ਪੰਜਾਬ ਦੇ ਅਜੋਕੇ ਹਾਲਾਤਾਂ ’ਤੇ ਇੱਕ ਨਜ਼ਰ

ਪੰਜਾਬ ਦੇ ਅਜੋਕੇ ਹਾਲਾਤਾਂ ’ਤੇ ਇੱਕ ਨਜ਼ਰ

ਰੰਗਲਾ ਪੰਜਾਬ ਗੰਧਲਾ ਹੁੰਦਾ ਜਾ ਰਿਹਾ। ਹਾਲਾਤ ਬਹੁਤ ਗੰਭੀਰ ਹਨ। ਹਰ ਖੇਤਰ ਦੀ ਮੌਜੂਦਾ ਸਥਿਤੀ ਕਾਫੀ¿; ਭਿਆਨਕ ਅਤੇ ਦਰਦਨਾਕ ਬਣੀ ਹੋਈ ਹੈ ਇਸ ਨੂੰ ਦੇਖ ਕੇ ਜਾਪਦਾ ਹੈ ਜਿਵੇਂ ਆਉਣ ਵਾਲਾ ਦੌਰ ਪੰਜਾਬ ਲਈ ਮੁਸ਼ਕਲ ਭਰਿਆ ਤੇ ਤਕਲੀਫਦੇਹ ਹੋ ਸਕਦਾ ਹੈ ਹਰ ਪਾਸੇ ਮਨੁੱਖੀ ਵਸੀਲਿਆਂ ਦੇ ਵਿਕਾਸ ਦੇ ਨਾਂਅ ’ਤੇ ਕੁਦਰਤੀ ਸਰੋਤਾਂ ਦਾ ਬੇਰਹਿਮੀ ਨਾਲ ਘਾਣ ਹੋ ਰਿਹਾ ਹੈ

ਹਰੀ ਕ੍ਰਾਂਤੀ ਵਿੱਚ ਨਿਭਾਈ ਮੋਹਰੀ ਭੂਮਿਕਾ ਅੱਜ ਪੰਜਾਬ ਨੂੰ ਮਹਿੰਗੀ ਪੈ ਰਹੀ ਹੈ। ਖੁਸ਼ਹਾਲੀ ਤੇ ਹਰਿਆਲੀ ਦੇ ਵਜੋਂ ਜਾਣਿਆ ਜਾਂਦਾ ਪੰਜਾਬ ਅੱਜ ਅੰਦਰੋਂ ਬੇਹਾਲ ਹੈ । ਸੂਬਾ ਭਾਵੇਂ ਛੋਟਾ ਹੈ ਪਰ ਖੇਤੀ ਲਈ ਜਿਸ ਤਰ੍ਹਾਂ ਦੀ ਜਲਵਾਯੂ, ਪੌਣ-ਪਾਣੀ ਤੇ ਹੋਰ ਸਾਧਨ ਲੋੜੀਂਦੇ ਹਨ ਉਹ ਅਸਾਨੀ ਨਾਲ ਉਪਲੱਬਧ ਹੋਣ ਸਦਕਾ ਇੱਥੇ ਨਾ ਕੇਵਲ ਕਿਸੇ ਵੀ ਕਿਸਮ ਦੀ ਫਸਲ ਸੌਖ ਨਾਲ ਪੈਦਾ ਹੋ ਜਾਂਦੀ ਹੈ ਬਲਕਿ ਮਨਚਾਹੀ ਪੈਦਾਵਾਰ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਪਰ ਝਾੜ ਵਧਾਉਣ ਦੀ ਆੜ ਹੇਠ ਜੋ ਕਰੂਰਤਾ ਤੇ ਬੇਰਹਿਮੀ ਨਾਲ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਸ ਵਿਚ ਅਜੋਕਾ ਮਨੁੱਖ ਹੱਦੋਂ ਬੇਹੱਦ ਹੋ ਗਿਆ ਹੈ । ਖੇਤੀ ਲਈ ਕੀਟਨਾਸ਼ਕਾਂ, ਨਦੀਨਨਾਸ਼ਕਾਂ, ਬਜਾਰੂ ਖਾਦਾਂ ਤੇ ਹੋਰ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾ ਰਹੀ ਹੈ। ਫਲ ਸਬਜ਼ੀਆਂ ਨੂੰ ਵੱਧ ਮੁਨਾਫੇ ਦੇ ਮੰਤਵ ਵਜੋਂ ਅਗੇਤਾ ਕੱਟ ਕੇ ਦਵਾਈਆਂ ਤੇ ਹਾਨੀਕਾਰਕ ਤਰੀਕਿਆਂ ਨਾਲ ਪਕਾ ਕੇ ਵੇਚਿਆ ਜਾ ਰਿਹਾ ਹੈ ।

ਕਦੇ ਦੁੱਧ ਵੇਚਣ ਨੂੰ ਪੁੱਤ ਵੇਚਣਾ ਸਮਝਣ ਵਾਲੇ ਪੰਜਾਬੀ ਹੁਣ ਬਦਲ ਗਏ ਹਨ। ਦੁੱਧ ਨੂੰ ਵਪਾਰਕ ਵਸਤੂਆਂ ਦੀ ਤਰ੍ਹਾਂ ਵੇਚਿਆ ਹੀ ਨਹੀਂ ਜਾ ਰਿਹਾ ਬਲਕਿ ਦੁੱਧ ਦੇ ਨਾਂਅ ’ਤੇ ਜ਼ਹਿਰ ਪਿਆਇਆ ਜਾ ਰਿਹਾ ਹੈ। ਗਲਤ ਢੰਗਾਂ, ਦਵਾਈਆਂ ਤੇ ਨਾ ਵਰਤਣਯੋਗ ਪਦਾਰਥਾਂ ਦੀ ਵਰਤੋਂ ਕਰਕੇ ਦੁੱਧ ਦਾ ਉਤਪਾਦਨ ਵਧਾਇਆ ਜਾ ਰਿਹਾ ਹੈ ਹੁਣ ਇਹ ਨਕਲੀ ਤੇ ਮਿਲਾਵਟੀ ਦੁੱਧ, ਦਹੀਂ, ਮੱਖਣ ਆਦਿ ਚਿੱਟੇ ਤੇ ਮਿੱਠੇ ਜ਼ਹਿਰ ਸਾਬਤ ਹੋ ਰਹੇ ਹਨ। ਗੰਭੀਰ ਬਿਮਾਰੀਆਂ ਵਧ ਗਈਆਂ ਹਨ ਕੋਈ ਵੀ ਵਿਅਕਤੀ ਇਹਨਾਂ ਜ਼ਹਿਰੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਤੋਂ ਅਛੂਤਾ ਨਹੀਂ ਹੈ ।

ਲਿਹਾਜ਼ਾ ਦੁੱਧ ਮੱਖਣਾਂ ਦੇ ਸ਼ੌਕੀਨ ਪੰਜਾਬੀ ਇਹਨਾਂ ਤੋਂ ਮੁੱਖ ਮੋੜ ਰਹੇ ਹਨ । ਚਿੰਤਾਜਨਕ ਹੈ ਕਿ ਪਾਣੀਆਂ ਦੇ ਦੇਸ਼ ਦਾ ਪਾਣੀ ਵੀ ਹੁਣ ਪੀਣ ਯੋਗ ਨਹੀਂ ਰਿਹਾ । ਪਲੀਤ ਹੋ ਗਿਆ ਹੈ । ਇਨ੍ਹਾਂ ਪਾਣੀਆਂ ਨਾਲ ਨਿਰੰਤਰ ਸ਼ਰਾਰਤ ਹੋ ਰਹੀ ਹੈ। ਨੀਲੇ ਲਿਸ਼ਕੋਰਾਂ ਮਾਰਦੇ ਦਰਿਆ ਕਾਲੇ ਪੈ ਗਏ ਹਨ। ਮਲੀਨਤਾ ਇਸ ਕਦਰ ਹੈ ਕਿ ਸਰਕਾਰੀ ਫੁਰਮਾਨ ਕਰਨੇ ਪੈ ਰਹੇ ਹਨ ਕੀ ਕੋਈ ਵੀ ਬਸ਼ਿੰਦਾ ਇਨ੍ਹਾਂ ਪਾਣੀਆਂ ਦੀ ਵਰਤੋਂ ਪੀਣ, ਨਹਾਉਣ ਤੇ ਘਰੇਲੂ ਕੰਮਾਂ ਲਈ ਨਾ ਕਰੇ। ਸਾਲਾਂਬੱਧੀ ਲਗਾਤਾਰ ਵਗਦੀਆਂ ਰਹਿਣ ਵਾਲੀਆਂ ਨਹਿਰਾਂ ਨੂੰ ਕਈ-ਕਈ ਮਹੀਨਿਆਂ ਦੀ ਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਪਾਣੀ ਦੀ ਦੁਰਵਰਤੋਂ ਦਾ ਹੀ ਸਿੱਟਾ ਹੈ ਕਿ ਭੂਮੀਗਤ ਪਾਣੀ ਦਾ ਪੱਧਰ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ । ਮਾਹਿਰਾਂ ਅਨੁਸਾਰ ਉਹ ਦਿਨ ਜ਼ਿਆਦਾ ਦੂਰ ਨਹੀਂ ਹਨ ਜਦੋਂ ਇਸ ਦੀ ਉਪਜਾਊ ਜਮੀਨ ਮਾਰੂਥਲ ’ਚ ਕਰਵਟ ਲੈ ਲਵੇਗੀ । ਜਵਾਨੀ ਦਿਸ਼ਾਹੀਣ ਹੈ ਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੀ ਹੈ । ਮਹਿੰਗੇ ਕਾਲਜਾਂ ਅਤੇ ਵੱਡੀਆਂ ਫੀਸਾਂ ਨਾਲ ਪ੍ਰਾਪਤ ਕੀਤੀਆਂ ਡਿਗਰੀਆਂ ਹੁਣ ਉਹਨਾਂ ਨੂੰ ਸਿਰਫ ਕਾਗਜ਼ ਪ੍ਰਤੀਤ ਹੋ ਰਹੀਆਂ ਹਨ। ਭਵਿੱਖ ਰੁਸ਼ਨਾਉਣ ਦੇ ਲਈ ਮਾਪਿਆਂ ਵੱਲੋਂ ਮਣਾਂਮੂੰਹੀਂ ਕਰਜੇ ਲੈ ਕੇ ਇਮੀਗ੍ਰੇਸ਼ਨ¿; ਸੈਂਟਰਾਂ ਦੇ ਮੂੰਹ ਪਾ ਕੇ ਬੱਚਿਆਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਹੈ। ਹਰ ਛੋਟਾ-ਵੱਡਾ ਸ਼ਹਿਰ ਆਈਲੈਟਸ ਕੇਂਦਰਾਂ ਦਾ ਹੱਬ ਬਣ ਗਿਆ ਹੈ । ਬਾਹਰ ਜਾਣਾ ਹੀ ਜੀਵਨ ਦਾ ਉਦੇਸ਼ ਬਣ ਗਿਆ ਹੈ। ਹਰ ਸਿੱਧੇ-ਅਸਿੱਧੇ ਢੰਗ ਨਾਲ ਵਿਦੇਸ਼ੀ ਧਰਤੀ ’ਤੇ ਪਹੁੰਚਣ ਦੇ ਯਤਨ ਕੀਤੇ ਜਾ ਰਹੇ ਹਨ । ਜੋ ਨਹੀਂ ਜਾ ਸਕਦੇ ਉਹ ਡਿਪ੍ਰੈਸ਼ਨ ਦੀ ਮਾਰ ਹੇਠ ਹਨ।

ਨੌਜਵਾਨਾਂ ਅੰਦਰਲੀ ਬੇਚੈਨੀ ਹੀ ਉਹਨਾਂ ਨੂੰ ਕੁਰਾਹੇ ਵੱਲ ਧੱਕ ਰਹੀ ਹੈ । ਕਾਫੀ ਤਾਂ ਨਸ਼ਿਆਂ ਦੀ ਚੱਲ ਰਹੀ ਹਨੇ੍ਹਰੀ ਦੇ ਵੇਗ ਨਾਲ ਹੋ ਤੁਰੇ ਹਨ । ਸ਼ਰੇਆਮ ਵਿਕਦਾ ਚਿੱਟਾ ਗੱਭਰੂਆਂ ਦੀ ਜਵਾਨੀ ਨੂੰ ਖਾ ਰਿਹਾ ਹੈ । ਨਸ਼ਿਆਂ ਨਾਲ ਰਗਾਂ ਬੰਦ ਹੋ ਗਈਆਂ ਹਨ ਤੇ ਖੂਨ ਦਾ ਰੰਗ ਕਾਲਾ ਪੈਂਦਾ ਜਾ ਰਿਹਾ ਹੈ । ਹਰ ਦੇਹਲੀ ਤੋਂ ਬੇਵਕਤੀ ਮੌਤ ਨਾਲ ਅਰਥੀ ਉੱਠ ਰਹੀ ਹੈ ।

ਇਕਲੌਤੇ ਪੁੱਤਾਂ ਦੇ ਤੁਰ ਜਾਣ ’ਤੇ ਮਾਵਾਂ ਕੁਰਲਾ ਰਹੀਆਂ ਹਨ। ਸਿਵਿਆਂ ਦੀਆਂ ਉੱਚੀਆਂ ਲਾਟਾਂ ’ਚ ਪੰਜਾਬ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਬਹੁਤੇ ਮਾਪੇ ਪੁੱਤਾਂ ਨੂੰ ਨਸ਼ਿਆਂ ਦੀ ਤਪਸ਼ ਵਿੱਚ ਝੁਲਸਣ ਤੋਂ ਬਚਾਉਣ ਲਈ ਹੀ ਬਾਹਰ ਦੇ ਰਾਹ ਪਾ ਰਹੇ ਹਨ । ਘਰਾਂ ਦੇ ਘਰ ਖਾਲੀ ਹੋ ਰਹੇ ਹਨ ਤੇ ਬਰੂਹਾਂ ’ਤੇ ਲਟਕਦੇ ਵੱਡੇ-ਵੱਡੇ ਤਾਲੇ ਪੰਜਾਬ ’ਚ ਨਸ਼ੀਲੀ ਹਵਾ ਚੱਲਣ ਦੇ ਗਵਾਹ ਬਣ ਰਹੇ ਹਨ।

ਸੋਸ਼ਲ ਮੀਡੀਆ ਭਾਰੂ ਹੋ ਗਿਆ ਹੈ । ਛੋਟੇ-ਵੱਡੇ ਤੇ ਸਭ ਵਰਗਾਂ ਦੇ ਲੋਕਾਂ ਨੂੰ ਇਸ ਨੇ ਆਪਣੇ ਕਲਾਵੇ ਵਿੱਚ ਜਕੜ ਲਿਆ ਹੈ । ਉਂਝ ਸੋਸ਼ਲ ਮੀਡੀਆ ਸਾਈਟਾਂ ’ਤੇ ਸਭ ਤੋਂ ਵੱਡੀ ਗਿਣਤੀ ਨੌਜਵਾਨਾਂ ਦੀ ਹੈ ਤੇ ਰਸਮੀ ਸਿੱਖਿਆ ਤੋਂ ਵੀ ਵੱਧ ਸੋਸ਼ਲ ਮੀਡੀਆ ਦਾ ਪ੍ਰਚਾਰ ਬੱਚਿਆਂ ਨੂੰ ਜਿਆਦਾ ਪ੍ਰਭਾਵਿਤ ਕਰ ਰਿਹਾ ਹੈ। ਬਹੁਤ ਸਾਰੇ ਚੰਗੇ ਪਹਿਲੂਆਂ ਦੇ ਨਾਲ ਇਸਦੇ ਮਾੜੇ ਪ੍ਰਭਾਵ ਵੀ ਹਨ ਜੋ ਕਿ ਇਸ ਦੀ ਵਰਤੋਂ ਕਰਨ ਵਾਲੇ ਦੀ ਨੀਅਤ ’ਤੇ ਨਿਰਭਰ ਹਨ । ਦੁਖਦ ਪਹਿਲੂ ਇਹ ਹੈ ਕਿ ਜਾਣਕਾਰੀ ਤੇ ਗਿਆਨ ਦੇ ਨਾਂਅ ’ਤੇ ਗਲਤ ਤੱਥਾਂ ਨੂੰ ਵੀ ਵਿਗਿਆਨਕ ਨਜਰੀਏ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਸੱਭਿਆਚਾਰਕ ਲੱਚਰਤਾ ਵੀ ਅਣਭੋਲ ਮਨਾਂ ’ਤੇ ਡੂੰਘੀ ਸੱਟ ਮਾਰ ਰਹੀ ਹੈ। ਖੇਡ ਮੈਦਾਨਾਂ ’ਚ ਬੱਚੇ ਗਾਇਬ ਹਨ। ਮੋਬਾਈਲੀ ਖੇਡਾਂ ਨੇ ਪ੍ਰਾਚੀਨ ਤੇ ਲੋਕ-ਖੇਡਾਂ ਨੂੰ ਬੱਚਿਆਂ ਦੇ ਜੀਵਨ ’ਚ ਮਨਫੀ ਕਰ ਦਿੱਤਾ ਹੈ ।

ਨਸ਼ਿਆਂ ਦੀ ਦਲਦਲ ਵਿੱਚ ਧਸੇ ਮੁੰਡੇ ਹੁਣ ਹਿੰਸਕ ਵੀ ਹੋ ਗਏ ਹਨ । ਮਾਰ-ਧਾੜ ਤੇ ਲੁੱਟ-ਖੋਹ ਦੀਆਂ ਕਾਰਵਾਈਆਂ ਆਮ ਹੋ ਰਹੀਆਂ ਹਨ। ਦਿਨ-ਦਿਹਾੜੇ ਗੋਲੀਆਂ ਮਾਰੀਆਂ ਜਾ ਰਹੀਆਂ ਹਨ । ਗੈਂਗਵਾਰ ਸਿਖ਼ਰ ਛੋਹ ਰਹੀ ਹੈ। ਮਾਪੇ ਤੇ ਸਮਾਜਸੇਵੀ ਡਾਢੇ ਚਿੰਤਿਤ ਹਨ। ਵਿਦਵਾਨ ਜਿੱਥੇ ਇਸ ਮਾਹੌਲ ਨੂੰ ਬੇਰੁਜ਼ਗਾਰੀ ਤੇ ਨਸ਼ੇ ਨਾਲ ਜੋੜ ਕੇ ਦੇਖਦੇ ਹਨ, ਉੱਥੇ ਅਜਿਹੇ ਹਾਲਾਤਾਂ ਵਿੱਚ ਪ੍ਰਵਾਸ ਦੀ ਸਮੱਸਿਆ ਦੇ ਹੋਰ ਤੀਬਰ ਹੋਣ ਦਾ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ। ਇਹਨਾਂ ਪ੍ਰਸਥਿਤੀਆਂ ਵਿੱਚ ਪੰਜਾਬ ਦੇ ਹਾਲਾਤ ਸੁਧਾਰਨ ਲਈ ਠੋਸ ਯਤਨਾਂ ਨੂੰ ਉਲੀਕਣ ਦੀ ਲੋੜ ਹੈ। ਕੋਈ ਲੰਮਾ ਸਮਾਂ ਚੱਲਣ ਵਾਲੀ ਨਿਰਣਾਇਕ ਮੁਹਿੰਮ ਹੀ ਪੰਜਾਬ ਦੀਆਂ ਗੰਭੀਰ ਸਮੱਸਿਆਵਾਂ ਨੂੰ ਰੋਕ ਕੇ ਇਸ ਨੂੰ ਸਹੀ ਦਿਸ਼ਾ ਵੱਲ ਲਿਜਾ ਸਕਦੀ ਹੈ।

ਕਹਾਵਤ ਹੈ ‘ਜੈਸੀ ਕੋਕੋ, ਵੈਸੇ ਬੱਚੇ’ ਨੂੰ ਸੱਚ ਮੰਨੀਏ ਤਾਂ ਨਵੀਂ ਪੀੜ੍ਹੀ ਦੇ ਚੁਣੇ ਰਸਤੇ ਲਈ ਪੁਰਾਣੀ ਪੀੜ੍ਹੀ ਜਿੰਮੇਵਾਰ ਹੋਵੇਗੀ। ਇਸ ਲਈ ਸਿਆਣੇ, ਸੂਝਵਾਨ ਤੇ ਸਮਾਜ ਸੇਵੀ ਲੋਕਾਂ ਨੂੰ ਅੱਗੇ ਆਉਣ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ। ਨਹੀਂ ਤਾਂ ਅੱਜ ਪੰਜਾਬ ਦੀ ਸਥਿਤੀ ਕਿਸੇ ਕੰਡਿਆਲੀ ਝਾੜ ਵਿੱਚ ਫਸੇ ਰੇਸ਼ਮੀ ਕੱਪੜੇ ਵਾਂਗ ਹੈ ।

ਰੂਹ ਮੇਰੀ ’ਤੇ ਜ਼ਖ਼ਮ ਬੜੇ ਨੇ
ਕਿੰਝ ਬੋਲਾਂ, ਕਿੰਝ ਸੁਣਾਵਾਂ?
ਨੀਲੇ ਪਾਣੀ ਮੇਰੇ ਕਾਲੇ ਪੈ ਗਏ¿;
ਕਿਵੇਂ ਪਿਆਸ ਬੁਝਾਵਾਂ?
ਪੌਣਾਂ ਦੇ ਵਿੱਚ ਜ਼ਹਿਰ ਮਿਲਾਇਆ¿;
ਕਿਸ ਤੋਂ ਸਾਫ ਕਰਾਵਾਂ?
ਗੱਭਰੂ ਮੇਰੇ ਨਸ਼ੀਲੇ ਹੋ ਗਏ¿;
ਕਿੱਥੋਂ ਨਲੂਏ ਲਿਆਵਾਂ?
ਜਿਸਮ ਮੇਰੇ ਦਾ ਮਾਸ ਨੋਚਿਆ¿;
ਕਿੱਦਾਂ ਹੱਡ ਬਚਾਵਾਂ?
ਕੋਈ ਨਾ ਦਰਦੀ ਦਰਦ ਮੇਰੇ ਦਾ¿;
ਕਿਸਨੂੰ ਨਬਜ਼ ਦਿਖਾਵਾਂ?

ਪ੍ਰੋਫੈਸਰ ਕਾਲੋਨੀ, ਤਲਵੰਡੀ ਸਾਬੋ।
ਮੋ. 94641-97487
ਕੇ. ਮਨੀਵਿਨਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ