Punjab
Zirakpur News: ਜ਼ੀਰਕਪੁਰ ’ਚ ਰਿਹਾਇਸ਼ੀ ਮਕਾਨ ਅੰਦਰ ਚੱਲ ਰਹੀ ਨਾਜਾਇਜ਼ ਦਵਾਈ ਫੈਕਟਰੀ ਦਾ ਪਰਦਾਫਾਸ਼
ਐਂਟੀ ਨਾਰਕੋਟਿਕਸ ਸੈੱਲ ਤੇ ਡਰੱਗ ਵਿਭਾਗ ਦੀ ਸਾਂਝੀ ਛਾਪੇਮਾਰੀ, ਸਟੀਰੌਇਡ ਤੇ ਪਾਬੰਦੀਸ਼ੁਦਾ ਦਵਾਈਆਂ ਦੀ ਵੱਡੀ ਖੇਪ ਬਰਾਮਦ, ਇੱਕ ਮੁਲਾਜ਼ਮ ਗ੍ਰਿਫ਼ਤਾਰ
ਜ਼ੀਰਕਪੁਰ (ਸੱਚ ਕਹੂੰ ਨਿਊਜ਼/ਏਜੰਸੀ)। ਮੋਹਾਲੀ ਦੇ ਜ਼ੀਰਕਪੁਰ ਸਥਿਤ ਰਾਮਗੜ੍ਹ ਭੁੱਡਾ ਇਲਾਕੇ ’ਚ ਇੱਕ ਰਿਹਾਇਸ਼ੀ ਮਕਾਨ ਅੰਦਰ ਨਾਜਾਇਜ਼ ਤੌਰ ’ਤੇ ਚਲਾਈ ਜਾ ਰਹੀ ਦਵਾਈ ਫੈਕਟਰੀ ਦਾ ਪਰਦਾਫਾਸ਼ ਹੋਇਆ ਹੈ। ਐਂਟੀ ਨਾਰਕੋਟਿਕਸ ਸੈੱਲ ਤੇ ਫੂਡ ਐਂਡ ਡਰੱਗ ਵਿਭਾਗ ਦੀ ਸਾਂਝੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ’ਚ ਸਟੀਰੌਇਡ, ਪਾਬੰਦੀਸ਼ੁਦਾ ਦਵਾਈਆਂ ਤੇ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ।
ਕਾਰਵਾਈ ਦੌਰਾਨ ਮੌਕੇ ਤੋਂ ਇੱਕ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਜਾਂਚ ਏਜੰਸੀਆਂ ਇਸ ਗੈਰ-ਕਾਨੂੰਨੀ ਕਾਰੋਬਾਰ ਦੇ ਮੁੱਖ ਸਰਗਨਾ ਤੇ ਸਪਲਾਈ ਨੈੱਟਵਰਕ ਦੀ ਭਾਲ ਵਿੱਚ ਜੁਟ ਗਈਆਂ ਹਨ। ਅਧਿਕਾਰੀਆਂ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਮੁਲਾਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਸ ਗੈਰ-ਕਾਨੂੰਨੀ ਧੰਦੇ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਤੇ ਡਰੱਗ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਕਾਫ਼ੀ ਗੰਭੀਰ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।
ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਰਿਹਾਇਸ਼ੀ ਇਲਾਕੇ ’ਚ ਕਿਰਾਏ ’ਤੇ ਮਕਾਨ ਲੈ ਕੇ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਜਾਂ ਲਾਇਸੈਂਸ ਦੇ ਇਸ ਫੈਕਟਰੀ ਨੂੰ ਚਲਾਇਆ ਜਾ ਰਿਹਾ ਸੀ। ਇੱਥੇ ਕਥਿਤ ਤੌਰ ’ਤੇ ਪਾਬੰਦੀਸ਼ੁਦਾ ਦਵਾਈਆਂ, ਸਟੀਰੌਇਡ ਤੇ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਸਨ। ਜਾਂਚ ਏਜੰਸੀਆਂ ਨੂੰ ਮੁੱਢਲੀ ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਤਿਆਰ ਕੀਤੀਆਂ ਜਾਂਦੀਆਂ ਦਵਾਈਆਂ ਤੇ ਸਟੀਰੌਇਡ ਦੀ ਸਪਲਾਈ ਕਥਿਤ ਤੌਰ ’ਤੇ ਆਨਲਾਈਨ ਪਲੇਟਫਾਰਮਾਂ ਰਾਹੀਂ ਕੀਤੀ ਜਾਂਦੀ ਸੀ।
ਹੁਣ ਜਾਂਚ ਟੀਮਾਂ ਇਸ ਗੱਲ ਦਾ ਪਤਾ ਲਾ ਰਹੀਆਂ ਹਨ ਕਿ ਇਹ ਦਵਾਈਆਂ ਕਿਹੜੇ-ਕਿਹੜੇ ਇਲਾਕਿਆਂ ’ਚ ਭੇਜੀਆਂ ਜਾਂਦੀਆਂ ਸਨ ਤੇ ਇਸ ਕਾਰੋਬਾਰ ਨਾਲ ਹੋਰ ਕੌਣ-ਕੌਣ ਜੁੜਿਆ ਹੋਇਆ ਹੈ। ਅਧਿਕਾਰੀਆਂ ਮੁਤਾਬਕ, ਇਸ ਕਾਰਵਾਈ ਦੌਰਾਨ ਬਰਾਮਦ ਕੀਤੀਆਂ ਦਵਾਈਆਂ ਦੀ ਕਿਸਮ ਤੇ ਮਾਤਰਾ ਦੀ ਜਾਂਚ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਮੁਲਾਜ਼ਮ ਤੋਂ ਪੁੱਛਗਿੱਛ ਰਾਹੀਂ ਫੈਕਟਰੀ ਦੇ ਅਸਲ ਮਾਲਕ, ਇਸ ਨੂੰ ਚਲਾਉਣ ਵਾਲੇ ਮਾਸਟਰਮਾਈਂਡ ਤੇ ਦਵਾਈਆਂ ਦੀ ਸਪਲਾਈ ਨਾਲ ਜੁੜੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਪੂਰੇ ਨੈੱਟਵਰਕ ਬਾਰੇ ਹੋਰ ਹਿਮ ਖੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ : National Shooting Championship: ਅਮਲੋਹ ਦੀ ਕਨਿਸ਼ਕਾ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫਾਈ
Comments