ਬਾਲ ਕਹਾਣੀ : ਤਾਕਤਵਰ ਕੌਣ

bal kahani

ਬਾਲ ਕਹਾਣੀ : ਤਾਕਤਵਰ ਕੌਣ (Who is Powerful)

ਇੱਕ ਵਾਰ ਦੀ ਗੱਲ ਏ ਜੰਗਲ ਵਿੱਚ ਸਾਰੇ ਜਾਨਵਰਾਂ ਵਿੱਚ ਤਾਕਤਵਰ ਹੋਣ ਦਾ ਵਹਿਮ ਪੈਦਾ ਹੋ ਜਾਂਦਾ ਹੈ। ਹਰੇਕ ਜਾਨਵਰ ਇੱਕ ਦੂਜੇ ਤੋਂ ਵੱਧ ਤਾਕਤਵਰ ਹੋਣ ਦਾ ਵਿਖਾਵਾ ਕਰਦਾ ਇੱਕ-ਦੂਜੇ ਨਾਲ ਆਢੇ ਲੈਂਦਾ ਰਹਿੰਦਾ ਹੈ। ਜਦੋਂ ਇਸ ਗੱਲ ਦੀ ਭਿਣਕ ਜੰਗਲ ਦੇ ਰਾਜੇ ਨੂੰ ਪੈਂਦੀ ਹੈ ਤਾਂ ਰਾਜਾ ਆਪਣੇ ਸੈਨਾਪਤੀ ਨੂੰ ਬੁਲਾ ਕੇ ਜੰਗਲ ਵਿੱਚ ਅਨਾਊਂਸਮੈਂਟ ਕਰਵਾਉਂਦਾ ਹੈ ਕਿ ਹਫਤੇ ਬਾਅਦ ਸਭ ਤੋਂ ਤਾਕਤਵਰ ਜਾਨਵਰ ਦੀ ਚੋਣ ਕਾਲੀ ਪਹਾੜੀ ਦੇ ਪਿੱਛੇ ਹੋਵੇਗੀ। ਸਾਰੇ ਜਾਨਵਰ ਆਪੋ-ਆਪਣੇ ਕਰਤੱਬ ਵਿਖਾਉਣਗੇ ਤੇ ਉਸ ਤੋਂ ਬਾਅਦ ਇਹ ਫੈਸਲਾ ਹੋਵੇਗਾ ਕਿ ਕਿਹੜਾ ਜਾਨਵਰ ਸਭ ਤੋਂ ਵੱਧ ਤਾਕਤਵਰ ਹੈ।

ਸਾਰੇ ਜਾਨਵਰਾਂ ਨੂੰ ਆਪੋ-ਆਪਣੀ ਤਾਕਤ ਸਿੱਧ ਕਰਨ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣਾ ਲੋੜੀਂਦਾ ਅਭਿਆਸ ਕਰ ਸਕਣ। ਜੰਗਲ ਵਿੱਚ ਗਹਿਮਾ-ਗਹਿਮੀ ਫੈਲ ਜਾਂਦੀ ਹੈ। ਸ਼ੇਰ ਕਹਿੰਦਾ ਮੈਂ ਤਾਕਤਵਰ ਹਾਂ, ਹਾਥੀ ਕਹਿੰਦਾ ਮੈਂ ਤਾਕਤਵਰ ਹਾਂ, ਚੀਤਾ ਆਪਣੀ ਦੌੜ ਦਾ ਹੰਕਾਰ ਕਰਦਾ ਹੈ ਤੇ ਚੂਹਾ ਕਹਿੰਦਾ, ਮੈਂ ਤਾਕਤਵਰ ਹਾਂ ।

ਚੋਣ ਦਾ ਸਮਾਂ ਆ ਜਾਂਦਾ ਹੈ। ਸ਼ੇਰ ਵੱਲੋਂ ਤਿੰਨ ਜੱਜ ਨਿਯੁਕਤ ਕੀਤੇ ਜਾਂਦੇ ਹਨ। ਜਿਨ੍ਹਾਂ ਨੂੰ ਤਾਕਤ ਦੇ ਨਾਲ-ਨਾਲ ਜਿੰਦਗੀ ਦਾ ਤਜ਼ਰਬਾ ਵੀ ਹੁੰਦਾ ਹੈ। ਜਿਸ ਵਿਚ ਬਾਂਦਰ, ਕਬੂਤਰ ਅਤੇ ਹਿਰਨ ਨੂੰ ਬਤੌਰ ਜੱਜ ਚੁਣਿਆ ਜਾਂਦਾ ਹੈ। ਮੁਕਾਬਲੇ ਸ਼ੁਰੂ ਹੋ ਜਾਂਦੇ ਹਨ ਸ਼ੇਰ ਕਹਿੰਦਾ ਹੈ, ਮੈਂ ਤਾਕਤਵਰ ਹਾਂ, ਮੈਂ ਜੰਗਲ ਦਾ ਰਾਜਾ ਹਾਂ ਆਪਣੀਆਂ ਦਹਾੜਾਂ ਮਾਰ ਕੇ ਉਹ ਬੈਠ ਜਾਂਦਾ ਹੈ।

ਫਿਰ ਹਾਥੀ ਦੀ ਵਾਰੀ ਆਉਂਦੀ ਹੈ ਹਾਥੀ ਕਹਿੰਦਾ ਹੈ, ਮੈਂ ਸਭ ਤੋਂ ਵੱਡਾ ਜਾਨਵਰ ਹਾਂ ਮੈਂ ਤਾਕਤਵਰ ਹਾਂ ਮੈਂ ਦਰੱਖਤਾਂ ਨੂੰ ਜੜ੍ਹੋਂ ਪੁੱਟ ਸਕਦਾ ਹਾਂ। ਫਿਰ ਚੀਤੇ ਦੀ ਵਾਰੀ ਆਉਂਦੀ ਹੈ ਉਹ ਕਹਿੰਦਾ ਹੈ, ਮੇਰੇ ਜਿੰਨਾ ਤੇਜ ਸ਼ਿਕਾਰੀ ਕੋਈ ਨਹੀਂ, ਮੈਂ ਤਾਕਤਵਰ ਹਾਂ। ਫਿਰ ਚੂਹੇ ਦੀ ਵਾਰੀ ਆਉਂਦੀ ਹੈ ਉਹ ਕਹਿੰਦਾ, ਮੈਂ ਜਾਲ ਕੱਟ ਦਿੰਦਾ ਹਾਂ, ਮੈਂ ਤਾਕਤਵਰ ਹਾਂ। ਇਸ ਤਰ੍ਹਾਂ ਜੰਗਲ ਦੇ ਸਾਰੇ ਜਾਨਵਰ ਆਪੋ-ਆਪਣੇ ਹੁਨਰ ਵਿਖਾਉਂਦੇ ਹੋਏ ਆਪਣੀ ਥਾਂ ’ਤੇ ਬੈਠ ਜਾਂਦੇ ਹਨ ।

ਤਾਕਤਵਰ ਕੌਣ (Who is Powerful)

ਸ਼ਾਮ ਪੈ ਜਾਂਦੀ ਹੈ ਅਜੇ ਬਹੁਤ ਸਾਰੇ ਜਾਨਵਰਾਂ ਨੇ ਆਪਣੇ ਕਰਤੱਬ ਵਿਖਾਉਣੇ ਹੁੰਦੇ ਹਨ ਅਗਲੇ ਦਿਨ ਫਿਰ ਸਵੇਰੇ ਹੀ ਮੁਕਾਬਲੇ ਸ਼ੁਰੂ ਹੋ ਜਾਂਦੇ ਹਨ ਤੇ ਸਾਰੇ ਮੁਕਾਬਲੇ ਦੁਪਹਿਰ ਤੱਕ ਖ਼ਤਮ ਹੋ ਜਾਂਦੇ ਹਨ। ਸ਼ੇਰ ਵੱਲੋਂ ਦੋ ਦਿਨਾਂ ਬਾਅਦ ਨਤੀਜਿਆਂ ਦਾ ਐਲਾਨ ਕਰਨ ਦੀ ਗੱਲ ਕਹਿ ਕੇ ਸਮੁੱਚੇ ਜਾਨਵਰਾਂ ਨੂੰ ਘਰੋ-ਘਰੀ ਜਾਣ ਲਈ ਕਿਹਾ ਜਾਂਦਾ ਹੈ।

ਦੋ ਦਿਨ ਜੰਗਲ ਵਿੱਚ ਹਫੜਾ-ਦਫੜੀ ਮੱਚੀ ਰਹਿੰਦੀ ਹੈ ਕੋਈ ਕਹਿੰਦਾ ਹੈ, ਸ਼ੇਰ ਤਾਕਤਵਰ ਹੈ, ਕੋਈ ਹਾਥੀ ਤੇ ਕੋਈ ਕਿਸੇ ਹੋਰ ਨੂੰ ਜੰਗਲ ਦਾ ਤਾਕਤਵਰ ਜਾਨਵਰ ਵਿਖਾ ਰਿਹਾ ਹੁੰਦਾ ਹੈ। ਦੋ ਦਿਨਾਂ ਬਾਅਦ ਇੰਤਜ਼ਾਰ ਦੀ ਘੜੀ ਖਤਮ ਹੁੰਦੀ ਹੈ ਤੇ ਤਿੰਨੇ ਜੱਜਾਂ ਵੱਲੋਂ ਕਿਸੇ ਨੂੰ ਵੀ ਤਾਕਤਵਰ ਨਹੀਂ ਐਲਾਨਿਆ ਜਾਂਦਾ। ਇਸ ’ਤੇ ਸਾਰੇ ਜਾਨਵਰਾਂ ਵਿੱਚ ਹਾਹਾਕਾਰ ਮੱਚ ਜਾਂਦੀ ਹੈ।

ਫਿਰ ਜੰਗਲ ਦਾ ਰਾਜਾ ਸਪੱਸ਼ਟੀਕਰਨ ਦੇਣ ਲਈ ਸਾਹਮਣੇ ਆਉਂਦਾ ਹੈ ਤੇ ਉਹ ਕਹਿੰਦਾ ਹੈ ਕਿ ਜਦੋਂ ਸ਼ੇਰ ਨੂੰ ਸ਼ਿਕਾਰੀਆਂ ਨੇ ਫੜਿਆ ਸੀ ਤਾਂ ਉਸ ਨੂੰ ਬਚਾਉਣ ਵਾਲਾ ਇੱਕ ਚੂਹਾ ਸੀ। ਇਸ ਤਰ੍ਹਾਂ ਚੂਹਾ ਤਾਕਤਵਾਰ ਹੋਇਆ ਅਤੇ ਜਦੋਂ ਹਾਥੀ ਦੀ ਸੁੰਡ ਵਿੱਚ ਕੀੜੀ ਨੇ ਵੜ ਕੇ ਉਸ ਦੀਆਂ ਚੀਕਾਂ ਕਢਾ ਦਿੱਤੀਆਂ ਸਨ ਤਾਂ ਕੀੜੀ ਵੀ ਤਾਕਤਵਰ ਹੋਈ। ਇਸ ਤਰ੍ਹਾਂ ਤਿੰਨੇ ਜੱਜਾਂ ਨੇ ਫੈਸਲਾ ਕੀਤਾ ਹੈ ਕਿ ਜੰਗਲ ਦਾ ਸਭ ਤੋਂ ਤਾਕਤਵਰ ਰਾਜਾ ਕੋਈ ਇੱਕ ਨਹੀਂ ਸਗੋਂ ਜੰਗਲ ਦੇ ਸਾਰੇ ਜਾਨਵਰਾਂ ਦਾ ਆਪਸੀ ਏਕਾ ਹੀ ਸਾਨੂੰ ਤਾਕਤਵਰ ਬਣਾ ਸਕਦਾ ਹੈ ਤੇ ਬਾਹਰੀ ਹਮਲਿਆਂ ਤੋਂ ਅਸੀਂ ਬਚ ਸਕਦੇ ਹਾਂ। ਉਸ ਦਿਨ ਤੋਂ ਬਾਅਦ ਸਾਰੇ ਜਾਨਵਰਾਂ ਨੇ ਆਪਣਾ ਹੰਕਾਰ ਤਿਆਗ ਕੇ ਇੱਕ-ਦੂਜੇ ਦੀ ਮੱਦਦ ਕਰਨ ਦਾ ਐਲਾਨ ਕੀਤਾ। ਇਸ ਤਰ੍ਹਾਂ ਇੱਕ ਚੰਗੇ ਰਾਜੇ ਵੱਲੋਂ ਜੰਗਲ ਦੇ ਜਾਨਵਰਾਂ ਦਾ ਹੰਕਾਰ ਵੀ ਖਤਮ ਕੀਤਾ ਗਿਆ ਅਤੇ ਆਪਣੇ ਜਾਨਵਰਾਂ ਨੂੰ ਵੀ ਬਚਾ ਲਿਆ ਗਿਆ।
ਅਮਨਦੀਪ ਸ਼ਰਮਾ, ਗੁਰਨੇ ਕਲਾਂ, ਮਾਨਸਾ
ਮੋ. 98760-74055

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ