Donald Trump: ਟਰੰਪ ਦੇ ਦੂਜੇ ਕਾਰਜਕਾਲ ਦੀਆਂ ਚੁਣੌਤੀਆਂ ਅਤੇ ਵਿਵਾਦ
ਭਾਰਤ ਸਭ ਤੋਂ ਵੱਡਾ ਅਤੇ ਅਮਰੀਕਾ ਸਭ ਤੋਂ ਪ੍ਰਭਾਵਸ਼ਾਲੀ
ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਜੌਨ ਟਰੰਪ ਵਿਸ਼ਵ ਦੀ ਸਭ ਤੋਂ ਸ਼ਕਤੀਸ਼ਾਲੀ ਅਰਥਵਿਵਸਥਾ ਅਤੇ ਫੌਜੀ ਸਮਰੱਥਾ ਦੇ ਪ੍ਰਮੁੱਖ ਰਹੇ ਹਨ। ਲੰਮੇ ਸਮੇਂ ਤੱਕ ਇਹ ਧਾਰਨਾ ਪ੍ਰਚੱਲਿਤ ਰਹੀ ਕਿ ਬ੍ਰਿਟੇਨ ਸਭ ਤੋਂ ਪੁਰਾਣਾ ਲੋਕਤੰਤਰ ਹੈ, ਭਾਰਤ ਸਭ ਤੋਂ ਵੱਡਾ ਅਤੇ ਅਮਰੀਕਾ ਸਭ ਤੋਂ ਪ੍ਰਭਾਵਸ਼ਾਲੀ। ਟਰੰਪ ਨੇ 2017 ਤੋਂ 2021 ਤੱਕ ਆਪਣੇ ਪਹਿਲੇ ਕਾਰਜਕਾਲ ਵਿਚ ਇੱਕ ਅਜਿਹੇ ਆਗੂ ਦੀ ਛਵੀ ਬਣਾਈ, ਜੋ ਰਵਾਇਤੀ ਰਾਜਨੀਤਿਕ ਢਾਂਚੇ ਤੋਂ ਵੱਖਰੀ ਸੀ।
ਕੁਝ ਲੋਕਾਂ ਲਈ ਉਹ ਸਪੱਸ਼ਟਵਾਦੀ ਅਤੇ ਫੈਸਲਾਕੁਨ ਆਗੂ ਸਨ, ਜਦਕਿ ਦੂਜਿਆਂ ਲਈ ਉਨ੍ਹਾਂ ਦੀ ਸ਼ੈਲੀ ਅਸਧਾਰਨ ਅਤੇ ਵਿਵਾਦਾਪੂਰਨ ਰਹੀ। 2020 ਦੀਆਂ ਚੋਣਾਂ ਵਿਚ ਹਾਰ ਤੋਂ ਬਾਅਦ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਸੰਸਦ ਭਵਨ ’ਤੇ ਕੀਤਾ ਗਿਆ ਹਮਲਾ ਲੋਕਤੰਤਰੀ ਮੁੱਲਾਂ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਦੂਜਾ ਕਾਰਜਕਾਲ, ਜੋ 2025 ਵਿਚ ਸ਼ੁਰੂ ਹੋਇਆ, ਟਰੰਪ ਦਾ ਵਿਅਕਤੀਤਵ ਅਤੇ ਕਾਰਜਸ਼ੈਲੀ ਪਹਿਲਾਂ ਤੋਂ ਵਧੇਰੇ ਹਮਲਾਵਰ ਅਤੇ ਅਸੰਤੁਲਿਤ ਨਜ਼ਰ ਆਉਣ ਲੱਗੀ। ਪਹਿਲਾਂ ਉਨ੍ਹਾਂ ਨੂੰ ਇੱਕ ਅਜਿਹੇ ਆਗੂ ਵਜੋਂ ਵੇਖਿਆ ਜਾਂਦਾ ਸੀ ਜੋ ਆਰਥਿਕ ਤਰੱਕੀ ਅਤੇ ਵਿਸ਼ਵ ਸ਼ਾਂਤੀ ਦੀ ਗੱਲ ਕਰਦਾ ਹੈ।
Also Read : Moga School Bomb Threat: ਮੋਗਾ ਦੇ ਕਈ ਸਕੂਲਾਂ ਨੂੰ ਬੰਬ ਨਾਲ ਉੱਡਾਉਣ ਦੀ ਮਿਲੀ ਧਮਕੀ, ਪੁਲਿਸ ਅਲਰਟ!
ਉਹ ਖੁਦ ਇਹ ਦਾਅਵਾ ਵੀ ਕਰਦੇ ਰਹੇ ਕਿ ਉਨ੍ਹਾਂ ਨੇ ਕਈ ਅੰਤਰਰਾਸ਼ਟਰੀ ਸੰਘਰਸ਼ ਖ਼ਤਮ ਕਰਨ ਵਿਚ ਭੂਮਿਕਾ ਨਿਭਾਈ। ਪਰ ਅਸਲੀਅਤ ਵਿਚ ਉਨ੍ਹਾਂ ਦੇ ਯਤਨ ਉਮੀਦ ਅਨੁਸਾਰ ਨਤੀਜੇ ਨਾ ਦੇ ਸਕੇ। ਖਾਸ ਤੌਰ ’ਤੇ ਰੂਸ-ਯੂਕਰੈਨ ਸੰਘਰਸ਼ ਖਤਮ ਕਰਨ ਦਾ ਉਨ੍ਹਾਂ ਦਾ ਵਾਅਦਾ ਅਧੂਰਾ ਰਿਹਾ।ਇਰਾਨ ਨਾਲ ਵਧਦੇ ਤਣਾਅ ਨੇ ਉਨ੍ਹਾਂ ਦੀ ਵਿਦੇਸ਼ ਨੀਤੀ ਦੀਆਂ ਹੱਦਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਇਹ ਸੰਘਰਸ਼ ਛੇਤੀ ਖ਼ਤਮ ਹੋ ਜਾਵੇਗਾ, ਪਰ ਸਥਿਤੀ ਉਲਝਦੀ ਚਲੀ ਗਈ। ਉਨ੍ਹਾਂ ਦੇ ਭਾਸ਼ਣਾਂ ਵਿਚ ਵਰਤੇ ਗਏ ਸਖ਼ਤ ਅਤੇ ਤਿੱਖੇ ਸ਼ਬਦਾਂ ਨੇ ਕੂਟਨੀਤਿਕ ਸੰਤੁਲਨ ਨੂੰ ਹੋਰ ਕਮਜ਼ੋਰ ਕੀਤਾ।
ਕਿਸੇ ਵੀ ਰਾਸ਼ਟਰ ਦੇ ਪ੍ਰਮੁੱਖ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸੰਯਮ ਅਤੇ ਸੰਤੁਲਨ ਦਾ ਪ੍ਰਗਟਾਵਾ ਕਰੇ, ਪਰ ਟਰੰਪ ਦੇ ਬਿਆਨ ਅਕਸਰ ਤਿੱਖੇ ਤੇ ਟਕਰਾਅਪੂਰਨ ਰਹੇ। ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਉਨ੍ਹਾਂ ਦੀ ਰਣਨੀਤੀ ਅਸਲ ਵਿਚ ਸਥਿਰਤਾ ਲਿਆਉਣ ਦੀ ਦਿਸ਼ਾ ਵਿਚ ਸੀ ਜਾਂ ਸਿਰਫ਼ ਸ਼ਕਤੀ ਪ੍ਰਦਰਸ਼ਨ ਤੱਕ ਸੀਮਤ ਸੀ। ਟਰੰਪ ਦੀ ਭਾਸ਼ਾ ਅਤੇ ਵਿਹਾਰ ਨੇ ਅੰਤਰਰਾਸ਼ਟਰੀ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਕਈ ਮੌਕਿਆਂ ’ਤੇ ਭਾਰਤ ਅਤੇ ਰੂਸ ਦੀਆਂ ਅਰਥਵਿਵਸਥਾਵਾਂ ਨੂੰ ਕਮਜ਼ੋਰ ਦੱਸਿਆ, ਜੋ ਤੱਥਾਂ ਦੇ ਆਧਾਰ ’ਤੇ ਸਹੀ ਨਹੀਂ ਮੰਨਿਆ ਜਾ ਸਕਦਾ।
ਇਸੇ ਤਰ੍ਹਾਂ, ਯੂਰਪੀ ਆਗੂਆਂ ਪ੍ਰਤੀ ਉਨ੍ਹਾਂ ਦੀਆਂ ਟਿੱਪਣੀਆਂ ਨੇ ਪੱਛਮੀ ਫੌਜੀ ਗਠਜੋੜ ਵਿਚ ਅਸਹਿਜ਼ਤਾ ਪੈਦਾ ਕੀਤੀ। ਨਾਟੋ ਵਰਗੀ ਮਹੱਤਵਪੂਰਨ ਸੰਸਥਾ ਨਾਲ ਉਨ੍ਹਾਂ ਦੇ ਰਿਸ਼ਤਿਆਂ ਵਿਚ ਤਣਾਅ ਸਪੱਸ਼ਟ ਨਜ਼ਰ ਆਇਆ। ਇਹ ਸਥਿਤੀ ਉਦੋਂ ਹੋਰ ਗੁੰਝਲਦਾਰ ਹੋ ਗਈ ਜਦੋਂ ਇਰਾਨ ਸੰਘਰਸ਼ ਦੌਰਾਨ ਸਹਿਯੋਗੀ ਦੇਸ਼ਾਂ ਨੇ ਖੁੱਲ੍ਹ ਕੇ ਉਨ੍ਹਾਂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਯੂਰਪੀ ਦੇਸ਼ਾਂ ਨੇ ਹੌਲੀ-ਹੌਲੀ ਆਪਣੀਆਂ ਰੱਖਿਆ ਨੀਤੀਆਂ ਨੂੰ ਆਤਮ-ਨਿਰਭਰ ਬਣਾਉਣ ਦੀ ਦਿਸ਼ਾ ਵਿਚ ਕਦਮ ਵਧਾਏ। ਇਹ ਬਦਲਾਅ ਇਸ ਗੱਲ ਦਾ ਸੰਕੇਤ ਹੈ ਕਿ ਉਹ ਹੁਣ ਅਮਰੀਕਾ ’ਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਰਹਿਣਾ ਚਾਹੁੰਦੇ।
ਗ੍ਰੀਨਲੈਂਡ ਖਰੀਦਣ ਵਰਗੀਆਂ ਅਸਧਾਰਨ ਮੰਗਾਂ ਅਤੇ ਯੂਕਰੇਨ ਨੀਤੀ ਵਿਚ ਅਸਪੱਸ਼ਟਤਾ ਨੇ ਵੀ ਸਹਿਯੋਗੀ ਦੇਸ਼ਾਂ ਦਾ ਵਿਸ਼ਵਾਸ ਘਟਾਇਆ। ਘਰੇਲੂ ਪੱਧਰ ’ਤੇ ਵੀ ਟਰੰਪ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਨੇ ਉਨ੍ਹਾਂ ਦੀਆਂ ਨੀਤੀਆਂ ਵਿਰੁੱਧ ਵਿਆਪਕ ਪ੍ਰਦਰਸ਼ਨ ਕੀਤੇ। ਇਨ੍ਹਾਂ ਅੰਦੋਲਨਾਂ ਵਿਚ ਲੱਖਾਂ ਲੋਕਾਂ ਦੀ ਭਾਗੀਦਾਰੀ ਇਹ ਦਰਸਾਉਂਦੀ ਹੈ ਕਿ ਅਮਰੀਕੀ ਸਮਾਜ ਦਾ ਇੱਕ ਵੱਡਾ ਹਿੱਸਾ ਉਨ੍ਹਾਂ ਦੀ ਕਾਰਜਸ਼ੈਲੀ ਤੋਂ ਸੰਤੁਸ਼ਟ ਨਹੀਂ ਹੈ। ਆਲੋਚਕਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਫੈਸਲੇ ਲੋਕਤੰਤਰੀ ਅਦਾਰਿਆਂ ਨੂੰ ਕਮਜ਼ੋਰ ਕਰਦੇ ਹਨ ਅਤੇ ਸੱਤਾ ਦੇ ਕੇਂਦਰੀਕਰਨ ਨੂੰ ਵਧਾਉਂਦੇ ਹਨ।
ਆਰਥਿਕ ਨੀਤੀਆਂ ਨੂੰ ਲੈ ਕੇ ਵੀ ਅਸੰਤੋਸ਼ ਵੇਖਿਆ ਗਿਆ। ਇਹ ਕਿਹਾ ਗਿਆ ਕਿ ਉਨ੍ਹਾਂ ਦੀਆਂ ਨੀਤੀਆਂ ਉੱਚ ਆਮਦਨ ਵਾਲੇ ਤਬਕੇ ਦੇ ਪੱਖ ਵਿਚ ਵਧੇਰੇ ਝੁਕੀਆਂ ਹੋਈਆਂ ਹਨ, ਜਿਸ ਨਾਲ ਸਮਾਜਿਕ ਨਾਬਰਾਬਰੀ ਵਧਦੀ ਹੈ। ਆਵਾਜਾਈ ਨੀਤੀ ਨੂੰ ਲੈ ਕੇ ਵੀ ਵਿਆਪਕ ਆਲੋਚਨਾ ਹੋਈ। ਅਮਰੀਕਾ ਨੂੰ ਲੰਮੇ ਸਮੇਂ ਤੋਂ ਮੌਕਿਆਂ ਦੀ ਧਰਤੀ ਮੰਨਿਆ ਜਾਂਦਾ ਹੈ, ਜਿੱਥੇ ਵੱਖ-ਵੱਖ ਦੇਸ਼ਾਂ ਦੇ ਲੋਕ ਆ ਕੇ ਆਪਣੀ ਪਛਾਣ ਬਣਾਉਂਦੇ ਹਨ। ਇਸ ਲਈ ਸਖ਼ਤ ਆਵਾਜਾਈ ਨੀਤੀਆਂ ਇਸ ਮੂਲ ਭਾਵਨਾ ਦੇ ਵਿਰੁੱਧ ਪ੍ਰਤੀਤ ਹੁੰਦੀਆਂ ਹਨ। ਵਿਦੇਸ਼ ਨੀਤੀ ਦੇ ਮੋਰਚੇ ’ਤੇ ਵੀ ਟਰੰਪ ਦੀਆਂ ਰਣਨੀਤੀਆਂ ਕਈ ਵਾਰ ਅਸੰਗਤ ਨਜ਼ਰ ਆਈਆਂ।
ਉਨ੍ਹਾਂ ਦੇ ਜ਼ਲਦਬਾਜ਼ ਤੇ ਹਮਲਾਵਰ ਰੁਖ ਨੇ ਕਈ ਵਾਰ ਤਣਾਅ ਘਟਾਉਣ ਦੀ ਬਜਾਏ ਵਧਾਇਆ। ਇੱਥੋਂ ਤੱਕ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਕੁਝ ਆਗੂਆਂ ਨੇ ਵੀ ਉਨ੍ਹਾਂ ਦੀਆਂ ਨੀਤੀਆਂ ’ਤੇ ਚਿੰਤਾ ਪ੍ਰਗਟ ਕੀਤੀ। ਜਨਮਤ ਸਰਵੇਖਣਾਂ ਵਿਚ ਉਨ੍ਹਾਂ ਦੇ ਸਮੱਰਥਨ ਵਿਚ ਗਿਰਾਵਟ ਇਸ ਅਸੰਤੋਸ਼ ਦਾ ਸਪੱਸ਼ਟ ਸੰਕੇਤ ਹੈ। ਅੰਤਰਰਾਸ਼ਟਰੀ ਪੱਧਰ ’ਤੇ ਵੀ ਟਰੰਪ ਪ੍ਰਤੀ ਸਮੱਰਥਨ ਵਿਚ ਕਮੀ ਆਈ ਹੈ। ਕਈ ਦੇਸ਼ ਅਮਰੀਕਾ ਨਾਲ ਰਿਸ਼ਤੇ ਬਣਾਈ ਰੱਖਣਾ ਚਾਹੁੰਦੇ ਹਨ, ਪਰ ਟਰੰਪ ਦੀ ਅਗਵਾਈ ਵਿਚ ਨਹੀਂ। ਭਾਰਤ ਦਾ ਨਜ਼ਰੀਆ ਵੀ ਇਸੇ ਦਿਸ਼ਾ ਵਿਚ ਵੇਖਿਆ ਜਾ ਸਕਦਾ ਹੈ। ਪਿਛਲੇ ਸਾਲਾਂ ਵਿਚ ਭਾਰਤ ਅਤੇ ਅਮਰੀਕਾ ਵਿਚਾਲੇ ਰਿਸ਼ਤੇ ਮਜ਼ਬੂਤ ਹੋਏ ਹਨ।
ਖਾਸ ਕਰਕੇ ਰੱਖਿਆ ਅਤੇ ਰਣਨੀਤਿਕ ਸਹਿਯੋਗ ਦੇ ਖੇਤਰ ਵਿਚ। ਪਰ ਵਪਾਰ ਨੀਤੀਆਂ, ਖਾਸ ਤੌਰ ’ਤੇ ਕਸਟਮ ਡਿਊਟੀ ਦੇ ਮਾਮਲੇ ਵਿਚ ਟਰੰਪ ਦੇ ਫੈਸਲਿਆਂ ਨੇ ਅਸਹਿਮਤੀ ਪੈਦਾ ਕੀਤੀ। ਅਮਰੀਕੀ ਅਦਾਲਤਾਂ ਵੱਲੋਂ ਕੁਝ ਟੈਕਸਾਂ ਨੂੰ ਰੱਦ ਕੀਤਾ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦੀਆਂ ਨੀਤੀਆਂ ਕਾਨੂੰਨੀ ਚੁਣੌਤੀ ਦਾ ਸਾਹਮਣਾ ਕਰ ਰਹੀਆਂ ਹਨ। ਪਹਿਲੇ ਕਾਰਜਕਾਲ ਵਿਚ ਟਰੰਪ ਨੇ ਚੀਨ ਪ੍ਰਤੀ ਸਖ਼ਤ ਰੁਖ ਅਪਣਾਇਆ ਤੇ ਉਸ ਨੂੰ ਪ੍ਰਮੁੱਖ ਰਣਨੀਤਕ ਵਿਰੋਧੀ ਮੰਨਿਆ। ਉਨ੍ਹਾਂ ਨੇ ਪਾਕਿਸਤਾਨ ਨੂੰ ਵੀ ਘੇਰੇ ਵਿਚ ਖੜ੍ਹਾ ਕੀਤਾ, ਜੋ ਭਾਰਤ ਦੇ ਹਿੱਤ ਵਿਚ ਸੀ। ਪਰ ਬਾਅਦ ਵਾਲੇ ਸਮੇਂ ਵਿਚ ਉਨ੍ਹਾਂ ਦੀ ਨੀਤੀ ਵਿਚ ਬਦਲਾਅ ਵੇਖਣ ਨੂੰ ਮਿਲਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਨਿੱਜੀ ਰਿਸ਼ਤਿਆਂ ਦੀ ਚਰਚਾ ਅਕਸਰ ਹੁੰਦੀ ਰਹੀ।
ਪਰ ਨੀਤੀਗਤ ਪੱਧਰ ’ਤੇ ਕਈ ਫੈਸਲੇ ਭਾਰਤ ਦੇ ਹਿੱਤਾਂ ਦੇ ਅਨੁਰੂਪ ਨਹੀਂ ਰਹੇ। ਇਹ ਆਪਾ-ਵਿਰੋਧ ਉਨ੍ਹਾਂ ਦੀ ਅਗਵਾਈ ਦੀਆਂ ਗੁੰਝਲਾਂ ਨੂੰ ਦਰਸਾਉਂਦਾ ਹੈ। ਸਮੁੱਚੇ ਰੂਪ ਵਿਚ ਵੇਖਿਆ ਜਾਵੇ ਤਾਂ ਟਰੰਪ ਦਾ ਦੂਜਾ ਕਾਰਜਕਾਲ ਵਿਵਾਦਾਂ, ਵਿਰੋਧ ਅਤੇ ਅਸਥਿਰਤਾ ਨਾਲ ਘਿਰਿਆ ਰਿਹਾ ਹੈ। ਉਨ੍ਹਾਂ ਦੀਆਂ ਨੀਤੀਆਂ ਅਤੇ ਵਿਹਾਰ ਨੇ ਨਾ ਸਿਰਫ਼ ਅਮਰੀਕਾ ਦੇ ਅੰਦਰ ਅਸੰਤੋਸ਼ ਵਧਾਇਆ ਹੈ, ਸਗੋਂ ਵਿਸ਼ਵ ਪੱਧਰ ’ਤੇ ਵੀ ਬੇਯਕੀਨੀ ਪੈਦਾ ਕੀਤੀ ਹੈ। ਇਸ ਲਈ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਉਨ੍ਹਾਂ ਦੀ ਅਗਵਾਈ ਭਵਿੱਖ ਲਈ ਸਹੀ ਹੈ ਜਾਂ ਨਹੀਂ। ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਇੱਕ ਸੰਤੁਲਿਤ ਅਤੇ ਸੰਜਮੀ ਅਗਵਾਈ ਦੀ ਲੋੜ ਹੈ, ਜੋ ਗੱਲਬਾਤ ਅਤੇ ਸਹਿਯੋਗ ਨੂੰ ਤਰਜ਼ੀਹ ਦੇਵੇ।
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਡਾ. ਡੀ. ਕੇ. ਗਿਰੀ
