ਕੁਸ਼ਤੀ ਦੀਆਂ ਕੌਮੀ ਖਿਡਾਰਨਾਂ ਘਰ ਦੇ ਗੁਜ਼ਾਰੇ ਲਈ ਝੋਨਾ ਲਾਉਣ ਲਈ ਮਜ਼ਬੂਰ

Wrestling, National, Players, Paddy

ਸੂਬਾ ਪੱਧਰੀ ਖੇਡ ਮੁਕਾਬਲਿਆਂ ‘ਚ ਜਿੱਤ ਚੁੱਕੀਆਂ ਨੇ ਤਮਗੇ ਤੇ ਕੌਮੀ ਮੁਕਾਬਲਿਆਂ ‘ਚ ਲਿਆ ਹਿੱਸਾ

ਖਿਡਾਰਨਾਂ ਦਾ ਟੂਰਨਾਮੈਂਟ ਲਈ ਅਭਿਆਸ ਪੱਛੜਿਆ

ਪੱਪੂ ਗਰਗ, ਨਿਹਾਲ ਸਿੰਘ ਵਾਲਾ

ਇੱਕ ਪਾਸੇ ਸਰਕਾਰਾਂ ਵੱਲੋਂ ਖਿਡਾਰੀਆਂ ਲਈ ਵੱਡੇ ਸਨਮਾਨ ਰਾਸ਼ੀਆਂ  ਤੇ ਨੌਕਰੀਆਂ ਦੇਣ ਦੇ ਵਾਅਦੇ-ਦਾਅਵੇ ਕੀਤੇ ਜਾਂਦੇ ਹਨ ਜਦਕਿ ਜ਼ਮੀਨੀ ਹਕੀਕਤ ਬੜੀ ਦੁਖਦਾਇਕ ਹੈ। ਨਿਹਾਲ ਸਿੰਘ ਵਾਲਾ  ਨੇੜਲੇ ਪਿੰਡਾਂ ਦੀਆਂ ਸੂਬਾ ਤੇ ਕੌਮੀ ਪੱਧਰ ਦੀਆਂ ਕੁਸ਼ਤੀ ਖਿਡਾਰਨਾਂ ਆਪਣੇ ਘਰਾਂ ਦੇ ਗੁਜ਼ਾਰੇ ਲਈ  ਮਜ਼ਦੂਰੀ ਕਰਨ ਨੂੰ ਮਜ਼ਬੂਰ ਹਨ ਨਿਹਾਲ ਸਿੰਘ ਵਾਲਾ, ਧੂੜਕੋਟ ਰਣਸ਼ੀਂਹ ਤੇ ਰਣਸ਼ੀਂਹ ਕਲਾਂ ਦੀਆਂ ਅਨੇਕਾਂ ਕੁੜੀਆਂ ਆਪਣੀ ਪੜ੍ਹਾਈ ਦੇ ਨਾਲ-ਨਾਲ ਬਾਬਾ ਫਰੀਦ ਕੁਸ਼ਤੀ ਅਖਾੜਾ ਧੂੜਕੋਟ ਰਣਸ਼ੀਂਹ ਵਿਖੇ ਪਹਿਲਵਾਨੀ ਦੇ ਦਾਅ ਪੇਚ ਸਿੱਖ ਰਹੀਆਂ ਹਨ ਅਤੇ ਕੌਮੀ, ਕੌਮਾਂਤਰੀ ਪੱਧਰ ‘ਤੇ ਆਪਣੀ ਖੇਡ ਦੇ ਝੰਡੇ ਬੁਲੰਦ ਕਰ ਚੁੱਕੀਆਂ ਹਨ ਪਰ ਇਹਨਾਂ ਸਧਾਰਨ ਕਿਰਤੀ ਪਰਿਵਾਰ ਦੀਆਂ ਕੁੜੀਆਂ ‘ਚੋਂ ਕਈ ਪਹਿਲਵਾਨ  ਕੁੜੀਆਂ ਆਪੇ ਮਾਪਿਆਂ ਨਾਲ ਘਰ ਦੀ ਸਥਿਤੀ ਸੁਧਰਨ ਲਈ ਝੋਨਾ ਲਗਾ ਰਹੀਆਂ ਹਨ।

ਰਣਸ਼ੀਂਹ ਕਲਾਂ ਦੀਆਂ  ਇਹਨਾਂ ਪਹਿਲਵਾਨਾਂ ਵਿੱਚੋਂ ਅਰਸ਼ਪ੍ਰੀਤ ਕੌਰ 9 ਸੋਨ ਤਮਗੇ ਅਤੇ 6 ਵਾਰ ਕੌਮੀ ਖੇਡਾਂ ਵਿੱਚ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤ ਚੁੱਕੀ ਹੈ। ਅਰਸ਼ਪ੍ਰੀਤ ਖੇਲੋ ਇੰਡੀਆ ਵਿੱਚ ਵੀ ਜੌਹਰ ਵਿਖਾ ਚੁੱਕੀ ਹੈ। ਇਸ ਤਰ੍ਹਾਂ ਹੀ ਧਰਮਪਰੀਤ ਕੌਰ ਦੇ ਨਾਂਅ ਪੰਜਾਬ ਪੱਧਰ ‘ਤੇ 3 ਸੋਨ ਤਮਗੇ ਹਨ ਅਤੇ ਕੌਮੀ ਖੇਡਾਂ ਵਿੱਚ ਭਾਗ ਲੈ ਚੁੱਕੀ ਹੈ।  ਇਹ ਜ਼ਿਕਰਯੋਗ ਹੈ ਕਿ 28 ਤਰੀਕ ਨੂੰ ਨਿਹਾਲ ਸਿੰਘ ਵਾਲਾ ਵਿਖੇ ਜ਼ਿਲ੍ਹਾ ਕੁਸ਼ਤੀ ਸੰਸਥਾ  ਮੋਗਾ ਵੱਲੋਂ ਜੂਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਹੁਣ ਉਹਨਾਂ ਨੂੰ ਸਖ਼ਤ ਪ੍ਰੈਕਟਿਸ ਤੇ ਚੰਗੀ ਖੁਰਾਕ ਦੀ ਲੋੜ ਹੈ ਪਰ ਅਭਿਆਸ ਦੀ ਥਾਂ ਝੋਨਾ ਲਾਉਣ ‘ਚ ਸਮਾਂ ਲੰਘ ਰਿਹਾ ਹੈ ਇਸ ਸਬੰਧੀ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਕਿਰਤੀ ਘਰਾਂ ਦੀਆਂ ਹੋਣਹਾਰ ਪਹਿਲਵਾਨ ਕੁੜੀਆਂ ਦਾ ਮਿਹਨਤ ਮਜ਼ਦੂਰੀ ਕਰਨਾਂ ਪੰਜਾਬ ਦੇ ਅਖੌਤੀ ਵਿਕਾਸ ਦੇ ਨਾਅਰੇ ‘ਤੇ ਸਵਾਲ ਹੈ। ਉਹਨਾਂ ਪੰਜਾਬ ਤੇ ਨੈਸ਼ਨਲ ਜੇਤੂ ਕੁੜੀਆਂ ਨੂੰ  ਵੱਡੇ ਇਨਾਮ ਰਾਸ਼ੀਆਂ ਦੇਣ ਦੀ ਮੰਗ ਕੀਤੀ ਤਾਂ ਜੋ ਦੇਸ਼ ਲਈ ਤਗਮੇ ਜਿੱਤ ਸਕਣ।

ਸਾਡੇ ਇਸ ਪ੍ਰਤੀਨਿੱਧੀ ਨਾਲ ਗੱਲਬਾਤ ਕਰਦਿਆਂ ਪਹਿਲਵਾਨ ਲੜਕੀਆਂ ਅਰਸ਼ਪ੍ਰੀਤ ਤੇ ਧਰਮਪਰੀਤ ਨੇ ਕਿਹਾ ਕਿ ਉਹ ਪੜ੍ਹਾਈ ਕਰਨ ਦੇ ਨਾਲ ਆਰਥਿਕ ਥੁੜਾਂ ਵਾਲੇ ਪਰਿਵਾਰਾਂ ਵਿੱਚ ਜਨਮੀਆਂ ਹੋਣ ਕਾਰਨ ਘਰਦਿਆਂ ਨਾਲ ਮਿਹਨਤ ਮਜ਼ਦੂਰੀ ਵੀ ਕਰਦੀਆਂ ਹਨ ਅਤੇ ਉਹ ਸਮਾਂ ਕੱਢਕੇ ਕੁਸਤੀ ਕੋਚ ਹਰਭਜਨ ਭੱਜੀ ਤੋਂ ਕੋਚਿੰਗ ਦਾਅ ਨੁਕਤੇ ਵੀ ਪ੍ਰਾਪਤ ਕਰ ਰਹੀਆਂ ਹਨ। ਅਸੀਂ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਮਗੇ ਲੈ ਕੇ ਆਪਣੇ ਇਲਾਕੇ ਦਾ ਨਾਂਅ ਰੋਸ਼ਨ ਕਰਾਂਗੀਆਂ। ਉਨਾਂ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸਰਕਾਰਾਂ ਸਾਡੀ ਜਿੱਥੇ ਆਰਥਿਕ ਮੱਦਦ ਕਰਨ । ਉੱਥੇ ਸਾਡੇ ਲਈ ਰੁਜਗਾਰ ਦੇ ਸਾਧਨ ਵੀ ਅੱਗੇ ਲੈ ਕੇ ਆਉਣ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।