ਸਮੇਂ ਦੀ ਕਦਰ ਹੀ ਸਮੇਂ ਦੀ ਮੁੱਖ ਲੋੜ ਹੈ

Value of Time Sachkahoon

ਸਮੇਂ ਦੀ ਕਦਰ ਹੀ ਸਮੇਂ ਦੀ ਮੁੱਖ ਲੋੜ ਹੈ

ਦੋਸਤੋ ਵਿਚਾਰ ਕਰੋ ਕਿ ਸਵੇਰੇ ਅੱਖ ਖੁੱਲ੍ਹਦਿਆਂ ਹੀ ਤੁਹਾਡੇ ਖਾਤੇ ਵਿੱਚ 86,400 ਰੁਪਏ ਆ ਗਏ ਹੋਣ ਤਾਂ ਤੁਹਾਨੂੰ ਕਿੱਦਾਂ ਦਾ ਲੱਗੇਗਾ। ਕੁਝ ਤਾਂ ਜਰੂਰੀ ਲੋੜਾਂ ਲਈ ਨਾਲ ਦੀ ਨਾਲ ਪੈਸੇ ਕਢਵਾਉਣ ਚਲੇ ਜਾਣਗੇ ਕਈ ਸੋਚਣਗੇ ਕਿ ਕਿਤੇ ਫੇਰ ਵਰਤ ਲਵਾਂਗੇ। ਖੈਰ! ਜਦ ਸ਼ਾਮ ਨੂੰ ਜਦੋਂ ਬਚੇ ਹੋਏ ਪੈਸੇ ਵਾਪਸ ਫਿਰ ਕੱਟੇ ਜਾਣ ਤਾਂ ਕਿਦਾਂ ਦਾ ਲੱਗੇਗਾ ਇਸਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਹੁਣ ਅਗਲੀ ਸਵੇਰ ਜਦ ਫਿਰ ਉਨੇ ਹੀ ਰੁਪਏ ਖਾਤੇ ਵਿੱਚ ਆਉਣਗੇ ਤਾਂ ਅਸੀਂ ਬਿਲਕੁਲ ਵੀ ਦੇਰ ਨਹੀਂ ਕਰਾਂਗੇ ਅਤੇ ਉਹਨਾਂ ਨੂੰ ਜਲਦੀ ਕਢਵਾ ਕੇ ਆਪਣੀਆਂ ਜਰੂਰੀ ਲੋੜਾਂ ਦੀ ਪੂਰਤੀ ਲਈ ਬਿਨਾਂ ਕਿਸੇ ਦੇਰੀ ਦੇ ਖਰਚ ਲਵਾਂਗੇ।

ਉਪਰੋਕਤ ਉਦਾਹਰਨ ਕੋਈ ਕਾਲਪਨਿਕ ਨਹੀਂ ਕਹੀ ਜਾ ਸਕਦੀ। ਇਹਨਾਂ ਰੁਪਇਆਂ ਤੋਂ ਵੀ ਕੀਮਤੀ 86,400 ਸੈਕਿੰਡ ਹਰ ਰੋਜ਼ ਸਾਡੀ ਜਿੰਦਗੀ ਰੂਪੀ ਖਾਤੇ ਵਿੱਚ ਜਮ੍ਹਾ ਹੁੰਦੇ ਹਨ ਤੇ ਕੱਟੇ ਜਾਂਦੇ ਹਨ। ਕਦੀ ਅਸੀਂ ਸੋਚਿਆ ਹੈ ਕਿ ਇਹਨਾਂ ਵਿੱਚੋਂ ਸਹੀ ਅਰਥਾਂ ਵਿੱਚ ਕਿੰਨੇ ਖਰਚ ਕਰ ਰਹੇ ਹਾਂ ਤੇ ਕਿੰਨੇ ਫਾਲਤੂ ਹੀ ਕੱਟੇ ਜਾ ਰਹੇ ਹਨ? ਜੇਕਰ ਅਸੀਂ ਰੁਪਏ ਲਈ ਇੰਨੀ ਗੰਭੀਰਤਾ ਨਾਲ ਸੋਚ ਸਕਦੇ ਹਾਂ ਤਾਂ ਬੇਸ਼ਕੀਮਤੀ ਸਮੇਂ ਲਈ ਕਿਉਂ ਨਹੀਂ?

ਦੋਸਤੋ ਸਾਡੇ ਜੀਵਨ ਦੀ ਪਰਿਭਾਸ਼ਾ ਹੀ ਸਮਾਂ ਹੈ, ਕਿਉਂਕਿ ਸਾਡੀ ਜਿੰਦਗੀ ਇੱਕ ਸਮੇਂ ਅਨੁਸਾਰ ਹੀ ਸ਼ੁਰੂ ਹੁੰਦੀ ਹੈ ਤੇ ਸਮੇਂ ’ਤੇ ਹੀ ਖਤਮ ਹੁੰਦੀ ਹੈ। ਸਮਾਂ ਹੀ ਇੱਕ ਅਜਿਹਾ ਘੋੜਾ ਹੈ ਜੋ ਕਦੇ ਵੀ, ਕਿਸੇ ਲਈ ਅਤੇ ਕਿਤੇ ਵੀ ਨਹੀਂ ਰੁਕਦਾ, ਜੋ ਨਿਰੰਤਰ ਦੌੜਦਾ ਰਹਿੰਦਾ ਹੈ। ਇਹ ਇੱਕ ਅਜ਼ਾਦ ਘੋੜਾ ਹੈ ਜਿਸਨੂੰ ਜੰਜੀਰਾਂ, ਬੇੜੀਆਂ ਨਾਲ ਰੋਕਿਆ ਜਾਂ ਜਕੜਿਆ ਨਹੀਂ ਜਾ ਸਕਦਾ। ਬੱਸ ਤੁਸੀਂ ਇਸਦਾ ਇਸਤੇਮਾਲ ਆਪਣੀ ਸਮਰੱਥਾ ਅਨੁਸਾਰ ਵੱਧ ਜਾਂ ਘੱਟ ਜਰੂਰ ਕਰ ਸਕਦੇ ਹੋ। ਅੱਜ-ਕੱਲ੍ਹ ਜਦ ਕਿਸੇ ਨੂੰ ਪੁੱਛੀਦਾ ਹੈ ਕਿ ਕੀ ਕਰਦੇ ਹੋ? ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਬੱਸ ਟਾਈਮਪਾਸ ਕਰਦੇ ਹਾਂ।

ਮੈਨੂੰ ਲੱਗਦਾ ਹੈ ਕਿ ਸਮਾਂ ਉਹਨਾਂ ਲੋਕਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ ਜੋ ਇਸਨੂੰ ਸਿਰਫ ਬਿਤਾਉਂਦੇ ਜਾਂ ਕੱਟਦੇ ਹਨ। ਇਸ ਕਰਕੇ ਇਸ ਨੂੰ ਐਵੇਂ ਲੰਘਾਉਣ ਦੀ ਜਗ੍ਹਾ ਇਸ ਵਿੱਚ ਨਿਵੇਸ਼ ਕਰਨਾ ਸਿੱਖੀਏ ਤਾਂ ਜੋ ਅੱਗੇ ਜਾ ਕੇ ਇਸ ਦੇ ਸਾਨੂੰ ਸਾਰਥਿਕ ਨਤੀਜੇ ਪ੍ਰਾਪਤ ਹੋਣ, ਕਿਉਂਕਿ ਸਮਾਂ ਵੀ ਉਹਨਾਂ ਦੀ ਕਦਰ ਕਰਦਾ ਹੈ ਜੋ ਇਸਦੀ ਕਦਰ ਕਰਦੇ ਹਨ। ਜਿੰਦਗੀ ਵਿੱਚ ਇੱਕ ਸਾਲ ਦਾ ਕੀ ਮਹੱਤਵ ਹੈ ਤੁਸੀਂ ਉਸ ਵਿਦਿਆਰਥੀ ਨੂੰ ਪੁੱਛ ਸਕਦੇ ਹੋ ਜੋ ਇਸ ਸਾਲ ਫੇਲ੍ਹ ਹੋਇਆ ਹੈ, ਇੱਕ ਮਹੀਨੇ ਦਾ ਮਹੱਤਵ ਜਾਣਨਾ ਹੈ ਤਾਂ ਕਿਸੇ ਮੁਲਾਜ਼ਮ ਨੂੰ ਪੁੱਛੋ ਜਿਸਨੂੰ ਮਹੀਨੇ ਤੋਂ ਪਹਿਲਾਂ ਤਨਖਾਹ ਨਹੀਂ ਮਿਲਦੀ ਸੱਤ ਦਿਨਾਂ ਦਾ ਮਹੱਤਵ ਕਿਸੇ ਹਫਤਾਵਰੀ ਅਖਵਾਰ ਦੇ ਸੰਪਾਦਕ ਤੋਂ ਪੁੱਛਿਆ ਜਾ ਸਕਦਾ ਹੈ।

ਇੱਕ ਦਿਨ ਦਾ ਮਹੱਤਵ ਉਹ ਚੌਂਕ ਵਿੱਚ ਖੜ੍ਹਾ ਗਰੀਬ ਦਿਹਾੜੀਦਾਰ ਹੀ ਦੱਸ ਸਕਦਾ ਹੈ ਜਿਸਨੂੰ ਅੱਜ ਕੰਮ ਨਹੀਂ ਮਿਲਿਆ। ਇੱਕ ਘੰਟੇ ਦਾ ਅਸਲ ਮਹੱਤਵ ਤਾਂ ਸਿਕੰਦਰ ਹੀ ਦੱਸ ਸਕਦਾ ਸੀ ਜਿਸਨੇ ਅੱਧਾ ਰਾਜ ਦੇ ਕੇ ਇੱਕ ਘੰਟਾ ਆਪਣੀ ਮੌਤ ਟਾਲਣ ਲਈ ਬੇਨਤੀ ਕੀਤੀ ਸੀ। ਇੱਕ ਮਿੰਟ ਦਾ ਮਹੱਤਵ ਉਸ ਖੁਸ਼ਕਿਸਮਤ ਇਨਸਾਨ ਤੋਂ ਪੁੱਛਿਆ ਜਾ ਸਕਦਾ ਹੈ ਜੋ ਕਿਸੇ ਹਾਦਸੇ ਵਾਲੀ ਜਗ੍ਹਾ ਤੋਂ ਇੱਕ ਮਿੰਟ ਪਹਿਲਾਂ ਹੀ ਬਾਹਰ ਨਿੱਕਲਿਆ ਸੀ। ਬਾਕੀ ਬਚਿਆ ਇੱਕ ਸੈਕਿੰਡ ਜਿਸਦਾ ਮਹੱਤਵ ਉਹ ਦੌੜਾਕ ਦੱਸ ਸਕਦਾ ਹੈ ਜੋ ਸਿਰਫ ਇੱਕ ਸੈਕਿੰਡ ਦੀ ਦੇਰੀ ਨਾਲ ਹੀ ਵਿਰੋਧੀ ਤੋਂ ਹਾਰ ਗਿਆ ਹੋਏ।

ਜੇਕਰ ਗੱਲ ਅੱਜ ਦੇ ਮੌਜੂਦਾ ਹਾਲਾਤਾਂ ਦੀ ਕਰੀਏ ਤਾਂ ਸਾਡੇ ਲੋਕਾਂ ਦੀ ਸਭ ਤੋਂ ਮਾੜੀ ਆਦਤ ਹੈ ਕਿ ਅਸੀਂ ਸਮੇਂ ਦੀ ਕਦਰ ਕਰਨੀ ਨਹੀਂ ਜਾਣਦੇ, ਅਸੀਂ ਜੇਕਰ ਕੋਈ ਕੰਮ ਕਰਦੇ ਹੋਈਏ ਅਤੇ ਉਸ ਕੰਮ ’ਤੇ ਲੋੜ ਤੋਂ ਬਹੁਤਾ ਸਮਾਂ ਲੱਗਣ ਨੂੰ ਇੱਕ ਆਮ ਤੇ ਮਾਮੂਲੀ ਗੱਲ ਸਮਝਦੇ ਹਾਂ ਬਜਾਇ ਇਹ ਪਤਾ ਕਰਨ ਦੇ ਕਿ ਇੰਨਾ ਜ਼ਿਆਦਾ ਸਮਾਂ ਲੱਗਣ ਦਾ ਅਸਲੀ ਕਰਨ ਕੀ ਹੈ। ਜੇਕਰ ਅਸੀਂ ਸੌਂ ਜਾਈਏ ਤਾਂ ਸਾਰਾ ਦਿਨ ਫਿਰ ਸੁੱਤੇ ਹੀ ਰਹਿੰਦੇ ਹਾਂ, ਜੇਕਰ ਮੋਬਾਇਲ ਜਾਂ ਟੀ. ਵੀ. ਵਿੱਚ ਵਿਅਸਤ ਹੋ ਜਾਈਏ ਤਾਂ ਪਤਾ ਹੀ ਨਹੀਂ ਲੱਗਦਾ ਕਦ ਦਿਨ ਚੜਿ੍ਹਆ ਹੈ ਤੇ ਕਦ ਛਿਪਿਆ ਹੈ, ਜੇਕਰ ਅਸੀਂ ਖੇਡਣ ਲੱਗ ਜਾਈਏ ਤਾਂ ਵੀ ਕੋਈ ਪਤਾ ਨਹੀਂ ਲੱਗਦਾ ਕਿ ਕਿੰਨਾ ਸਮਾਂ ਖੇਡਾਂਗੇ, ਜੇਕਰ ਕਿਸੇ ਕੰਮ ਲਈ ਕਿਤੇ ਜਾ ਰਹੇ ਹੁੰਦੇ ਹਾਂ ਤਾਂ ਰਾਸਤੇ ਵਿੱਚ ਕੋਈ ਲੜਾਈ ਜਾਂ ਮਜ਼ਮਾ ਚੱਲ ਰਿਹਾ ਹੋਏ ਤਾਂ ਵੀ ਅਸੀਂ ਖੁਦ ਦਾ ਕੰਮ ਭੁੱਲ ਕੇ ਉੱਥੇ ਘੰਟਿਆਂ ਤੱਕ ਖੜ੍ਹੇ ਰਹਿੰਦੇ ਹਾਂ ਇਸੇ ਤਰ੍ਹਾਂ ਹੀ ਅਸੀਂ ਵਿਆਹਾਂ-ਸ਼ਾਦੀਆਂ ਵਿੱਚ ਮਹਿਮਾਨ-ਨਿਵਾਜ਼ੀ ਕਰਨ ਅਤੇ ਕਰਵਾਉਣ, ਜਲੂਸਾਂ, ਰੈਲੀਆਂ, ਟੂਰਨਾਮੈਂਟਾਂ, ਸਰਕਸਾਂ ਅਤੇ ਹੋਰ ਸ਼ਰਾਰਤਾਂ ਕਰਨ ਵਿੱਚ ਆਪਣਾ ਕੀਮਤੀ ਸਮਾਂ ਬਰਬਾਦ ਕਰ ਦਿੰਦੇ ਹਾਂ। ਸੋ ਮੁੱਕਦੀ ਗੱਲ ਇਹੋ ਹੈ ਕਿ ਆਪਾਂ ਸਾਰੇ ਕੰਮ ਹੀ ਬਿਨਾਂ ਕਿਸੇ ਟਾਈਮਟੇਬਲ ਦੇ ਕਰਦੇ ਹਾਂ।

ਇਸ ਤਰ੍ਹਾਂ ਕਰਨ ਨਾਲ ਕੋਈ ਕੰਮ ਸਮੇਂ ਸਿਰ ਨਹੀਂ ਹੁੰਦਾ ਅਤੇ ਇਹਨਾਂ ਦਾ ਅਸਰ ਸਾਡੇ ਬਾਕੀ ਕੰਮਾਂ ਅਤੇ ਸਾਡੇ ਵਿਅਕਤੀਤਵ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਹਨਾਂ ਮਾੜੀਆਂ ਆਦਤਾਂ ਕਰਕੇ ਅਸੀਂ ਆਪਣਾ ਸਮਾਂ ਤਾਂ ਬਰਬਾਦ ਕਰਦੇ ਹੀ ਹਾਂ ਸਗੋਂ ਸਾਹਮਣੇ ਵਾਲੇ ਇਨਸਾਨ ਲਈ ਵੀ ਦੁਵਿਧਾ ਦੇ ਪਾਤਰ ਬਣਦੇ ਹਾਂ। ਅਸਲ ਵਿੱਚ ਇਹਨਾਂ ਸਾਰੀਆਂ ਮਾੜੀਆਂ ਆਦਤਾਂ ਦੀ ਵਜ੍ਹਾ ਇਹ ਹੈ ਕਿ ਸਾਨੂੰ ਅਸਲ ਵਿੱਚ ਵਕਤ ਦੀ ਅਸਲ ਕੀਮਤ ਬਾਰੇ ਥੋੜ੍ਹਾ ਜਿਹਾ ਵੀ ਗਿਆਨ ਨਹੀਂ ਹੈ। ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਮੇਂ ਅਤੇ ਕੰਮਾਂ-ਕਾਜਾਂ ਦੀ ਸਹੀ ਤਰੀਕੇ ਨਾਲ ਵੰਡ ਹੀ ਨਹੀਂ ਕਰ ਪਾਉਂਦੇ ਇੱਕ ਨਿਸ਼ਚਿਤ ਸ਼ਡਿਊਲ ਤੈਅ ਨਹੀਂ ਕਰ ਪਾਉਂਦੇ । ਜਿਵੇਂ ਕਹਾਵਤ ਹੈ ਕਿ ‘ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ’ ਸੋ ਅਸੀਂ ਇਹਨਾਂ ਬੇਤਰਤੀਬੀਆਂ ਕਰਕੇ ਹੀ ਹਰ ਕੰਮ ਨੂੰ ਅਨੁਸ਼ਾਸਨ ਤੇ ਤਸੱਲੀ ਨਾਲ ਕਰਨ ਦੀ ਜਗ੍ਹਾ ਟੱਕਰਾਂ ਮਾਰਨ ਸਮਾਨ ਹੀ ਕਰਦੇ ਹਾਂ।

ਇੱਥੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਫਾਲਤੂ ਕੰਮਾਂ ਵਿੱਚ ਸਮਾਂ ਨਸ਼ਟ ਕਰਕੇ ਅਸੀਂ ਖੁਦ ਨਾਲ ਹੀ ਬਹੁਤ ਵੱਡਾ ਧੋਖਾ ਕਰ ਰਹੇ ਹਾਂ ਅਤੇ ਅਜਿਹੇ ਹੀ ਲੋਕਾਂ ਕੋਲ ਕਦੇ ਵੀ ਕਿਸੇ ਨੂੰ ਮਿਲਣ, ਫੋਨ ਸੁਣਨ, ਸਮੇਂ ਸਿਰ ਖਾਣਾ ਖਾਣ ਤੇ ਕੀਤੇ ਵਾਅਦੇ ਨਿਭਾਉਣ ਦੀ ਵਿਹਲ ਨਹੀਂ ਹੁੰਦੀ ਅਤੇ ਜੋ ਵਿਅਕਤੀ ਸਮੇਂ ਦੀ ਸੰਭਾਲ ਕਰਨੀ ਜਾਣਦਾ ਹੈ ਉਸ ਦੇ ਸਾਰੇ ਕੰਮ ਸੌਖਿਆਂ ਹੀ ਸਮੇਂ ਹੋ ਜਾਂਦੇ ਹਨ ਅਤੇ ਉਹ ਥੋੜ੍ਹੇ ਸਮੇਂ ਵਿੱਚ ਹੀ ਬਹੁਤ ਸਾਰੇ ਕੰਮ ਨਬੇੜ ਸਕਦਾ ਹੈ ਅਤੇ ਇੰਨਾ ਕੁਝ ਕਰਕੇ ਵੀ ਉਸ ਕੋਲ ਪਰਿਵਾਰ ਤੇ ਖੁਦ ਲਈ ਸਮਾਂ ਬਚ ਹੀ ਜਾਂਦਾ ਹੈ। ਸਿਆਣਿਆਂ ਤੋਂ ਅਸੀਂ ਅਕਸਰ ਹੀ ਸੁਣਦੇ ਹਾਂ ਕਿ ਵੇਲੇ ਸਿਰ ਕੰਮ ਕਰਨ ਵਾਲਿਆਂ ਦਾ ਦਿਨ ਬਾਰਾਂ ਘੰਟਿਆਂ ਦਾ ਨਾ ਹੋ ਕੇ ਛੱਤੀ ਘੰਟਿਆਂ ਦਾ ਹੋ ਜਾਂਦਾ ਹੈ ਅਤੇ ਵਿਹਲੜਾਂ ਦਾ ਬਾਰਾਂ ਘੰਟਿਆਂ ਤੋਂ ਘਟ ਬਾਰਾਂ ਮਿੰਟਾਂ ਵਿੱਚ ਹੀ ਦਿਨ ਸਿਮਟ ਜਾਂਦਾ ਹੈ। ਇਸੇ ਕਰਕੇ ਸਾਨੂੰ ਸਮੇਂ ਦੀ ਮਹੱਤਤਾ ਨੂੰ ਪਹਿਚਾਨਣਾ ਚਾਹੀਦਾ ਹੈ ਅਤੇ ਇਸਨੂੰ ਵਿਅਰਥ ਗਵਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਸੁਖਵਿੰਦਰ ਚਹਿਲ ਸੰਗਤ ਕਲਾਂ (ਬਠਿੰਡਾ)
ਮੋ. 99881-58844

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।