ਜਦੋਂ ਜਾਗੋ, ਓਦੋਂ ਸਵੇਰਾ

Mohan Sharma

Aਪੰਜਾਬ ਵਿੱਚ ਨਸ਼ਾ ਮੁਕਤ ਸਮਾਜ ਸਿਰਜਣ ਦਾ ਜਿੰਨਾ ਰੌਲਾ ਪੈ ਰਿਹਾ ਹੈ, ਓਨੇ ਇਸ ਦੇ ਸਾਰਥਿਕ ਨਤੀਜੇ ਸਾਹਮਣੇ ਨਹੀਂ ਆ ਰਹੇ। ਇੱਕ ਪਾਸੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਜੀਭ ਥੱਲੇ ਰੱਖਣ ਵਾਲੀ ਗੋਲੀ ਲੈਣ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਬਹੁਤ ਸਾਰੇ ਨਸ਼ੱਈ ਦਾਖ਼ਲ ਕਰਕੇ ਉਨ੍ਹਾਂ ਨੂੰ ਵੀ ਇਹ ਗੋਲੀਆਂ ਦਿੱਤੀਆਂ ਜਾਂਦੀਆਂ ਹਨ। (Morning)

ਦੂਜੇ ਪਾਸੇ ‘ਹੋਮ ਸਰਵਿਸ’ ਦੇਣ ਵਾਲੇ ਪ੍ਰਾਈਵੇਟ ਸੈਂਟਰ ਆਪਣੇ ਲੱਠਮਾਰਾਂ ਨੂੰ ਭੇਜ ਕੇ ਉਨ੍ਹਾਂ ਨੂੰ ਧੱਕੇ ਨਾਲ ਗੱਡੀ ਵਿੱਚ ਸੁੱਟ ਲਿਆਉਂਦੇ ਹਨ ਤੇ ਉਨ੍ਹਾਂ ਦੀ ‘ਭੁਗਤ ਸੰਵਾਰਨ ਦੀ ਸੇਵਾ’ ਉਹ ਲੱਠ ਮਾਰ ਰਾਹ ਵਿੱਚ ਹੀ ਸ਼ੁਰੂ ਕਰ ਦਿੰਦੇ ਹਨ। ਪੰਜ-ਛੇ ਮਹੀਨੇ ਉਹ ਅਜਿਹੇ ਕੇਂਦਰ ਵਿੱਚ ਰਹਿ ਕੇ ਨਰਕ ਭਰਿਆ ਜੀਵਨ ਬਤੀਤ ਕਰਦੇ ਹਨ। ਮਾਪੇ ਹਰ ਮਹੀਨੇ ਮੋਟੀ ਰਕਮ ਅਜਿਹੇ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਕੋਲ ਜਮ੍ਹਾ ਕਰਵਾਉਂਦੇ ਹਨ। ਜਦੋਂ ਮਾਪੇ ਆਪਣੇ ਪੁੱਤ ਨੂੰ ਮਿਲਣ ਲਈ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਸੀ.ਸੀ.ਟੀ.ਵੀ. ਕੈਮਰੇ ਵਿੱਚ ਮੁੰਡੇ ਦੀ ਫੋਟੋ ਵਿਖਾਉਂਦਿਆਂ ਰਿਕਵਰੀ ਜੋਨ ’ਚ ਐ ਕਹਿ ਕੇ ਮਿਲਾਉਣ ਤੋਂ ਪਾਸਾ ਵੱਟ ਲਿਆ ਜਾਂਦਾ ਹੈ।

ਬਾਗੀ ਸੁਰ

ਦੂਜੇ ਪਾਸੇ ਅਜਿਹੇ ਨਸ਼ਾ ਛੁਡਾਊ ਕੇਂਦਰ ਵਿੱਚ ਤਸੀਹੇ ਝਲਦਿਆਂ ਨੌਜਵਾਨ ਨਸ਼ੱਈ ਮਾਪਿਆਂ ਪ੍ਰਤੀ ਵਿਦਰੋਹੀ ਸੁਰ ਧਾਰਨ ਕਰ ਲੈਂਦਾ ਹੈ ਤੇ ਘਰ ਆ ਕੇ ਬਾਗੀ ਸੁਰ ਵਿੱਚ ਮਾਪਿਆਂ ਨੂੰ ਕਹਿੰਦਾ ਹੈ, ਲਾ ਲਉ ਜਿੰਨਾ ਜ਼ੋਰ ਲਾਉਣੈ, ਮੈਂ ਨਹੀਂ ਛੱਡਦਾ ਨਸ਼ਾ ਤੇ ਫਿਰ ਉਹ ਪਹਿਲੇ ਲੱਛਣਾਂ ’ਤੇ ਆ ਜਾਂਦਾ ਹੈ। ਦੂਜੇ ਪਾਸੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਜੋ ਜੀਭ ਥੱਲੇ ਰੱਖਣ ਵਾਲੀ ਗੋਲੀ ਦਿੱਤੀ ਜਾਂਦੀ ਹੈ, ਨਸ਼ੱਈ ਉਸ ਗੋਲੀ ਦਾ ਪੱਕੇ ਤੌਰ ’ਤੇ ਆਦੀ ਹੋ ਜਾਂਦਾ ਹੈ ਅਤੇ ਫਿਰ ਇਸ ਗੋਲੀ ਤੋਂ ਖਹਿੜਾ ਛੁਡਵਾਉਣ ਲਈ ਦਰ-ਦਰ ਦੇ ਧੱਕੇ ਖਾਂਦਾ ਹੈ। ਉਂਜ ਜਿਆਦਾ ਸਮਾਂ ਇਹ ਗੋਲੀ ਖਾਣ ਨਾਲ ਸਰੀਰ ’ਤੇ ਕਈ ਹੋਰ ਮਾਰੂ ਅਸਰ ਵੀ ਪੈਂਦੇ ਹਨ।

ਇੰਜ ਨਸ਼ਾ ਮੁਕਤ ਪੰਜਾਬ ‘ਕਾਗਜਾਂ’ ਵਿੱਚ ਪ੍ਰਗਤੀ ’ਤੇ ਹੈ ਪਰ ਅਮਲੀ ਤੌਰ ’ਤੇ ਨਸ਼ਿਆਂ ਦੀ ਓਵਰਡੋਜ਼ ਨਾਲ ਕਿਤੇ ਝਾੜੀਆਂ ਵਿੱਚ ਡਿੱਗੇ ਨੌਜਵਾਨ ਦੀ ਲਾਸ਼, ਕਿਤੇ ਕਿਸੇ ਖੋਲੇ ਵਿੱਚ ਮੂਧੇ ਮੂੰਹ ਡਿੱਗਿਆ ਨਸ਼ੱਈ, ਕਿਤੇ ਬਾਥਰੂਮ ਵਿੱਚ ਬੇਹੋਸ਼ ਹੋਇਆ ਨਸ਼ੱਈ, ਕਿਤੇ ਵਿਹੜੇ ਵਿੱਚ ਵਿਛੇ ਸੱਥਰ ਤੇ ਮਾਂ ਦੇ ਪੱਥਰਾਂ ਨੂੰ ਵੀ ਰੁਆਉਣ ਵਾਲੇ ਕੀਰਨੇ, ਕਿਤੇ ਆਪਣੇ ਇਕਲੌਤੇ ਵੀਰ ਦੀ ਲਾਸ਼ ’ਤੇ ਖੂਨ ਦੇ ਅੱਥਰੂ ਵਹਾਉਂਦੀ ਭੈਣ ਵੱਲੋਂ ਉਸਦੇ ਗੁੱਟ ’ਤੇ ਰੱਖੜੀ ਬੰਨਣ ਦਾ ਦਿਲ ਕੰਬਾਊ ਸੀਨ ਤੇ ਕਿਤੇ ਅਣਵਿਆਹੇ ਨੌਜਵਾਨ ਦੀ ਲਾਸ਼ ’ਤੇ ਸਿਹਰਾ ਬੰਨ੍ਹ ਕੇ ਉਸ ਦੀ ਅਰਥੀ ਨੂੰ ਸ਼ਮਸ਼ਾਨ ਭੂਮੀ ਲੈ ਕੇ ਜਾਣ ਸਮੇਂ ਹਜ਼ੂਮ ਦੀਆਂ ਨਮ ਹੋਈਆਂ ਅੱਖਾਂ ਨਾਲ ਦਰਦਨਾਕ ਤਸਵੀਰ ਸਾਹਮਣੇ ਆ ਜਾਂਦੀ ਹੈ।

Also Read : ਪੀਐੱਮ ਮੋਦੀ ਦੀ ਸੁਰੱਖਿਆ ’ਚ ਢਿੱਲ ਮਾਮਲੇ ’ਚ 7 ਪੁਲਿਸ ਅਧਿਕਾਰੀ ਮੁਅੱਤਲ

ਇੱਕ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਅੰਦਾਜ਼ਨ 18 ਸਾਲ ਦੀ ਸੇਵਾ ਨਿਭਾਉਂਦਿਆਂ ਇਲਾਜ ਲਈ ਆਏ ਕਈ ਨਸ਼ੱਈ ਮਰੀਜਾਂ ਨਾਲ ਵਾਹ ਪਿਆ ਹੈ। ਇਸ ਅਧਾਰ ’ਤੇ ਹੀ ਲਿਖ ਰਿਹਾ ਹਾਂ ਕਿ ਨਸ਼ਾ ਛੁਡਾਊ ਕੇਂਦਰ ਚਲਾਉਣ ਲਈ ਪ੍ਰਤੀਬੱਧਤਾ ਤੇ ਲੋਕ-ਹਿੱਤ ਦੀ ਭਾਵਨਾ ਨਾਲ ਲਬਰੇਜ਼ ਸਟਾਫ਼ ਤੇ ਮੁਖੀ ਦਾ ਹੋਣਾ ਜ਼ਰੂਰੀ ਹੈ। ਦਵਾਈਆਂ, ਮਹਿੰਗੇ ਟੈਸਟ ਤੇ ਭਾਰੀ ਫੀਸਾਂ ਦੀ ਅਦਾਇਗੀ ਕਰਨੀ ਉਨ੍ਹਾਂ ਮਾਪਿਆਂ ਵਾਸਤੇ ਬਹੁਤ ਹੀ ਮੁਸ਼ਕਲ ਹੈ ਜਿਨ੍ਹਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਕੱਖੋਂ ਹੌਲੀ ਤੇ ਪਾਣੀਉਂ ਪਤਲੀ ਹੈ। ਇਸ ਪੱਖ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।

ਦੂਜਾ ਅਹਿਮ ਪਹਿਲੂ ਨਸ਼ੱਈ ਮਰੀਜ਼ ਦੀ ਦਿ੍ਰੜ ਇੱਛਾ ਸ਼ਕਤੀ ’ਤੇ ਕੇਂਦਰਤ ਹੋਣਾ ਚਾਹੀਦਾ ਹੈ। ਇਸ ਪੱਖ ਤੋਂ ਨਸ਼ਾ ਛੁਡਾਊ ਕੇਂਦਰ ਵਿੱਚ ਪੀੜਤ ਨਸ਼ੱਈਆਂ ਨੂੰ ਧਰਮ, ਸਾਹਿਤ, ਕਿਰਤ ਤੇ ਖੇਡਾਂ ਨਾਲ ਜੋੜਣਾ ਬਹੁਤ ਜਰੂਰੀ ਹੈ। ਇਸ ਸਬੰਧੀ ਉਨ੍ਹਾਂ ਦੇ ਧਰਮ ਅਨੁਸਾਰ ਧਾਰਮਿਕ ਸਿੱਖਿਆ, ਉਸਾਰੂ ਸਾਹਿਤ, ਨਸ਼ਾ ਛੁਡਾਊ ਕੇਂਦਰ ਵਿੱਚ ਹੀ ਬਾਗਬਾਨੀ ਤੇ ਬੂਟਿਆਂ ਦੀ ਸੰਭਾਲ, ਸਾਫ-ਸਫਾਈ, ਕਿਸੇ ਲਾਹੇਵੰਦ ਕਿੱਤੇ ਦੀ ਟਰੇਨਿੰਗ ਤੇ ਖੇਡਾਂ ਲਈ ਯੋਗ ਪ੍ਰਬੰਧ ਕਰਨਾ ਅਤਿਅੰਤ ਜਰੂਰੀ ਹੈ।

Also Read : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ

ਇਹ ਉਸਾਰੂ ਕਿਰਿਆਵਾਂ ਜਿੱਥੇ ਉਨ੍ਹਾਂ ਅੰਦਰ ਨਵੀਂ ਊਰਜਾ ਭਰਨਗੀਆਂ, ਉੱਥੇ ਹੀ ਜ਼ਿੰਦਗੀ ਜਿਉਣ ਦਾ ਚਾਅ ਵੀ ਪੈਦਾ ਹੋਵੇਗਾ। ਨਸ਼ਾ ਮੁਕਤ ਹੋ ਰਹੇ ਨਸ਼ੱਈ ਮਰੀਜਾਂ ਅੰਦਰ ਚੰਗਾ ਪਤੀ, ਚੰਗਾ ਪੁੱਤ, ਚੰਗਾ ਬਾਪ ਤੇ ਚੰਗਾ ਨਾਗਰਿਕ ਬਣਨ ਦੀ ਪ੍ਰੇਰਨਾ ਤਦ ਹੀ ਦਿੱਤੀ ਜਾ ਸਕੇਗੀ ਜੇਕਰ ਇਲਾਜ ਕਰਨ ਵਾਲੇ ਰਹਿਨੁਮਾ ਆਪ ਉਨ੍ਹਾਂ ਲਈ ਰੋਲ ਮਾਡਲ ਦਾ ਫਰਜ਼ ਨਿਭਾਉਣਗੇ। ਸੰਸਥਾ ਦੇ ਮੁਖੀ ਦੀ ਇਸ ਸਮੇਂ ਰੋਲ ਮਾਡਲ ਵਾਲੀ ਭੂਮਿਕਾ ਬਹੁਤ ਹੀ ਅਹਿਮੀਅਤ ਰੱਖਦੀ ਹੈ। ਦੁਆ ਤੇ ਦਵਾਈ ਦੇ ਸੁਮੇਲ ਨਾਲ ਸਾਰਥਿਕ ਨਤੀਜੇ ਜਰੂਰ ਸਾਹਮਣੇ ਆਉਂਦੇ ਨੇ।ਇਸ ਗੱਲ ਦਾ ਖਾਸ ਧਿਆਨ ਦਿੱਤਾ ਜਾਵੇ ਕਿ ਉਹ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਤ ਹਨ।

ਪੀੜਤ ਵਿਅਕਤੀ ਲਈ ਪਿਆਰ, ਹਮਦਰਦੀ, ਸੁਚੱਜਾ ਵਰਤਾਉ ਤੇ ਸਹੀ ਦੇਖ-ਭਾਲ ਅਤਿਅੰਤ ਜਰੂਰੀ ਹੈ। ਇਹ ਸਭ ਕੁਝ ਉਨ੍ਹਾਂ ਨੂੰ ਨਸ਼ਾ ਮੁਕਤ ਕਰਨ ਵਿੱਚ ਸਹਾਈ ਹੋਵੇਗਾ। ਕਈ ਵਾਰ ਨਸ਼ੱਈ ਮਰੀਜ਼ ਨੂੰ ਬਾਹਰਲੇ ਮਾਹੌਲ ਜਾਂ ਪਰਿਵਾਰਕ ਮਾਹੌਲ ਵਿੱਚੋਂ ਹੀ ਅਜਿਹੀ ਮਾਨਸਿਕ ਸੱਟ ਵੱਜਦੀ ਹੈ ਕਿ ਉਹ ਆਪ ਹੀ ਨਸ਼ਾ ਮੁਕਤ ਹੋਣ ਲਈ ਦਿ੍ਰੜ ਸੰਕਲਪ ਕਰ ਲੈਂਦਾ ਹੈ। ਅਜਿਹੇ ਵਿਅਕਤੀ ਦਾ ਰਹਿਨੁਮਾ ਬਣ ਕੇ ਉਸ ਨੂੰ ਅਸਾਨੀ ਨਾਲ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ।

ਬਜ਼ੁਰਗ ਦੀ ਰਜ਼ਾਮੰਦੀ

ਇੱਕ 70 ਕੁ ਵਰ੍ਹਿਆਂ ਦਾ ਬਜ਼ੁਰਗ ਨਸ਼ਾ ਛੱਡਣ ਲਈ ਸੈਂਟਰ ਵਿੱਚ ਦਾਖ਼ਲ ਹੋ ਗਿਆ। ਦਾਖ਼ਲ ਕਰਵਾਉਣ ਲਈ ਉਸ ਦਾ ਨੌਜਵਾਨ ਇਕਲੌਤਾ ਪੁੱਤਰ ਨਾਲ ਆਇਆ। ਬਜ਼ੁਰਗ ਦੀ ਰਜ਼ਾਮੰਦੀ ਉਪਰੰਤ ਉਸ ਨੂੰ ਦਾਖ਼ਲ ਕਰ ਲਿਆ ਗਿਆ। ਦਾਖ਼ਲ ਕਰਨ ਵੇਲੇ ਇਹ ਖਿਆਲ ਜਰੂਰ ਆਇਆ ਕਿ ਇਸ ਬਜ਼ੁਰਗ ਨੇ ਆਪਣੀ ਉਮਰ ਦਾ ਵੱਡਾ ਹਿੱਸਾ ਨਸ਼ਿਆਂ ਦੇ ਲੇਖੇ ਲਾ ਦਿੱਤਾ। ਇਸ ਉਮਰ ਵਿੱਚ ਨਸ਼ਾ ਛੱਡਣ ਦਾ ਉਸ ਨੇ ਇਰਾਦਾ ਕਿਉਂ ਕੀਤਾ? ਦੋ-ਤਿੰਨ ਦਿਨ ਬਾਅਦ ਜਦੋਂ ਸ਼ਾਮ ਨੂੰ ਨਸ਼ੱਈ ਮਰੀਜ਼ਾਂ ਨੂੰ ਯੋਗਾ, ਮੈਡੀਟੇਸ਼ਨ ਤੇ ਕਾਉਂਸਲਿੰਗ ਕਰਨ ਲਈ ਉਨ੍ਹਾਂ ਦੇ ਵਾਰਡ ਵਿੱਚ ਗਿਆ ਤਾਂ ਯੋਗ ਕਿਰਿਆਵਾਂ ਕਰਵਾਉਣ ਉਪਰੰਤ ਮੈਂ ਬੜੀ ਅਪਣੱਤ ਨਾਲ ਬਜ਼ੁਰਗ ਦਾ ਹੱਥ ਫੜਦਿਆਂ ਕਿਹਾ, ‘‘ਤੁਹਾਨੂੰ ਇਸ ਉਮਰ ਵਿੱਚ ਨਸ਼ਾ ਛੱਡਣ ਦਾ ਖਿਆਲ ਕਿਵੇਂ ਆਇਆ?’’ ਮੇਰੇ ਸਵਾਲ ’ਤੇ ਬਜ਼ੁਰਗ ਗੰਭੀਰ ਹੋ ਗਿਆ।

ਉਸ ਨੇ ਗੱਚ ਭਰ ਕੇ ਕਿਹਾ, ‘‘ਥੋਡੇ ਕੋਲੋਂ ਕਾਹਦਾ ਲੁਕੋਅ ਐ ਜੀ। ਇਸ ਉਮਰ ਵਿੱਚ ਮੈਂ ਆਟੇ ਵਾਲੀ ਮਸ਼ੀਨ ’ਤੇ ਰਾਤ ਦੀ ਚੌਂਕੀਦਾਰੀ ਕਰਦਾ ਸੀ। ਜਿਹੜੇ ਪੈਸੇ ਉੱਥੋਂ ਮਿਲਦੇ, ਉਨ੍ਹਾਂ ਦਾ ਨਸ਼ਾ ਕਰ ਲੈਂਦਾ। ਮੁੰਡਾ ਵਿਆਹਿਆ-ਵਰ੍ਹਿਆ ਹੈ। ਉਹ ਕਬੀਲਦਾਰੀ ਦਾ ਖ਼ਰਚ ਤੋਰੀ ਜਾਂਦਾ ਸੀ। ਹੁਣ ਨਸ਼ੇ ਮਹਿੰਗੇ ਹੋ ਗਏ ਇਸੇ ਕਰਕੇ ਮੇਰੀ ਚੌਂਕੀਦਾਰ ਵਾਲੀ ਤਨਖ਼ਾਹ ਨਾਲ ਨਸ਼ੇ ਦਾ ਘਰ ਪੂਰਾ ਨਹੀਂ ਸੀ ਹੁੰਦਾ। ਇੱਕ ਦਿਨ ਜਦੋਂ ਮੈਂ ਨਸ਼ੇ ਵਾਸਤੇ ਆਪਣੇ ਪੁੱਤ ਮੂਹਰੇ ਹੱਥ ਟੱਡੇ ਤਾਂ ਪੁੱਤ ਨੇ ਤਾਂ ਕੁਝ ਨਹੀਂ ਕਿਹਾ ਪਰ ਮੇਰੀ ਨੂੰਹ ਮੇਰੇ ਗਲ ਪੈ ਗਈ। ਉਹਨੇ ਗਰਜ਼ ਕੇ ਕਿਹਾ, ‘‘ਬਾਪੂ, ਅਸੀਂ ਆਪਣਾ ਘਰ ਵੀ ਤੋਰਨੈ। ਥੋਡੇ ਨਸ਼ੇ ਵਾਸਤੇ ਕਿੱਥੋਂ ਲਿਆਈਏ ਰੋਕੜੀ? ਆਪ ਤੁਸੀਂ ਕਦੇ ਵੀਹ ਰੁਪਏ ਦੀ ਸਬਜੀ ਵੀ ਘਰ ਨਹੀਂ ਲਿਆਏ। ਥੋੜ੍ਹੀ-ਮੋਟੀ ਸ਼ਰਮ ਕਰੋ। ਉਦੋਂ ਜੀ ਮੈਨੂੰ ਬਹੁਤ ਨਮੋਸ਼ੀ ਹੋਈ।

Also Read : ਬੱਦਲਵਾਈ ਤੇ ਚੱਲ ਰਹੀ ਹਲਕੀ ਹਵਾ ਨੇ ਸੂਰਜ ਦਾ ਸੇਕ ਕੀਤਾ ਮੱਠਾ, ਜ਼ਮੀਨੀ ਪੱਧਰ ’ਤੇ ਵਧੀ ਠਾਰੀ

ਐਦੂੰ ਪਹਿਲਾਂ ਇੱਕ ਦਿਨ ਨਜ਼ਦੀਕੀ ਰਿਸ਼ਤੇਦਾਰੀ ’ਚ ਜਾਣਾ ਪਿਆ। ਉਨ੍ਹਾਂ ਦੇ ਕਮਰੇ ਵਿੱਚ ਬੈਠਿਆਂ ਮੈਨੂੰ ਦੂਜੇ ਕਮਰੇ ਵਿੱਚੋਂ ਆਪਣੇ ਰਿਸ਼ਤੇਦਾਰ ਦੀ ਅਵਾਜ਼ ਸੁਣੀ। ਉਹ ਆਪਣੇ ਪੁੱਤਰਾਂ ਨੂੰ ਕਹਿ ਰਿਹਾ ਸੀ, ਆਪਣੇ ਬਟੂਏ ਸਾਂਭ ਲਉ ਚੰਗੀ ਤਰ੍ਹਾਂ। ਕਿਤੇ ਅਮਲੀ ਆਪਾਂ ਨੂੰ ਥੁੱਕ ਨਾ ਲਾ ਜੇ’’ ਫਿਰ ਉਹਨੇ ਡਾਢੀ ਹੀ ਮਿੰਨਤ ਨਾਲ ਕਿਹਾ, ‘‘ਹੁਣ ਥੋਡੀ ਸ਼ਰਨ ਆਇਆਂ। ਮੈਨੂੰ ਕੱਢੋ ਇਸ ਦਲਦਲ ਵਿੱਚੋਂ। ਉਸ ਬਜ਼ੁਰਗ ਦੇ ਚਿਹਰੇ ’ਤੇ ਨਸ਼ਾ ਮੁਕਤ ਹੋਣ ਦਾ ਦਿ੍ਰੜ ਸੰਕਲਪ ਪ੍ਰਤੱਖ ਵਿਖਾਈ ਦੇ ਰਿਹਾ ਸੀ।

ਡੇਢ ਕੁ ਮਹੀਨੇ ਵਿੱਚ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਣ ਉਪਰੰਤ ਉਸ ਨੂੰ ਵਿਦਾ ਕਰਨ ਵੇਲੇ ਇੱਕ ਸੰਖੇਪ ਸਮਾਗਮ ਕੀਤਾ ਗਿਆ। ਉਸਨੂੰ ਘਰ ਲੈ ਕੇ ਜਾਣ ਲਈ ਉਸਦਾ ਪੁੱਤ ਤੇ ਨੂੰਹ ਵੀ ਆਏ। ਨਸ਼ਾ ਮੁਕਤ ਹੋਏ ਪ੍ਰੀਤਮ ਸਿੰਘ ਨੂੰ ਜਦੋਂ ਆਪਣੇ ਅਨੁਭਵ ਦੱਸਣ ਲਈ ਕਿਹਾ ਗਿਆ ਤਾਂ ਉਹ ਪੂਰੇ ਵਿਸ਼ਵਾਸ ਨਾਲ ਉੱਠਿਆ। ਚਿਹਰੇ ’ਤੇ ਇੱਕ ਜੇਤੂ ਮੁਸਕਰਾਹਟ ਲਿਆਉਂਦਿਆਂ ਉਸ ਨੇ ਕਿਹਾ, ‘‘ਸੱਚਮੁੱਚ ਨਸ਼ਿਆਂ ਦੇ ਜੰਜਾਲ ਵਿੱਚੋਂ ਨਿੱਕਲ ਕੇ ਮੇਰਾ ਨਵਾਂ ਜਨਮ ਹੋਇਆ ਹੈ। ਸੱਚ ਮੰਨਿਉ, ਹੁਣ ਤੱਕ ਮੈਂ ’ਨ੍ਹੇਰਾ ਹੀ ਢੋਂਦਾ ਰਿਹਾ ਹਾਂ। ਨਸ਼ਿਆਂ ਕਰਕੇ ਆਪਣੀ ਦੇਹ ਵੀ ਗਾਲ ਲਈ ਸੀ। ਘਰ ਦੇ ਸੁੱਖ ਨੂੰ ਵੀ ਤਹਿਸ-ਨਹਿਸ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।

ਰਿਸ਼ਤੇਦਾਰਾਂ ਤੇ ਲੋਕਾਂ ਤੋਂ ਜਿਹੜੀ ਤੋਏ-ਤੋਏ ਕਰਵਾਈ ਉਹ ਵੱਖਰੀ। ਨਸ਼ਾ ਛੱਡਣ ਦੀ ਕੋਈ ਉਮਰ ਨਹੀਂ ਹੁੰਦੀ। ਬੱਸ, ਜਦੋਂ ਜਾਗੋ, ਓਦੋਂ ਹੀ ਸਵੇਰਾ।’’ ਉਸ ਵੇਲੇ ਸੀਨ ਬਹੁਤ ਹੀ ਭਾਵੁਕ ਹੋ ਗਿਆ ਜਦੋਂ ਇੱਕ ਪਤਵੰਤੇ ਸੱਜਣ ਨੇ ਪੰਜ-ਪੰਜ ਸੌ ਦੇ ਦੋ ਨੋਟ ਉਹਦੀ ਤਲੀ ’ਤੇ ਰੱਖਦਿਆਂ ਕਿਹਾ, ‘‘ਜਿੰਦਗੀ ਜਿੰਦਾਬਾਦ! ਇਹ ਮੇਰੇ ਵੱਲੋਂ ਇਨਾਮ ਹੈ ਤੈਨੂੰ।’’ ਬਜ਼ੁੁਰਗ ਨੇ ਉਹ ਨੋਟ ਧੰਨਵਾਦੀ ਸ਼ਬਦਾਂ ਨਾਲ ਫੜ ਕੇ ਆਪਣੀ ਨੂੰਹ ਨੂੰ ਦਿੰਦਿਆਂ ਕਿਹਾ, ‘‘ਲੈ ਧੀਏ, ਮੇਰੇ ਵੱਲੋਂ ਸ਼ਗਨ।’’ ਨੂੰਹ ਨੇ ਉਹ ਨੋਟ ਫੜ੍ਹ ਕੇ ਪਹਿਲਾਂ ਆਪਣੇ ਮੱਥੇ ਨਾਲ ਲਾਏ। ਫਿਰ ਬਜ਼ੁਰਗ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ, ‘‘ਬਾਪੂ ਜੀ, ਅੱਜ ਭਾਗਾਂ ਵਾਲਾ ਦਿਨ ਹੈ। ਮੇਰੇ ਵਿਆਹ ਨੂੰ ਦਸ ਸਾਲ ਹੋ ਗਏ। ਦਸ ਸਾਲਾਂ ਵਿੱਚ ਪਹਿਲੀ ਵਾਰ ਤੁਸੀਂ ਇਹ ਸ਼ਗਨ ਦਿੱਤੈ। ਨਹੀਂ ਤਾਂ…।’’ ਪੁੱਤ ਅਤੇ ਨੂੰਹ ਮੰਦ-ਮੰਦ ਮੁਸਕਰਾ ਰਹੇ ਸਨ।

ਮੋਹਨ ਸ਼ਰਮਾ
ਕਿਸ਼ਨਪੁਰਾ ਬਸਤੀ, ਸੰਗਰੂਰ।
ਮੋ. 94171-48866