਲਬ, ਸਾਰੇ ਮਾਮਲੇ ‘ਤੇ ਕੀਤਾ ਜਾਵੇਗਾ ਮੁੜ ਤੋਂ ਗੌਰ

ਸਿੱਧੂ ਸੰਕਟ ਦਾ ਹਲ਼ ਕੱਢਣ ਲਈ ਲੱਗਣਗੇ 2-3 ਦਿਨ, ਕੈਬਨਿਟ ਮੀਟਿੰਗ ਹੋਈ ਰੱਦ

ਅਸ਼ਵਨੀ ਚਾਵਲਾ, ਚੰਡੀਗੜ੍ਹ

ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪੈਦਾ ਹੋਏ ਸੰਕਟ ਦਾ ਹਲ਼ ਕੱਢਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਦੀ ਡਿਊਟੀ ਲਗਾਈ ਗਈ ਹੈ। ਪਿਛਲੇ 2 ਦਿਨਾਂ ਤੋਂ ਦਿੱਲੀ ਵਿਖੇ ਬੈਠੇ ਕੈਪਟਨ ਸੰਦੀਪ ਸੰਧੂ ਨੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਚਰਚਾ ਕਰ ਲਈ ਹੈ, ਜਦੋਂ ਕਿ ਦਿੱਲੀ ਵਿਖੇ ਬੈਠੀ ਸੀਨੀਅਰ ਲੀਡਰਸ਼ਿਪ ਨਾਲ ਵੀ ਸੰਦੀਪ ਸੰਧੂ ਮੁਲਾਕਾਤ ਕਰਨਗੇ। ਇਸ ਸਾਰੇ ਮਾਮਲੇ ਦਾ ਹੱਲ਼ ਬੈਠ ਕੇ ਕੱਢਣ ਲਈ ਨਵਜੋਤ ਸਿੱਧੂ ਨੂੰ ਦਿੱਲੀ ਵਿਖੇ ਹੀ ਸੱਦ ਲਿਆ ਗਿਆ ਹੈ ਤਾਂ ਕਿ ਇਸ ਵਿਵਾਦ ਦੀ ਜੜ੍ਹ ਤੱਕ ਜਾਣ ਤੋਂ ਬਾਅਦ ਨਾ ਸਿਰਫ਼ ਇਸ ਦਾ ਹੱਲ਼ ਕੱਢਿਆ ਜਾਵੇ, ਸਗੋਂ ਦੋਵੇ ਧਿਰਾਂ ਨੂੰ ਸ਼ਾਂਤ ਕਰਦੇ ਹੋਏ ਸਰਕਾਰ ਨੂੰ ਚੰਗੇ ਢੰਗ ਨਾਲ ਚਲਾਇਆ ਜਾਵੇ। ਕੈਪਟਨ ਸੰਦੀਪ ਸੰਧੂ ਅਗਲੇ 2 ਦਿਨ ਵੀ ਦਿੱਲੀ ਵਿਖੇ ਰਹਿਣਗੇ, ਜਿਸ ਤੋਂ ਬਾਅਦ ਹੀ ਨਵਜੋਤ ਸਿੱਧੂ ਦੇ ਅਸਤੀਫ਼ੇ ਬਾਰੇ ਫੈਸਲਾ ਕੀਤਾ ਜਾਏਗਾ।

ਜੇਕਰ ਇਸ ਮਾਮਲੇ ਵਿੱਚ ਕੋਈ ਹੱਲ਼ ਨਾ ਨਿਕਲਿਆ ਤਾਂ ਆਖਰੀ ਕੋਸ਼ਿਸ਼ ਕਰਨ ਤੋਂ ਬਾਅਦ ਮਾਮਲਾ ਮੁੱਖ ਮੰਤਰੀ ਕੋਲ ਪੇਸ਼ ਕਰ ਦਿੱਤਾ ਜਾਵੇਗਾ, ਜਿਥੇ ਉਨ੍ਹਾਂ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਨ ਲਈ ਅਗਲੀ ਕਾਰਵਾਈ ਵੀ ਉਲੀਕੀ ਜਾਵੇਗੀ ਪਰ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਇੱਕ ਹੋਰ ਆਖ਼ਰੀ ਕੋਸ਼ਿਸ਼ ਕਰਨਾ ਚਾਹੁੰਦੀ ਹੈ। ਨਵਜੋਤ ਸਿੱਧੂ ਦੇ ਅਸਤੀਫ਼ੇ ਦੇ ਕਾਰਨ ਪੈਦਾ ਹੋਏ ਇਸ ਸੰਕਟ ਤੋ ਪਹਿਲਾਂ ਕੈਬਨਿਟ ਮੀਟਿੰਗ ਕਰਨਾ ਵੀ ਮੁਨਾਸਬ ਨਹੀਂ ਸੀ ਜਿਸ ਕਾਰਨ 18 ਜੁਲਾਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਨੂੰ ਮੁਲਤਵੀ ਕਰਦੇ ਹੋਏ 24 ਜੁਲਾਈ ਕਰ ਦਿੱਤਾ ਗਿਆ ਹੈ। ਚਰਚਾ ਹੈ ਕਿ ਜੇਕਰ ਤੈਅ ਸਮੇਂ ਅਨੁਸਾਰ ਕੈਬਨਿਟ ਮੀਟਿੰਗ ਕੀਤੀ ਜਾਂਦੀ ਤਾਂ ਨਵਜੋਤ ਸਿੱਧੂ ਦੀ ਗੈਰਹਾਜ਼ਰ ਵਿੱਚ ਜਿਥੇ ਮੀਟਿੰਗ ਦੌਰਾਨ ਕਾਫ਼ੀ ਚਰਚਾ ਹੋਣੀ ਸੀ ਤਾਂ ਮੀਟਿੰਗ ਤੋਂ ਬਾਹਰ ਮੀਡੀਆ ਵਿੱਚ ਵੀ ਕਾਫ਼ੀ ਜਿਆਦਾ ਕਿਰਕਿਰੀ ਹੋਣ ਦੇ ਆਸਾਰ ਸਨ। ਜਿਸ ਕਾਰਨ ਇਸ ਕੈਬਨਿਟ ਮੀਟਿੰਗ ਨੂੰ ਮੁਲਤਵੀ ਕਰਨਾ ਹੀ ਠੀਕ ਸਮਝਿਆ ਗਿਆ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਤੁਰੰਤ ਪ੍ਰਭਾਵ ਨਾਲ ਨਵਜੋਤ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰਨ ਦੀ ਗਲ ਬਾਹਰ ਆ ਰਹੀਂ ਸੀ ਪਰ ਹੁਣ ਇਹੋ ਜਿਹਾ ਕੁਝ ਵੀ ਨਹੀਂ ਹੋਣ ਜਾ ਰਿਹਾ ਹੈ। ਇਸ ਮਾਮਲੇ ਨੂੰ ਅਗਲੇ 3-4 ਦਿਨਾਂ ਲਈ ਠੰਢੇ ਬਸਤੇ ਵਿੱਚ ਪਾਉਣ ਦੀ ਖ਼ਬਰ ਬਾਹਰ ਆ ਰਹੀ ਹੈ। ਕਾਂਗਰਸੀ ਸੂਤਰਾ ਅਨੁਸਾਰ ਬੁੱਧਵਾਰ ਨੂੰ ਦਿੱਲੀ ਵਿਖੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਇਸ ਸਬੰਧੀ ਗੱਲਬਾਤ ਹੋਈ ਹੈ ਅਤੇ ਇਹ ਸਾਰਾ ਕੁਝ ਕਾਂਗਰਸ ਪਾਰਟੀ ਦੀ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਦਖਲ ਦੇਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੀ ਕੈਪਟਨ ਸੰਦੀਪ ਸੰਧੂ ਨੂੰ ਦਿੱਲੀ ਵਿਖੇ ਰੁਕਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਹੁਣ ਸੰਦੀਪ ਸੰਧੂ ਦਿੱਲੀ ਵਿਖੇ ਬੈਠ ਕੇ ਇਸ ਮਾਮਲੇ ਦਾ ਹਲ਼ ਕੱਢਣ ਦੀ ਕੋਸ਼ਸ਼ ਕਰਨਗੇ। ਦਿੱਲੀ ਵਿਖੇ ਨਵਜੋਤ ਸਿੱਧੂ ਵੀਰਵਾਰ ਨੂੰ ਪੁੱਜ ਸਕਦੇ ਹਨ। ਜਿਥੇ ਕਿ ਸਾਰੀ ਗੱਲਬਾਤ ਕਰਨ ਤੋਂ ਬਾਅਦ ਦੋਹੇ ਧਿਰਾਂ ਨੂੰ ਸ਼ਾਂਤ ਕੀਤਾ ਜਾਏਗਾ।

ਪ੍ਰਿਅੰਕਾ ਗਾਂਧੀ ਨੇ ਦਿੱਤਾ ਦਖ਼ਲ

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਦਖਲ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਦੀ ਡਿਊਟੀ ਲਾਈ ਗਈ ਅਤੇ ਉਨ੍ਹਾਂ ਨੂੰ ਦਿੱਲੀ ਵਿਖੇ ਰੁਕਣ ਦੇ ਆਦੇਸ਼ ਜਾਰੀ ਕੀਤੇ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।