ਕੌਮਾਂਤਰੀ ਕਬੱਡੀ ਕੱਪ : ਭਾਰਤ ਤੇ ਅਮਰੀਕਾ ਨੇ ਜਿੱਤੇ ਮੈਚ, ਕੀਨੀਆਈ ਖਿਡਾਰੀਆਂ ਨੇ ਦਿਲ

World Kabaddi Cup, Match, Won ,India, US,

ਭਾਰਤ ਨੇ ਅਸਟਰੇਲੀਆ ਨੂੰ ਤੇ ਅਮਰੀਕਾ ਨੇ ਕੀਨੀਆ ਦੀ ਟੀਮ ਨੂੰ ਹਰਾਇਆ

ਸੁਖਜੀਤ ਮਾਨ/ਬਠਿੰਡਾ।  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਕੱਪ ਦੇ ਅੱਜ ਇੱਥੇ ਦੋ ਮੈਚ ਖੇਡੇ ਗਏ। ਇਨ੍ਹਾਂ ਮੈਚਾਂ’ਚ ਗਰੁੱਪ ਏ ਦੇ ਮੁਕਾਬਲੇ ‘ਚ ਭਾਰਤ ਨੇ ਆਸਟ੍ਰੇਲੀਆਂ ਅਤੇ ਗਰੁੱਪ ਬੀ ਦੇ ਮੁਕਾਬਲੇ ‘ਚ ਅਮਰੀਕਾ ਨੇ ਕੀਨੀਆ ਦੀ ਟੀਮ ਨੂੰ ਹਰਾਇਆ। ਕੀਨੀਆ ਦੀ ਟੀਮ ਅਮਰੀਕਾ ਹੱਥੋਂ ਭਾਵੇਂ ਮੈਚ ਹਾਰ ਗਈ ਪਰ ਇਸ ਟੀਮ ਦੇ ਫੁਰਤੀਲੇ ਖਿਡਾਰੀਆਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਦਰਸ਼ਕਾਂ ਨੇ ਵੀ ਕੀਨੀਆਈ ਖਿਡਾਰੀਆਂ ਦਾ ਨਾਂਅ ਬੋਲ-ਬੋਲ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ।

ਇਨ੍ਹਾਂ ਮੈਚਾਂ ਦੀ ਜ਼ਾਰੀ ਕੀਤੀ ਸਾਰਨੀ ਮੁਤਾਬਿਕ ਪਹਿਲਾ ਮੈਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਹੋਣ ਦਾ ਐਲਾਨ ਕੀਤਾ ਗਿਆ ਸੀ ਪਰ ਮੈਚ ਅਮਰੀਕਾ ਅਤੇ ਕੀਨੀਆ ਦਾ ਹੋਇਆ। ਇਸ ਮੈਚ ‘ਚ ਅਮਰੀਕਾ ਦੀ ਟੀਮ 19 ਅੰਕਾਂ ਨਾਲ ਜੇਤੂ ਰਹੀ। ਮੈਚ ਦੇ ਅੱਧੇ ਸਮੇਂ ਤੱਕ ਅਮਰੀਕਾ ਨੇ 25 ਅਤੇ ਕੀਨੀਆ ਦੀ ਟੀਮ ਨੇ 15 ਅੰਕ ਬਣਾਏ। ਮੈਚ ਦਾ ਸਮਾਂ ਪੂਰਾ ਹੋਣ ਤੱਕ ਅਮਰੀਕਾ ਦੇ ਰੇਡਰਾਂ ਅਤੇ ਜਾਫੀਆਂ ਨੇ ਟੀਮ ਲਈ 50 ਅੰਕ ਜੁਟਾ ਲਏ ਜਦੋਂਕਿ ਕੀਨੀਆਈ ਖਿਡਾਰੀ ਆਪਣੇ ਖਾਤੇ ‘ਚ ਸਿਰਫ 31 ਅੰਕ ਹੀ ਜੋੜ ਸਕੇ। ਦੂਸਰਾ ਮੈਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮ ਦਰਮਿਆਨ ਹੋਇਆ ।

ਜਿਸ ‘ਚੋਂ ਭਾਰਤ ਦੀ ਟੀਮ 14 ਅੰਕਾਂ ਦੇ ਫ਼ਰਕ ਨਾਲ ਜੇਤੂ ਰਹੀ। ਮੈਚ ਦੇ ਪਹਿਲੇ ਅੱਧ ‘ਚ ਭਾਰਤ ਨੇ 30 ਅਤੇ ਆਸਟ੍ਰੇਲੀਆ ਨੇ 9 ਅੰਕ ਬਣਾਏ ਸਨ। ਭਾਰਤ ਦੀ ਟੀਮ ਨੇ ਮੈਚ ਦਾ ਸਮਾਂ ਪੂਰਾ ਹੋਣ ਤੱਕ 48 ਅਤੇ ਅਸਟਰੇਲੀਆ ਦੀ ਟੀਮ ਨੇ 34 ਅੰਕ ਹਾਸਲ ਕੀਤੇ। ਇਸ ਤੋਂ ਪਹਿਲਾਂ ਇਨ੍ਹਾਂ ਖੇਡ ਮੁਕਾਬਲਿਆਂ ਮੌਕੇ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਨ ਉਪਰੰਤ ਪਹਿਲੇ ਮੈਚ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਨੇ ਸ਼ਾਂਤੀ ਦੇ ਪ੍ਰਤੀਕ ਰੰਗ-ਬਿਰੰਗੇ ਗੁਬਾਰੇ ਵੀ ਹਵਾ ਵਿਚ ਛੱਡੇ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਗਾਇਕ ਬਲਵੀਰ ਚੋਟੀਆ ਵਲੋਂ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ।

ਕੁਮੈਂਟੇਟਰਾਂ ਨੇ ਬੋਲਾਂ ਨਾਲ ਖੇਡੀ ਕਬੱਡੀ

ਕਬੱਡੀ ਮੈਚਾਂ ਦੌਰਾਨ ਜਿੱਥੇ ਖਿਡਾਰੀਆਂ ਵੱਲੋਂ ਆਪਣੀ ਟੀਮ ਦੀ ਜਿੱਤ ਲਈ ਪੂਰੀ ਵਾਹ ਲਾਈ ਗਈ ਉੱਥੇ ਹੀ ਕੁਮੈਂਟੇਟਰਾਂ ਨੇ ਵੀ ਬੋਲਾਂ ਨਾਲ ਕਬੱਡੀ ਖੇਡੀ  ਕੁਮੈਂਟੇਟਰ ਡਾ. ਸੁਖਦਰਸ਼ਨ ਚਹਿਲ, ਪ੍ਰੋ. ਸੇਵਕ ਸ਼ੇਰਗੜ੍ਹ, ਸੱਤਪਾਲ ਮਾਹੀ ਅਤੇ ਸੁਖਰਾਜ ਰੋਡੇ ਆਦਿ ਨੇ ਸ਼ਾਇਰਾਨਾ ਅੰਦਾਜ਼ ‘ਚ ਕੁਮੈਂਟੇਟਰੀ ਕੀਤੀ ਇਨ੍ਹਾਂ ਵੱਲੋਂ ਬਠਿੰਡਾ ਸ਼ਹਿਰ ਦੀਆਂ ਖਾਸ ਗੱਲਾਂ ਨੂੰ ਕੁਮੈਂਟੇਟਰੀ ਦਾ ਹਿੱਸਾ ਬਣਾਇਆ  ਇਸ ਤੋਂ ਇਲਾਵਾ ਖਿਡਾਰੀਆਂ ਦੇ ਖੇਡ ਕੈਰੀਅਰ ਬਾਰੇ ਮਹੱਤਵਪੂਰਨ ਜਾਣਕਾਰੀ ਨਾਲ-ਨਾਲ ਦਰਸ਼ਕਾਂ ਨੂੰ ਦਿੱਤੀ।

ਕੀਨੀਆ ਦੇ ਦੋ ਖਿਡਾਰੀਆਂ ਦੇ ਵੱਜੀ ਸੱਟ

ਲੰਬੀਆਂ ਦੌੜਾਂ ਦੇ ਦੌੜਾਕਾਂ ਦੇ ਦੇਸ਼ ਵਜੋਂ ਜਾਣੇ ਜਾਂਦੇ ਕੀਨੀਆ ਦੇ ਰੇਡਰ ਅਤੇ ਜਾਫੀ ਜਦੋਂ ਵੀ ਅੰਕ ਹਾਸਿਲ ਕਰਦੇ ਤਾਂ ਇੱਕ ਵੱਖਰਾ ਹੀ ਅੰਦਾਜ਼ ਪੇਸ਼ ਕਰਦੇ। ਮੈਚਾਂ ਦੌਰਾਨ ਦਰਸ਼ਕ ਭਾਵੇਂ ਘੱਟ ਸੀ ਪਰ ਕੀਨੀਆਈ ਖਿਡਾਰੀਆਂ ਦੇ ਅੰਦਾਜ਼ ਦੀ ਖੂਬ ਦਾਦ ਦਿੱਤੀ। ਇਸ ਮੈਚ ਦੌਰਾਨ ਕੀਨੀਆ ਦੇ ਦੋ ਖਿਡਾਰੀਆਂ ਜੁੰਮਾ ਅਤੇ ਹੋਲਿਸ ਦੇ ਸੱਟਾਂ ਵੀ ਵੱਜੀਆਂ। ਪ੍ਰਬੰਧਕਾਂ ਦੇ ਦੱਸਣ ਮੁਤਾਬਿਕ ਖਿਡਾਰੀ ਕੇਵਿਨ ਜੁਮਾ ਦੀ ਗਰਦਨ ‘ਤੇ ਅੰਦਰੂਨੀ ਗਹਿਰੀ ਸੱਟ ਲੱਗੀ ਹੈ ਇਹ ਜਖਮੀ ਖਿਡਾਰੀ ਇਸ ਵੇਲੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ।

 Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।