ਮਨਮਤੇ ਲੋਕਾਂ ਤੋਂ ਹਮੇਸ਼ਾ ਸਾਵਧਾਨ ਰਹੋ

dr. MSG anmol bachan

ਮਨਮਤੇ ਲੋਕਾਂ ਤੋਂ ਹਮੇਸ਼ਾ ਸਾਵਧਾਨ ਰਹੋ

ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ’ਚ ਹਰ ਇਨਸਾਨ ਕਾਲ ਦੇ ਖੇਡ-ਖਿਡੌਣਿਆਂ ’ਚ ਮਸਤ ਹੈ। ਲੋਕ ਖੁਦਗਰਜ਼ੀ, ਸਵਾਰਥੀਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ। ਇਸ ਭਿਆਨਕ ਦੌਰ ’ਚ ਲੋਕ ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਦੇ ਸਤਿਸੰਗ ’ਚ ਆ ਕੇ ਲਾਭ ਲੈਣ ਦੀ ਬਜਾਇ ਤਰ੍ਹਾਂ-ਤਰ੍ਹਾਂ ਦੇ ਜਾਲ ਬੁਣਦੇ ਹਨ, ਤਰ੍ਹਾਂ-ਤਰ੍ਹਾਂ ਦੀਆਂ ਚਲਾਕੀਆਂ ਕਰਦੇ ਹਨ। ਅਜਿਹੇ ਲੋਕਾਂ ਤੋਂ ਹਮੇਸ਼ਾ ਸਾਵਧਾਨ ਰਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦਾ ਪਿਆਰ, ਉਸ ਦੀ ਮੁਹੱਬਤ ਦਾ ਰਾਹ ਬੜਾ ਔਖਾ ਹੈ ਇਸ ’ਤੇ ਚੱਲਣਾ ਸੂਰਵੀਰ, ਬਹਾਦਰਾਂ ਦਾ ਕੰਮ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਲੋਕ ਦੁਨਿਆਵੀ ਗੱਲਾਂ ’ਚ ਆ ਕੇ ਪਲ ’ਚ ਮੂੰਹ ਮੋੜ ਲੈਂਦੇ ਹਨ ਤੇ ਸਤਿਗੁਰੂ ਦੀਆਂ ਸਾਲਾਂ ਦੀਆਂ ਸਮਝਾਈਆਂ ਗਈਆਂ ਗੱਲਾਂ ਦਾ ਜਿਨ੍ਹਾਂ ’ਤੇ ਅਸਰ ਨਹੀਂ ਹੁੰਦਾ ਉਨ੍ਹਾਂ ਦੇ ਕਰਮਾਂ ’ਚ ਜੋ ਲਿਖਿਆ ਹੁੰਦਾ ਹੈ। ਉਨ੍ਹਾਂ ਨੂੰ ਉਹ ਭੋਗਣਾ ਪੈਂਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਹਿਲਾਂ ਜਦੋਂ ਬੱਚੇ ਪੜ੍ਹਦੇ ਸਨ, ਫੱਟੀ ’ਤੇ ਲਿਖਦੇ ਸਨ, ਲੱਕੜ ਦੀ ਫੱਟੀ ਹੁੰਦੀ ਸੀ, ਉਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕੀਤਾ ਜਾਂਦਾ, ਫਿਰ ਦੋਮਟ ਮਿੱਟੀ ਜਾਂ ਗਾਚੀ ਨਾਲ ਪੋਚਿਆ ਜਾਂਦਾ ਸੀ। ਫਿਰ ਬੱਚੇ ਕਲਮ-ਦਵਾਤ ਨਾਲ ਪੂਰੇ ਲਗਨ ਨਾਲ ਉਸ ’ਤੇ ਖ਼ੂਬਸੂਰਤ ਲਿਖਦੇ ਅਤੇ ਜਦੋਂ ਮਾਸਟਰ/ਟੀਚਰ ਚੈੱਕ ਕਰ ਲੈਂਦੇ ਉਸ ਤੋਂ ਬਾਅਦ ਫਿਰ ਫੱਟੀ ਨੂੰ ਸਾਫ਼ ਕਰ ਦਿੱਤਾ ਜਾਂਦਾ। ਉਸੇ ਤਰ੍ਹਾਂ ਗੁਰੂ, ਪੀਰ-ਫ਼ਕੀਰ ਬਹੁਤ ਸਮਾਂ ਲਾ ਕੇ ਮਾਲਕ ਦੇ ਨਾਮ ਦੇ ਅੱਖਰ ਪਾਉਂਦੇ ਹਨ ਪਰ ਮਨ ਜਾਂ ਮਨਮਤਾ ਇਨਸਾਨ, ਇੱਕ ਪਲ ’ਚ ਫੱਟੀ ਪੋਚ ਦਿੰਦਾ ਹੈ ਅਤੇ ਇਨਸਾਨ ਉਸ ਦੀਆਂ ਗੱਲਾਂ ’ਤੇ ਯਕੀਨ ਕਰਦਾ ਹੈ ਅਤੇ ਆਪਣੇ ਸਤਿਗੁਰੂ, ਮੌਲ਼ਾ ਤੋਂ ਦੂਰ ਹੋ ਕੇ ਆਪਣੇ ਕਰਮਾਂ ਦਾ ਬੋਝ ਉਠਾਉਂਦਾ ਰਹਿੰਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪੀਰ-ਫ਼ਕੀਰ ਕਦੇ ਕਿਸੇ ਤੋਂ ਕੁਝ ਮੰਗਦੇ ਨਹੀਂ ਉਹ ਹਰ ਕਿਸੇ ਦੇ ਭਲੇ ਲਈ ਪ੍ਰਾਰਥਨਾ ਕਰਦੇ ਹਨ, ਹਰ ਕਿਸੇ ਦੇ ਭਲੇ ਲਈ ਦੁਆ ਕਰਦੇ ਹਨ।

ਕਿਸੇ ਨੂੰ ਦੁਖੀ ਵੇਖ ਕੇ ਉਸ ਦਾ ਦੁੱਖ ਦੂਰ ਕਰਨ ਲਈ ਹਰ ਸੰਭਵ ਯਤਨ ਕਰਦੇ ਹਨ, ਮਾਲਕ ਅੱਗੇ ਪ੍ਰਾਰਥਨਾ ਕਰਦੇ ਹਨ ਜੋ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਅਮਲ ਕਰਦੇ ਹਨ, ਯਕੀਨਨ ਉਨ੍ਹਾਂ ਦੇ ਦੁੱਖਾਂ ਦਾ ਬੋਝ ਘਟਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ ਕਹਿੰਦੇ ਹਨ ਕਿ ਦੁੱਖਾਂ ਤੋਂ ਘਬਰਾਉਣ ਦੀ ਬਜਾਇ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਸੰਤ ਕਹਿੰਦੇ ਹਨ ਕਿ ਆਪਣੇ ਹਿਰਦੇ ਨੂੰ ਸ਼ੁੱਧ ਕਰ ਲਓ, ਆਪਣੇ ਵਿਚਾਰਾਂ ਨੂੰ ਸ਼ੁੱਧ ਕਰ ਲਓ, ਪਰਮਾਤਮਾ ਦੇ ਨਾਮ ਦਾ ਜਾਪ ਕਰੋ ਤਾਂ ਪਰਮਾਤਮਾ ਤੁਹਾਨੂੂੰ ਤੁਹਾਡੇ ਅੰਦਰੋਂ ਹੀ ਮਿਲ ਜਾਵੇਗਾ। ਕਿਤੇ ਦੂਰ ਜਾਣ ਦੀ ਲੋੜ ਨਹੀਂ ਕਿਤੇ ਹੋਰ ਭਟਕਣ ਦੀ ਲੋੜ ਨਹੀਂ ਉਹ ਅੱਲ੍ਹਾ, ਵਾਹਿਗੁਰੂ, ਰਾਮ ਸਾਰਿਆਂ ਦੇ ਦਿਲੋ-ਦਿਮਾਗ ’ਚ ਰਹਿੰਦਾ ਹੈ, ਉਹ ਕਣ-ਕਣ ’ਚ, ਜ਼ਰ੍ਹੇ-ਜ਼ਰ੍ਹੇ ’ਚ ਰਹਿੰਦਾ ਹੈ ਪਰ ਉਸ ਨੂੰ ਪਾਉਣ ਲਈ ਆਪਣੇ ਵਿਚਾਰਾਂ ਦਾ ਸ਼ੁੱਧੀਕਰਨ ਕਰਨਾ ਜ਼ਰੂਰੀ ਹੈ, ਜਿਸ ਲਈ ਸੇਵਾ ਤੇ ਸਿਮਰਨ ਕਰਨਾ ਹੀ ਪਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।