ਏਅਰ ਫੋਰਸ ਸਟੇਸ਼ਨ ਹਲਵਾਰਾ ਅੰਦਰੋਂ ਮਿਲਿਆ ਪਾਕਿਸਤਾਨੀ ਗੁਬਾਰਾ

Pakistani Balloon, Found Inside, Air Force Station Halvara

ਰਾਮ ਗੋਪਾਲ ਰਾਏਕੋਟੀ, ਰਾਏਕੋਟ

ਰਾਏਕੋਟ ਨੇੜੇ ਪੈਂਦੇ ਉੱਤਰੀ ਭਾਰਤ ਦੇ ਸਭ ਤੋਂ ਮਹੱਤਵਪੂਰਨ ਹਵਾਈ ਫੌਜ ਦੇ ਅੱਡੇ ਹਲਵਾਰਾ ਵਿੱਚ ਅੱਜ ਏਅਰ ਫੋਰਸ ਸਟੇਸ਼ਨ ਦੇ ਅੰਦਰ ਹਵਾਈ ਪੱਟੀ ਦੇ ਨਾਲ ਦੀ ਸੜਕ ‘ਤੇ ਪਾਕਿਸਤਾਨੀ ਝੰਡੇ ਵਾਲਾ ਹਰੇ ਰੰਗ ਦਾ ਗੁਬਾਰਾ ਮਿਲਣ ਕਾਰਨ ਖੁਫੀਆ ਏਜੰਸੀਆਂ ਅੰਦਰ ਭਾਜੜ ਪੈ ਗਈ ਹੈ ਇਸ ਦੇ ਨਾਲ ਹੀ ਕੇਂਦਰੀ ਤੇ ਰਾਜ ਸਰਕਾਰ ਦੀਆਂ ਖੁਫੀਆ ਏਜੰਸੀਆਂ ਇਸ ਭੇਦਭਰੀ ਤੇ ਅੱਚਭੇ ਭਰੀ ਘਟਨਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੱਬਾਂ ਭਾਰ ਹੋ ਗਈਆਂ ਹਨ ਇਸ ਸਬੰਧੀ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਵੱਲੋਂ ਹੁਣ ਤੱਕ ਇਸ ਮਾਮਲੇ ਬਾਰੇ ਕੋਈ ਵੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ ਪੁਲਿਸ ਅਧਿਕਾਰੀ ਵੀ ਇਸ ਘਟਨਾ ਸਬੰਧੀ ਖੁੱਲ੍ਹਕੇ ਕੁਝ ਵੀ ਨਹੀਂ ਬੋਲ ਰਹੇ।

ਭਾਰਤ ਤੇ ਪਾਕਿਸਤਾਨ ਵਿਚ ਅਜ਼ਾਦੀ ਦਿਵਸ ਦੇ ਜਸ਼ਨਾਂ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ ਤੇ ਸਭ ਤੋਂ ਸੁਰੱਖਿਅਤ ਸਮਝੇ ਜਾਂਦੇ ਭਾਰਤੀ ਹਵਾਈ ਸੈਨਾ ਦੇ ਹਲਵਾਰਾ ਕੇਂਦਰ ਦੇ ਧੁਰ ਅੰਦਰ ਇੱਕ ਪਾਕਿਸਤਾਨੀ ਝੰਡੇ ਵਾਲਾ ਹਰੇ ਰੰਗ ਦਾ ਗੁਬਾਰਾ ਮਿਲਿਆ ਹੈ, ਜਿਸ ‘ਤੇ ‘ਯੌਮੇ ਅਜ਼ਾਦੀ ਮੁਬਾਰਕ’ ਭਾਵ ਅਜਾਦੀ ਦਿਹਾੜਾ ਮੁਬਾਰਕ ਲਿਖਿਆ ਹੈ ਇਸ ਸਬੰਧੀ ਥਾਣਾ ਸੁਧਾਰ ਦੇ ਥਾਣਾ ਮੁਖੀ ਇੰਸਪੈਕਟਰ ਅਜਾਇਬ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਬੁਲਾਇਆ ਸੀ ਪੰ੍ਰਤੂ ਉਹ ਸੁਰੱਖਿਆ ਕਾਰਨਾਂ ਕਰ ਕੇ ਇਸ ਬਾਰੇ ਕੋਈ ਖੁਲਾਸਾ ਨਹੀਂ ਕਰ ਸਕਦੇ ਜਦੋਂ ਉਨ੍ਹਾਂ ਨੂੰ ਪਾਕਿਸਤਾਨੀ ਝੰਡੇ ਵਾਲਾ ਗੁਬਾਰਾ ਮਿਲਣ ਬਾਰੇ ਪੁੱਛਿਆ ਤਾਂ ਉਨਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਮੈਂ ਇਸ ਸਬੰਧੀ ਜਾਣਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਹੈ, ਜਦੋਂ ਵੀ ਕੋਈ ਹਦਾਇਤਾਂ ਜਾਰੀ ਹੋਣਗੀਆਂ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ

ਇਸ ਸਬੰਧੀ ਡੀਐੱਸਪੀ ਦਾਖਾ ਗੁਰਬੰਸ ਸਿੰਘ ਬੈਂਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਸਰਕਾਰੀ ਤੇ ਨਿੱਜੀ ਨੰਬਰ ਬੰਦ ਮਿਲੇ ਇਸ ਬਾਰੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਤੋਂ ਬਾਹਰ ਗਏ ਹਨ ਤੇ ਉਨ੍ਹਾਂ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਐੱਸ. ਪੀ. (ਡੀ) ਰੁਪਿੰਦਰ ਭਰਦਵਾਜ ਨੇ ਕਿਹਾ ਕਿ ਅਜੇ ਤੱਕ ਉਹਨਾਂ ਨੂੰ ਹਵਾਈ ਫੌਜ ਦੇ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ, ਸ਼ਿਕਾਇਤ ਮਿਲਣ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।