ਨਵੀਂ ਸ਼ੁਰੂਆਤ

ਨਵੀਂ ਸ਼ੁਰੂਆਤ

ਬੜੀ ਮੁਸ਼ਕਲ ਨਾਲ ਧਾਹਾਂ ਮਾਰਦੀ ਧੀ ਨੂੰ ਡੋਲੀ ਵਿੱਚ ਬਿਠਾਉਂਦਿਆਂ ਮਲਕੀਤ ਸਿਓਂ ਨੇ ਹੱਥ ਜੋੜ ਕੇ ਧੀ ਤੋਂ ਮਾਫ਼ੀ ਮੰਗੀ ਤੇ ਧੀ ਰਾਣੀ ਨੇ ਬਾਬਲ ਦੇ ਹੱਥਾਂ ਨੂੰ ਮੱਥੇ ਨਾਲ ਛੁਹਾਉਂਦਿਆਂ ਹੰਝੂਆਂ ਨਾਲ ਧੋ ਕੇ ਉਸ ਦੀਆਂ ਮਜ਼ਬੂਰੀਆਂ ਨੂੰ ਸਮਝਦੇ ਹੋਏ ਮਾਫ਼ ਕਰ ਦਿੱਤਾ
ਡੋਲੀ ਵਾਲੀ ਕਾਰ ਇੱਕ ਸਧਾਰਨ ਜਿਹੇ ਘਰ ਅੱਗੇ ਰੁਕੀ ਤਾਂ ਅੱਗੋਂ ਪਾਣੀ ਵਾਰਨ ਵਾਲੀ ਨੇ ਵੀ ਬੜੇ ਰੁੱਖੇ ਜਿਹੇ ਅੰਦਾਜ ਵਿੱਚ ਪਾਣੀ ਵਾਰ ਕੇ ਗਲੋਂ ਫਾਹਾ ਲਾਹੁਣ ਵਾਲਾ ਕੰਮ ਕੀਤਾ ਤੇ ਅੰਦਰ ਜਾ ਕੇ ਸਿਰ ਬੰਨ੍ਹ ਕੇ ਸੌਂ ਗਈ ਵੱਡੇ ਭਰਾ ਜੱਗੇ ਨੇ ਭਾਬੀ ਨੂੰ ਘੂਰੀ ਵੱਟ ਕੇ ਛੋਟੇ ਭਰਾ ਬੀਰੇ ਤੇ ਭਾਬੀ ਲਈ ਇੱਕ ਕਮਰਾ ਸਾਫ਼ ਕਰਵਾਇਆ ਰਾਤ ਦੀ ਰੋਟੀ ਸਾਰਿਆਂ ਨੂੰ ਖਵਾ ਕੇ ਜੱਗੇ ਨੇ ਬੀਰੇ ਦੇ ਕੰਨ ਵਿੱਚ ਕੁਝ ਸਮਝਾਇਆ ਤੇ ਦੋਵੇਂ ਜੀਅ ਆਪਣੇ ਘਰ ਚਲੇ ਗਏ

ਹੁਣ ਕਮਰੇ ਵਿੱਚ ਨਵ-ਵਿਆਹਿਆ ਜੋੜਾ ਬੀਰਾ ਤੇ ਰਾਣੀ ਇਕੱਲੇ ਸਨ ਰਾਣੀ ਬੈੱਡ ’ਤੇ ਬੈਠੀ ਉਂਗਲ ਨਾਲ ਗੋਲ ਚੱਕਰ ਬਣਾਈ ਜਾ ਰਹੀ ਸੀ ਤੇ ਬੀਰਾ ਕੋਲ ਕੁਰਸੀ ’ਤੇ ਬੈਠਾ ਜ਼ਮੀਨ ਵੱਲ ਵੇਖੀ ਜਾ ਰਿਹਾ ਸੀ ਥੋੜ੍ਹੀ ਦੇਰ ਬਾਅਦ ਅਚਾਨਕ ਜਦੋਂ ਰਾਣੀ ਦੀ ਨਜ਼ਰ ਬੀਰੇ ’ਤੇ ਪਈ ਤਾਂ ਉਹ ਬੀਰੇ ਦੀਆਂ ਅੱਖਾਂ ਵਿੱਚ ਹੰਝੂ ਵੇਖ ਕੇ ਹੈਰਾਨ ਰਹਿ ਗਈ ਝਿਜਕਦਿਆਂ-ਝਿਜਕਦਿਆਂ ਰਾਣੀ ਨੇ ਜਦੋਂ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਪਹਿਲਾਂ ਤਾਂ ਬੀਰੇ ਨੇ ਉਸ ਤੋਂ ਮਾਫ਼ੀ ਮੰਗਦਿਆਂ ਕਿਹਾ, ‘‘ਕਿੱਥੇ ਤੂੰ ਏਨੀ ਪੜ੍ਹੀ-ਲਿਖੀ, ਸੋਹਣੀ-ਸੁਨੱਖੀ ਤੇ ਕਿੱਥੇ ਮੈਂ ਅਨਪੜ੍ਹ ਗਵਾਰ, ਪੱਕੇ ਰੰਗ ਦਾ ਸਧਾਰਨ ਕਿਸਾਨ! ਮੈਂ ਜਾਣਦਾ ਸੀ ਕਿ ਸਾਡਾ ਦੋਹਾਂ ਦਾ ਕੋਈ ਮੇਲ ਨਹੀਂ ਹੈ,

ਫਿਰ ਵੀ ਮੈਨੂੰੰ ਇਸ ਵਿਆਹ ਲਈ ਹਾਂ ਕਰਨੀ ਪਈ!’’ ਰਾਣੀ ਚਾਹ ਕੇ ਵੀ ਕੁਝ ਨਾ ਬੋਲ ਸਕੀ, ਕਿਉਂਕਿ ਇਸ ਵਿਆਹ ਵਿੱਚ ਦੋ ਇਨਸਾਨਾਂ ਦਾ ਨਹੀਂ, ਦੋ ਮਜ਼ਬੂਰੀਆਂ ਦਾ ਮੇਲ ਹੋਇਆ ਸੀ ਕੁਝ ਦੇਰ ਕਮਰੇ ਵਿੱਚ ਚੁੱਪ ਛਾਈ ਰਹੀ ਫਿਰ ਬੀਰੇ ਨੇ ਪਹਿਲ ਕਰਦਿਆਂ ਗੱਲ ਸ਼ੁਰੂ ਕੀਤੀ, ‘‘ਮੈਂ ਹਜੇ ਚਾਰ ਕੁ ਸਾਲਾਂ ਦਾ ਸੀ ਜਦੋਂ ਮੇਰੀ ਮਾਂ ਦੀ ਤੇਜ਼ ਬੁਖ਼ਾਰ ਚੜ੍ਹਨ ਤੋਂ ਬਾਅਦ ਸੁਰਤ ਚਲੀ ਗਈ ਸੀ

ਉਸ ਨੂੰ ਆਪਣੇ ਬੱਚੇ ਤੇ ਪਤੀ ਸਭ ਭੁੱਲ ਗਏ ਵੀਰਾ ਤਾਂ ਬਾਪੂ ਨਾਲ ਖ਼ੇਤ ਚਲਾ ਜਾਂਦਾ ਤੇ ਮੈਂ ਗਲੀਆਂ ’ਚ ਅਵਾਰਾ ਦੌੜਦਾ, ਨਾਲੀਆਂ ’ਚ ਹੱਥ ਮਾਰਦਾ, ਸਾਰਾ ਦਿਨ ਮਿੱਟੀ-ਘੱਟੇ ਨਾਲ ਲਿੱਬੜਿਆ-ਤਿੱਬੜਿਆ ਰਹਿੰਦਾ ਬਾਪੂ ਖੇਤ ਜਾਣ ਤੋਂ ਪਹਿਲਾਂ ਸਾਰੇ ਦਿਨ ਲਈ ਮੋਟੇ-ਮੋਟੇ ਮੰਨ ਲਾਹ ਦਿੰਦਾ, ਉਹੀ ਜਦੋਂ ਭੁੱਖ ਲੱਗਦੀ ਤਾਂ ਅਚਾਰ ਜਾਂ ਪਿਆਜ਼ ਜੋ ਮਿਲਦਾ, ਉਹਦੇ ਨਾਲ ਖਾ ਲੈਂਦੇ ਕਦੇ-ਕਦੇ ਸੀਤੋ ਤਾਈ ਕੋਈ ਸਾਗ-ਸਬਜ਼ੀ ਵੀ ਦੇ ਜਾਂਦੀ ਸੀ ਉਹੀ ਮੈਨੂੰ ਹਫ਼ਤੇ ’ਚ ਇੱਕ-ਅੱਧੀ ਵਾਰੀ ਜਬਰਦਸਤੀ ਫੜ ਕੇ ਨਹਾ ਵੀ ਦਿੰਦੀ ਸੀ ਇਸੇ ਤਰ੍ਹਾਂ ਰੁਲਦੇ-ਖੁਲਦੇ ਬਚਪਨ ਬੀਤ ਗਿਆ ਪੜ੍ਹਾਈ-ਲਿਖਾਈ ਦਾ ਤਾਂ ਕਦੇ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਆਇਆ ਜ਼ਮੀਨ ਦਾ ਲਾਲਚ ਕਹਿ ਲਓ ਜਾਂ ਤਰਸ ਸਮਝ ਲਓ, ਸੀਤੋ ਤਾਈ ਨੇ ਜੱਗੇ ਵੀਰੇ ਦਾ ਵਿਆਹ ਆਪਣੀ ਸਕੀ ਭਤੀਜੀ ਨਾਲ ਕਰਵਾ ਦਿੱਤਾ ਭਾਬੀ ਨੇ ਤਾਂ ਹਫ਼ਤੇ ’ਚ ਹੀ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ

ਉਸ ਨੂੰ ਮਾਂ ਨੂੰ ਸਾਂਭਣਾ ਤੇ ਦੋ ਬੰਦਿਆਂ ਦੀ ਰੋਟੀ ਹੀ ਪਹਾੜ ਜਾਪਣ ਲੱਗੀ। ਉਹ ਜੱਗੇ ਨੂੰ ਲੈ ਕੇ ਅੱਡ ਹੋ ਗਈ ਸਾਲ ਕੁ ਭਰ ਜੱਗਾ ਵੀਰ ਤੇ ਭਾਬੀ ਇੱਕੋ ਵਿਹੜੇ ’ਚ ਸਾਥੋਂ ਅਲੱਗ ਹੋ ਕੇ ਰਹੇ। ਮਗਰੋਂ ਬਾਪੂ ਨਾਲ ਲੜ ਕੇ ਆਪਣਾ ਹਿੱਸਾ ਲੈ ਕੇ ਸ਼ਹਿਰ ਚਲੇ ਗਏ ਜਿੱਥੇ ਜੱਗੇ ਨੇ ਸਾਲੇ ਨਾਲ ਮਿਲ ਕੇ ਚੰਗਾ ਕਾਰੋਬਾਰ ਵੀ ਬਣਾ ਲਿਆ ਇੱਧਰ ਮਾਂ ਦੀ ਹਾਲਤ ’ਚ ਅਚਾਨਕ ਸੁਧਾਰ ਆਉਣਾ ਸ਼ੁਰੂ ਹੋ ਗਿਆ ਪਤਾ ਨਹੀਂ ਇਹ ਇੰਨੀ ਦੇਰ ਤੋਂ ਚੱਲ ਰਹੀਆਂ ਦਵਾਈਆਂ ਦਾ ਅਸਰ ਸੀ ਜਾਂ ਕੁਝ ਹੋਰ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਮੈਂ ਤਾਂ ਹੋਸ਼ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਮਾਂ ਦੇ ਹੱਥਾਂ ਦਾ ਸੁਆਦ ਚੱਖਿਆ ਸੀ ਉਹ ਮੇਰੇ ਨਾਲ ਡਾਢਾ ਹੀ ਮੋਹ ਕਰਦੀ ਸ਼ਾਇਦ ਪਿਛਲੇ ਵੀਹਾਂ ਸਾਲਾਂ ਦਾ ਪਿਆਰ ਉਹ ਇੱਕ-ਦੋ ਦਿਨਾਂ ਵਿੱਚ ਹੀ ਲੁਟਾ ਦੇਣਾ ਚਾਹੁੰਦੀ ਸੀ!

ਪਰ ਹੋਣੀ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਦੋ ਕੁ ਦਿਨਾਂ ਬਾਅਦ ਹੀ ਰੌਸ਼ਨੀ ਦੀ ਇੱਕ ਕਿਰਨ ਵਿਖਾ ਕੇ ਉਹ ਸਾਡੀ ਜ਼ਿੰਦਗੀ ਵਿੱਚ ਹਮੇਸ਼ਾ ਲਈ ਹਨ੍ਹੇਰਾ ਕਰ ਗਈ ਚਾਹੇ ਉਸ ਨੂੰ ਕੋਈ ਸੁੱਧ ਨਹੀਂ ਸੀ, ਪਰ ਫਿਰ ਵੀ ਇੱਧਰ-ਉੱਧਰ ਘੁੰਮਦੀ ਨਜ਼ਰ ਆਉਂਦੀ ਰਹਿੰਦੀ ਸੀ ਪਰ ਹੁਣ ਤਾਂ ਘਰ ਹੀ ਸੁੰਨਸਾਨ ਹੋ ਗਿਆ ਸੀ ਇਨ੍ਹਾਂ ਦਿਨਾਂ ਵਿੱਚ ਹੀ ਇੱਕ ਹੋਰ ਅਣਹੋਣੀ ਇਹ ਵਾਪਰ ਗਈ ਕਿ ਮੇਰੇ ਮਾਸੜ ਦੀ ਵੀ ਮੌਤ ਹੋ ਗਈ ਤੇ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਮੇਰੀ ਮਾਸੀ ਨੂੰ ਮੇਰੀ ਮਾਂ ਬਣਾ ਦਿੱਤਾ ਮਾਸੀ ਦੇ ਆਪਣੇ ਵੀ ਦੋ ਪੁੱਤਰ ਸਨ, ਜਿਨ੍ਹਾਂ ਨੂੰ ਉਹ ਨਾਲ ਹੀ ਲੈ ਕੇ ਆਈ ਸੀ ਮਾਸੀ ਹਰ ਗੱਲ ਵਿੱਚ ਮੇਰੇ ਨਾਲ ਵਿਤਕਰਾ ਕਰਦੀ ਸੀ, ਰੋਟੀ ਦੇਣ ਤੋਂ ਲੈ ਕੇ ਕੱਪੜੇ-ਲੀੜੇ ਤੱਕ ਉਹ ਮੇਰੇ ਨਾਲ ਨੌਕਰਾਂ ਜਿਹਾ ਹੀ ਸਲੂਕ ਕਰਦੀ ਬਾਪੂ ਸਭ ਕੁਝ ਵੇਖ-ਸੁਣ ਕੇ ਵੀ ਚੁੱਪ ਰਹਿੰਦਾ ਸੀ

ਇੱਕ ਦਿਨ ਜੱਗੇ ਵੀਰੇ ਦਾ ਫ਼ੋਨ ਆਇਆ ਤੇ ਉਸ ਨੇ ਮੈਨੂੰ ਆਪਣੇ ਘਰ ਬੁਲਾਇਆ ਮੈਂ ਜਦੋਂ ਉੱਥੇ ਪਹੁੰਚਿਆ ਤਾਂ ਬਾਪੂ ਨੂੰ ਉੱਥੇ ਵੇਖ ਹੈਰਾਨ ਰਹਿ ਗਿਆ ਬਾਪੂ ਮੇਰੇ ਗਲ਼ ਲੱਗ ਕੇ ਉੱਚੀ-ਉੱਚੀ ਰੋਣ ਲੱਗਾ ਮਗਰੋਂ ਵੀਰੇ ਨੇ ਦੱਸਿਆ ਕਿ ਮਾਸੀ ਨੇ ਬਾਪੂ ਨੂੰ ਕੁਝ ਖੁਆ-ਪਿਆ ਕੇ ਸਾਰਾ ਕੁਝ ਆਪਣੇ ਨਾਂਅ ਕਰ ਲਿਆ ਮੈਂ ਪਹਿਲੀ ਵਾਰ ਜੱਗੇ ਵੀਰ ਦੀਆਂ ਅੱਖਾਂ ਵਿੱਚ ਆਪਣੇ ਲਈ ਹੰਝੂ ਵੇਖੇ ਸਨ ਵੀਰੇ ਨੇ ਕੁਝ ਪੇਪਰ ਮੇਰੇ ਹੱਥ ਵਿੱਚ ਦਿੰਦਿਆਂ ਦੱਸਿਆ ਕਿ ਇਹ ਆਪਣੇ ਨੂਰੇਵਾਲ ਵਾਲੇ ਘਰ ਦੇ ਪੇਪਰ ਹਨ ਜੋ ਕਿ ਚਾਚਾ ਬਾਪੂ ਦੇ ਨਾਂਅ ਕਰ ਗਿਆ ਸੀ ਉਸ ਦਾ ਆਪਣਾ ਤਾਂ ਕੋਈ ਹੈ ਨਹੀਂ ਸੀ ਮਰਨ ਵੇਲੇ ਉਹ ਇਹ ਕਾਗਜ਼ ਬਾਪੂ ਨੂੰ ਦੇ ਗਿਆ ਸੀ ਜਿਸ ਦਾ ਜ਼ਿਕਰ ਉਸ ਨੇ ਅੱਜ ਤੱਕ ਮੇਰੇ ਨਾਲ ਵੀ ਨਹੀਂ ਕੀਤਾ ਸੀ

‘‘ਪਰ ਭਾਬੀ… ਮਾਸੀ….?’’ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਪੁੱਛਦਾ ਵੀਰੇ ਨੇ ਦੱਸਿਆ ਕਿ ਭਾਬੀ ਤੇਰੀ ਨੂੰ ਮੈਂ ਬਹਾਨਾ ਬਣਾ ਕੇ ਪੇਕੇ ਭੇਜ ਦਿੱਤਾ ਹੈ ਹੁਣ ਬੀਰੇ… ਗੱਲ ਇੱਦਾਂ ਹੈ ਕਿ ਇੱਥੇ ਮੇਰਾ ਇੱਕ ਬਹੁਤ ਚੰਗਾ ਦੋਸਤ ਮਲਕੀਤ ਸਿੰਘ ਰਹਿੰਦਾ ਹੈ ਉਹਦੀਆਂ ਚਾਰ ਕੁੜੀਆਂ ਹਨ ਤੇ ਚਾਰੇ ਹੀ ਬਹੁਤ ਪੜ੍ਹੀਆਂ- ਲਿਖੀਆਂ ਨੇ ਘਰੋਂ ਵਿਚਾਰਾ ਪੂਰਾ-ਸੂਰਾ ਹੀ ਹੈ ਪਰ ਕੁੜੀਆਂ ਉਸ ਨੇ ਰੱਜ ਕੇ ਪੜ੍ਹਾਈਆਂ ਇੱਕ ਦਿਨ ਗੱਲਾਂ-ਗੱਲਾਂ ’ਚ ਮੈਂ ਤੇਰੇ ਬਾਰੇ ਉਹਦੇ ਨਾਲ ਗੱਲ ਕੀਤੀ ਸੀ ਪਰ ਤੇਰੇ ਅਨਪੜ੍ਹ ਹੋਣ ਬਾਰੇ ਸੁਣ ਕੇ ਉਸ ਸਮੇਂ ਤਾਂ ਉਹ ਚੁੱਪ ਕਰ ਗਿਆ ਸੀ ਬਾਅਦ ਵਿੱਚ ਉਸ ਕੁੜੀ ਦਾ ਕਿਸੇ ਬਾਹਰ ਦੇ ਮੁੰਡੇ ਨਾਲ ਰਿਸ਼ਤਾ ਵੀ ਹੋਇਆ ਪਰ ਉਹ ਬੰਦੇ ਬੜੇ ਲਾਲਚੀ ਨਿੱਕਲ ਆਏ ਹੁਣ ਉਸ ਨੇ ਆਪ ਅੱਗੇ ਹੋ ਕੇ ਤੇਰਾ ਰਿਸ਼ਤਾ ਮੰਗਿਆ ਮੈਂ ਤੇ ਬਾਪੂ ਨੇ ਇੱਕ ਸਕੀਮ ਇਹ ਬਣਾਈ ਹੈ ਕਿ ਮੈਂ ਇਹ ਕਾਗਜ਼ ਤੇਰੇ ਵਿਆਹ ਤੋਂ ਬਾਅਦ ਤੇਰੇ ਸਹੁਰੇ ਹੱਥੋਂ ਤੈਨੂੰ ਦੁਆਵਾਂਗਾ

ਇਸ ਤਰ੍ਹਾਂ ਕਿਸੇ ਨੂੰ ਸ਼ੱਕ ਵੀ ਨਹੀਂ ਹੋਵੇਗਾ ਮਾਸੀ ਤੇ ਤੇਰੀ ਭਾਬੀ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੂੰ ਵਿਆਹ ਤੋਂ ਬਾਅਦ ਉੱਥੇ ਚਲਿਆ ਜਾਈਂ ਬਾਅਦ ਵਿੱਚ ਕਿਸੇ ਨਾਲ ਮਿਲ-ਮਿਲਾ ਕੇ ਮੈਂ ਤੇਰੇ ਕੰਮ-ਕਾਰ ਦਾ ਵੀ ਕੋਈ ਪ੍ਰਬੰਧ ਕਰਵਾ ਦੇਵਾਂਗਾ
ਤੂੰ ਸੱਚ ਮੰਨੀ ਰਾਣੀ, ਉਸ ਦਿਨ ਪਹਿਲੀ ਵਾਰ ਮੈਂ ਜੱਗੇ ਵੀਰੇ ਦੇ ਗਲ਼ ਲੱਗ ਬਹੁਤ ਰੋਇਆ ਮੈਂ ਵੀਰੇ ਨੂੰ ਇਸ ਅਣਜੋੜ ਵਿਆਹ ਲਈ ਮਨ੍ਹਾ ਵੀ ਕਰ ਦਿੱਤਾ ਸੀ ਪਰ ਬਾਪੂ ਮੇਰੇ ਪੈਰਾਂ ’ਚ ਡਿੱਗ ਪਿਆ ਤੇ ਉਹ ਆਪਣੀਆਂ ਗਲਤੀਆਂ ਦੀ ਭੁੱਲ ਮੇਰਾ ਇਹ ਵਿਆਹ ਕਰਵਾ ਕੇ ਬਖਸ਼ਾਉਣਾ ਚਾਹੁੰਦਾ ਸੀ ਇਸ ਲਈ ਮੈਨੂੰ ਹਾਂ ਕਰਨੀ ਪਈ

ਤੂੰ ਆਪਣੀ ਨਵੀਂ ਜ਼ਿੰਦਗੀ ਲਈ ਕਿੰਨੇ ਸੁਫ਼ਨੇ ਸਜਾਏ ਹੋਣਗੇ ਪਰ ਇੱਥੇ ਆਉਂਦਿਆਂ ਸਾਰ ਤੈਨੂੰ ਜ਼ਿੰਮੇਵਾਰੀਆਂ ਦੀ ਪੰਡ ਚੁੱਕਣੀ ਪੈਣੀ ਹੈ!’’ ਇੰਨਾ ਕਹਿੰਦਿਆਂ ਇੱਕ ਵਾਰ ਫੇਰ ਬੀਰੇ ਦੀਆਂ ਅੱਖਾਂ ਭਰ ਆਈਆਂ ਰਾਣੀ ਬੈੱਡ ਤੋਂ ਉੱਠੀ ਤੇ ਬੀਰੇ ਦੇ ਹੰਝੂ ਆਪਣੇ ਸੂਹੇ ਸਾਲੂ ਨਾਲ ਪੂੰਝਦਿਆਂ ਆਖਣ ਲੱਗੀ, ‘‘ਆਪਾਂ ਨੂਰੇਵਾਲ ’ਕੱਲੇ ਹੀ ਜਾਣਾ ਹੈ ਨਾ? ਤੁਸੀਂ ਦੱਸੋ ਤੁਹਾਡੇ ਕੱਪੜੇ-ਲੀੜੇ ਕਿੱਥੇ ਨੇ ਆਪਾਂ ਸਾਮਾਨ ਹੁਣੇ ਬੰਨ੍ਹ ਲਈਏ ਫਿਰ ਆਪਣੇ ਘਰ ਜਾ ਕੇ ਵੀ ਤਾਂ ਸਾਰੀ ਨਵੇਂ ਸਿਰਿਓਂ ਸੈਟਿੰਗ ਕਰਨੀ ਪਊ ਨਾ?’’ ਬੀਰਾ ਇੱਕਦਮ ਹੈਰਾਨ ਹੋ ਕੇ ਉਸ ਵੱਲ ਵੇਖਣ ਲੱਗਾ ਤੇ ਰਾਣੀ ਦੇ ਚਿਹਰੇ ’ਤੇ ਮਿੱਠੀ ਜਿਹੀ ਮੁਸਕਾਨ ਵੇਖ ਕੇ ਉਹ ਵੀ ਉਸ ਨਾਲ ਸਾਮਾਨ ਬੰਨ੍ਹਣ ਲੱਗ ਪਿਆ
ਅਮਰਦੀਪ ਕੌਰ, ਲੱਕੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.