ਪ੍ਰਭਾਵਿਤ ਹੋਣਗੇ ਵਿਸ਼ਵ ਸ਼ਾਂਤੀ ਦੇ ਯਤਨ

Open Skies Treaty Sachkahoon

ਪ੍ਰਭਾਵਿਤ ਹੋਣਗੇ ਵਿਸ਼ਵ ਸ਼ਾਂਤੀ ਦੇ ਯਤਨ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਓਪਨ ਸਕਾਈ ਟ੍ਰੀਟੀ (ਓਐਸਟੀ) ਤੋਂ ਹਟਣ ਦੇ ਐਲਾਨ ਤੋਂ ਇੱਕ ਸਾਲ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਓਐਸਟੀ ਤੋਂ ਰੂਸ ਦੇ ਨਿੱਕਲਣ ਦਾ ਐਲਾਨ ਕਰ ਦਿੱਤਾ ਹੈ ਪੁਤਿਨ ਨੇ ਸੰਧੀ ਤੋਂ ਹਟਣ ਦਾ ਫੈਸਲਾ ਉਸ ਸਮੇਂ ਕੀਤਾ ਹੈ, ਜਦੋਂ ਕਿ ਅਗਲੇ ਕੁਝ ਦਿਨਾਂ ’ਚ ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨਾਲ ਸਿਖ਼ਰ ਗੱਲਬਾਤ ਹੋਣੀ ਹੈ।

ਹਾਲਾਂਕਿ, ਬਾਇਡੇਨ ਦੇ ਸੱਤਾ ’ਚ ਆਉਣ ਤੋਂ ਬਾਅਦ ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਸੀ ਕਿ ਬਾਇਡੇਨ ਸਾਬਕਾ ਰਾਸ਼ਟਰਪਤੀ ਟਰੰਪ ਦੇ ਫੈਸਲੇ ਨੂੰ ਪਲਟ ਸਕਦੇ ਹਨ, ਅਤੇ ਅਮਰੀਕਾ ਨੂੰ ਦੁਬਾਰਾ ਸੰਧੀ ’ਚ ਸ਼ਾਮਲ ਕਰ ਸਕਦੇ ਹਨ ਪੁਤਿਨ ਨੂੰ ਵੀ ਵਿਸ਼ਵਾਸ ਸੀ ਕਿ 16 ਜੂਨ ਨੂੰ ਜੈਨੇਵਾ ’ਚ ਹੋਣ ਵਾਲੀ ਬਾਇਡੇਨ-ਪੁਤਿਨ ਸਿਖ਼ਰ ਬੈਠਕ ਦੌਰਾਨ ਓਐਸਟੀ ’ਤੇ ਚਰਚਾ ਹੋ ਸਕਦੀ ਹੇ ਪਰ ਬਾਇਡੇਨ ਪ੍ਰਸ਼ਾਸਨ ਨੇ ਮਹੀਨਾ ਭਰ ਪਹਿਲਾਂ ਹੀ ਰੂਸ ਨੂੰ ਇਸ ਆਸ ਦੀ ਸੂਚਨਾ ਦੇ ਦਿੱਤੀ ਸੀ ਕਿ ਅਮਰੀਕਾ ਦੀ ਓਐਸਟੀ ’ਚ ਕੋਈ ਰੂਚੀ ਨਹੀਂ ਹੈ, ਨਾ ਹੀ ਉਹ ਇਸ ਸੰਧੀ ’ਚ ਦੁਬਾਰਾ ਸ਼ਾਮਲ ਹੋਣ ਦਾ ਕੋਈ ਇਰਾਦਾ ਰੱਖਦਾ ਹੈ ਅਮਰੀਕੀ ਫੈਸਲੇ ਤੋਂ ਬਾਅਦ ਰੂਸ ਅੰਦਰ ਵੀ ਓਐਸਟੀ ਤੋਂ ਹਟਣ ਦੀ ਮੰਗ ਉੱਠਣ ਲੱਗੀ ਸੀ।

ਜਾਣਕਾਰਾਂ ਦਾ ਮੰਨਣਾ ਸੀ ਕਿ ਅਮਰੀਕਾ ਦੇ ਹਟਣ ਤੋਂ ਬਾਅਦ ਰੂਸ ਲਈ ਵੀ ਸੰਧੀ ’ਚ ਬਣੇ ਰਹਿਣ ਦਾ ਕੋਈ ਮਤਲਬ ਨਹੀਂ ਰਹਿ ਗਿਆ ਹੈ ਇਸ ਤੋਂ ਬਾਅਦ ਰੂਸੀ ਸਾਂਸਦਾਂ ਨੇ ਸੰਸਦ ਦੇ ਉੱਚ ਸਦਨ ’ਚ ਸੰਧੀ ਤੋਂ ਹਟਣ ਸਬੰਧੀ ਬਿੱਲ ਪਾਸ ਕਰਕੇ ਦਸਤਖ਼ਤ ਲਈ ਪੁਤਿਨ ਨੂੰ ਭੇਜਿਆ ਗਿਆ ਸੀ ਸੋਮਵਾਰ ਨੂੰ ਪੁਤਿਨ ਨੇੇ ਬਿੱਲ ’ਤੇ ਦਸਤਖ਼ਤ ਕਰਕੇ ਇੱਕ ਤਰ੍ਹਾਂ ਸੰਧੀ ਤੋਂ ਵੱਖ ਹੋਣ ਦਾ ਰਸਮੀ ਐਲਾਨ ਕਰ ਦਿੱਤਾ ਦਰਅਸਲ, ਜੁਲਾਈ 1955 ’ਚ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੀ. ਆਈਜਨਹਾਵਰ ਨੇ ਸੀਤਯੁੱਧ ਕਾਲੀਨ ਤਣਾਅ ਨੂੰ ਘੱਟ ਕਰਨ ਦੇ ਮਕਸਦ ਨਾਲ ਸੋਵੀਅਤ ਸੰਘ ਦੇ ਪ੍ਰਧਾਨ ਮੰਤਰੀ ਨਿਕੋਲਾਈ ਬੁਲਗਾਨਿਨ ਦੇ ਸਾਹਮਣੇ ਇੱਕ-ਦੂਜੇ ਦੇ ਖੇਤਰ ’ਚ ਨਿਗਰਾਨੀ ਉਡਾਨਾਂ ਦੀ ਆਗਿਆ ਦੇਣ ਸਬੰਧੀ ਸਮਝੌਤੇ ਦੀ ਤਜ਼ਵੀਜ ਰੱਖੀ ਸੀ।

ਹਾਲਾਂਕਿ ਉਸ ਸਮੇਂ ਮਾਸਕੋ ਨੇ ਇਸ ਮਤੇ ਨੂੰ ਸਵੀਕਾਰ ਨਹੀਂ ਕੀਤਾ ਸੀ ਮਈ 1989 ’ਚ ਰਾਸ਼ਟਰਪਤੀ ਜਾਰਜ ਐਚ. ਡਬਲਯੂ ਬੁਸ਼ ਇਸ ਮਤੇ ’ਤੇ ਅੱਗੇ ਵਧੇ ਸੋਵੀਅਤ ਸੰਘ ਦੇ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਵੀ ਮਤੇ ’ਤੇ ਸਹਿਮਤ ਹੋ ਗਏ ਸਨ ਸੰਧੀ ਦਾ ਵਿਸਥਾਰ ਕਰਨ ਲਈ ਨਾਟੋ ਅਤੇ ਵਾਰਸਾ ਪੈਕਟ ਦੇ ਮੈਂਬਰ ਦੇਸ਼ਾਂ ਵਿਚਕਾਰ ਗੱਲਬਾਤ ਹੋਈ ਅਤੇ ਮਾਰਚ 1962 ’ਚ ਇਸ ਦੇ ਖਰੜੇ ’ਤੇ ਦਸਤਖ਼ਤ ਕੀਤੇ ਜਾਣ ਤੋਂ ਬਾਅਦ ਜਨਵਰੀ 2002 ’ਚ ਇਸ ਨੂੰ ਲਾਗੂ ਕਰ ਦਿੱਤਾ ਗਿਆ।

ਕਿਹਾ ਜਾ ਰਿਹਾ ਹੈ ਕਿ ਸੰਧੀ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਪੱਖਕਾਰ ਦੇਸ਼ਾਂ ਦੀਆਂ ਫੌਜੀ ਗਤੀਵਿਧੀਆਂ ਦੀ ਦੇਖ-ਰੇਖ, ਹਥਿਆਰਾਂ ਦੇ ਕੰਟਰੋਲ ਅਤੇ ਹੋਰ ਸਮਝੌਤਿਆਂ ’ਤੇ ਨਿਗਰਾਨੀ ਲਈ 1500 ਤੋਂ ਜ਼ਿਆਦਾ ਉਡਾਣਾਂ ਦਾ ਸੰਚਾਲਨ ਕੀਤਾ ਜਾ ਚੁੱਕਾ ਹੈ ਇਨ੍ਹਾਂ ਉਡਾਣਾਂ ਜਰੀਏ ਫੌਜੀ ਗਤੀਵਿਧੀਆਂ ਨਾਲ ਪੈਦਾ ਹੋਏ ਮੱਤਭੇਦਾਂ ਨੂੰ ਦੂਰ ਕਰਨ ਦੇ ਨਾਲ ਹੀ ਹਥਿਆਰ ਕੰਟਰੋਲ ਸਮਝੌਤਿਆਂ ਨੂੰ ਲਾਗੂ ਕਰਨ ’ਚ ਮੱਦਦ ਮਿਲੀ ਹੈ ਪਰ ਪਿਛਲੇ ਸਾਲ ਮਈ ਦੇ ਅੱਧ ’ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਕਹਿੰਦਿਆਂ ਸੰਧੀ ਤੋਂ ਅਮਰੀਕਾ ਨੂੰ ਬਾਹਰ ਕਰ ਲਿਆ ਕਿ ਰੂਸ ਨੇ ਕੁਝ ਖੇਤਰਾਂ ’ਚ ਉਡਾਣਾਂ ’ਤੇ ਪਾਬੰਦੀ ਲਾ ਦਿੱਤੀ ਹੈ, ਅਤੇ ਸੰਧੀ ਦੀਆਂ ਸ਼ਰਤਾਂ ਦਾ ਪਾਲਣ ਨਹੀਂ ਕਰ ਰਿਹਾ ਹੈ ਦੂਜੇ ਪਾਸੇ ਰੂਸ ਦਾ ਕਹਿਣਾ ਹੈ ਕਿ ਉਸ ਨੇ ਕੋਈ ਉਲੰਘਣ ਨਹੀਂ ਕੀਤਾ ਹੈ, ਅਤੀਤ ’ਚ ਕੁਝ ਪਾਬੰਦੀਆਂ (ਪੂਰਬੀ ਯੂਕ੍ਰੇਨ ਅਤੇ ਕ੍ਰੀਮੀਆ) ਜ਼ਰੂੂਰ ਲਾਈਆਂ ਸਨ ਜੋ ਸੰਧੀ ਦੀਆਂ ਤਜ਼ਵੀਜਾਂ ਦੇ ਅਨੁਰੂਪ ਸਨ ਰੂਸ ਦਾ ਦੋਸ਼ ਹੈ ਕਿ ਅਮਰੀਕਾ ਨੇ ਖੁਦ ਸੰਧੀ ਦੀਆਂ ਸ਼ਰਤਾਂ ਦਾ ਉਲੰਘਣ ਕਰਦਿਆਂ ਅਲਾਸਕਾ ’ਚ ਨਿਗਰਾਨੀ ਉਡਾਣਾਂ ’ਤੇ ਪਾਬੰਦੀ ਲਾਈ ਹੈ।

ਹਾਲਾਂਕਿ ਵਰਤਮਾਨ ’ਚ ਮਨੁੱਖ-ਰਹਿਤ ਨਿਗਰਾਨੀ ਜਹਾਜ਼ (ਡਰੋਨ) ਅਤੇ ਅਤਿ-ਆਧੁਨਿਕ ਸੈਟੇਲਾਈਟਸ ਸਿਸਟਮ ਕਾਰਨ ਓਐਸਟੀ ਦੀ ਉਚਿਤਤਾ ’ਤੇ ਸਵਾਲ ਉੱਠਦੇ ਰਹੇ ਹਨ ਸੱਚ ਤਾਂ ਇਹ ਹੈ ਕਿ ਇਸ ਸੰਧੀ ਤੋਂ ਹਟਣ ਦੀ ਅਮਰੀਕਾ ਦੀ ਆਪਣੀ ਵਜ੍ਹਾ ਹੈ ਹਾਲ ਦੇ ਸਾਲਾਂ ’ਚ ਚੀਨ ਨੇ ਜਿਸ ਤੇਜ਼ੀ ਨਾਲ ਆਪਣੀ ਅਰਥਵਿਵਸਥਾ ਅਤੇ ਫੌਜੀ ਸਮਰੱਥਾ ’ਚ ਇਜ਼ਾਫ਼ਾ ਕੀਤਾ ਹੈ, ਉਸ ਨਾਲ ਅਮਰੀਕਾ ਦੀ ਚਿੰਤਾ ਵਧੀ ਹੋਈ ਹੈ ਉਹ ਰੂਸ ਤੋਂ ਕਿਤੇ ਜ਼ਿਆਦਾ ਚੀਨ ਨੂੰ ਚੁਣੌਤੀ ਦੇ ਰੂਪ ’ਚ ਦੇਖਣ ਲੱਗਾ ਹੈ ਉਸ ਦਾ ਕਹਿਣਾ ਹੈ ਕਿ ਚੀਨ ਇਸ ਤਰ੍ਹਾਂ ਦੀ ਕਿਸੇ ਸੰਧੀ ਦਾ ਹਿੱਸਾ ਨਾ ਹੋਣ ਕਾਰਨ ਲਾਭ ਦੀ ਸਥਿਤੀ ’ਚ ਹੈ।

ਅਮਰੀਕਾ ਇਹ ਵੀ ਮੰਨਦਾ ਹੈ ਕਿ ਸੰਧੀ ’ਚ ਚੀਨ ਦੇ ਨਾ ਹੋਣ ਨਾਲ ਅਮਰੀਕਾ ਚੀਨੀ ਹਮਲਾਵਰਤਾ ਨੂੰ ਕੰਟਰੋਲ ਕਰਨ ’ਚ ਨਾਕਾਮ ਰਿਹਾ ਹੈ ਚੀਨ-ਅਮਰੀਕਾ ਵਿਚਕਾਰ ਛਿੜੇ ਵਪਾਰ ਯੁੱਧ ਅਤੇ ਸਾਊਥ ਚਾਈਨਾ ਸੀ ਸਮੇਤ ਦੁਨੀਆ ਦੇ ਹੋਰ ਮਹਾਂਸਾਗਰਾਂ ’ਚ ਚੀਨ ਦਾ ਵਧਦਾ ਪ੍ਰਭਾਵ ਅਮਰੀਕਾ ਨੂੰ ਰਾਸ ਨਹੀਂ ਆ ਰਿਹਾ ਹੈ ਸੰਧੀ ਤੋਂ ਵੱਖ ਹੋਣ ਦਾ ਫੈਸਲਾ ਕਰਕੇ ਉਸ ਨੇ ਇੱਕ ਤਰ੍ਹਾਂ ਚੀਨ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਚੀਨੀ ਹਮਲਾਵਰਤਾ ਨੂੰ ਰੋਕਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਦੂਜਾ, ਰੂਸ-ਅਮਰੀਕੀ ਸਬੰਧਾਂ ’ਚ ਤਣਾਅ ਵੀ ਅਮਰੀਕਾ ਦੇ ਹਟਣ ਦੀ ਇੱਕ ਵੱਡੀ ਵਜ੍ਹਾ ਰਹੀ ਹੈ ਦੋਵਾਂ ਦੇਸ਼ਾਂ ਵਿਚਕਾਰ ਮੌਜੂਦਾ ਤਣਾਅ ਕਾਰਨ ਅਮਰੀਕਾ ਰੂਸ ਨਾਲ ਆਪਣੇ ਖੇਤਰ ’ਚ ਪਾਰਦਰਸ਼ਿਤਾ ਸਥਾਪਿਤ ਕਰਨ ਤੋਂ ਬਚ ਰਿਹਾ ਹੈ।

ਸੱਚ ਤਾਂ ਇਹ ਹੈ ਕਿ ਆਪਣੇ ਹਿੱਤਾਂ ਨੂੰ ਪੂਰਨ ਲਈ ਮਹਾਂਸ਼ਕਤੀਆਂ ਵੱਲੋਂ ਸਮਝੌਤੇ ਕਰਨਾ ਅਤੇ ਫਿਰ ਇੱਕਪਾਸੜ ਤੌਰ ’ਤੇ ਤੋੜ ਦੇਣਾ ਪੁਰਾਣਾ ਸ਼ੁਗਲ ਰਿਹਾ ਹੈ ਇਸ ਮਾਮਲੇ ’ਚ ਅਮਰੀਕਾ ਦਾ ਇਤਿਹਾਸ ਜ਼ਿਆਦਾ ਚੰਗਾ ਨਹੀਂ ਹੈ ਇਸ ਤੋਂ ਪਹਿਲਾਂ ਸਾਲ 2018 ’ਚ ਟਰੰਪ ਨੇ ਇਰਾਨ ਪਰਮਾਣੂ ਸਮਝੌਤਾ (ਜੁਆਇੰਟ ਕੋਂਪ੍ਰੀਹੈਂਸਿਵ ਪਲਾਨ ਆਫ਼ ਐਕਸ਼ਨ ਅਰਥਾਤ ਜੇਸੀਪੀਓਏ) ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ ਸਾਲ 2019 ’ਚ ਉਹ ਮੱਧ ਦੂਰੀ ਪਰਮਾਣੂ ਸ਼ਕਤੀ ਸੰਧੀ (ਆਈਐਨਐਫ਼) ਵਰਗੇ ਅਹਿਮ ਸਮਝੌਤੇ ਤੋਂ ਵੱਖ ਹੋ ਗਏ ਸਨ ਅਮਰੀਕੀ ਐਲਾਨ ਤੋਂ ਬਾਅਦ ਰੂਸ ਨੇ ਵੀ ਆਈਐਨਐਫ਼ ਤੋਂ ਹਟਣ ਦਾ ਐਲਾਨ ਕਰ ਦਿੱਤਾ ਸੀ।

ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਅਮਰੀਕਾ ਅੰਤਰਰਾਸ਼ਟਰੀ ਸਮਝੌਤਿਆਂ ਤੋਂ ਖੁਦ ਨੂੰ ਵੱਖ ਕਰ ਰਿਹਾ ਸੀ ਉਸ ਨਾਲ ਸ਼ੱਕ ਇਸ ਗੱਲ ਦਾ ਕੀਤਾ ਜਾ ਰਿਹਾ ਸੀ ਕਿ ਉਹ ਜ਼ਲਦ ਹੀ ਓਐਸਟੀ ਤੋਂ ਵੀ ਹਟਣ ਦਾ ਐਲਾਨ ਕਰ ਸਕਦਾ ਹੈ ਅਮਰੀਕੀ ਐਲਾਨ ਤੋਂ ਬਾਅਦ ਸ਼ਕਤੀ ਸੰਤੁਲਨ ਦੀ ਦ੍ਰਿਸ਼ਟੀ ਨਾਲ ਰੂਸ ਲਈ ਸੰਧੀ ਤੋਂ ਬਾਹਰ ਨਿੱਕਲਣਾ ਜ਼ਰੂਰੀ ਹੋ ਗਿਆ ਸੀ। ਸਥਿਤੀ ਚਾਹੇ ਜੋ ਵੀ ਰਹੀ ਹੋਵੇ ਇਹ ਤਾਂ ਤੈਅ ਹੀ ਹੈ ਕਿ ਅਮਰੀਕਾ ਅਤੇ ਰੂਸ ਦੇ ਵੱਖ ਹੋਣ ਤੋਂ ਬਾਅਦ ਸੰਧੀ ਦੀ ਹੋਂਦ ’ਤੇ ਤਾਂ ਸੰਕਟ ਮੰਡਰਾਇਆ ਹੀ ਹੈ, ਵਿਸ਼ਵ ਸ਼ਾਂਤੀ ਦੀ ਦਿਸ਼ਾ ’ਚ ਕੀਤੇ ਜਾ ਰਹੇ ਯਤਨਾਂ ਨੂੰ ਵੀ ਧੱਕਾ ਲੱਗਾ ਹੈ।

ਡਾ. ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।