ਸਾਡੇ ਨਹੀਂ ਹੋ ਰਹੇ ਕੰਮ, ਮੰਤਰੀ ਵੀ ਨਹੀਂ ਕਰਦੇ ਸਿੱਧੇ ਮੂੰਹ ਗੱਲ, 6 ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ‘ਘੇਰਿਆ’

Not Work, Minister Not Even, Speak Directly, Six Legislators, Surrounded, chief minister

ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ‘ਚ ਕਾਂਗਰਸੀ ਵਿਧਾਇਕਾਂ ਨੇ ਹੀ ਮੁੱਖ ਮੰਤਰੀ ਨੂੰ ਕੋਲ ਰੋਇਆ ਆਪਣਾ ਰੋਣਾ

ਅਮਰਿੰਦਰ ਸਿੰਘ ਨੇ ਮੰਗਿਆ ਸੋਮਵਾਰ ਤੱਕ ਦਾ ਸਮਾਂ, 5 ਅਗਸਤ ਨੂੰ ਅਮਰਿੰਦਰ ਸਿੰਘ ਕਰਨਗੇ ਮੀਟਿੰਗ

ਅਸ਼ਵਨੀ ਚਾਵਲਾ, ਚੰਡੀਗੜ

ਢਾਈ ਸਾਲ ਹੋ ਚਲੇ ਹਨ ਪਰ ਹੁਣ ਤੱਕ ਸਾਡੇ ਹਲਕੇ ਵਿੱਚ ਨਾ ਹੀ ਵਿਕਾਸ ਕਾਰਜ ਸ਼ੁਰੂ ਹੋਏ ਹਨ ਅਤੇ ਨਾ ਹੀ ਵਰਕਰਾਂ ਵੱਲੋਂ ਦਿੱਤੇ ਗਏ ਕੰਮ ਹੋ ਰਹੇ ਹਨ। ਇੱਥੋਂ ਤੱਕ ਕਿ ਕਈ ਮੰਤਰੀ ਵੀ ਸਾਡੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ ਹਨ। ਇਸ ਕਾਰਨ ਸੱਤਾ ਧਿਰ ਵਿੱਚ ਹੋਣ ਦੇ ਬਾਵਜੂਦ ਵੀ ਸਾਨੂੰ ਵਿਰੋਧੀ ਧਿਰ ਵਿੱਚ ਹੋਣ ਦਾ ਅਹਿਸਾਸ ਹੋਈ ਜਾ ਰਿਹਾ ਹੈ। ਇਹ ਸ਼ਿਕਾਇਤ ਲੈ ਕੇ ਕਾਂਗਰਸ ਦੇ ਅੱਧੀ ਦਰਜਨ ਤੋਂ ਤੋਂ ਜਿਆਦਾ ਵਿਧਾਇਕਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਘੇਰ ਲਿਆ। ਇੱਕ ਤੋਂ ਬਾਅਦ ਇੱਕ ਵਿਧਾਇਕ ਵੱਲੋਂ ਸ਼ਿਕਾਇਤ ਕਰਨ ਕਰਕੇ ਅਮਰਿੰਦਰ ਸਿੰਘ ਵੱਲੋਂ ਸਾਰੇ ਵਿਧਾਇਕਾਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਕਿ ਉਹ ਸਿਰਫ਼ ਸੋਮਵਾਰ ਤੱਕ ਰੁਕ ਜਾਣ।

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਬਾਰੇ ਵਿਧਾਇਕ ਦੇ ਲੀਡਰ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਵਿਧਾਇਕਾਂ ਦੀ ਮੀਟਿੰਗ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਮੀਟਿੰਗ ਹਾਲ ਵਿਖੇ 3 ਵਜੇ ਸੱਦੀ ਹੋਈ ਸੀ। ਇਸ ਮੀਟਿੰਗ ‘ਚ ਇਸ ਤੋਂ ਪਹਿਲਾਂ ਕਿ ਅਮਰਿੰਦਰ ਸਿੰਘ ਜਾਂ ਫਿਰ ਕੋਈ ਕਾਂਗਰਸੀ ਮੰਤਰੀ ਵਿਰੋਧੀ ਧਿਰ ਦੇ ਹਮਲਿਆਂ ਤੋਂ ਬਚਣ ਬਾਰੇ ਕੋਈ ਰਣਨੀਤੀ ਅਪਨਾਉਣ ਦੀ ਗੱਲ ਕਹਿੰਦਾ ਕਿ ਪਹਿਲਾਂ ਹੀ ਮੀਟਿੰਗ ‘ਚ ਪੁੱਜੇ ਜ਼ਿਆਦਾਤਰ ਕਾਂਗਰਸੀ ਵਿਧਾਇਕਾਂ ਨੇ ਆਪਣੀ ਹੀ ਸਰਕਾਰ ਤੋਂ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕੈਬਨਿਟ ਮੰਤਰੀਆਂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹੀ ਘੇਰ ਲਿਆ।

ਮੀਟਿੰਗ ਦੌਰਾਨ ਵਿਧਾਇਕ ਵਿਧਾਇਕ ਦਰਸ਼ਨ ਸਿੰਘ ਬਰਾੜ, ਕੁਲਬੀਰ ਸਿੰਘ ਜੀਰਾ, ਫਤਹਿਜੰਗ ਬਾਜਵਾ, ਰਾਜ ਕੁਮਾਰ ਵੇਰਕਾ, ਕੁਲਜੀਤ ਨਾਗਰਾ, ਰਾਜ ਕੁਮਾਰ ਚੱਬੇਵਾਲ ਨੇ ਇੱਕ ਇੱਕ ਕਰਕੇ ਕਿਹਾ ਕਿ ਢਾਈ ਸਾਲ ਹੋ ਚੁੱਕੇ ਹਨ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨੂੰ ਆਏ ਹੋਏ ਪਰ ਕਾਂਗਰਸੀ ਵਿਧਾਇਕਾਂ ਦੇ ਹਲਕੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਕਾਸ ਕੰਮ ਨਹੀਂ ਹੋ ਰਿਹਾ, ਜਿਸ ਕਾਰਨ ਹਲਕੇ ਦੇ ਆਮ ਲੋਕਾਂ ਨੂੰ ਜਵਾਬ ਦੇਣਾ ਵੀ ਕਾਫ਼ੀ ਜ਼ਿਆਦਾ ਔਖਾ ਹੋ ਰਿਹਾ ਹੈ। ਇਨ੍ਹਾਂ ਵਿਧਾਇਕਾਂ ਨੇ ਕਿਹਾ ਕਿ ਹਲਕੇ ਦੇ ਵਿਕਾਸ ਕੰਮ ਤਾਂ ਦੂਰ ਉਨ੍ਹਾਂ ਦੇ ਵਰਕਰਾਂ ਦੇ ਕੰਮ ਵੀ ਨਹੀਂ ਹੋ ਰਹੇ ਹਨ, ਇੱਥੇ ਤੱਕ ਕਿ ਕੁਝ ਮੰਤਰੀ ਉਨ੍ਹਾਂ ਨਾਲ ਸਿੱਧੇ ਮੂੰਹ ਬੋਲਦੇ ਵੀ ਨਹੀਂ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿਧਾਇਕਾਂ ਨੇ ਕਈ ਹੋਰ ਸ਼ਿਕਾਇਤਾਂ ਵੀ ਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਨ੍ਹਾਂ ਸ਼ਿਕਾਇਤਾਂ ਨੂੰ ਸੁਣਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਇਨ੍ਹਾਂ ਸ਼ਿਕਾਇਤਾਂ ਨੂੰ ਰੱਖਣ ਦਾ ਕੋਈ ਫਾਇਦਾ ਨਹੀਂ ਹੈ। ਸਾਰੇ ਵਿਧਾਇਕ ਸੋਮਵਾਰ ਸ਼ਾਮ ਤੱਕ ਰੁਕ ਜਾਣ ਅਤੇ 5 ਅਗਸਤ ਸੋਮਵਾਰ ਸ਼ਾਮ ਨੂੰ ਪੰਜਾਬ ਭਵਨ ਵਿਖੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕਰਦੇ ਹੋਏ ਹਰ ਇੱਕ ਵਿਧਾਇਕ ਦੀ ਪਰੇਸ਼ਾਨੀ ਤੇ ਸ਼ਿਕਾਇਤ ਨੂੰ ਸੁਣਿਆ ਜਾਏਗਾ। ਅਮਰਿੰਦਰ ਸਿੰਘ ਨੇ ਇੱਥੇ ਹੀ ਇਸ ਮੀਟਿੰਗ ਦੌਰਾਨ ਵਿਧਾਇਕਾਂ ਨੂੰ ਰਾਤ ਦੇ ਖਾਣੇ ਦਾ ਵੀ ਸੱਦਾ ਦਿੱਤਾ ਹੈ। ਵਿਧਾਇਕਾਂ ਨੇ ਕਿਹਾ ਕਿ ਉਹ ਸੋਮਵਾਰ ਨੂੰ ਆਪਣੀ ਸਾਰੀ ਸ਼ਿਕਾਇਤਾਂ ਨਾਲ ਲੈ ਕੇ ਆਉਣਗੇ।

‘ਇੱਕ ਮੰਤਰੀ ਸਾਡੀ ਨਹੀਂ ਕਰਦਾ ਕੁੱਤੇ ਜਿੰਨੀ ਕਦਰ, ਪੈ ਜਾਂਦਾ ਐ ਟੁੱਟ ਕੇ’

ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਇੱਕ ਵਿਧਾਇਕ ਨੇ ਲਗਭਗ 5-7 ਵਿਧਾਇਕਾਂ ਦੀ ਹਾਜ਼ਰੀ ਵਿੱਚ ਇੱਕ ਮੰਤਰੀ ਨੂੰ ਕਿਹਾ ਕਿ ‘ਤੁਸੀਂ ਸਾਨੂੰ ਚਾਹ ਪਾਣੀ ਦੇ ਨਾਲ ਕੰਮਕਾਰ ਤਾਂ ਪੁੱਛ ਲੈਂਦੇ ਹੋ ਪਰ ਇਸ ਸਰਕਾਰ ਵਿੱਚ ਇੱਕ ਇਹੋ ਜਿਹਾ ਮੰਤਰੀ ਵੀ ਹੈ, ਜਿਹੜਾ ਕਿ ਆਪਣੇ ਆਪ ਨੂੰ ਕੁਝ ਜਿਆਦਾ ਹੀ ਸੀਨੀਅਰ ਮੰਤਰੀ ਮੰਨਦੇ ਹੋਏ ਸਾਡੀ ਕੁੱਤੇ ਜਿੰਨੀ ਵੀ ਕਦਰ ਨਹੀਂ ਕਰਦਾ ਹੈ। ਉਸ ਵਿਧਾਇਕ ਨੇ ਕਿਹਾ ਕਿ ਜੇਕਰ ਉਸ ਮੰਤਰੀ ਕੋਲ ਕੋਈ ਕੰਮ ਲੈ ਕੇ ਜਾਓ ਤਾਂ ਉਹ ਅੱਗੋਂ ਟੁੱਟ ਕੇ ਪੈ ਜਾਂਦਾ ਹੈ ਤੇ ਸਾਨੂੰ ਬੈਠਣ ਤੱਕ ਲਈ ਵੀ ਨਹੀਂ ਕਹਿੰਦਾ ਹੈ। ਵਿਧਾਇਕ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਉਹ ਉਸ ਮੰਤਰੀ ਬਾਰੇ ਕੁਝ ਨਹੀਂ ਕਹਿ ਸਕਦੇ ਹਨ ਪਰ ਉਨ੍ਹਾਂ ਕੋਲ ਜਦੋਂ ਵੀ ਉਹ ਆਉਣਗੇ ਤਾਂ ਉਨ੍ਹਾਂ ਦੇ ਸਾਰੇ ਕੰਮ ਕਰਨ ਦੇ ਨਾਲ ਹੀ ਚਾਹ ਪਾਣੀ ਵੀ ਪੁੱਛਿਆ ਜਾਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।