ਅਣਖ਼ ਲਈ ਕਤਲ ‘ਤੇ ਸਰਕਾਰਾਂ ਚੁੱਪ ਕਿਉਂ

Governments, Silent, Murder, Blind

ਮਾਨਸਾ ‘ਚ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੇ ਨੌਜਵਾਨ ਨੂੰ ਅਖੌਤੀ ਅਣਖ਼ ਖਾਤਰ (ਆਨਰ ਕਿਲਿੰਗ) ਲਈ ਮਾਰੇ ਜਾਣ ਦੀ ਘਟਨਾ 21ਵੀਂ ਸਦੀ ਦੇ ਸੱਭਿਅਕ ਸਮਾਜ ਲਈ ਬੇਹੱਦ ਚਿੰਤਾ ਭਰੀ ਹੈ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਸਿਆਸਤ, ਸਰਕਾਰ ਤੇ ਸਮਾਜ ‘ਚ ਚੁੱਪ ਛਾਈ ਹੋਈ ਹੈ ਉਹ ਹੋਰ ਵੀ ਗੰਭੀਰ ਮਸਲਾ ਹੈ ਕਿਧਰੇ ਵੀ ਸਰਕਾਰ ਦੇ ਕਿਸੇ ਵਿਭਾਗ ਜਾਂ ਕਿਸੇ ਸਿਆਸੀ ਆਗੂ ਦੀ ਟਿੱਪਣੀ ਨਜ਼ਰ ਨਹੀਂ ਆਉਂਦੀ ਸਾਰੀਆਂ ਧਿਰਾਂ ਇਸ ਮਾਮਲੇ ‘ਤੇ ਚੁੱਪ ਇਸ ਤਰ੍ਹਾਂ ਵੱਟ ਰਹੀਆਂ ਹਨ ਜਿਵੇਂ ਉਹਨਾਂ ਦੀ ਸਮਾਜਿਕ ਮਸਲੇ ਦੀ ਕੋਈ ਜਿੰਮੇਵਾਰੀ ਹੀ ਨਾ ਹੋਵੇ ਸਰਕਾਰਾਂ ਨੇ ਅੰਤਰਜਾਤੀ ਵਿਆਹਾਂ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਇਨਾਮ ਤਾਂ ਰੱਖ ਦਿੱਤੇ ਹਨ ਪਰ ਹਿੰਸਕ ਵਰਤਾਰੇ ਨੂੰ ਰੋਕਣ ਲਈ ਕੋਈ ਮੁਹਿੰਮ ਚਲਾਉਣ ਦੀ ਜਿੰਮੇਵਾਰੀ ਨਹੀਂ ਨਿਭਾਈ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਹਨ ਤੇ ਨੇੜ ਭਵਿੱਖ ‘ਚ ਕਿਸੇ ਹੋਰ ਘਟਨਾ ਦੇ ਨਾ ਵਾਪਰਨ ਦੀ ਕੋਈ ਗਾਰੰਟੀ ਵੀ ਨਹੀਂ ਹੈ।

ਸਰਕਾਰਾਂ ਦਾ ਮੂਡ ਅੱਗੇ ਤੋਂ ਵੀ ਚੁੱਪ ਰਹਿਣ ਵਾਲਾ ਹੀ ਹੈ ਜੇਕਰ ਸਰਕਾਰ ਅੰਤਰਜਾਤੀ ਖਾਸਕਰ ਅਨੁਸੂਚਿਤ ਜਾਤੀ ਦੇ ਮੁੰਡੇ ਜਾਂ ਕੁੜੀ ਦੇ ਵਿਆਹਾਂ ਰਾਹੀਂ ਸਮਾਜਿਕ ਤਬਦੀਲੀ ਚਾਹੁੰਦੀ ਹੈ ਤਾਂ ਹਿੰਸਕ ਘਟਨਾਵਾਂ ਰੋਕਣ ਲਈ ਪਹਿਲਾਂ ਇਸ ਤਬਦੀਲੀ ਲਈ ਸਮਾਜ ਨੂੰ ਤਿਆਰ ਕਰਨ ਦੀ ਜ਼ਰੂਰਤ ਸੀ ਜਿਸ ਬਾਰੇ ਸਰਕਾਰ ਨੇ ਕੁਝ ਕਰਨਾ ਤਾਂ ਕੀ ਸੀ ਸੋਚਿਆ ਵੀ ਨਹੀਂ ਮੱਧਕਾਲ ਤੋਂ ਹੀ ਧਾਰਮਿਕ ਮਹਾਂਪੁਰਸ਼ਾਂ ਨੇ ਸਮਾਜਿਕ ਬੁਰਾਈਆਂ ਖਿਲਾਫ਼ ਵੀ ਜਬਰਦਸਤ ਅਵਾਜ਼ ਉਠਾਈ ਹੈ।

ਦਰਅਸਲ ਸਮਾਜ ‘ਚ ਉੱਪਰਲੇ ਪੱਧਰ ‘ਤੇ ਜਾਤੀਵਾਦ ਤੇ ਵਿਆਹਾਂ ਦੀ ਪੁਰਾਣੀ ਪਰੰਪਰਾ ਦੀ ਜਕੜ ਇੰਨੀ ਜਿਆਦਾ ਮਜ਼ਬੂਤ ਹੈ ਕਿ ਸਰਕਾਰ ਦੇ ਏਜੰਡੇ ‘ਚ ਅਜਿਹੀਆਂ ਚੀਜ਼ਾਂ ਨੂੰ ਥਾਂ ਨਹੀਂ ਮਿਲਦੀ ਦਰਅਸਲ ਸਰਕਾਰਾਂ ਨੇ ਸਮਾਜ ਦੀਆਂ ਬੁਰਾਈਆਂ ਲਈ ਸਮਾਜ ਨੂੰ ਆਪਣੇ-ਆਪ ‘ਤੇ ਛੱਡ ਦਿੱਤਾ ਹੈ  ਅਜਿਹਾ ਕੁਝ ਹੀ ਹਰਿਆਣਾ ਤੇ ਉਤਰ ਪ੍ਰਦੇਸ਼, ਰਾਜਸਥਾਨ, ‘ਚ ਵਾਪਰ ਚੁੱਕਾ ਹੈ ਜਦੋਂ ਖਾਪ ਪੰਚਾਇਤਾਂ ਨੇ ਸਮਾਜਿਕ ਬਾਈਕਾਟ ਵਰਗੇ ਕਦਮ ਚੁੱਕੇ ਕੁਝ ਹੱਦ ਤੱਕ ਸਮਾਜ ਆਪਣੇ-ਆਪ ਵੀ ਬਦਲਦਾ ਹੈ ਪਰ ਉਦੋਂ ਤੱਕ ਬਹੁਤ ਨੁਕਸਾਨ ਵੀ ਹੋ ਚੁੱਕਾ ਹੁੰਦਾ ਹੈ ਨੌਜਵਾਨ ਦੀ ਦਰਦਨਾਕ ਮੌਤ ਸੰਵੇਦਨਸ਼ੀਲ ਮੁੱਦਾ ਹੈ ।

ਅਜ਼ਾਦ ਵਿਆਹ ਤੋਂ ਉਪਜੇ ਸੰਕਟ ਦਾ ਇੱਕੋ-ਇੱਕ ਹੱਲ ਪੁਰਾਣੀ ਤੇ ਨਵੀਂ ਪੀੜ੍ਹੀ ਦਰਮਿਆਨ ਪੁਲ ਕਾਇਮ ਕਰਨ ਦੀ ਜ਼ਰੂਰਤ ਹੈ ਦੋਵਾਂ ਪੀੜ੍ਹੀਆਂ ਨੂੰ ਇੱਕ-ਦੂਜੇ ਨੂੰ ਸਮਝਣ ਦੀ ਜ਼ਰੂਰਤ ਹੈ ਜੇਕਰ ਸਰਕਾਰਾਂ ਸਮਾਜ ਸੇਵੀ ਸੰਗਠਨਾਂ ਦਾ ਹੀ ਸਹਿਯੋਗ ਲੈਣ ਤਾਂ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਸਤਿਸੰਗਾਂ ਦੌਰਾਨ ਮਾਪਿਆਂ ਤੇ ਬੱਚਿਆਂ ਨੂੰ ਇੱਕ-ਦੂਜੇ ਦੇ ਵਿਚਾਰ ਸਮਝਣ ਦੀ ਪ੍ਰੇਰਨਾ ਦਿੱਤੀ ਇਸੇ ਤਰ੍ਹਾਂ ਗੁਰੂ ਜੀ ਨੇ ਵਿਆਹ ਲਈ ਘਰ ਛੱਡ ਚੁੱਕੇ ਲੜਕੇ-ਲੜਕੀਆਂ ਨੂੰ ਪਰਿਵਾਰਾਂ ਨਾਲ ਫ਼ਿਰ ਜੋੜਨ ਦੀ ਮੁਹਿੰਮ ਚਲਾਈ ਤੇ ਇਸ ਨੂੰ ਡੇਰਾ ਸੱਚਾ ਸੌਦਾ ਦੇ 134 ਭਲਾਈ ਕਾਰਜਾਂ ‘ਚ ਸ਼ਾਮਲ ਕੀਤਾ ਜੇਕਰ ਸਰਕਾਰ ਦ੍ਰਿੜ ਇੱਛਾ ਸ਼ਕਤੀ ਨਾਲ ਕੰਮ ਕਰੇ ਤਾਂ ਦੁਖਾਂਤਕ ਘਟਨਾਵਾਂ ਦਾ ਵਰਤਾਰਾ ਰੋਕਿਆ ਜਾ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।