ਪੰਜਾਬੀ ਯੂਨੀਵਰਸਿਟੀ ਦੀ ਪ੍ਰਯੋਗਸਾਲਾਂ ’ਚ ਲੱਗੀ ਅੱਗ

ਸੁਰੱਖਿਆ ਅਮਲੇ ਦੀ ਮੁਸਤੈਦੀ ਕਾਰਨ ਹੋਇਆ ਬਚਾਅ

  • ਜੀਵ ਵਿਗਿਆਨ ਅਤੇ ਵਾਤਾਵਰਣ ਵਿਭਾਗ ਦੀ ਪ੍ਰੋਯੋਗਸਾਲਾ ਵਿੱਚ ਸਮਾਨ ਦਾ ਹੋਇਆ ਬਚਾਅ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ (Punjabi University) ਦੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਭਾਗ ਦੀ ਪ੍ਰਯੋਗਸ਼ਾਲਾ ਵਿੱਚ ਅੱਜ ਸਵੇਰੇ ਕਰੀਬ ਪੌਣੇ ਚਾਰ ਵਜੇ ਅੱਗ ਲੱਗ ਗਈ। ਜਿਸ ਉੱਪਰ ਯੂਨੀਵਰਸਿਟੀ ਅਮਲੇ ਵੱਲੋਂ ਸਮਾ ਰਹਿੰਦਿਆ ਕਾਬੂ ਪਾ ਲਿਆ ਗਿਆ। ਪ੍ਰਯੋਗਸ਼ਾਲਾ ਵਿੱਚ ਬਹੁਤ ਸਾਰੇ ਮਹਿੰਗੇ ਉਪਕਰਣ ਮੌਜੂਦ ਸਨ ਜੋ ਇਸ ਅੱਗ ਦੇ ਫੈਲਾਅ ਨਾਲ ਤਬਾਹ ਹੋ ਸਕਦੇ ਸਨ। ਜ਼ਮੀਨੀ ਮੰਜ਼ਿਲ ਹੋਣ ਕਾਰਨ ਅੱਗ ਦੇ ਉੱਪਰ ਵਾਲੀਆਂ ਮੰਜ਼ਿਲਾਂ ਅਤੇ ਨੇੜਲੇ ਕਮਰਿਆਂ ਵਿੱਚ ਜਾਣ ਦਾ ਖਤਰਾ ਸੀ। ਪਤਾ ਲੱਗਾ ਹੈ ਕਿ ਇਹ ਅੱਗ ਸਾਰਟ ਸਰਕਟ ਕਾਰਨ ਲੱਗੀ ਹੈ। ਪ੍ਰਯੋਗਸ਼ਾਲਾ ਦੇ ਅੰਦਰ ਕੁਰਸੀ-ਮੇਜ਼ ਤੱਕ ਅੱਗ ਤੋਂ ਬਚ ਗਏ ਹਨ ਅਤੇ ਅਲਮਾਰੀਆਂ ਦਾ ਵੀ ਬਚਾਅ ਹੋ ਗਿਆ ਹੈ।

ਵਿਭਾਗ ਮੁਖੀ ਪ੍ਰੋ. ਗੁਰਿੰਦਰ ਕੌਰ ਅਤੇ ਸੀਨੀਅਰ ਪ੍ਰੋਫੈਸਰ ਡਾ. ਹਿਮੇਂਦਰ ਭਾਰਤੀ ਨੇ ਦੱਸਿਆ ਕਿ ਜੇਕਰ ਅੱਗ ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਇਸ ਦੇ ਪੂਰੀ ਮੰਜਿਲ ਉੱਤੇ ਅਤੇ ਫਿਰ ਦੂਜੀਆਂ ਪ੍ਰਯੋਗਸ਼ਾਲਾਵਾਂ ਤੱਕ ਫੈਲਾਅ ਦਾ ਵੀ ਖਦਸਾ ਸੀ। ਉਨ੍ਹਾਂ ਦੱਸਿਆ ਕਿ ਪ੍ਰਯੋਗਸਾਲਾ ਵਿੱਚ ਪ੍ਰਯੋਗਾਂ ਲਈ ਵਰਤੇ ਜਾਂਦੇ ਬਹੁਤ ਸਾਰੇ ਰਸਾਇਣਕ ਪਦਾਰਥ ਵੀ ਮੌਜੂਦ ਸਨ ਜੋ ਅੱਗ ਦੇ ਤੇਜੀ ਨਾਲ ਫੈਲਣ ਦਾ ਕਾਰਨ ਬਣ ਸਕਦੇ ਸਨ। ਇਸ ਲਈ ਇਸ ਅੱਗ ਨੂੰ ਤੁਰੰਤ ਰੋਕਿਆ ਜਾਣਾ ਲਾਜਮੀ ਸੀ।

Punjabi University

ਮੁੱਢਲੇ ਜਾਇਜ਼ੇ ਮੁਤਾਬਕ ਇਹ ਅੱਗ ਸਾਰਟ ਸਰਕਟ ਹੋਣ ਕਾਰਨ ਇੱਕ ਫਰਿੱਜ ਵਿੱਚ ਲੱਗੀ ਸੀ ਜੋ ਬਾਅਦ ਵਿੱਚ ਪੱਖਿਆਂ ਤੱਕ ਫੈਲ ਗਈ। ਸਮੇਂ ਸਿਰ ਕਾਬੂ ਪਾਏ ਜਾਣ ਕਾਰਨ ਅਲਮਾਰੀਆਂ ਵਿਚਲੇ ਸਮਾਨ ਦਾ ਸੜਨ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਨੁਕਸਾਨੇ ਗਏ ਸਮਾਨ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਅੱਗ ਬੁਝਾਉਣ ਵਿੱਚ ਜਿਨ੍ਹਾਂ ਕਰਮਚਾਰੀਆਂ ਨੇ ਸਰਗਰਮ ਭੂਮਿਕਾ ਨਿਭਾਈ ਉਨ੍ਹਾਂ ਵਿੱਚ ਸੁਰੱਖਿਆ ਅਮਲੇ ਤੋਂ ਪ੍ਰਦੀਪ ਕੁਮਾਰ, ਲਖਵੀਰ ਸਿੰਘ, ਗੁਲਾਬ ਸਿੰਘ, ਗੁਰਵਿੰਦਰ ਸਿੰਘ, ਜਗਜੀਤ ਸਿੰਘ, ਗੁਰਦੀਪ ਸਿੰਘ, ਹਰਵਿੰਦਰ ਸਿੰਘ ਸਰਾਲਾ, ਹਰਵਿੰਦਰ ਸਿੰਘ ਪਟਿਆਲਾ, ਸਤਨਾਮ ਸਿੰਘ ਤੋਂ ਇਲਾਵਾ ਗੇਟ ਸੁਪਰਵਾਈਜਰ ਸੂਬੇਦਾਰ ਲਖਵੀਰ ਸਿੰਘ ਅਤੇ ਵਾਰਡ ਐਂਡ ਵਾਚ ਅਫਸਰ ਅਮਰਜੀਤ ਸਿੰਘ ਸਾਮਿਲ ਸਨ।

ਪ੍ਰਸੰਸ਼ਾ ਪੱਤਰ ਪ੍ਰਦਾਨ ਕੀਤੇ ਜਾਣਗੇ-ਵਾਇਸ ਚਾਂਸਲਰ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਵਿੱਚ ਅੱਗ ਬੁਝਾਉਣ ਦੇ ਇੰਤਜ਼ਾਮ ਦਾ ਅੰਦਾਜ਼ਾ ਲੈਣਾ ਬਣਦਾ ਹੈ ਜੋ ਵਿਧੀਵਤ ਢੰਗ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਗ ਬਝਾਉਣ ਵਾਲੇ ਕਰਮਚਾਰੀ ਸਲਾਘਾ ਦੇ ਹੱਕਦਾਰ ਹਨ। ਵਾਈਸ ਚਾਂਸਲਰ ਵੱਲੋਂ ਐਲਾਨ ਕੀਤਾ ਗਿਆ ਕਿ ਸੁਰੱਖਿਆ ਅਮਲੇ ਦੇ ਇਨ੍ਹਾਂ ਕਰਮਚਾਰੀਆਂ ਨੂੰ ਯੂਨੀਵਰਸਿਟੀ ਮੁੱਖ ਸੁਰੱਖਿਆ ਅਫਸਰ ਰਾਹੀਂ ਪ੍ਰਸ਼ੰਸ਼ਾ-ਪੱਤਰ ਪ੍ਰਦਾਨ ਦਿੱਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ