Trump: ਪਾਕਿਸਤਾਨ 'ਚ ਅਸਫਲ ਗੱਲਬਾਤ ਤੋਂ ਬਾਅਦ ਅਮਰੀਕਾ ਨੇ ਲਿਆ ਫੈਸਲਾ

ਹੋਰਮੁਜ਼ ’ਚ ਹੁਣ ਇਰਾਨੀ ਬੰਦਰਗਾਹਾਂ ਤੋਂ ਆਉਣ ਵਾਲੇ ਜਹਾਜ਼ਾਂ ਨੂੰ ਰੋਕੇਗਾ ਅਮਰੀਕਾ

Ravinder Sharma Picture
Published On

ਵਾਸ਼ਿੰਗਟਨ (ਏਜੰਸੀ)। ਅਮਰੀਕਾ ਅਤੇ ਇਰਾਨ ਪ੍ਰਮਾਣੂ ਪ੍ਰੋਗਰਾਮ ਸਮੇਤ ਹੋਰ ਮਹੱਤਵਪੂਰਨ ਮੁੱਦਿਆਂ ’ਤੇ ਸਹਿਮਤੀ ’ਤੇ ਪਹੁੰਚਣ ਵਿੱਚ ਅਸਫਲ ਰਹਿਣ ਤੋਂ ਬਾਅਦ ਤਣਾਅ ਵਧ ਗਿਆ ਹੈ। ਇਰਾਨ ’ਤੇ ਦਬਾਅ ਪਾਉਣ ਲਈ, ਅਮਰੀਕਾ ਨੇ ਇਰਾਨੀ ਬੰਦਰਗਾਹਾਂ ਵਿੱਚ ਦਾਖਲ ਹੋਣ ਅਤੇ ਜਾਣ ਵਾਲੇ ਜਹਾਜ਼ਾਂ ’ਤੇ ਪੂਰੀ ਤਰ੍ਹਾਂ ਸਮੁੰਦਰੀ ਨਾਕਾਬੰਦੀ ਲਾਗੂ ਕਰਨੀ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਕੇਂਦਰੀ ਕਮਾਂਡ (ਸੀਈਐੱਨਟੀਸੀਓਐੱਮ) ਨੇ ਰਾਸ਼ਟਰਪਤੀ ਦੇ ਆਦੇਸ਼ ਤੋਂ ਬਾਅਦ ਇਹ ਕਦਮ ਚੁੱਕਿਆ ਹੈ ਅਤੇ ਇਹ ਇਰਾਨੀ ਬੰਦਰਗਾਹਾਂ ਵਿੱਚ ਆਉਣ-ਜਾਣ ਵਾਲੇ ਸਾਰੇ ਸਮੁੰਦਰੀ ਆਵਾਜਾਈ ਨੂੰ ਨਿਸ਼ਾਨਾ ਬਣਾਵੇਗਾ, ਜਿਸ ਵਿੱਚ ਅਰਬ ਖਾੜੀ ਅਤੇ ਓਮਾਨ ਦੀ ਖਾੜੀ ਦੇ ਨਾਲ ਲੱਗਦੇ ਜਹਾਜ਼ ਵੀ ਸ਼ਾਮਲ ਹਨ।

ਸੀਈਐੱਨਟੀਸੀਓਐੱਮ ਨੇ ਕਿਹਾ ਕਿ ਇਹ ਨਾਕਾਬੰਦੀ ਸਾਰੇ ਦੇਸ਼ਾਂ ਦੇ ਜਹਾਜ਼ਾਂ ਨਾਲ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀ ਜਾਵੇਗੀ। ਅਮਰੀਕੀ ਫੌਜ ਗੈਰ-ਇਰਾਨੀ ਬੰਦਰਗਾਹਾਂ ਤੋਂ ਹੋਰਮੁਜ਼ ਜਲਡਮਰੂ ਵਿੱਚੋਂ ਲੰਘਣ ਵਾਲੇ ਜਹਾਜ਼ਾਂ ਨੂੰ ਨਹੀਂ ਰੋਕੇਗੀ। ਸੀਈਐੱਨਟੀਸੀਓਐੱਮ ਦੀ ਇੱਕ ਰਿਲੀਜ਼ ਅਨੁਸਾਰ ਇਹ ਨਾਕਾਬੰਦੀ ਸੋਮਵਾਰ ਸ਼ਾਮ 7:30 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਈ।

War

ਵਪਾਰਕ ਮਲਾਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਧਿਕਾਰਤ ਨੇਵੀਗੇਸ਼ਨ ਚਿਤਾਵਨੀਆਂ ਦੀ ਨਿਗਰਾਨੀ ਕਰਨ ਅਤੇ ਖੇਤਰ ਵਿੱਚ ਕੰਮ ਕਰਦੇ ਹੋਏ ਅਮਰੀਕੀ ਜਲ ਫੌਜ ਬਲਾਂ ਦੇ ਸੰਪਰਕ ਵਿੱਚ ਰਹਿਣ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਹੋਰ ਮੋਰਚਿਆਂ ’ਤੇ ਪ੍ਰੋਗਰੈਸ ਦੇ ਬਾਵਜੂਦ ਇਰਾਨ ਨਾਲ ਗੱਲਬਾਤ ਉਸ ਦੇ ਪ੍ਰਮਾਣੂ ਟੀਚਿਆਂ ’ਤੇ ਰੁਕ ਗਈ ਹੈ। ਇਹ ਸੀਈਐੱਨਟੀਸੀਓਐੱਮ ਰਿਲੀਜ਼ ਟਰੰਪ ਦੇ ਬਿਆਨ ਤੋਂ ਕੁਝ ਘੰਟਿਆਂ ਬਾਅਦ ਆਈ ਹੈ।

ਟਰੰਪ ਨੇ ਕਿਹਾ ਕਿ ਜਦੋਂ ਕਿ ਜ਼ਿਆਦਾਤਰ ਚੀਜ਼ਾਂ ’ਤੇ ਸਹਿਮਤੀ ਬਣ ਗਈ ਸੀ, ਪਰ ਅਸਲ ਵਿੱਚ ਮਾਇਨੇ ਰੱਖਣ ਵਾਲੀ ਇੱਕੋ ਇੱਕ ਚੀਜ਼ ਪ੍ਰਮਾਣੂ ਸੀ, ਅਤੇ ਇਸ ’ਤੇ ਕੋਈ ਸਮਝੌਤਾ ਨਹੀਂ ਹੋਇਆ। ਅਮਰੀਕੀ ਜਲ ਫੌਜ  ਹੋਰਮੁਜ਼ ਜਲਡਮਰੂ ਵਿੱਚ ਦਾਖਲ ਹੋਣ ਜਾਂ ਛੱਡਣ ਦੀ ਕੋਸ਼ਿਸ਼ ਕਰਨ ਵਾਲੇ ਸਾਰੇ ਜਹਾਜ਼ਾਂ ਨੂੰ ਰੋਕਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਉਨ੍ਹਾਂ ਨੇ ਇਰਾਨ ’ਤੇ ਜਲਡਮਰੂ ਵਿੱਚ ਨੇਵਲ ਮਾਇੰਸ ਦੀਆਂ ਧਮਕੀਆਂ ਦਾ ਫਾਇਦਾ ਚੁੱਕ ਕੇ ਵਰਲਡ ਐਕਸਟਾਰਸ਼ਨ ਕਰਨ ਦਾ ਦੋਸ਼ ਲਾਇਆ।

ਜੇਕਰ ਅਮਰੀਕੀ ਸਰਕਾਰ ਆਪਣੀ ਤਾਨਾਸ਼ਾਹੀ ਨੂੰ ਤਿਆਗ ਦਿੰਦੀ ਹੈ ਅਤੇ ਇਰਾਨੀ ਰਾਸ਼ਟਰ ਦੇ ਅਧਿਕਾਰਾਂ ਦਾ ਸਨਮਾਨ ਕਰਦੀ ਹੈ, ਤਾਂ ਇੱਕ ਸਮਝੌਤੇ ’ਤੇ ਪਹੁੰਚਣ ਦਾ ਰਸਤਾ ਜ਼ਰੂਰ ਲੱਭਿਆ ਜਾਵੇਗਾ।
ਮਸੂਦ ਪੇਜ਼ੇਸ਼ਕੀਅਨ, ਇਰਾਨ ਦੇ ਰਾਸ਼ਟਰਪਤੀ

ਦੁਸ਼ਮਣ ਦੇ ਗਲਤ ਕਦਮਾਂ ਦੇ ਹੋਣਗੇ ਘਾਤਕ ਨਤੀਜੇ : ਆਈਆਰਜੀਸੀ

ਤਹਿਰਾਨ (ਏਜੰਸੀ)। ਅਮਰੀਕਾ ਅਤੇ ਇਜ਼ਰਾਈਲ ਨਾਲ ਤਣਾਅ ਦੇ ਵਿਚਕਾਰ ਇਰਾਨ ਦੀ ਸਮੁੰਦਰੀ ਫੋਜ ਨੇ ਹੋਰਮੁਜ਼ ਜਲਡਮਰੂ ਬਾਰੇ ਇੱਕ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਦੀ ਨੇਵੀ ਨੇ ਕਿਹਾ ਕਿ ਹੋਰਮੁਜ਼ ਜਲਡਮਰੂ ਵਿੱਚ ‘ਦੁਸ਼ਮਣ’ ਵੱਲੋਂ ਕੀਤੀ ਗਈ ਕੋਈ ਵੀ ਗਲਤੀ ਘਾਤਕ ਹੋਵੇਗੀ। ਸਮੁੰਦਰੀ ਫੌਜ ਨੇ ਇਹ ਚਿਤਾਵਨੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ਵਿੱਚ ਜਾਰੀ ਕੀਤੀ ਹੈ। ਇਸ ਨੇ ਹੋਰਮੁਜ਼ ਜਲਡਮਰੂ ਵਿੱਚ ਸਥਿਤੀ ਦੀ ਡਰੋਨ ਨਿਗਰਾਨੀ ਫੁਟੇਜ਼ ਵੀ ਸਾਂਝੀ ਕੀਤੀ ਹੈ। ਆਈਆਰਜੀਸੀ ਦੀ ਸਮੁੰਦਰੀ ਫੌਜ ਨੇ ਕਿਹਾ ਕਿ ਹੋਰਮੁਜ਼ ਜਲਡਮਰੂ ਵਿੱਚ ਸਾਰੀਆਂ ਗਤੀਵਿਧੀਆਂ ਅਤੇ ਠਹਿਰ ਇਰਾਨੀ ਹਥਿਆਰਬੰਦ ਫੌਜਾਂ ਦੇ ਪੂਰੀ ਤਰ੍ਹਾਂ ਕੰਟਰੋਲ ਵਿੱਚ ਹਨ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਗਲਤੀ ਦੁਸ਼ਮਣ ਨੂੰ ਹੋਰਮੁਜ਼ ਜਲਡਮਰੂ ਦੇ ਘਾਤਕ ਘੁੰਮਣਘੇਰੀ ਵਿੱਚ ਫਸਾਵੇਗੀ।

About The Author

Related Posts