Children And Technology: ਤਕਨੀਕੀ ਯੁੱਗ ’ਚ ਬੱਚਿਆਂ ਦਾ ਕਿਤਾਬਾਂ ਤੋਂ ਦੂਰ ਹੋਣਾ ਚਿੰਤਾਜਨਕ

ਇਹ ਸਿਰਫ਼ ਮਨੋਰੰਜਨ ਨਹੀਂ, ਸਗੋਂ ਬੱਚਿਆਂ ਦੇ ਮਨ ਨੂੰ ਘੜਨ ਵਾਲੀ ਇੱਕ ਮਜ਼ਬੂਤ ਤਾਕਤ ਹੈ

Khushdeep Singh Picture
Published On

ਬਾਲ ਸਾਹਿਤ ਕਿਸੇ ਵੀ ਸਮਾਜ ਦੇ ਭਵਿੱਖ ਦੀ ਨੀਂਹ ਮਜ਼ਬੂਤ ਕਰਨ ਵਾਲਾ ਸਾਧਨ ਹੈ। ਇਹ ਸਿਰਫ਼ ਮਨੋਰੰਜਨ ਨਹੀਂ, ਸਗੋਂ ਬੱਚਿਆਂ ਦੇ ਮਨ ਨੂੰ ਘੜਨ ਵਾਲੀ ਇੱਕ ਮਜ਼ਬੂਤ ਤਾਕਤ ਹੈ। ਕਹਾਣੀਆਂ, ਕਵਿਤਾਵਾਂ, ਲੋਰੀਆਂ ਤੇ ਚਿੱਤਰ ਪੁਸਤਕਾਂ ਬੱਚਿਆਂ ਦੀ ਕਲਪਨਾ ਨੂੰ ਖੰਭ ਲਾਉਂਦੀਆਂ  ਹਨ ਤੇ ਉਨ੍ਹਾਂ ਨੂੰ ਸੋਚਣ, ਸਮਝਣ ਅਤੇ ਪ੍ਰਤੀਕਿਰਿਆ ਕਰਨ ਦੀ ਸਮਰੱਥਾ ਦਿੰਦੀਆਂ ਹਨ। ਵਿਦਵਾਨਾਂ ਦੇ ਅਧਿਐਨ ਦਰਸਾਉਂਦੇ ਹਨ ਕਿ ਜਿਹੜੇ ਬੱਚੇ ਛੋਟੀ ਉਮਰ ਵਿੱਚ ਪੜ੍ਹਨ ਦੀ ਆਦਤ ਵਿਕਸਿਤ ਕਰਦੇ ਹਨ, ਉਨ੍ਹਾਂ ਦੀ ਸਿੱਖਣ ਦੀ ਸਮਰੱਥਾ 30 ਤੋਂ 40 ਪ੍ਰਤੀਸ਼ਤ ਤੱਕ ਵਧ ਸਕਦੀ ਹੈ। ਇੱਕ ਹੋਰ ਅੰਕੜਾ ਦੱਸਦਾ ਹੈ ਕਿ ਹਰ ਰੋਜ਼ ਸਿਰਫ਼ 20 ਮਿੰਟ ਪੜ੍ਹਨ ਵਾਲਾ ਬੱਚਾ ਸਾਲ ਵਿੱਚ ਲਗਭਗ 18 ਲੱਖ ਸ਼ਬਦਾਂ ਨਾਲ ਜਾਣੂ ਹੁੰਦਾ ਹੈ।

Read Also : West Bengal Elections: ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ 

ਜਦਕਿ ਨਾ ਪੜ੍ਹਨ ਵਾਲੇ ਬੱਚਿਆਂ ਲਈ ਇਹ ਗਿਣਤੀ ਸਿਰਫ਼ 8 ਤੋਂ 10 ਹਜ਼ਾਰ ਦੇ ਵਿਚਕਾਰ ਰਹਿ ਜਾਂਦੀ ਹੈ। ਇਹ ਅੰਕੜੇ ਸਾਫ਼ ਦੱਸਦੇ ਹਨ ਕਿ ਪੜ੍ਹਨ ਦੀ ਆਦਤ ਬੱਚਿਆਂ ਦੀ ਭਾਸ਼ਾਈ ਸਮਰੱਥਾ ਅਤੇ ਸੋਚ ਦੇ ਵਿਸਥਾਰ ਲਈ ਕਿੰਨੀ ਜ਼ਰੂਰੀ ਹੈ।ਕਹਾਣੀਆਂ ਬੱਚਿਆਂ ਦੇ ਭਾਵਨਾਤਮਕ ਸੰਸਾਰ ਨੂੰ ਵੀ ਗਹਿਰਾਈ ਨਾਲ ਛੂੰਹਦੀਆਂ ਹਨ। ਜਦੋਂ ਬੱਚੇ ਕਿਸੇ ਕਹਾਣੀ ਦੇ ਕਿਰਦਾਰ ਨਾਲ ਆਪਣੇ-ਆਪ ਨੂੰ ਜੋੜਦੇ ਹਨ, ਤਾਂ ਉਹ ਆਪਣੀਆਂ ਭਾਵਨਾਵਾਂ ਨੂੰ ਸਮਝਣਾ ਤੇ ਪ੍ਰਗਟ ਕਰਨਾ ਸਿੱਖਦੇ ਹਨ। ਮਾਨਸਿਕ ਵਿਗਿਆਨ ’ਚ ਕਹਾਣੀਆਂ ਦੀ ਵਰਤੋਂ ਥੈਰੇਪੀ ਵਜੋਂ ਕੀਤੀ ਜਾਂਦੀ ਹੈ, ਜਿਸ ਰਾਹੀਂ ਬੱਚਿਆਂ ਨੂੰ ਤਣਾਅ, ਡਰ ਤੇ ਅੰਦਰੂਨੀ ਸੰਘਰਸ਼ਾਂ ਨਾਲ ਨਜਿੱਠਣ ਵਿੱਚ ਮੱਦਦ ਮਿਲਦੀ ਹੈ। ਖੋਜ ਦਰਸਾਉਂਦੀ ਹੈ ਕਿ ਜਿਹੜੇ ਬੱਚੇ ਨਿਯਮਿਤ ਤੌਰ ’ਤੇ ਪੜ੍ਹਦੇ ਹਨ, ਉਨ੍ਹਾਂ ਵਿੱਚ ਭਾਵਨਾਤਮਕ ਸੰਤੁਲਨ ਵਧੀਆ ਹੁੰਦਾ ਹੈ ਅਤੇ ਉਨ੍ਹਾਂ ਵਿੱਚ ਸੰਵੇਦਨਸ਼ੀਲਤਾ ਵੀ ਵੱਧ ਹੁੰਦੀ ਹੈ।

Children And Technology
Children And Technology: ਤਕਨੀਕੀ ਯੁੱਗ ’ਚ ਬੱਚਿਆਂ ਦਾ ਕਿਤਾਬਾਂ ਤੋਂ ਦੂਰ ਹੋਣਾ ਚਿੰਤਾਜਨਕ

ਕਹਾਣੀਆਂ ਬੱਚਿਆਂ ਨੂੰ ਕਿਸੇ ਦੂਸਰੇ ਦੀ ਮੁਸੀਬਤ ਨੂੰ ਸਮਝਣਾ ਉਸ ਨੂੰ ਹੱਲ ਕਰਨਾ, ਸਾਂਝ ਅਤੇ ਸਹਿਯੋਗ ਦੇ ਮੁੱਲ ਸਿਖਾਉਂਦੀਆਂ ਹਨ, ਜੋ ਇੱਕ ਸਿਹਤਮੰਦ ਸਮਾਜ ਦੀ ਨੀਂਹ ਹਨ।ਇਸਦੇ ਨਾਲ ਹੀ ਬਾਲ ਸਾਹਿਤ ਬੱਚਿਆਂ ਦੀਆਂ ਭਾਸ਼ਾਈ ਤੇ ਅਕਾਦਮਿਕ ਯੋਗਤਾਵਾਂ ਨੂੰ ਵੀ ਮਜ਼ਬੂਤ ਕਰਦਾ ਹੈ। ਜਿਹੜੇ ਬੱਚੇ ਨਿਯਮਿਤ ਬਾਲ ਸਹਿਤ ਪੜ੍ਹਦੇ ਹਨ, ਉਨ੍ਹਾਂ ਦੀ ਸ਼ਬਦਾਵਲੀ ਹੋਰਾਂ ਨਾਲੋਂ ਦੋ ਤੋਂ ਤਿੰਨ ਗੁਣਾ ਵੱਧ ਹੁੰਦੀ ਹੈ। ਇਹ ਬੱਚੇ ਪੜ੍ਹਨ, ਲਿਖਣ ਤੇ ਬੋਲਣ ’ਚ ਹੋਰ ਨਿਪੁੰਨ ਹੁੰਦੇ ਹਨ। ਅਧਿਐਨ ਇਹ ਵੀ ਦਰਸਾਉਂਦੇ ਹਨ ਕਿ ਬਾਲ ਸਹਿਤ ਪੜ੍ਹਨ ਦੀ ਆਦਤ ਵਾਲੇ ਬੱਚਿਆਂ ਦੇ ਅਕਾਦਮਿਕ ਨਤੀਜੇ 15 ਤੋਂ 20 ਪ੍ਰਤੀਸ਼ਤ ਤੱਕ ਵਧੀਆ ਹੋ ਸਕਦੇ ਹਨ। ਇਹ ਸਿਰਫ਼ ਸਕੂਲੀ ਸਫਲਤਾ ਹੀ ਨਹੀਂ, ਸਗੋਂ ਜੀਵਨ ਵਿੱਚ ਆਤਮ-ਵਿਸ਼ਵਾਸ ਤੇ ਨਿਰਣੇ ਲੈਣ ਦੀ ਯੋਗਤਾ ਨੂੰ ਵੀ ਮਜ਼ਬੂਤ ਕਰਦਾ ਹੈ। ਆਧੁਨਿਕ ਯੁੱਗ ਵਿੱਚ ਬਾਲ ਸਾਹਿਤ ਦੀ ਪਹੁੰਚ ਤੇ ਪ੍ਰਭਾਵ ਘਟਦਾ ਜਾ ਰਿਹਾ ਹੈ।

ਡਿਜ਼ੀਟਲ ਮੀਡੀਆ ਦਾ ਵਧਦਾ ਪ੍ਰਭਾਵ ਇਸ ਦਾ ਇੱਕ ਵੱਡਾ ਕਾਰਨ ਹੈ। ਅੱਜ ਦੇ ਬੱਚੇ ਮੋਬਾਇਲ ਫੋਨ, ਟੈਲੀਵਿਜ਼ਨ ਤੇ ਵੀਡੀਓ ਗੇਮਾਂ ਵਿੱਚ ਵਧੇਰੇ ਰੁਚੀ ਲੈ ਰਹੇ ਹਨ। ਇੱਕ ਸਰਵੇਖਣ ਅਨੁਸਾਰ 8 ਤੋਂ 15 ਸਾਲ ਦੇ ਲਗਭਗ 70 ਪ੍ਰਤੀਸ਼ਤ ਬੱਚੇ ਦਿਨ ਵਿੱਚ 2 ਤੋਂ 4 ਘੰਟੇ ਸਕ੍ਰੀਨ ’ਤੇ ਬਿਤਾਉਂਦੇ ਹਨ। ਇਸ ਕਾਰਨ ਕਿਤਾਬਾਂ ਲਈ ਸਮਾਂ ਘੱਟ ਹੁੰਦਾ ਜਾ ਰਿਹਾ ਹੈ ਅਤੇ ਬਾਲ ਸਹਿਤ ਪੜ੍ਹਨ ਦੀ ਆਦਤ ਹੌਲੀ-ਹੌਲੀ ਖ਼ਤਮ ਹੋ ਰਹੀ ਹੈ। ਇੱਕ ਹੋਰ ਰਿਪੋਰਟ ਦੱਸਦੀ ਹੈ ਕਿ 60 ਪ੍ਰਤੀਸ਼ਤ ਬੱਚੇ ਕਿਤਾਬਾਂ ਨਾਲੋਂ ਵੀਡੀਓਜ਼ ਨੂੰ ਤਰਜ਼ੀਹ ਦਿੰਦੇ ਹਨ, ਜਦਕਿ 50 ਪ੍ਰਤੀਸ਼ਤ ਤੋਂ ਵੱਧ ਮਾਪੇ ਮੰਨਦੇ ਹਨ ਕਿ ਉਨ੍ਹਾਂ ਦੇ ਬੱਚੇ ਆਪਣੀ ਮਰਜ਼ੀ ਨਾਲ ਕਿਤਾਬ ਨਹੀਂ ਪੜ੍ਹਦੇ। ਇਸ ਘਟਦੀ ਰੁਚੀ ਦਾ ਸਿੱਧਾ ਪ੍ਰਭਾਵ ਬੱਚਿਆਂ ਦੇ ਮਾਨਸਿਕ ਵਿਕਾਸ ’ਤੇ ਪੈਂਦਾ ਹੈ।

ਜਦੋਂ ਬੱਚੇ ਕਹਾਣੀਆਂ ਤੋਂ ਦੂਰ ਹੋ ਜਾਂਦੇ ਹਨ, ਤਾਂ ਉਨ੍ਹਾਂ ਦੀ ਕਲਪਨਾ ਸ਼ਕਤੀ ਘਟਣ ਲੱਗਦੀ ਹੈ। ਉਹ ਤਿਆਰ ਵੀਡੀਓਜ਼ ਅਤੇ ਚਿੱਤਰਾਂ ਦੇ ਆਦੀ ਹੋ ਜਾਂਦੇ ਹਨ ਅਤੇ ਆਪਣੇ ਮਨ ਵਿੱਚ ਨਵੀਆਂ ਤਸਵੀਰਾਂ ਬਣਾਉਣ ਦੀ ਯੋਗਤਾ ਘਟ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਪੜ੍ਹਨ ਵਾਲੇ ਬੱਚਿਆਂ ਵਿੱਚ ਰਚਨਾਤਮਕ ਸੋਚ ਲਗਭਗ 25 ਪ੍ਰਤੀਸ਼ਤ ਵੱਧ ਹੁੰਦੀ ਹੈ। ਇਸ ਲਈ ਬਾਲ ਸਾਹਿਤ ਦੀ ਘਾਟ ਸਿੱਧੇ ਤੌਰ ’ਤੇ ਰਚਨਾਤਮਕਤਾ ਨੂੰ ਪ੍ਰਭਾਵਿਤ ਕਰਦੀ ਹੈ। ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ’ਤੇ ਵੀ ਇਸ ਦਾ ਨਕਾਰਾਤਮਕ ਅਸਰ ਪੈਂਦਾ ਹੈ। ਡਿਜ਼ੀਟਲ ਸਕ੍ਰੀਨਾਂ ਦੇ ਵਧੇਰੇ ਇਸਤੇਮਾਲ ਨਾਲ ਬੱਚਿਆਂ ਦਾ ਇਕਾਗਰਤਾ ਦਾ ਮਿਆਰ ਘਟਦਾ ਜਾ ਰਿਹਾ ਹੈ, ਜੋ ਕੁਝ ਅਧਿਐਨਾਂ ਅਨੁਸਾਰ 8 ਤੋਂ 10 ਸਕਿੰਟ ਤੱਕ ਰਹਿ ਗਿਆ ਹੈ।

ਇਸ ਦੇ ਉਲਟ, ਪੜ੍ਹਨ ਦੀ ਆਦਤ ਧਿਆਨ ਅਤੇ ਕੇਂਦਰਿਤ  ਕਰਨ ਦੀ ਆਦਤ ਨੂੰ ਮਜ਼ਬੂਤ ਕਰਦੀ ਹੈ। ਜਦੋਂ ਇਹ ਆਦਤ ਘਟਦੀ ਹੈ, ਤਾਂ ਬੱਚਿਆਂ ਲਈ ਲੰਮੇ ਸਮੇਂ ਤੱਕ ਕਿਸੇ ਕੰਮ ’ਤੇ ਧਿਆਨ ਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਬਾਲ ਸਾਹਿਤ ਦੀ ਘਾਟ ਦਾ ਅਸਰ ਸਿਰਫ਼ ਬੌਧਿਕ ਵਿਕਾਸ ਤੱਕ ਸੀਮਿਤ ਨਹੀਂ, ਸਗੋਂ ਇਹ ਬੱਚਿਆਂ ਦੇ ਭਾਵਨਾਤਮਕ ਅਤੇ ਸਮਾਜਿਕ ਵਿਹਾਰ ਨੂੰ ਵੀ ਪ੍ਰਭਾਵਿਤ ਕਰਦਾ ਹੈ। ਕਹਾਣੀਆਂ ਬੱਚਿਆਂ ਨੂੰ ਦੂਜਿਆਂ ਦੇ ਜਜ਼ਬਾਤ ਸਮਝਣ ਤੇ ਉਨ੍ਹਾਂ ਨਾਲ ਜੁੜਨ ਦੀ ਯੋਗਤਾ ਦਿੰਦੀਆਂ ਹਨ। ਜਦੋਂ ਇਹ ਸਾਧਨ ਘਟ ਜਾਂਦਾ ਹੈ, ਤਾਂ ਬੱਚਿਆਂ ਵਿੱਚ ਸੰਵੇਦਨਸ਼ੀਲਤਾ ਘਟ ਸਕਦੀ ਹੈ ਅਤੇ ਉਹ ਇਕੱਲੇਪਣ ਵੱਲ ਵਧ ਸਕਦੇ ਹਨ। ਸੰਚਾਰ ਦੀ ਯੋਗਤਾ ਵਿੱਚ ਵੀ ਕਮੀ ਆਉਂਦੀ ਹੈ।

ਜਿਸ ਨਾਲ ਉਹ ਆਪਣੇ ਵਿਚਾਰਾਂ ਨੂੰ ਸਪੱਸ਼ਟ ਤੌਰ ’ਤੇ ਪ੍ਰਗਟ ਨਹੀਂ ਕਰ ਸਕਦੇ। ਨੈਤਿਕ ਮੁੱਲਾਂ ਦੀ ਘਾਟ ਵੀ ਇੱਕ ਗੰਭੀਰ ਮੁੱਦਾ ਬਣਦੀ ਜਾ ਰਹੀ ਹੈ। ਬਾਲ ਕਹਾਣੀਆਂ ਹਮੇਸ਼ਾ ਸੱਚਾਈ, ਮਿਹਨਤ, ਇਮਾਨਦਾਰੀ ਅਤੇ ਸਹਿਯੋਗ ਵਰਗੇ ਮੁੱਲ ਸਿਖਾਉਂਦੀਆਂ ਰਹੀਆਂ ਹਨ। ਜਦੋਂ ਬੱਚੇ ਇਹ ਕਹਾਣੀਆਂ ਨਹੀਂ ਪੜ੍ਹਦੇ, ਤਾਂ ਉਨ੍ਹਾਂ ਦੇ ਜੀਵਨ ਵਿੱਚ ਇਹ ਮੁੱਲ ਮਜ਼ਬੂਤੀ ਨਾਲ ਵਿਕਸਿਤ ਨਹੀਂ ਹੋ ਪਾਉਂਦੇ । ਇਸ ਦਾ ਅਸਰ ਸਮਾਜਿਕ ਵਿਹਾਰ ਅਤੇ ਭਵਿੱਖ ਦੇ ਨਾਗਰਿਕ ਦੇ ਰੂਪ ਵਿੱਚ ਵੀ ਦਿਖਾਈ ਦਿੰਦਾ ਹੈ। ਇਸ ਘਟਦੇ ਰੁਝਾਨ ਦੇ ਪਿੱਛੇ ਹੋਰ ਵੀ ਕਾਰਨ ਹਨ। ਮਾਪਿਆਂ ਦੀ ਅਣਗਹਿਲੀ ਇੱਕ ਮਹੱਤਵਪੂਰਨ ਕਾਰਨ ਹੈ, ਕਿਉਂਕਿ ਅੱਜ-ਕੱਲ੍ਹ ਕਈ ਮਾਪੇ ਬੱਚਿਆਂ ਨੂੰ ਕਿਤਾਬਾਂ ਦੀ ਥਾਂ ਗੈਜੇਟਸ ਦੇਣ ਨੂੰ ਤਰਜ਼ੀਹ ਦਿੰਦੇ ਹਨ।

ਸਕੂਲੀ ਪ੍ਰਣਾਲੀ ਵਿੱਚ ਵੀ ਕਈ ਥਾਵਾਂ ’ਤੇ ਲਾਇਬ੍ਰੇਰੀਆਂ ਦੀ ਕਮੀ ਅਤੇ ਬਾਲ ਸਾਹਿਤ ਦੀ ਘੱਟ ਉਪਲੱਬਧਤਾ ਹੈ। ਇਸ ਤੋਂ ਇਲਾਵਾ, ਸਥਾਨਕ ਭਾਸ਼ਾਵਾਂ ਵਿੱਚ ਉੱਚ-ਗੁਣਵੱਤਾ ਵਾਲੇ ਬਾਲ ਸਾਹਿਤ ਦੀ ਘਾਟ ਵੀ ਇੱਕ ਵੱਡਾ ਮੁੱਦਾ ਹੈ, ਜਿਸ ਕਾਰਨ ਬੱਚੇ ਆਪਣੀ ਮਾਂ-ਬੋਲੀ ਨਾਲੋਂ ਦੂਰ ਹੋ ਰਹੇ ਹਨ। ਬਹੁਤ ਸਾਰੇ ਬੱਚੇ ਸਾਹਿਤ ਨਾ ਪੜ੍ਹਨ ਕਰਕੇ ਹਿੰਦੀ ਦੇ ਅੱਖਰਾਂ ਨੂੰ ਪੰਜਾਬੀ ਅਤੇ ਪੰਜਾਬੀ ਅੱਖਰਾਂ ਨੂੰ ਹਿੰਦੀ ਵਿੱਚ ਮਿਲਾ ਰਹੇ ਹਨ। ਇਸ ਸਥਿਤੀ ਨੂੰ ਸੁਧਾਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਹਰ ਰੋਜ਼ ਘੱਟੋ-ਘੱਟ 15 ਤੋਂ 20 ਮਿੰਟ ਬੱਚਿਆਂ ਨਾਲ ਪੜ੍ਹਨ ਜਾਂ ਕਹਾਣੀਆਂ ਸੁਣਾਉਣ ਲਈ ਨਿਰਧਾਰਿਤ ਕਰਨ। ਸਕੂਲਾਂ ਨੂੰ ਆਪਣੀਆਂ ਲਾਇਬ੍ਰੇਰੀਆਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।

ਪੜ੍ਹਨ ਨਾਲ ਸਬੰਧਿਤ ਗਤੀਵਿਧੀਆਂ ਨੂੰ ਵਧਾਉਣਾ ਚਾਹੀਦਾ ਹੈ। ਸਰਕਾਰ ਅਤੇ ਸਮਾਜਿਕ ਸੰਸਥਾਵਾਂ ਨੂੰ ਸਥਾਨਕ ਭਾਸ਼ਾਵਾਂ ਵਿੱਚ ਬਾਲ ਸਾਹਿਤ ਦੇ ਪ੍ਰਚਾਰ ਲਈ ਕਦਮ ਚੁੱਕਣੇ ਚਾਹੀਦੇ ਹਨ। ਕਿਤਾਬ ਮੇਲੇ, ਪੜ੍ਹਨ ਮੁਹਿੰਮਾਂ ਅਤੇ ਡਿਜ਼ੀਟਲ ਪਲੇਟਫਾਰਮਾਂ ਰਾਹੀਂ ਵੀ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਿਆ ਜਾ ਸਕਦਾ ਹੈ। ਡਿਜ਼ੀਟਲ ਯੁੱਗ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ, ਪਰ ਇਸ ਦਾ ਸਹੀ ਇਸਤੇਮਾਲ ਜ਼ਰੂਰੀ ਹੈ। ਈ-ਬੁਕਸ ਅਤੇ ਆਡੀਓ ਬੁਕਸ ਵਰਗੇ ਸਾਧਨਾਂ ਰਾਹੀਂ ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕੀਤੀ ਜਾ ਸਕਦੀ ਹੈ। ਨਾਲ ਹੀ ਸਕ੍ਰੀਨ ਟਾਈਮ ਨੂੰ ਨਿਯੰਤ੍ਰਿਤ ਕਰਨਾ ਵੀ ਲਾਜ਼ਮੀ ਹੈ ਤਾਂ ਜੋ ਬੱਚਿਆਂ ਦਾ ਧਿਆਨ ਪੜ੍ਹਨ ਵੱਲ ਵਧੇ। ਅਖੀਰ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ।

ਕਿ ਬਾਲ ਸਾਹਿਤ ਦੀ ਘਾਟ ਸਿਰਫ਼ ਇੱਕ ਸਿੱਖਿਅਕ ਸਮੱਸਿਆ ਨਹੀਂ, ਸਗੋਂ ਸਮਾਜਿਕ ਅਤੇ ਮਾਨਸਿਕ ਸੰਕਟ ਦਾ ਸੰਕੇਤ ਹੈ। ਜਿਹੜੇ ਬੱਚੇ ਪੜ੍ਹਦੇ ਹਨ, ਉਹ ਸਿਰਫ਼ ਵਧੀਆ ਵਿਦਿਆਰਥੀ ਹੀ ਨਹੀਂ, ਸਗੋਂ ਸੰਵੇਦਨਸ਼ੀਲ ਅਤੇ ਸਮਝਦਾਰ ਨਾਗਰਿਕ ਵੀ ਬਣਦੇ ਹਨ। ਇਸ ਲਈ ਜੇ ਅਸੀਂ ਇੱਕ ਚੰਗਾ ਭਵਿੱਖ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਬੱਚਿਆਂ ਨੂੰ ਕਹਾਣੀਆਂ ਨਾਲ ਦੁਬਾਰਾ ਜੋੜਨਾ ਪਵੇਗਾ। ਕਿਉਂਕਿ ਕਿਤਾਬਾਂ ਸਿਰਫ਼ ਸ਼ਬਦ ਨਹੀਂ ਹੁੰਦੀਆਂ, ਇਹ ਬੱਚਿਆਂ ਦੇ ਸੁਫਨਿਆਂ ਅਤੇ ਸੋਚ ਨੂੰ ਪਰਵਾਜ਼ ਦੇਣ ਵਾਲੀਆਂ ਖੰਭ ਹੁੰਦੀਆਂ ਹਨ।

ਦੀਪ ਸਿੰਘ ਵਾਲਾ, ਫਰੀਦਕੋਟ
ਜਗਰੂਪ ਕੌਰ

About The Author

Related Posts