ਕੀ ਪੰਜਾਬ ’ਚ ਤਿੰਨੇ ’ਕੱਠੇ ਚੱਲਣਗੇ ਸਕੂਲ, ਸਰਕਾਰ ਤੇ ਕੋਰੋਨਾ?

ਕੀ ਪੰਜਾਬ ’ਚ ਤਿੰਨੇ ’ਕੱਠੇ ਚੱਲਣਗੇ ਸਕੂਲ, ਸਰਕਾਰ ਤੇ ਕੋਰੋਨਾ?

ਮੌਜੂਦਾ ਦੌਰ ਵਿੱਚ ਸਕੂਲ ਤਾਂ ਖੁੱਲ੍ਹ ਗਏ ਹਨ, ਬੱਚੇ ਵੀ ਸਕੂਲਾਂ ਵਿੱਚ ਪੜ੍ਹਨ ਆ ਰਹੇ ਹਨ, ਪਰ ਬੱਚਿਆਂ ਨੂੰ ਪੜ੍ਹਾਇਆ ਘੱਟ ਜਾ ਰਿਹਾ ਅਤੇ ਕੋਰੋਨਾ ਟੈਸਟ ਜ਼ਿਆਦਾ ਕੀਤੇ ਜਾ ਰਹੇ ਹਨ। ਹਾਲਾਤ ਇਹ ਹਨ ਕਿ, ਓਨੇ ਤਾਂ ਬੱਚਿਆਂ ਦੇ ਸਕੂਲ ਦੇ ਅੰਦਰ ਵੱਖ-ਵੱਖ ਵਿਸ਼ਿਆਂ ਦੇ ਟੈਸਟ ਨਹੀਂ ਲਏ ਜਾ ਰਹੇ, ਜਿੰਨੇ ਕੋਰੋਨਾ ਟੈਸਟ ਲਏ ਜਾ ਰਹੇ ਹਨ।

ਕੁੱਝ ਦਿਨ ਪਹਿਲਾਂ ਖੁੱਲ੍ਹੇ ਸਕੂਲ ਕੋਰੋਨਾ ਦਾ ਬਹਾਨਾ ਬਣਾ ਕੇ ਮੁੜ ਤੋਂ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਦੁਆਰਾ ਸਕੂਲ ਖੋਲ੍ਹਣ ਤੋਂ ਪਹਿਲਾਂ ਇਹ ਗੱਲ ਆਖੀ ਹੀ ਨਹੀਂ ਸੀ ਗਈ ਕਿ, ਬੱਚਿਆਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ, ਪਰ ਸਕੂਲ ਖੁੱਲ੍ਹਦਿਆਂ ਹੀ, ਕੁੱਝ ਦਿਨਾਂ ਬਾਅਦ ਕੋਰੋਨਾ ਟੈਸਟ ਕਰਨ ਦੀ ਮੁਹਿੰਮ ਸਰਕਾਰੀ ਸਕੂਲਾਂ ਤੋਂ ਸ਼ੁਰੂ ਹੋ ਗਈ।
ਲੁਧਿਆਣਾ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿਦਿਆਰਥੀ ਇਸ ਸਮੇਂ ਕੋਰੋਨਾ ਪਾਜ਼ੀਟਿਵ ਹਨ, ਦਾ ਕਹਿ ਕੇ ਸਕੂਲਾਂ ਨੂੰ 14-15 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।

ਹੁਣ, ਸਾਰੇ ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ, ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕੰਮ ਘੱਟ ਅਤੇ ਉਨ੍ਹਾਂ ਦੇ ਕੋਰੋਨਾ ਟੈਸਟ ਕਰਵਾਉਣ ਦਾ ਕੰਮ ਜ਼ਿਆਦਾ ਦਿੱਤਾ ਜਾ ਰਿਹਾ ਹੈ। ਦੱਸਦੇ ਚੱਲੀਏ ਕਿ ਹਸਪਤਾਲਾਂ ਦੇ ਵਿੱਚ ਤਾਂ ਲੱਗਦੈ ਕਿ, ਜਗ੍ਹਾ ਦੀ ਕਮੀ ਹੈ, ਇਸੇ ਲਈ ਹੀ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਸਕੂਲਾਂ ਵਿੱਚ ਹੀ ਕੀਤੇ ਜਾ ਰਹੇ ਹਨ। ਇਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜਿਵੇਂ ਹੀ ਆਪਣੇ ਉੱਚ ਅਧਿਕਾਰੀਆਂ ਦੇ ਨਿਰਦੇਸ਼ ਮਿਲਦੇ ਹਨ, ਉਹ ਫਟਾਫਟ ਬੱਚਿਆਂ ਦੇ ਕੋਰੋਨਾ ਟੈਸਟ ਕਰਨ ਲਈ ਕਹਿ ਦਿੰਦੇ ਹਨ।

ਸਕੂਲ ਵਿੱਚ ਵਿਦਿਆਰਥੀ ਆ ਤਾਂ ਪੜ੍ਹਾਈ ਕਰਨ ਵਾਸਤੇ ਰਹੇ ਹਨ, ਪਰ ਉਨ੍ਹਾਂ ਨੂੰ ਪੜ੍ਹਾਈ ਕਰਵਾਉਣ ਤੋਂ ਪਹਿਲਾਂ ਕੋਰੋਨਾ ਟੈਸਟ ਲਈ ਲਿਜਾਇਆ ਜਾ ਰਿਹਾ ਹੈ। ਜਿਹੜਾ ਵਿਦਿਆਰਥੀ ਵੀ ਕੋਰੋਨਾ ਪਾਜ਼ੀਟਿਵ ਨਿੱਕਲਦਾ ਹੈ, ਉਹਨੂੰ 15 ਦਿਨਾਂ ਲਈ ਘਰੇ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਨਾਲ ਦੀ ਨਾਲ ਸਿਹਤ ਵਿਭਾਗ ਉਕਤ ਵਿਦਿਆਰਥੀ ਦੇ ਮਾਪਿਆਂ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਦੇ ਵੀ ਕੋਰੋਨਾ ਟੈਸਟ ਕਰ ਰਹੀ ਹੈ, ‘ਓਹ ਵੀ ਧੱਕੇ ਨਾਲ’! ਸਕੂਲ ਦੁਬਾਰਾ ਖੋਲ੍ਹੇ ਤਾਂ ਇਸ ਕਰਕੇ ਗਏ ਸਨ ਕਿ ਵਿਦਿਆਰਥੀ ਸਕੂਲ ਵਿੱਚ ਪੁੱਜ ਕੇ ਚੰਗੀ ਪੜ੍ਹਾਈ ਕਰ ਸਕਣਗੇ, ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ, ਪੜ੍ਹਾਈ ਤੋਂ ਪਹਿਲਾਂ ਕੋਰੋਨਾ ਟੈਸਟ ਦੀ ‘ਲਾਟ’ ਉਨ੍ਹਾਂ ਦੇ ਮੂੰਹ ਜਾਂ ਫਿਰ ਨੱਕ ਵਿੱਚ ਵੱਜ ਜਾਣੀ ਹੈ।

ਕੋਰੋਨਾ ਵੀ ਇੱਕ ਕਾਰਪੋਰੇਟੀ ਵਾਇਰਸ ਸੀ, ਦਰਅਸਲ, ਸਰਕਾਰ ਨੇ ਸਕੂਲਾਂ ਨੂੰ ਇੱਕੋਦਮ ਖੋਲ੍ਹਣ ਦਾ ਫ਼ੈਸਲਾ ਤਾਂ ਜੁਲਾਈ ਦੇ ਅਖੀਰਲੇ ਹਫ਼ਤੇ ਲੈ ਲਿਆ, ਪਰ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਕੋਰੋਨਾ ਤੋਂ ਬਚਾਉਣ ਲਈ ਉਨ੍ਹਾਂ ਦੇ ਕੋਲ ਪ੍ਰਬੰਧ ਕੀ ਹਨ? ਉਂਜ, ਪਿਛਲੇ ਮਹੀਨਿਆਂ ਦੌਰਾਨ ਤਾਂ ਲੋਕ ਆਕਸੀਜਨ ਦੀ ਕਮੀ ਕਾਰਨ ਪੰਜਾਬ ਸਮੇਤ ਪੂਰੇ ਦੇਸ਼ ਦੇ ਅੰਦਰ ਮਰਦੇ ਰਹੇ, ਕਿਸੇ ਵੀ ਸਰਕਾਰ ਕੋਲੋਂ ਆਕਸੀਜਨ ਪੂਰੀ ਨਹੀਂ ਹੋ ਸਕੀ ਅਤੇ ਨਾ ਹੀ ਪੂਰੇ ਦੇਸ਼ ਨੂੰ ਕੋਰੋਨਾ ਵੈਕਸੀਨ ਲੱਗ ਸਕੀ। ਇਸੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ, ਸਰਕਾਰ ਨੇ ਅਧੂਰੇ ਪ੍ਰਬੰਧਾਂ ਦੇ ਚੱਲਦਿਆਂ ਸਕੂਲਾਂ ਅਤੇ ਹੋਰਨਾਂ ਅਦਾਰਿਆਂ ਨੂੰ ਖੋਲ੍ਹਿਆ। ਹਾਂ, ਸਕੂਲ ਖੋਲ੍ਹਣੇ ਜ਼ਰੂਰੀ ਹਨ, ਪਰ ਸਕੂਲਾਂ ਨੂੰ ਖ਼ੋਲ੍ਹ ਕੇ ਉੱਥੇ ਹੀ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕਰਨੇ ਕਿਸੇ ਤਰ੍ਹਾਂ ਵੀ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਆਉਂਦਾ।

ਪਿਛਲੇ ਸਾਲ ਸਰਕਾਰ ਨੇ ਪਿੰਡ-ਪਿੰਡ ਕੋਰੋਨਾ ਟੈਸਟ ਕਰਨ ਲਈ ਸਪੈਸ਼ਲ ਵੈਨਾਂ ਚਲਵਾਈਆਂ ਸਨ ਤਾਂ, ਜੋ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਸਕਣ, ਪਰ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ। ਸਰਕਾਰ ਨੂੰ ਥੱਕ-ਹਾਰ ਕੇ, ਉਕਤ ਕੋਰੋਨਾ ਟੈਸਟ ਵੈਨ ਨੂੰ ਬੰਦ ਕਰਨਾ ਪਿਆ ਸੀ। ਕਰੀਬ ਇੱਕ ਸਾਲ ਕੋਰੋਨਾ ਟੈਸਟ ਵੈਨ ਬੰਦ ਰਹਿਣ ਤੋਂ ਬਾਅਦ ਹੁਣ ਸਰਕਾਰ ਨੇ ਸਕੀਮ ਲੜਾਈ ਕਿ, ਪੰਜਾਬ ਦੇ ਲੋਕ ਸਿੱਧੇ ਤੌਰ ’ਤੇ ਤਾਂ ਕੋਰੋਨਾ ਟੈਸਟ ਕਰਵਾਉਣਗੇ ਨਹੀਂ, ਕਿਉਂਕਿ ਉਹ ਕੋਰੋਨਾ ਦੇ ਕਾਰਪੋਰੇਟੀ ਹੋਣ ਬਾਰੇ ਜਾਣਦੇ ਹਨ, ਕਿਉਂ ਨਾ ਪੰਜਾਬ ਦੇ ਲੋਕਾਂ ਨੂੰ ਸਕੂਲ ਖ਼ੋਲ੍ਹ ਕੇ ਪਹਿਲਾਂ ਕੋਰੋਨਾ ਪਾਜ਼ੀਟਿਵ ਬੱਚੇ ਕੱਢ ਕੇ ਬਾਅਦ ਵਿੱਚ ਉਨ੍ਹਾਂ ਦੇ ਮਾਪਿਆਂ ਦੇ ਕੋਰੋਨਾ ਟੈਸਟ ਕਰਕੇ, ਬੁੱਤਾ ਸਾਰਿਆ ਜਾਵੇ। ਸਰਕਾਰ ਦੀ ਜੋ ਸੋਚ ਸੀ, ਉਹਦੇ ਵਿੱਚ ਸਰਕਾਰ ਕਾਮਯਾਬ ਰਹੀ, ਪਰ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣ ਦਾ ਜਿਹੜਾ ਜ਼ਿੰਮਾ ਸੀ, ਉਹਦੇ ਤੋਂ ਸਰਕਾਰ ਭੱਜ ਗਈ।

ਜਦੋਂਕਿ ਅਧਿਆਪਕਾਂ ਅਤੇ ਹੋਰ ਦਫ਼ਤਰੀ ਸਟਾਫ਼ ਲਈ ਮੰਤਰੀ ਦਾ ਬਿਆਨ ਸੀ ਕਿ, ਅਧਿਆਪਕਾਂ ਅਤੇ ਹੋਰ ਸਟਾਫ਼ ਵਾਸਤੇ ਜਿਹੜੇ ਸਕੂਲ ਖੋਲ੍ਹੇ ਗਏ ਹਨ, ਉਨ੍ਹਾਂ ਸਕੂਲਾਂ ਦੇ ਵਿੱਚ ਉਹੀ ਅਧਿਆਪਕ ਹੀ ਜਾ ਸਕਣਗੇ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਈਆਂ ਹਨ। ਮੰਤਰੀ ਦਾ ਬਿਆਨ ਕਿ, ਦੋਵੇਂ ਡੋਜ਼ਾਂ ਲੈ ਕੇ ਹੀ ਬੱਚੇ ਅਤੇ ਅਧਿਆਪਕ ਸਕੂਲਾਂ ਵਿੱਚ ਜਾਣਗੇ, ਜਦੋਂਕਿ ਸਰਕਾਰ ਨੇ ਹੁਕਮ ਕੀਤਾ ਕਿ, ਬੱਚਿਆਂ ਨੂੰ ਸਕੂਲ ਸੱਦੋ ਅਤੇ ਉਹੀ ਅਧਿਆਪਕ ਪੜ੍ਹਾਉਣ ਲਗਾਓ, ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਗਵਾ ਲਈਆਂ ਹਨ।

ਹੁਣ ਸਵਾਲ ਇੱਥੇ ਇਹ ਹੈ ਕਿ ਪੰਜਾਬ ਦੇ ਅਣਗਿਣਤ ਹੀ ਸਰਕਾਰੀ ਅਤੇ ਪ੍ਰਾਈਵੇਟ ਅਧਿਆਪਕ ਅਜਿਹੇ ਹਨ, ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀ ਕਮੀ ਕਾਰਨ ਹਾਲੇ ਤੱਕ ਜਾਂ ਤਾਂ ਪਹਿਲੀ ਡੋਜ਼ ਨਹੀਂ ਲੱਗੀ ਜਾਂ ਫਿਰ ਕਿਸੇ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲਗਵਾਉਣ ਲਈ ਕਈ-ਕਈ ਹਫ਼ਤਿਆਂ ਦਾ ‘ਗੈਪ’ ਪਾ ਕੇ, ਦੂਜੀ ਡੋਜ਼ ਲਗਵਾਉਣ ਲਈ ਆਖਿਆ ਜਾ ਰਿਹਾ ਹੈ, ਹੁਣ ਇਸ ਵਿੱਚ ਜ਼ਿੰਮੇਵਾਰ ਕੌਣ ਹੈ ਅਧਿਆਪਕ ਜਾਂ ਫਿਰ ਸਰਕਾਰ? ਦੂਜਾ ਸਵਾਲ ਕੋਰੋਨਾ ਵੈਕਸੀਨ ਦੀ ਜਦੋਂ ਬੱਚਿਆਂ ਨੂੰ ਇੱਕ ਡੋਜ਼ ਵੀ ਨਹੀਂ ਲੱਗੀ ਤਾਂ, ਫਿਰ ਸਕੂਲਾਂ ਨੂੰ ਖੋਲ੍ਹਣ ਦਾ ਪਲਾਨ ਕਿਵੇਂ ਤਿਆਰ ਹੋ ਗਿਆ? ਇਹ ਹੁਣ ਸੋਚਣ ਲਈ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ ਕਿ ਸਰਕਾਰ, ਸਕੂਲਾਂ ਤੇ ਕੋਰੋਨਾ ਵਿੱਚ ਆਪਸੀ ਸਹਿਮਤੀ ਕਿਵੇਂ ਹੁੰਦੀ ਹੈ?
ਮਮਦੋਟ, ਫਿਰੋਜ਼ਪੁਰ
ਮੋ. 75891-55501

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ