ਪੰਨੂੰ ਤੇ ਪਾਕਿ ਫੌਜ ਦੀ ਐ ਗੰਢ-ਤੁੱਪ : ਕੈਪਟਨ ਅਮਰਿੰਦਰ ਸਿੰਘ

Captain Amarinder Singh, Pannu and Pakistani Army

ਕਿਹਾ, ਪੰਜਾਬ ਨੂੰ ‘ਅਜ਼ਾਦ’ ਕਰਵਾਉਣ ਲਈ ਪਾਕਿ ਫੌਜ ਦੀ ਮਦਦ ਮੰਗਣ ਬਾਰੇ ਪਨੂੰ ਦੇ ਬਿਆਨ ਨੇ ਕੀਤਾ ਸਭ ਕੁਝ ਸਾਫ਼

ਚੰਡੀਗੜ੍ਹ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਸਿੱਖਜ਼ ਫਾਰ ਜਸਟਿਸ (ਐਸ.ਐਫ.ਜੇ.) ਵੱਲੋਂ ਪੰਜਾਬ ਨੂੰ ਭਾਰਤ ਤੋਂ ‘ਆਜ਼ਾਦ’ ਕਰਾਉਣ ਲਈ ਪਾਕਿਸਤਾਨ ਦੀ ਮਦਦ ਮੰਗਣ ਬਾਰੇ ਦਿੱਤੇ ਬਿਆਨ ਨਾਲ ਇਸ ਜਥੇਬੰਦੀ ਦੇ ਨਾਪਾਕ ਇਰਾਦਿਆਂ ਅਤੇ ਪਾਕਿਸਤਾਨੀ ਫ਼ੌਜ ਅਤੇ ਆਈ.ਐਸ.ਆਈ. ਨਾਲ ਗੰਢ-ਤੁੱਪ ਦਾ ਪਰਦਾਫਾਸ਼ ਹੋਇਆ ਹੈ। ਐਸ.ਐਫ.ਜੇ. ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਬਿੱਲੀ ਹੁਣ ਪੂਰੀ ਤਰ੍ਹਾਂ ਥੈਲੇ ਵਿੱਚੋਂ ਬਾਹਰ ਆ ਗਈ ਹੈ ਅਤੇ ਐਸ.ਐਫ.ਜੇ. ਅਤੇ ਪਾਕਿਸਤਾਨੀ ਫ਼ੌਜ ਦੇ ਡੂੰਘੇ ਸਬੰਧਾਂ ਦੀ ਹਕੀਕਤ ਜੱਗ ਜ਼ਾਹਰ ਹੋ ਚੁੱਕੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਬਿਆਨ ਨੇ ਐਸ.ਐਫ.ਜੇ. ਦੇ ਉਸ ਝੂਠ ਤੋਂ ਵੀ ਪਰਦਾ ਚੁੱਕ ਦਿੱਤਾ ਹੈ ਜਿਸ ਵਿੱਚ ਖਾਲਿਸਤਾਨ ਦੇ ਵੱਖਰੇ ਰਾਜ ‘ਤੇ ਰਾਏਸ਼ੁਮਾਰੀ ਲਈ ਸ਼ਾਂਤਮਈ ਲਹਿਰ ਚਲਾਉਣ ਦਾ ਦਾਅਵਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਹੁਣ ਪ੍ਰਤੱਖ ਤੌਰ ‘ਤੇ ਸਾਹਮਣੇ ਆਇਆ ਹੈ ਕਿ ਐਸ.ਐਫ.ਜੇ. ਵੱਲੋਂ ਪਾਕਿਸਤਾਨੀ ਫ਼ੌਜ ਅਤੇ ਆਈ.ਐਸ.ਆਈ. ਦੇ ਸਮਰਥਨ ਨਾਲ ਭਾਰਤੀ ਪੰਜਾਬ ਵਿੱਚ ਗੜਬੜ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਬਿਆਨ ਨਾਲ ਪਨੂੰ ਦੇ ਪਾਕਿਸਤਾਨੀ ਫੌਜ ਅਤੇ ਆਈ.ਐਸ.ਆਈ. ਦੀ ਮਦਦ ਨਾਲ ਪੰਜਾਬ ਨੂੰ ਭਾਰਤ ਤੋਂ ਅਲਹਿਦਾ ਕਰਨ ਲਈ ਹਰ ਹੀਲਾ ਵਰਤਣ ਦੇ ਇਰਾਦੇ ਵੀ ਜ਼ਾਹਰ ਹੋ ਗਏ ਹਨ। ਮੁੱਖ ਮੰਤਰੀ ਨੇ ਐਸ.ਐਫ.ਜੇ. ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ‘ਕਰਤਾਰਪੁਰ ਕਨਵੈਨਸ਼ਨ-2019’ ਕਰਵਾਉਣ ਦੀ ਯੋਜਨਾ ‘ਤੇ ਵੀ ਸਖ਼ਤ ਪ੍ਰਤੀਕ੍ਰਿਆ ਪ੍ਰਗਟਾਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨੇ ਉਨ੍ਹਾਂ ਦੇ ਖਦਸ਼ਿਆਂ ਨੂੰ ਹੋਰ ਪੱਕਾ ਕੀਤਾ ਹੈ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫੈਸਲਾ ਐਸ.ਐਫ.ਜੇ. ਸਮੇਤ ਭਾਰਤ ਵਿਰੋਧੀ ਤਾਕਤਾਂ ਦੀ ਮਦਦ ਕਰਨ ਬਾਰੇ ਆਈ.ਐਸ.ਆਈ. ਦੀ ਸਾਜ਼ਿਸ਼ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇੱਕ ਵਾਰ ਫਿਰ ਸਿੱਧ ਹੋ ਗਿਆ ਹੈ ਕਿ ਪਾਕਿਸਤਾਨ ਸਰਕਾਰ ਕਠਪੁਤਲੀ ਸ਼ਾਸਨ ਵਾਂਗ ਹਮੇਸ਼ਾ ਹੀ ਉਥੋਂ ਦੀ ਫੌਜ ਦੇ ਇਸ਼ਾਰੇ ‘ਤੇ ਕੰਮ ਕਰਦੀ ਰਹੀ ਹੈ ਅਤੇ ਕਰ ਰਹੀ ਹੈ।
ਇਸ ਮਾਮਲੇ ‘ਤੇ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੁੱਚਾ ਮਾਮਲਾ ਪਾਕਿਸਤਾਨੀ ਫੌਜ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਜੋ ਪੰਜਾਬ ਵਿੱਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੇ ਲਗਾਤਾਰ ਯਤਨ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਇਆ ਕਿ ਪੰਜਾਬ ਅਤੇ ਭਾਰਤੀ ਫੌਜ ਗੁਆਂਢੀ ਮੁਲਕ ਦੀ ਅਜਿਹੀ ਕਿਸੇ ਵੀ ਯੋਜਨਾ ਦਾ ਮੁਕਾਬਲਾ ਕਰਨ ਲਈ ਤਿਆਰ-ਬਰ-ਤਿਆਰ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਭਾਰਤ ਵਿੱਚ ਸਿੱਖ ਭਾਈਚਾਰੇ ਦੀ ਚਿਰੋਕਣੀ ਮੰਗ ਦੀ ਪੂਰਤੀ ਲਈ ਕਰਤਾਰਪੁਰ ਲਾਂਘਾ ਖੋਲਣ ਦੇ ਪੂਰੀ ਤਰਾਂ ਹੱਕ ਵਿੱਚ ਹਨ। ਉਨਾਂ ਕਿਹਾ ਕਿ ਇਹ ਇਸ ਉਪਰਾਲੇ ਦੀ ਦੁਰਵਰਤੋਂ ਹੈ ਜਿਸ ਦਾ ਉਹ ਵਿਰੋਧ ਕਰਦੇ ਹਨ। ਉਨਾਂ ਕਿਹਾ ਕਿ ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸੱਚੇ ਦਿਲੋਂ ਇਸ ਲਾਂਘੇ ਰਾਹੀਂ ਭਾਰਤ ਨਾਲ ਸ਼ਾਂਤੀ ਦੇ ਦਰਵਾਜ਼ੇ ਖੋਲਣਾ ਚਾਹੁੰਦੇ ਹਨ ਤਾਂ ਉਨਾਂ ਨੂੰ ਨਾ ਸਿਰਫ ਐਸ.ਐਫ.ਜੇ. ਦੇ ਬਿਆਨ ਦੀ ਸਪੱਸ਼ਟ ਨਿੰਦਾ ਕਰਨੀ ਚਾਹੀਦੀ ਹੈ ਸਗੋਂ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਾਰਤ ਵਿਰੋਧੀ ਵੱਖਵਾਦੀ ਤਾਕਤ ਆਪਣੀ ਮੁਹਿੰਮ ਚਲਾਉਣ ਲਈ ਪਾਕਿਸਤਾਨ ਦੀ ਧਰਤੀ ਦੀ ਵਰਤੋਂ ਨਾ ਕਰੇ। ਉਨਾਂ ਨੇ ਪਾਕਿਸਤਾਨੀ ਨੇਤਾ ਨੂੰ ‘ਕਰਤਾਰਪੁਰ ਸਾਹਿਬ ਕਨਵੈਨਸ਼ਨ-2019’ ਕਰਵਾਉਣ ਤੋਂ ਵੀ ਰੋਕਣ ਲਈ ਆਖਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।