National Shooting Championship: ਅਮਲੋਹ ਦੀ ਕਨਿਸ਼ਕਾ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫਾਈ

10 ਮੀਟਰ ਏਅਰ ਪਿਸਟਲ 'ਚ ਦਿਖਾਇਆ ਹੁਨਰ, ਦੇਹਰਾਦੂਨ 'ਚ ਹੋਏ ਪ੍ਰੀ-ਨੈਸ਼ਨਲ ਮੁਕਾਬਲੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Satinder Mathur  Picture
Published On

National Shooting Championship: (ਅਨਿਲ ਲੁਟਾਵਾ) ਅਮਲੋਹ। ਛੋਟੇ ਸ਼ਹਿਰਾਂ ’ਚ ਵੀ ਹੁਨਰ ਦੀ ਕੋਈ ਕਮੀ ਨਹੀਂ ਹੁੰਦੀ, ਲੋੜ ਹੁੰਦੀ ਹੈ ਤਾਂ ਸਿਰਫ ਸਹੀ ਮਾਰਗਦਰਸ਼ਨ ਅਤੇ ਮੌਕੇ ਦੀ। ਇਸ ਗੱਲ ਨੂੰ ਸੱਚ ਸਾਬਤ ਕਰਦਿਆਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਦੀ 15 ਸਾਲਾ ਧੀ ਕਨਿਸ਼ਕਾ ਨੇ ਸ਼ੂਟਿੰਗ ਦੇ ਖੇਤਰ ’ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਕਨਿਸ਼ਕਾ ਨੇ ਦੇਹਰਾਦੂਨ ਵਿਖੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ (ਐੱਨਆਰਏਆਈ) ਵੱਲੋਂ ਕਰਵਾਈ ਗਈ ਪ੍ਰੀ-ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ ਹੈ।

ਇਹ ਵੀ ਪੜ੍ਹੋ: Hero Asian Champions Trophy 2026: ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾਇਆ, ਲਗਾਤਾਰ ਤੀਜੀ ਜਿੱਤ ਦਰਜ

ਕਨਿਸ਼ਕਾ ਦੀ ਇਸ ਪ੍ਰਾਪਤੀ ਨਾਲ ਪਰਿਵਾਰ, ਇਲਾਕੇ ਅਤੇ ਜ਼ਿਲ੍ਹੇ ’ਚ ਖੁਸ਼ੀ ਦੀ ਲਹਿਰ ਹੈ। ਮਹਿਜ਼ 15 ਸਾਲ ਦੀ ਉਮਰ ਵਿੱਚ ਕੌਮੀ ਪੱਧਰ 'ਤੇ ਚੁਣੇ ਜਾਣਾ ਉਸ ਦੀ ਮਿਹਨਤ, ਲਗਨ ਅਤੇ ਅਨੁਸ਼ਾਸਨ ਨੂੰ ਦਰਸਾਉਂਦਾ ਹੈ। ਹੁਣ ਉਹ ਨੈਸ਼ਨਲ ਚੈਂਪੀਅਨਸ਼ਿਪ ’ਚ ਦੇਸ਼ ਭਰ ਦੇ ਨਿਸ਼ਾਨੇਬਾਜ਼ਾਂ ਵਿਚਕਾਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਨੁਮਾਇੰਦਗੀ ਕਰੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਨਿਸ਼ਕਾ ਦੇ ਪਿਤਾ ਅਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਸਖ਼ਤ ਮਿਹਨਤ ਅਤੇ ਲਗਾਤਾਰ ਅਭਿਆਸ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਜਿਹੇ ਬਹੁਤ ਸਾਰੇ ਹੋਣਹਾਰ ਬੱਚੇ ਹਨ ਜਿਨ੍ਹਾਂ ਵਿੱਚ ਦੇਸ਼ ਦਾ ਨਾਂਅ ਰੌਸ਼ਨ ਕਰਨ ਦੀ ਸਮਰੱਥਾ ਹੈ, ਪਰ ਆਰਥਿਕ ਤੰਗੀ ਅਤੇ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਦੀ ਤਰੱਕੀ ਵਿੱਚ ਰੁਕਾਵਟ ਆਉਂਦੀ ਹੈ।

ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਅਜਿਹੇ ਹੋਣਹਾਰ ਖਿਡਾਰੀਆਂ ਨੂੰ ਆਰਥਿਕ ਮੱਦਦ, ਵਧੀਆ ਸਿਖਲਾਈ ਅਤੇ ਲੋੜੀਂਦੀਆਂ ਖੇਡ ਸਹੂਲਤਾਂ ਦਿੱਤੀਆਂ ਜਾਣ ਤਾਂ ਉਹ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਦੇਸ਼ ਲਈ ਤਗਮੇ ਜਿੱਤ ਸਕਦੇ ਹਨ। ਕਨਿਸ਼ਕਾ ਦੀ ਇਹ ਪ੍ਰਾਪਤੀ ਜ਼ਿਲ੍ਹੇ ਦੀਆਂ ਹੋਰ ਧੀਆਂ ਅਤੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ। ਹੁਣ ਸਾਰਿਆਂ ਦੀਆਂ ਨਜ਼ਰਾਂ ਉਸ ਦੀ ਆਉਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ 'ਤੇ ਟਿਕੀਆਂ ਹੋਈਆਂ ਹਨ।

Comments

Post Your Comment

About The Author

Related Posts