ਏਮਜ਼ ਮੋਹਾਲੀ ਨੂੰ ਛੇਤੀ ਮਿਲੇਗਾ 6 ਬੈੱਡਾਂ ਵਾਲਾ ਆਈਸੀਯੂ

Mohali News
ਏਮਜ਼ ਮੋਹਾਲੀ ਨੂੰ ਛੇਤੀ ਮਿਲੇਗਾ 6 ਬੈੱਡਾਂ ਵਾਲਾ ਆਈਸੀਯੂ

ਸਿਹਤ ਮੰਤਰੀ ਨੇ ਏਮਜ਼ ਮੋਹਾਲੀ ਵਿਖੇ ਸਥਾਪਿਤ ਕੀਤੀ ਜਾ ਰਹੀ ਬਾਇਓਸੇਫਟੀ ਲੈਵਲ 2 ਲੈਬ ਦਾ ਵੀ ਕੀਤਾ ਦੌਰਾ

ਮੋਹਾਲੀ (ਐੱਮ ਕੇ ਸ਼ਾਇਨਾ)। ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏ.ਆਈ.ਐਮ.ਐਸ.) ਮੋਹਾਲੀ ਵਿਖੇ ਨਿਗੂਣੀਆਂ ਫੀਸਾਂ ’ਤੇ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਵਧੀਆ ਇਲਾਜ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ 6 ਬੈਡਿਡ ਮੈਡੀਕਲ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਨੂੰ ਸ਼ੁਰੂ ਕਰਨ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ। Mohali News

ਸਿਹਤ ਮੰਤਰੀ ਨੇ ਇੱਥੇ ਏਮਜ਼ ਮੋਹਾਲੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਦੇ ਨਾਲ ਆਈ.ਸੀ.ਯੂ. ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ, ਜਿਸਦਾ ਰਸਮੀ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ। ਬਲਬੀਰ ਸਿੰਘ ਨੇ ਕਿਹਾ ਕਿ ਇਹ ਆਈ.ਸੀ.ਯੂ. ਸਹੂਲਤ ਵੈਂਟੀਲੇਟਰ ਸਹਾਇਤਾ ਦੀ ਲੋੜ ਵਾਲੇ ਮਰੀਜ਼ਾਂ ਨੂੰ ਮਾਮੂਲੀ ਦਰਾਂ ’ਤੇ ਸੁਚੱਜੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰੇਗੀ।

ਉਨ੍ਹਾਂ ਕਿਹਾ ,“ਆਈ.ਸੀ.ਯੂ. ਕਾਰਜਸ਼ੀਲ ਹੈ ਅਤੇ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਨੂੰ ਡਾਕਟਰੀ ਸਹੂਲਤ ਦੇਣ ਲਈ ਤਿਆਰ ਹੈ।”ਉਨ੍ਹਾਂ ਕਿਹਾ ਕਿ ਇੱਥੇ ਕ੍ਰੈਸ਼ ਕਾਰਟਸ, ਮਰੀਜ਼ ਮਾਨੀਟਰ, ਡੀਫਿਬ੍ਰਿਲਟਰ ਅਤੇ ਵੈਂਟੀਲੇਟਰਾਂ ਦੇ ਨਾਲ ਇਨਫਿਊਜ਼ਨ ਪੰਪ ਵਰਗੇ ਸਾਰੇ ਜੀਵਨ ਬਚਾਊ ਉਪਕਰਣ ਉਪਲੱਬਧ ਹਨ। ਇਸ ਉਪਰਾਲੇ ਨੂੰ ਅਜੋਕੀਆਂ ਤੇ ਉੱਨਤ ਸਿਹਤ ਸੰਭਾਲ ਸਹੂਲਤਾਂ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਕਰਾਰ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਸੂਬੇ ਦੇ ਮੈਡੀਕਲ ਢਾਂਚੇ ਨੂੰ ਮਜ਼ਬੂਤ ਕਰੇਗੀ। Mohali News

ਹੁਣ ਕੋਵਿਡ-19 ਦਾ ਪਤਾ ਲਗਾਉਣ ਲਈ ਸਾਰੀਆਂ ਆਰ.ਟੀ.ਪੀ.ਸੀ.ਆਰ. ਸਹੂਲਤਾਂ ਨਾਲ ਹੋਵੇਗਾ ਲੈਸ

ਬਾਅਦ ਵਿੱਚ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਏ.ਆਈ.ਐਮ.ਐਸ. ਮੁਹਾਲੀ ਵਿਖੇ ਨਵੀਂ ਬਣੀ ਅਤਿ-ਆਧੁਨਿਕ ਬਾਇਓਸੇਫਟੀ ਲੈਵਲ 2 ਲੈਬ ਦਾ ਵੀ ਦੌਰਾ ਕੀਤਾ, ਜੋ ਕਿ ਹੁਣ ਕੋਵਿਡ-19 ਦਾ ਪਤਾ ਲਗਾਉਣ ਲਈ ਸਾਰੀਆਂ ਆਰ.ਟੀ.ਪੀ.ਸੀ.ਆਰ. ਸਹੂਲਤਾਂ ਨਾਲ ਲੈਸ ਹੈ ਅਤੇ ਇੱਥੇ ਤਜ਼ਰਬੇਕਾਰ ਫੈਕਲਟੀ ਸਮੇਤ ਸਿੱਖਿਅਤ ਸਟਾਫ, ਜਿਸ ਵਿੱਚ ਖੋਜ ਵਿਗਿਆਨੀ, ਖੋਜ ਸਹਾਇਕ ਅਤੇ ਲੈਬ ਟੈਕਨੀਸ਼ੀਅਨ ਸ਼ਾਮਲ ਹਨ । ਪੂਰੀ ਤਰ੍ਹਾਂ ਨਾਲ ਲੈਸ ਇਸ ਲੈਬ ਵਿੱਚ ਬਾਇਓਸੇਫਟੀ ਕੈਬਨਿਟਾਂ, ਆਰ.ਐਨ.ਏ. ਐਕਸਟਰੈਕਟਰ, ਰੈਫਰੀਜੇਰੇਟਿਡ ਸੈਂਟਰਿਫਿਊਜ, ਵੌਰਟੈਕਸ ਮਿਕਸਰ, ਮਿੰਨੀ-ਸਪਿਨਰ, ਥਰਮੋ-ਸ਼ੇਕਰ, ਪਾਈਪੇਟਸ, ਆਟੋਕਲੇਵ, ਪੀਸੀਆਰ ਵਰਕਸਟੇਸ਼ਨ, -40 ਡਿਗਰੀ ਅਤੇ-80 ਡਿਗਰੀ ਸੈਲਸੀਅਸ ਡੀਪ ਫਰੀਜ਼ਰ, ਆਰਟੀਪੀਸੀਆਰ ਮਸ਼ੀਨਾਂ , ਪ੍ਰਿੰਟਰਾਂ ਸਮੇਤ ਕੰਪਿਊਟਰ ਯੂਨਿਟਾਂ ਅਤੇ ਸਾਰੀਆਂ ਲੋੜੀਂਦੀਆਂ ਚੀਜ਼ਾਂ ਮੌਜੂਦ ਹਨ। ਇਹ ਉੱਨਤ ਬੁਨਿਆਦੀ ਢਾਂਚਾ ਅਤੇ ਨਵੀਨਤਮ ਉਪਕਰਣ ਲਗਾਈ ਜਾ ਰਹੀ ਹੈ ਅਤੇ ਜਲਦ ਹੀ ਇਹ ਲੈਬ ਕਾਰਜਸ਼ੀਲ ਹੋ ਜਾਵੇਗੀ। Mohali News

ਇਹ ਵੀ ਪੜ੍ਹੋ: ਪੀਆਰਟੀਸੀ ਦੇ ਚੇਅਰਮੈਨ ਵੱਲੋਂ ਚੈਕਿੰਗ ਦੌਰਾਨ ਦੋ ਮੁਲਾਜ਼ਮ ਸਸਪੈਂਡ

ਡਾ: ਬਲਬੀਰ ਸਿੰਘ ਨੇ ਕਿਹਾ ਕਿ ਇਸ ਲੈਬ ਦਾ ਉਦੇਸ਼ ਮੌਲੀਕਿਊਲਰ ਪੱਧਰ ’ਤੇ ਜਨ ਸਿਹਤ ਦੇ ਮਹੱਤਵ ਵਾਲੇ ਵਾਇਰਸਾਂ , ਜਿਵੇਂ ਇਨਫਲੂਐਂਜ਼ਾ ਵਾਇਰਸ ਅਤੇ ਹੋਰ ਵਾਇਰਸ ਜਿਸ ਨਾਲ ਸਾਹ- ਰਗ਼ ਸਬੰਧੀ ਇਨਫੈਕਸ਼ਨ, ਮੱਛਰਾਂ ਰਾਹੀਂ ਫੈਲਣ ਵਾਲੇ (ਵੈਕਟਰ ਬੋਰਨ ) ਵਾਇਰਸ ਜਿਵੇਂ ਡੇਂਗੂ ਚਿਕਨਗੁਨੀਆ, ਜ਼ੀਕਾ ਅਤੇ ਵਾਇਰਸ, ਜੀ.ਆਈ. ਇਨਫੈਕਸ਼ਨ ਦਾ ਕਾਰਨ ਬਣਦੇ ਵਾਇਰਸ ਜਿਵੇਂ ਹੈਪੇਟਾਈਟਸ ਵਾਇਰਸ, ਜਿਣਸੀ ਤੌਰ ’ਤੇ ਸੰਚਾਰਿਤ ਇਨਫੈਕਸ਼ਨ ਜਿਵੇਂ ਕਿ ਹਿਊਮਨ ਪੈਪੀਲੋਮਾਵਾਇਰਸ ਅਤੇ ਸੀ.ਐਨ.ਐਸ. ਇਨਫੈਕਸ਼ਨ ਦਾ ਕਾਰਨ ਬਣਨ ਵਾਲੇ ਵਾਇਰਸ ਦਾ ਸਮਾਂ ਰਹਿੰਦਿਆਂ ਪਤਾ ਲਗਾਉਣਾ ਹੈ। ਇਸ ਮੌਕੇ ਸੁਪਰਡੈਂਟ ਡਾ: ਨਵਦੀਪ ਸਿੰਘ ਸੈਣੀ, ਐਸ.ਐਮ.ਓਜ਼ ਡਾ.ਐਚ.ਐਸ.ਚੀਮਾ ਅਤੇ ਡਾ: ਵਿਜੇ ਭਗਤ ਸਮੇਤ ਹੋਰ ਪਤਵੰਤੇ ਹਾਜ਼ਰ ਸਨ । Mohali News