ਅਮਰਿੰਦਰ ਕਰ ਰਹੇ ਮਿਲਣ ਦੀ ਤਿਆਰੀ ਤੇ ਨਵਜੋਤ ਸਿੱਧੂ ਨੇ ਲਿਖੀ ਰਾਜਨਾਥ ਨੂੰ ਚਿੱਠੀ

Writing Rajnath, Written, Navjot Sidhu, Preparation, Getting, Amarinder Doing

ਨਵਜੋਤ ਸਿੱਧੂ ਦਾ ਨਾ ਹੀ ਵਿਭਾਗ ਅਤੇ ਨਾ ਹੀ ਕੋਈ ਲੱਲਾ-ਖੱਖਾ, ਮੁੱਖ ਮੰਤਰੀ ਦੇ ਕੰਮਾਂ ‘ਚ ਦਖਲ

ਸਿੱਧੂ ਦੀ ਹਰ ਮਾਮਲੇ ਵਿੱਚ ਦਖਲਅੰਦਾਜੀ ਸਬੰਧੀ ਕਈ ਮੰਤਰੀ ਨਾਰਾਜ਼

ਅਸ਼ਵਨੀ ਚਾਵਲਾ, ਚੰਡੀਗੜ੍ਹ

ਚੰਡੀਗੜ੍ਹ ਵਿਖੇ ਡੀ.ਐੱਸ.ਪੀ. ਨੂੰ ਆਲ ਇੰਡੀਆ ਯੂ.ਟੀ. ਕੈਡਰ ਵਿੱਚ ਮਰਜ਼ ਕਰਨ ਤੋਂ ਬਾਅਦ ਸ਼ੁਰੂ ਹੋਏ ਪੰਜਾਬ ਦੇ ਵਿਰੋਧ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਕੱਲ੍ਹ 4 ਅਕਤੂਬਰ ਨੂੰ ਅਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲਣ ਲਈ ਜਾ ਰਹੇ ਹਨ ਕਿ ਨਵਜੋਤ ਸਿੱਧੂ ਨੇ ਉਨ੍ਹਾਂ ਤੋਂ ਇੱਕ ਕਦਮਗਾਂਹ ਟੱਪਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਦਿੱਤੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੇ ਵਿਭਾਗ ਨਾਲ ਚਿੱਠੀ ਸਬੰਧਿਤ ਹੈ ਜਾਂ ਫਿਰ ਜਿਹੜੇ ਮੰਤਰਾਲੇ ਦੇ ਰਾਜਨਾਥ ਸਿੰਘ ਕੇਂਦਰੀ ਮੰਤਰੀ ਹਨ, ਉਸ ਨਾਲ ਨਵਜੋਤ ਸਿੱਧੂ ਦਾ ਦੂਰ-ਦੂਰ ਤੱਕ ਵਾਹ-ਵਾਸਤਾ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਹੀ ਗ੍ਰਹਿ ਵਿਭਾਗ ਹੈ। ਨਵਜੋਤ ਸਿੱਧੂ ਵੱਲੋਂ ਹਰ ਮਾਮਲੇ ਵਿੱਚ ਦਿਖਾਈ ਜਾ ਰਹੀਂ ਬੇਲੋੜੀ ਦਖ਼ਲ ਅੰਦਾਜ਼ੀ ਸਬੰਧੀ ਸਰਕਾਰ ਦੇ ਕਈ ਮੰਤਰੀ ਨਰਾਜ਼ ਹੋ ਗਏ ਹਨ ਤੇ ਕਈ ਮੰਤਰੀ ਇਸ ਮਾਮਲੇ ਵਿੱਚ ਨਵਜੋਤ ਸਿੱਧੂ ਨੂੰ ਆਪਣੇ ਵਿਭਾਗ ਤੱਕ ਸੀਮਤ ਰਹਿਣ ਲਈ ਕਹਿ ਚੁੱਕੇ ਹਨ।

ਜਾਣਕਾਰੀ ਅਨੁਸਾਰ ਕੇਂਦਰ ਦੇ ਗ੍ਰਹਿ ਵਿਭਾਗ ਵਲੋਂ 25 ਸਤੰਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਡੀ.ਐਸ.ਪੀ. ਨੂੰ ਦਾਨਿਸਪ ਵਿੱਚ ਮਰਜ਼ ਕਰ ਦਿੱਤਾ ਗਿਆ ਸੀ, ਜਿਸ ਦੇ ਤਹਿਤ ਚੰਡੀਗੜ੍ਹ ਵਿਖੇ ਹੋਣ ਪੰਜਾਬ ਅਤੇ ਹਰਿਆਣਾ ਤੋਂ ਡੀ.ਐਸ.ਪੀ. ਆਉਣ ਦਾ ਕੋਟਾ ਖ਼ਤਮ ਕਰਨ ਦੇ ਨਾਲ ਹੀ ਦੇਸ਼ ਦੇ ਕਿਸੇ ਵੀ ਯੂ.ਟੀ. ਤੋਂ ਡੀ.ਐਸ.ਪੀ. ਆ ਕੇ ਲਗ ਸਕਦਾ ਹੈ ਜਾਂ ਫਿਰ ਚੰਡੀਗੜ੍ਹ ਦੇ ਡੀ.ਐਸ.ਪੀ. ਨੂੰ ਦੇਸ ਦੀ ਕਿਸੇ ਵੀ ਯੂ.ਟੀ. ਵਿੱਚ ਟਰਾਂਸਫਰ ਕੀਤਾ ਜਾ ਸਕਦਾ ਹੈ।

ਚੰਡੀਗੜ੍ਹ ‘ਤੇ ਖ਼ਤਮ ਹੁੰਦੀ ਜਾ ਰਹੀ ਪੰਜਾਬ ਦੀ ਪਕੜ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਮਿਲਣ ਲਈ ਸਮਾਂ ਮੰਗਿਆ ਸੀ। ਜਿਸ ਤੋਂ ਬਾਅਦ ਹੁਣ 4 ਅਕਤੂਬਰ ਨੂੰ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਜਾ ਰਹੇ ਹਨ।

ਅਮਰਿੰਦਰ ਸਿੰਘ ਅਜੇ ਤਿਆਰੀ ਹੀ ਕਰ ਰਹੇ ਸਨ ਕਿ ਨਵਜੋਤ ਸਿੱਧੂ ਨੇ ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖਦੇ ਹੋਏ ਨਾ ਸਿਰਫ਼ ਇਤਰਾਜ਼ ਜ਼ਾਹਿਰ ਕੀਤਾ ਹੈ, ਸਗੋਂ ਇਸ ਫੈਸਲੇ ਨੂੰ ਵਾਪਸ ਲੈਣ ਦੀ ਬੇਨਤੀ ਵੀ ਕੀਤੀ ਹੈ।

ਨਵਜੋਤ ਸਿੱਧੂ ਵਲੋਂ ਕੀਤੀ ਗਈ ਇਸ ਦਖ਼ਲ ਅੰਦਾਜ਼ੀ ਤੋਂ ਅਮਰਿੰਦਰ ਸਿੰਘ ਦੀ ਸਰਕਾਰ ਦੇ ਕਈ ਮੰਤਰੀ ਸਿੱਧੂ ਤੋਂ ਨਰਾਜ਼ ਹੋ ਗਏ ਹਨ ਕਿ ਉਹ ਆਪਣੇ ਵਿਭਾਗ ਤੱਕ ਸੀਮਤ ਰਹਿਣ ਦੀ ਥਾਂ ‘ਤੇ ਦੂਜਿਆਂ ਦੇ ਵਿਭਾਗਾਂ ਵਿੱਚ ਦਖਲ ਅੰਦਾਜ਼ੀ ਜਿਆਦਾ ਕਰਨ ਵਿੱਚ ਲੱਗੇ ਹੋਏ ਹਨ। ਇਸ ਮਾਮਲੇ ਦਾ ਤਾਂ ਉਨਾਂ ਨਾਲ ਕੋਈ ਤਾਲੂਕਾਤ ਹੀ ਨਹੀਂ ਹੈ, ਕਿਉਂਕਿ ਉਹ ਨਾ ਹੀ ਗ੍ਰਹਿ ਮੰਤਰੀ ਅਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਹਨ।

ਸਿੱਧੂ ਨੂੰ ਆਪਣੇ ਤੱਕ ਸੀਮਤ ਰਹਿਣ ਦੀ ਸਲਾਹ ਦੇ ਚੁੱਕੇ ਹਨ ਤ੍ਰਿਪਤ ਰਾਜਿੰਦਰ ਬਾਜਵਾ

ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨਵਜੋਤ ਸਿੱਧੂ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਕਾਫ਼ੀ ਜ਼ਿਆਦਾ ਖਫ਼ਾ ਰਹਿੰਦੇ ਹਨ। ਪਿਛਲੇ ਦਿਨੀਂ ਨਵਜੋਤ ਸਿੱਧੂ ਨੂੰ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਲਾਹ ਦਿੰਦੇ ਹੋਏ ਕਿਹਾ ਸੀ ਕਿ ਉਹ ਦੂਜਿਆਂ ਦੇ ਮਾਮਲੇ ਵਿੱਚ ਦਖਲ ਦੇਣ ਦੀ ਥਾਂ ‘ਤੇ ਆਪਣੇ ਵਿਭਾਗ ਤੱਕ ਸੀਮਤ ਰਹਿਣ ਅਤੇ ਆਪਣੇ ਹੀ ਵਿਭਾਗ ਵਿੱਚ ਜ਼ਿਆਦਾ ਸਮਾਂ ਦਿੰਦੇ ਹੋਏ ਕੰਮ ਕਰਨ। ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਸਲਾਹ ਦੇਣ ਤੋਂ ਬਾਅਦ ਵੀ ਨਵਜੋਤ ਸਿੱਧੂ ਆਪਣੀ ਵੱਖਰੀ ਰਫ਼ਤਾਰ ਨਾਲ ਚੱਲ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।