ਅਕਾਲੀ ਦਲ ਤੇ ਭਾਜਪਾ ਦੇ ਵੱਖੋ-ਵੱਖ ਰਾਹ ਹੋਣ ਪਿੱਛੋਂ ਸੰਗਰੂਰ ਦੀ ਸਿਆਸਤ’ਚ ਆਇਆ ਵੱਡਾ ਬਦਲਾਅ

Sangrur News
ਅਕਾਲੀ ਦਲ ਤੇ ਭਾਜਪਾ ਦੇ ਵੱਖੋ-ਵੱਖ ਰਾਹ ਹੋਣ ਪਿੱਛੋਂ ਸੰਗਰੂਰ ਦੀ ਸਿਆਸਤ’ਚ ਆਇਆ ਵੱਡਾ ਬਦਲਾਅ

ਅਕਾਲੀ ਦਲ ਨੂੰ ਸ਼ਹਿਰੀ ਵੋਟ ਦਾ ਫਿਕਰ ਪਿਆ (Sangrur News)

(ਗੁਰਪ੍ਰੀਤ ਸਿੰਘ) ਸੰਗਰੂਰ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ’ਚ ਗਠਜੋੜ ਨਾ ਕਰਨ ਦੇ ਫੈਸਲੇ ਦਾ ਅਸਰ ਜ਼ਿਲ੍ਹਿਆਂ ਦੀ ਰਾਜਨੀਤੀ ’ਤੇ ਪੈਣਾ ਆਰੰਭ ਹੋ ਗਿਆ ਹੈ। ਜ਼ਿਲ੍ਹਾ ਸੰਗਰੂਰ ਦੀ ਰਾਜਨੀਤੀ ’ਤੇ ਇਸ ਦਾ ਜ਼ੋਰਦਾਰ ਅਸਰ ਵੇਖਣ ਨੂੰ ਮਿਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਸ ਫੈਸਲੇ ਤੋਂ ਭੁਚੱਕੇ ਲੱਗ ਰਹੇ ਹਨ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਆਪਣੀ ‘ਆਜ਼ਾਦਾਨਾ ਹਸਤੀ’ ਨੂੰ ਲੈ ਕੇ ਮਾਣ ਵਿੱਚ ਫੁੱਲੇ ਨਹੀਂ ਸਮਾ ਰਹੇ। Sangrur News

ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਲੋਕ ਸਭਾ ਚੋਣਾਂ ’ਚ ਦੋਵਾਂ ਪਾਰਟੀਆਂ ਵਿੱਚ ਗਠਜੋੜ ਹੋ ਜਾਵੇਗਾ ਅਤੇ ਇਸ ਗੱਲ ਕਾਰਨ ਢੀਂਡਸਾ ਪਰਿਵਾਰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰ ਗਿਆ ਸੀ ਇਹ ਵੀ ਅਨੁਮਾਨ ਲਾਏ ਜਾ ਰਹੇ ਸਨ ਕਿ ਜੇਕਰ ਗਠਜੋੜ ਹੋ ਜਾਂਦਾ ਹੈ ਤਾਂ ਹਲਕਾ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਦੋਵਾਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਹੋਣਗੇ। ਢੀਂਡਸਾ ਪਰਿਵਾਰ ਵੱਲੋਂ ਇਸ ਸਬੰਧੀ ਮੀਟਿੰਗਾਂ ਦਾ ਦੌਰ ਆਰੰਭ ਕਰ ਦਿੱਤਾ ਗਿਆ ਸੀ। ਭਾਜਪਾ ਆਗੂਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ, ਕਿਸੇ ਕਾਰਨ ਪਾਰਟੀ ਤੋਂ ਦੂਰ ਹੋਏ ਅਕਾਲੀ ਆਗੂਆਂ ਨੂੰ ਮੁੜ ਪਾਰਟੀ ਨਾਲ ਜੋੜਨ ਦੀ ਕਵਾਇਦ ਵੀ ਆਰੰਭ ਹੋ ਗਈ ਸੀ ਪਰ ਅਚਾਨਕ ਆਏ ਇਸ ਫੈਸਲੇ ਨਾਲ ਸਾਰਾ ਕੁਝ ਧਰਿਆ-ਧਰਾਇਆ ਰਹਿ ਗਿਆ।

 ਭਾਜਪਾ ਦਾ ਸੰਗਰੂਰ ਹਲਕੇ ਵਿੱਚ ਚੰਗਾ ਆਧਾਰ

ਲੋਕ ਸਭਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦਾ ਇਸ ਹਲਕੇ ਵਿੱਚ ਚੰਗਾ ਆਧਾਰ ਹੈ। 2022 ਦੀ ਸੰਗਰੂਰ ਲੋਕ ਸਭਾ ਦੀ ਹੋਈ ਜ਼ਿਮਨੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 66 ਹਜ਼ਾਰ ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ, ਜਿਹੜੀਆਂ ਕੁੱਲ ਪ੍ਰਤੀਸ਼ਤਤਾ ਦਾ 9 ਫੀਸਦੀ ਬਣਦਾ ਹੈ। ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ 79 ਹਜ਼ਾਰ ਦੇ ਕਰੀਬ ਵੋਟਾਂ ਪਈਆਂ ਸਨ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਮਹਿਜ਼ 44 ਹਜ਼ਾਰ ਦੇ ਕਰੀਬ ਵੋਟ ਹੀ ਪਈ ਸੀ। ਪਹਿਲੀ ਵਾਰ ਹੋਇਆ ਸੀ ਕਿ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਨੂੰ ਭਾਜਪਾ ਨਾਲੋਂ ਵੀ ਘੱਟ ਵੋਟਾਂ ਮਿਲੀਆਂ। Sangrur News

Sangrur News
ਅਕਾਲੀ ਦਲ ਤੇ ਭਾਜਪਾ ਦੇ ਵੱਖੋ-ਵੱਖ ਰਾਹ ਹੋਣ ਪਿੱਛੋਂ ਸੰਗਰੂਰ ਦੀ ਸਿਆਸਤ’ਚ ਆਇਆ ਵੱਡਾ ਬਦਲਾਅ

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਇੱਕਜੁਟ ਹੋ ਚੋਣ ਲੜਦਾ ਵੇਖਣ ਵਾਲਿਆਂ ਨੂੰ ਵੱਡਾ ਝਟਕਾ ਮਿਲਿਆ ਹੈ, ਕਿਉਂਕਿ ਇਸ ਫੈਸਲੇ ਨਾਲ ਦੋਵੇਂ ਪਾਰਟੀਆਂ ਬੈਕਫੁੱਟ ’ਤੇ ਗਈਆਂ ਹਨ। ਭਾਜਪਾ ਨੂੰ ਇਸ ਫੈਸਲੇ ਕਾਰਨ ਘੱਟ ਸਿਆਸੀ ਨੁਕਸਾਨ ਹੋਵੇਗਾ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ਹਿਰੀ ਵੋਟ ਵੱਡੇ ਪੱਧਰ ’ਤੇ ਖਿਸਕੇਗੀ ਅਤੇ ਦੂਜੀਆਂ ਵਿਰੋਧੀ ਪਾਰਟੀਆਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਮਿਲੇਗਾ।

ਇਹ ਵੀ ਪੜ੍ਹੋ: ਕਾਂਗਰਸ ਵੱਲੋਂ ਉਮੀਦਵਾਰਾਂ ਦੀ ਅੱਠਵੀਂ ਸੂਚੀ ਕੀਤੀ ਜਾਰੀ

ਹੁਣ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਦੀ ਟਿਕਟ ਤੋਂ ਚੋਣ ਲੜਨ ਦੀ ਇੱਛਾ ਰੱਖਣ ਵਾਲਿਆਂ ਦੀ ਗਿਣਤੀ ਵਿੱਚ ਇੱਕਦਮ ਇਜ਼ਾਫਾ ਹੋਇਆ ਹੈ। ਵੱਡੀ ਗਿਣਤੀ ਲੋਕ ਟਿਕਟ ਹਾਸਲ ਕਰਨ ਲਈ ਪੱਬਾਂ ਭਾਰ ਹੋ ਰਹੇ ਹਨ ਪਰ ਦੂਜੇ ਪਾਸੇ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਵੱਲੋਂ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕੇਵਲ ਸਿੰਘ ਢਿੱਲੋਂ ’ਤੇ ਭਾਜਪਾ ਮੁੜ ਦਾਅ ਖੇਡ ਸਕਦੀ ਹੈ। ਭਾਜਪਾ ਦੇ ਲੋਕਲ ਪੱਧਰ ’ਤੇ ਕਈ ਚਿਹਰੇ ਹਨ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ।

ਉਨ੍ਹਾਂ ਵਿੱਚ ਸਭ ਤੋਂ ਉੱਪਰ ਨਾਂਅ ਰਣਦੀਪ ਸਿੰਘ ਦਿਓਲ ਦਾ ਆ ਰਿਹਾ ਹੈ, ਕਿਉਂਕਿ ਦਿਓਲ ਇੱਕ ਸਿੱਖ ਚਿਹਰਾ ਹਨ ਤੇ ਉਹ ਵਿਧਾਨ ਸਭਾ ਧੂਰੀ ਤੋਂ ਚੋਣ ਲੜ ਚੁੱਕੇ ਹਨ ਅਤੇ ਉਹ ਜ਼ਿਲ੍ਹਾ ਪ੍ਰਧਾਨ ਵੀ ਰਹੇ ਹਨ ਪਾਰਟੀ ਵੱਲੋਂ ਦਿਓਲ ਨੂੰ ਵੀ ਉਮੀਦਵਾਰ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਈ ਹੋਰ ਚਿਹਰੇ ਹਨ ਜਿਨ੍ਹਾਂ ਵਿੱਚ ਸਤਵੰਤ ਸਿੰਘ ਪੂਨੀਆ, ਜਤਿੰਦਰ ਕਾਲੜਾ ਤੇ ਕਈ ਹੋਰ ਸੀਨੀਅਰ ਆਗੂ ਹਨ ਜਿਹੜੇ ਚੋਣ ਲੜਨ ਦੀ ਸਮਰੱਥਾ ਰੱਖਦੇ ਹਨ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਹਲਕੇ ਤੋਂ ਸਿਰਫ਼ ਦੋ ਨਾਵਾਂ ਦੀ ਹੀ ਚਰਚਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਹਲਕੇ ਤੋਂ ਸਿਰਫ਼ ਦੋ ਨਾਵਾਂ ਦੀ ਹੀ ਚਰਚਾ ਹੋ ਰਹੀ ਹੈ ਇਸ ਵਿੱਚੋਂ ਇੱਕ ਨਾਂਅ ਪਰਮਿੰਦਰ ਸਿੰਘ ਢੀਂਡਸਾ ਅਤੇ ਦੂਜਾ ਉਨ੍ਹਾਂ ਦੇ ਕੱਟੜ ਵਿਰੋਧ ਰਹੇ ਇਕਬਾਲ ਸਿੰਘ ਝੂੰਦਾਂ ਦਾ ਨਾਂਅ ਲਿਆ ਜਾ ਰਿਹਾ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਦੋਵਾਂ ਆਗੂਆਂ ਵਿੱਚੋਂ ਹੀ ਕਿਸੇ ਇੱਕ ਨੂੰ ਟਿਕਟ ਦੇਵੇਗਾ।