ਬੱਦਲਵਾਈ ਤੇ ਚੱਲ ਰਹੀ ਹਲਕੀ ਹਵਾ ਨੇ ਸੂਰਜ ਦਾ ਸੇਕ ਕੀਤਾ ਮੱਠਾ, ਜ਼ਮੀਨੀ ਪੱਧਰ ’ਤੇ ਵਧੀ ਠਾਰੀ

Weather Department

ਲੁਧਿਆਣਾ (ਜਸਵੀਰ ਸਿੰਘ ਗਹਿਲ)। ਐਤਵਾਰ ਸਵੇਰ ਤੋਂ ਹੀ ਅਸਮਾਨ ’ਚ ਬੱਦਲਵਾਈ ਛਾਈ ਰਹਿਣ ਦੇ ਨਾਲ ਨਾਲ ਹੀ ਹਲਕੀ ਹਵਾ ਵੀ ਚੱਲ ਰਹੀ ਹੈ। ਬੱਦਲਵਾਈ ਕਾਰਨ ਸੂਰਜ ਦਾ ਸੇਕ ਮੱਠਾ ਹੋ ਗਿਆ ਹੈ, ਜਿਸ ਕਾਰਨ ਜ਼ਮੀਨੀ ਪੱਧਰ ’ਤੇ ਠਾਰੀ ਵਧ ਗਈ ਹੈ ਤੇ ਲੋਕ ਗਰਮ ਕੱਪੜੇ ਪਹਿਨਣ ਨੂੰ ਤਰਜ਼ੀਹ ਦੇਣ ਲੱਗੇ ਹਨ। ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਮੌਸਮ ਵਿਭਾਗ ਵੱਲੋਂ 27 ਨਵੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਕਾਰਨ ਮੌਸਮ ’ਚ ਇੱਕਦਮ ਤਬਦੀਲੀ ਆਉਣ ਦੇ ਆਸਾਰ ਹਨ।

ਮੌਸਮ ਵਿਭਾਗ ਨੇ ਪੱਛਮੀ ਗੜਬੜੀ ਕਾਰਨ ਪੰਜਾਬ ਦੇ ਕਈ ਜ਼ਿਲਿਆਂ ’ਚ 27 ਨੂੰ ਮੀਂਹ ਪੈਣ ਦੀ ਜਤਾਈ ਸੰਭਾਵਨਾ | Punjab Weather

ਭਾਰਤੀ ਮੌਸਮ ਵਿਭਾਗ ਦੀ ਚੰਡੀਗੜ ਆਬਜ਼ਰਵੇਟਰੀ ਨੇ ਆਪਣੇ ਮੌਸਮ ਬੁਲੇਟਿਨ ਵਿੱਚ ਖੁਲਾਸਾ ਕੀਤਾ ਹੈ ਕਿ ਪੱਛਮੀ ਗੜਬੜੀ ਦੇ ਕਾਰਨ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 30 ਨਵੰਬਰ ਤੋਂ ਪੱਛਮੀ ਹਿਮਾਲੀਅਨ ਖੇਤਰ ’ਤੇ ਇੱਕ ਤਾਜ਼ਾ ਕਮਜੋਰ ਪੱਛਮੀ ਗੜਬੜੀ ਦੇ ਪ੍ਰਭਾਵ ਦਾ ਅਨੁਮਾਨ ਹੈ। ਜਿਸ ਕਾਰਨ ਅਗਲੇ ਇੱਕ ਦਿਨ ਮੌਸਮ ਖੁਸਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਮੁਤਾਬਕ 27 ਨਵੰਬਰ ਨੂੰ ਵੱਖ- ਵੱਖ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ ਹੋਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ 28 ਨਵੰਬਰ ਤੋਂ 2 ਦਸੰਬਰ ਤੱਕ ਪੰਜਾਬ ਤੇ ਹਰਿਆਣਾ ਰਾਜ ਵਿੱਚ ਮੌਸਮ ਖੁਸਕ ਰਹਿਣ ਦੇ ਆਸਾਰ ਹਨ।

ਇਸ ਦੇ ਨਾਲ ਹੀ ਅਗਲੇ ਦੋ ਦਿਨਾਂ ਦੌਰਾਨ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਅਤੇ ਉਸ ਤੋਂ ਬਾਅਦ ਰਾਜ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਬੱਦਲਵਾਈ ਵਾਲੇ ਅਸਮਾਨ ਹੇਠ ਸਨਅੱਤੀ ਸ਼ਹਿਰ ਲੁਧਿਆਣਾ ਵਿੱਚ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23.8 ਡਿਗਰੀ ਸੈਲਸੀਅਸ ਅਤੇ ਘੱਟੋ- ਘੱਟ ਤਾਪਮਾਨ 10.0 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਮਾਹਿਰਾਂ ਦੀ ਭਵਿੱਖਬਾਣੀ ਅਨੁਸਾਰ ਸੋਮਵਾਰ ਨੂੰ ਮੀਂਹ ਪੈਣ ਤੋਂ ਬਾਅਦ ਤਾਪਮਾਨ ਦੋ ਡਿਗਰੀ ਹੇਠਾਂ ਆਉਣ ਦਾ ਅਨੁਮਾਨ ਹੈ, ਜਿਸ ਨਾਲ ਠੰਢ ’ਚ ਵਾਧਾ ਵੀ ਯਕੀਨੀ ਹੈ।

Also Read : ਰਾਜਸਥਾਨ ’ਚ 70 ਫੀਸਦੀ ਤੋਂ ਵੱਧ ਵੋਟਿੰਗ

ਮੌਸਮ ਤਬਦੀਲੀ ਅਤੇ ਖੇਤੀਬਾੜੀ ਮੌਸਮ ਵਿਭਾਗ ਪੀਏਯੂ ਦੇ ਮੁਖੀ ਪੀ.ਕੇ. ਕਿੰਗਰਾ ਨੇ ਕਿਹਾ ਕਿ ਸੋਮਵਾਰ 27 ਨਵੰਬਰ ਨੂੰ ਮੀਂਹ ਪੈਦਾ ਕਰਨ ਵਾਲੀ ਪੱਛਮੀ ਗੜਬੜ ਕਾਰਨ ਵੱਖ ਵੱਖ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਹਾਲਾਂਕਿ ਮੀਂਹ ਤੋਂ ਬਾਅਦ ਤਾਪਮਾਨ ਵਿੱਚ ਦੋ ਡਿਗਰੀ ਦਾ ਬਦਲਾਅ ਦੇਖਣ ਨੂੰ ਮਿਲੇਗਾ। ਘੱਟੋ- ਘੱਟ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਆਵੇਗੀ ਅਤੇ ਧੁੰਦ ਜੋ ਕਿ ਇਸ ਸਮੇਂ ਖੇਤਰ ਵਿੱਚ ਹਲਕੀ ਹੈ, ਮੱਧਮ ਪੱਧਰ ’ਤੇ ਬਦਲ ਜਾਵੇਗੀ।