ਸੁਪਾਰੀ ਦੇ ਕੇ ਕਰਵਾਇਆ ਦੁਬਈ ਤੋਂ ਪਰਤੇ ਪਤੀ ਦਾ ਕਤਲ, ਪਤਨੀ ਸਣੇ 3 ਗਿ੍ਰਫ਼ਤਾਰ

ਸੁਪਾਰੀ ਦੇ ਕੇ ਕਰਵਾਇਆ ਦੁਬਈ ਤੋਂ ਪਰਤੇ ਪਤੀ ਦਾ ਕਤਲ, ਪਤਨੀ ਸਣੇ 3 ਗਿ੍ਰਫ਼ਤਾਰ

ਅੰਮਿ੍ਰਤਸਰ, (ਸੱਚ ਕਹੂੰ ਨਿਊਜ਼) ਅੱਜ ਸਵੇਰੇ ਅੰਮਿ੍ਰਤਸਰ ਵਿਖੇ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਪੁਲਿਸ ਨੇ 12 ਘੰਟਿਆਂ ’ਚ ਹੀ ਸੁਲਝਾ ਲਈ ਜਾਣਕਾਰੀ ਅਨੁਸਾਰ ਪੁਲਿਸ ਕਮਿਸਨਰ ਅੰਮਿ੍ਰਤਸਰ ਅਰੁਣਪਾਲ ਸਿੰਘ ਆਈ.ਪੀ.ਐੱਸ. ਦੀਆਂ ਹਦਾਇਤਾਂ ’ਤੇ ਪ੍ਰਭਜੋਤ ਸਿੰਘ ਏ.ਡੀ.ਸੀ.ਪੀ. ਸਿਟੀ-2 ਅਜੈ ਗਾਂਧੀ ਆਈ.ਪੀ.ਐੱਸ. ਏ.ਡੀ.ਸੀ.ਪੀ. ਸਥਾਨਕ ਅੰਮਿ੍ਰਤਸਰ, ਗੁਰਵਿੰਦਰ ਸਿੰਘ ਪੀ.ਪੀ.ਐੱਸ. ਏ.ਸੀ.ਪੀ. ਵੈਸਟ ਤੇ ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਛੇਹਰਟਾ ਦੀ ਪੁਲਿਸ ਪਾਰਟੀ ਨੇ ਅੱਜ ਸਵੇਰੇ ਨੌਜਵਾਨ ਹਰਿੰਦਰ ਸਿੰਘ ਦਾ ਕਤਲ ਕਰਨ ਦੇ ਦੋਸ਼ ’ਚ ਅਰਸ਼ਦੀਪ ਸਿੰਘ ਤੇ ਵਰਿੰਦਰ ਸਿੰਘ ਨੂੰ ਟਰੇਸ ਕਰਨ ਦਾ ਦਾਅਵਾ ਕੀਤਾ ਹੈ।

ਅੱਜ ਸਤਨਾਮ ਕੌਰ ਪਤਨੀ ਹਰਿੰਦਰ ਸਿੰਘ ਵਾਸੀ ਨੇੜੇ ਗੁਰਦੁਆਰਾ ਜਨਮ ਅਸਥਾਨ ਪਿੰਡ ਕਾਲੇ ਅੰਮਿ੍ਰਤਸਰ ਨੇ ਆਪਣਾ ਬਿਆਨ ਲਿਖਵਾਇਆ ਸੀ ਕਿ ਉਸ ਦਾ ਪਤੀ ਹਰਿੰਦਰ ਸਿੰਘ ਪੁੱਤਰ ਹਰਭਜਨ ਸਿੰਘ 12-13 ਸਾਲ ਤੋਂ ਦੁਬਈ ਵਿੱਚ ਡਰਾਈਵਰੀ ਕਰਦਾ ਸੀ ਤੇ 12-13 ਦਿਨ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ।

ਅੱਜ ਉਹ ਆਪਣੇ ਪਤੀ ਤੇ 2 ਲੜਕੀਆਂ ਨਾਲ ਮੋਟਰਸਾਈਕਲ ’ਤੇ ਸ੍ਰੀ ਦਰਬਾਰ ਸਾਹਿਬ ਜਾਣ ਲਈ ਸਵੇਰੇ ਕਰੀਬ 3:30 ਵਜੇ ਘਰੋਂ ਗਏ ਸਨ, ਜਦੋਂ ਹਰਿਕਿ੍ਰਸ਼ਨ ਨਗਰ ਨੇੜੇ ਪੁੱਜੇ ਤਾਂ ਪਿੱਛੋਂ ਇੱਕ ਮੋਟਰਸਾਈਕਲ ’ਤੇ ਸਵਾਰ 2 ਵਿਅਕਤੀ ਆਏ ਤੇ ਇਕਦਮ ਉਨ੍ਹਾਂ ਨੂੰ ਧੱਕਾ ਮਾਰਿਆ। ਉਹ ਮੋਟਰਸਾਈਕਲ ਤੋਂ ਥੱਲੇ ਡਿੱਗ ਪਏ ਤੇ ਉਸ ਦੇ ਪਤੀ ਦੇ ਮੋਟਰਸਾਈਕਲ ਸਵਾਰਾਂ ’ਚੋਂ ਇੱਕ ਨੇ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਦਾ ਪਰਸ ਅਤੇ 2 ਮੋਬਾਇਲ ਲੈ ਗਏ।

ਜਦੋਂ ਘਰ ਦੇ ਮੈਂਬਰ ਆਏ ਤਾਂ ਉਹ ਆਪਣੇ ਪਤੀ ਨੂੰ ਅਮਨਦੀਪ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰ ਨੇ ਉਸ ਦੇ ਪਤੀ ਨੂੰ ਮਿ੍ਰਤਕ ਕਰਾਰ ਦੇ ਦਿੱਤਾ, ਜਿਸ ’ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਰਿੰਦਰ ਸਿੰਘ ਦਾ ਕਤਲ ਉਸ ਦੀ ਪਤਨੀ ਸਤਨਾਮ ਕੌਰ ਨੇ ਅਰਸ਼ਦੀਪ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਨਜਦੀਕ ਗੁਰਦੁਆਰਾ ਬਾਬਾ ਦਰਸਨ ਸਿੰਘ ਪਿੰਡ ਕਾਲੇ ਤੇ ਵਰਿੰਦਰ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਪਿੰਡ ਗੋਇੰਦਵਾਲ ਸਾਹਿਬ ਹਾਲ ਵਾਸੀ ਨਜਦੀਕ ਗੁਰਦੁਆਰਾ ਬਾਬਾ ਦਰਸ਼ਨ ਸਿੰਘ ਪਿੰਡ ਕਾਲੇ ਅੰਮਿ੍ਰਤਸਰ ਨਾਲ ਮਿਲ ਕੇ ਕਰਵਾਇਆ

ਕਿਉਂਕਿ ਜਦੋਂ ਹਰਿੰਦਰ ਸਿੰਘ ਦੁਬਈ ਸੀ ਤਾਂ ਸਤਨਾਮ ਕੌਰ ਦੇ ਅਰਸ਼ਦੀਪ ਨਾਲ ਗੈਰ ਸਮਾਜਿਕ ਸਬੰਧ ਬਣ ਗਏ ਸਨ, ਜਿਸ ਦਾ ਪਤਾ ਹਰਿੰਦਰ ਸਿੰਘ ਨੂੰ ਲੱਗ ਗਿਆ ਸੀ, ਜਿਸ ਕਾਰਨ ਉਹ ਆਪਣੀ ਪਤਨੀ ’ਤੇ ਨਿਗਰਾਨੀ ਰੱਖਣ ਲੱਗ ਪਿਆ ਸੀ। ਇਸੇ ਵਜ੍ਹਾ ਕਰਕੇ ਸਤਨਾਮ ਕੌਰ ਨੇ ਅਰਸ਼ਦੀਪ ਸਿੰਘ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ। ਸਤਨਾਮ ਕੌਰ ਤੇ ਅਰਸ਼ਦੀਪ ਸਿੰਘ ਨੇ ਵਰਿੰਦਰ ਸਿੰਘ ਨੂੰ 2,70,000 ਰੁਪਏ ਕਤਲ ਕਰਨ ਦੀ ਸੁਪਾਰੀ ਦੇਣੀ ਸੀ। ਵਾਰਦਾਤ ਵੇਲੇ ਵਰਤਿਆ ਪਿਸਤੌਲ ਅਤੇ ਮੋਟਰਸਾਈਕਲ ਵੀ ਪੁਲਿਸ ਨੇ ਕਬਜੇ ’ਚ ਲੈ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ