ਹਾਣੀ ਦੀ ਉਡੀਕ

sahit

ਹਾਣੀ ਦੀ ਉਡੀਕ

ਮੈਂ ਆਪਣੇ ਪਿੰਡ ਦੇ ਗੁਰੂ ਘਰ ਕੋਲ ਗੈਸ ਸਿਲੰਡਰ ਭਰਵਾਉਣ ਗਿਆ ਤਾਂ ਹੱਥ ’ਚ ਖੂੰਡੀ ਫੜ੍ਹੀ ਬੈਠਾ ਗੁਰਜੰਟ ਸਿਉਂ ਤਾਇਆ ਮਿਲ ਗਿਆ। ਮੈਂ ਤਾਏ ਨੂੰ ਉੱਚੀ ਦੇਣੇ ਫਤਿਹ ਬੁਲਾਈ ਤਾਂ ਅੱਗੋਂ ਤਾਇਆ ਆਪਣੀ ਨਜ਼ਰ ਵਾਲੀ ਐਨਕ ਠੀਕ ਕਰਦਾ ਹੋਇਆ ਬੋਲਿਆ,
‘‘ਓ ਕਿਹੜਾ ਭਾਈ?’’
‘‘ਤਾਇਆ ਮੈਂ ਆਂ, ਸਾਧੂ ਰਾਮ ਦਾ ਪੋਤਾ!’’ ਮੈਂ ਅੱਗੋਂ ਕਿਹਾ।
ਆਪਣੀ ਨੌਕਰੀ ਦੇ ਰੁਝੇਵਿਆਂ ਕਰਕੇ ਮੈਂ ਕਈ ਸਾਲਾਂ ਬਾਅਦ ਗੁਰਜੰਟ ਤਾਏ ਨੂੰ ਮਿਲਿਆ ਸੀ। ਉਸਦੇ ਚਿਹਰੇ ਦੀਆਂ ਝੁਰੜੀਆਂ ਅਤੇ ਨਵੀਂ ਲੱਗੀ ਨਜ਼ਰ ਵਾਲੀ ਐਨਕ ਦੱਸਦੀ ਸੀ ਕਿ ਤਾਏ ਦੀ ਉਮਰ ਹੁਣ ਸੱਤਰਾਂ ਨੂੰ ਪਾਰ ਕਰ ਚੁੱਕੀ ਹੈ।
ਤਾਇਆ ਖੁੰਡ ਤੋਂ ਉੱਠ ਕੇ ਖੜ੍ਹਾ ਹੋਣ ਲੱਗਾ ਤਾਂ ਮੈਂ ਸਿਲੰਡਰ ਸਾਈਡ ’ਤੇ ਰੱਖ ਕੇ ਤਾਏ ਦੇ ਨੇੜੇ ਹੋ ਗਿਆ।
ਬਚਪਨ ਵਿੱਚ ਜਦੋਂ ਵੀ ਤਾਇਆ ਮੈਨੂੰ ਮਿਲਦਾ ਹੁੰਦਾ ਸੀ ਤਾਂ ਹਮੇਸ਼ਾ ਉਸ ਨੇ ਮੈਨੂੰ ਮਜ਼ਾਕ ਕਰਕੇ ਲੰਘਣਾ ਕਿਉਂਕਿ ਤਾਏ ਦੇ ਖੇਤ ਨੂੰ ਜਾਣ ਵਾਲਾ ਰਸਤਾ ਸਾਡੇ ਘਰਾਂ ਅੱਗੋਂ ਦੀ ਹੋ ਕੇ ਜਾਂਦਾ ਸੀ। ਉਹਨਾਂ ਦਿਨਾਂ ਵਿੱਚ ਸਾਡੀ ਗਲੀ ਦੇ ਖੁੰਢਾਂ ਉੱਤੇ ਬੈਠੇ ਬਜੁਰਗ ਬਾਬੇ ਗਲੀ ਦੀ ਰੌਣਕ ਹੋਇਆ ਕਰਦੇ ਸਨ। ਉਹਨਾਂ ਦੇ ਤੰਦਰੁਸਤ ਸਰੀਰ ਅਤੇ ਲਿਸ਼ਕਦੇ ਚਿਹਰੇ ਦੇਖ ਕੇ ਲੱਗਦਾ ਹੁੰਦਾ ਸੀ ਕਿ ਉਹਨਾਂ ਨੇ ਜਵਾਨੀ ਵਿੱਚ ਦੱਬ ਕੇ ਕੰਮ ਕੀਤਾ ਹੋਵੇਗਾ ਅਤੇ ਰੱਜ ਕੇ ਖੁਰਾਕਾਂ ਖਾਧੀਆਂ ਹੋਣਗੀਆਂ। ਇਹ ਸਾਰੇ ਲਗਭਗ ਤਾਏ ਦੇ ਹਾਣੀ ਹੀ ਸਨ।
ਤਾਇਆ ਜਦੋਂ ਵੀ ਸ਼ਾਮ-ਸਵੇਰੇ ਆਪਣੇ ਖੇਤਾਂ ਵੱਲ ਗੇੜਾ ਮਾਰਨ ਜਾਂਦਾ ਤਾਂ ਆਉਂਦੇ-ਜਾਂਦੇ ਉਸ ਨੇ ਮੇਰੇ ਦਾਦੇ ਨੂੰ ਜ਼ਰੂਰ ਮਿਲ ਕੇ ਜਾਣਾ। ਉਹ ਹਮੇਸ਼ਾ ਮੇਰੇ ਦਾਦੇ ਨੂੰ ਸੰਬੋਧਨ ਕਰਦੇ ਹੋਏ ਇਹ ਸ਼ਬਦ ਵਰਤਦਾ ਹੁੰਦਾ ਸੀ, ਹੋਰ ਪੰਡਿਤ ਜੀ, ਤਕੜੇ ਓ? ਉਹਨਾਂ ਦਾ ਇੱਕ-ਦੂਜੇ ਨਾਲ ਬੜਾ ਪ੍ਰੇਮ ਹੁੰਦਾ ਸੀ। ਇਹ ਬਜੁਰਗ ਬਾਬੇ ਖੁੰਢਾਂ ਉੱਤੇ ਬੈਠੇ ਹਮੇਸ਼ਾ ਕਬੀਲਦਾਰੀ ਦੀਆਂ ਗੱਲਾਂ ਕਰਦੇ ਰਹਿੰਦੇ। ਉਹਨਾਂ ਦੀਆਂ ਗੱਲਾਂ ਬੜੀਆਂ ਰੌਚਿਕ ਹੁੰਦੀਆਂ ਸਨ ਕਿਉਂਕਿ ਹਾਸਾ-ਮਜ਼ਾਕ ਤਾਂ ਉਹਨਾਂ ਦੀ ਰੂਹ ਦੀ ਖੁਰਾਕ ਸੀ। ਇੱਕ-ਦੂਜੇ ਦੀ ਗੱਲ ਦਾ ਗੁੱਸਾ ਕਰਦੇ ਮੈਂ ਉਹਨਾਂ ਨੂੰ ਕਦੇ ਨਹੀਂ ਸੀ ਦੇਖਿਆ ਬਲਕਿ ਉਹ ਇੱਕ-ਦੂਸਰੇ ਦੇ ਦੁੱਖ-ਸੁੱਖ ਵਿੱਚ ਵਧ-ਚੜ੍ਹ ਕੇ ਸਰੀਕ ਹੁੰਦੇ।
ਹੌਲੀ-ਹੌਲੀ ਸਮਾਂ ਬਦਲਦਾ ਗਿਆ। ਮੇਰੇ ਦਾਦੇ ਦੀ ਮੌਤ ਹੋਈ ਨੂੰ ਕਰੀਬ ਪੰਦਰਾਂ ਸਾਲ ਹੋ ਚੁੱਕੇ ਹਨ। ਇੱਕ-ਇੱਕ ਕਰਕੇ ਸਾਡੀ ਗਲੀ ਦੇ ਸਾਰੇ ਬਜ਼ੁਰਗ ਬਾਬੇ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ। ਹੁਣ ਵੀ ਉਹੀ ਗਲੀ ਹੈ ਪਰ ਅੱਜ-ਕੱਲ੍ਹ ਸੁੰਨਸਾਨ ਪਈ ਹੁੰਦੀ ਹੈ।
ਅੱਜ ਤਾਏ ਨੂੰ ਵੇਖ ਕੇ ਸਾਰੀਆਂ ਪੁਰਾਣੀਆਂ ਯਾਦਾਂ ਫਿਰ ਤੋਂ ਤਾਜ਼ਾ ਹੋ ਗਈਆਂ।
‘‘ਹੋਰ ਵਈ ਪੁੱਤਰਾ, ਕਿੱਥੇ ਆ ਡਿਊਟੀ ਅੱਜ-ਕੱਲ੍ਹ?’’ ਤਾਏ ਨੇ ਹੋਕਰਾ ਜਿਹਾ ਮਾਰਕੇ ਮੈਨੂੰ ਪੁੱਛਿਆ।
‘‘ਤਾਇਆ, ਮੇਰੀ ਡਿਊਟੀ ਤਾਂ ਬਰਨਾਲੇ ਈ ਹੁੰਦੀ ਆ।’’
‘‘ਆ ਜਾ ਘਰੇ, ਚਾਹ-ਪਾਣੀ ਪੀ ਕੇ ਜਾਈਂ।’’ ਤਾਏ ਨੇ ਬੜੇ ਪਿਆਰ ਨਾਲ ਕਿਹਾ।
‘‘ਬੱਸ ਤਾਇਆ, ਫੇਰ ਆਊਂ ਕਦੇ। ਨਾਲੇ ਹੁਣ ਗੇੜਾ ਈ ਨਹੀਂ ਮਾਰਿਆ ਕਦੇ ਸਾਡੇ ਘਰਾਂ ਵੱਲ?’’
‘‘ਪੁੱਤਰਾ, ਗਿੱਟੇ-ਗੋਡੇ ਤਾਂ ਹੁਣ ਜਵਾਬ ਦੇ ਗੇ, ਬੱਸ ਟੈਮ ਪਾਸ ਜਾ ਕਰਦੇ ਆਂ।‘‘ ਖੂੰਡੀ ਧਰਤੀ ’ਤੇ ਘੁਮਾਉਂਦੇ ਹੋਇਆ ਤਾਇਆ ਭਾਰੀ ਜਿਹੀ ਆਵਾਜ਼ ਵਿੱਚ ਬੋਲਿਆ।
ਮੇਰੀਆਂ ਅੱਖਾਂ ਅੱਗੇ ਆਪਣੇ ਖੇਤਾਂ ਨੂੰ ਭੱਜੇ ਜਾਂਦੇ ਉਸ ਗੁਰਜੰਟ ਤਾਏ ਦੀ ਤਸਵੀਰ ਆ ਗਈ, ਜਿਸ ਨੂੰ ਮੈਂ ਬਚਪਨ ਵਿੱਚ ਦੇਖਿਆ ਕਰਦਾ ਸੀ।
ਮੈਂ ਹੱਸਦੇ ਹੋਏ ਕਿਹਾ, ‘‘ਤਾਇਆ, ਆ ਜਾਇਆ ਕਰ ਕਦੇ-ਕਦੇ, ਬੰਦਾ ਤੁਰਦਾ -ਫਿਰਦਾ ਰਹੇ ਤਾਂ ਚੰਗਾ ਹੁੰਦੈ।’’
‘‘ਪੁੱਤ, ਮੈਂ ਹੁਣ ਕਿਸ ਕੋਲ ਆਵਾਂ, ਮੇਰੇ ਸਾਰੇ ਹਾਣੀ ਤਾਂ ਤੁਰ ਗਏ, ਹੁਣ ਤਾਂ ਬੱਸ ਆਪਣੀ ਵਾਰੀ ਦੀ ਉਡੀਕ ਕਰਦੇ ਆਂ।’’ ਤਾਏ ਨੇ ਹਾਉਕਾ ਜਿਹਾ ਭਰਕੇ ਜਵਾਬ ਦਿੱਤਾ।
ਇੰਜ ਲੱਗਿਆ ਜਿਵੇਂ ਤਾਏ ਦੇ ਇਹ ਬੋਲ ਉਸਦੇ ਵਿੱਛੜ ਚੁੱਕੇ ਸਾਥੀਆਂ ਨੇ ਵੀ ਸੁਣ ਲਏ ਹੋਣ। ਇੱਕ ਪਲ ਲਈ ਅਸੀਂ ਦੋਵੇਂ ਚੁੱਪ ਹੋ ਗਏ। ਇਸ ਸੱਥ ਵਿੱਚ ਵੀ ਕਦੇ ਬਹੁਤ ਰੌਣਕ ਹੋਇਆ ਕਰਦੀ ਸੀ, ਜਿੱਥੇ ਅੱਜ ਤਾਇਆ ਇਕੱਲਾ ਬੈਠਾ ਸੀ। ਇੰਨੇ ਵਿੱਚ ਸੇਵਾਦਾਰ ਨੇ ਗੁਰੂ ਘਰ ਵਿੱਚੋਂ ਅਨਾਊਂਸਮੈਂਟ ਕੀਤੀ ਕਿ ਬਹਾਦਰ ਸਿਉਂ ਪੂਰਾ ਹੋ ਗਿਆ, ਉਹਨਾਂ ਦੇ ਘਰ ਪਹੁੰਚਣ ਦੀ ਕਿਰਪਾਲਤਾ ਕਰੋ।
‘‘ਲੈ, ਬਹਾਦਰ ਸਿਉਂ ਵੀ ਸਾਰੀ ਉਮਰ ਘੱਟਾ ਢੋਂਹਦਾ ਹੀ ਤੁਰ ਗਿਆ।’’ ਇਹ ਕਹਿੰਦੇ ਹੋਏ ਤਾਏ ਦੀਆਂ ਅੱਖਾਂ ਭਰ ਆਈਆਂ। ਮੈਂ ਤਾਏ ਦੀਆਂ ਅੱਖਾਂ ਵਿੱਚੋਂ ਪਾਣੀ ਡਿੱਗਦਾ ਦੇਖ ਉਸ ਦੇ ਮੋਢੇ ’ਤੇ ਹੱਥ ਰੱਖਿਆ ਜਿਵੇਂ ਉਹ ਬਚਪਨ ਵਿੱਚ ਹੱਲਾਸ਼ੇਰੀ ਦੇਣ ਵੇਲੇ ਆਪਣਾ ਹੱਥ ਮੇਰੇ ਮੋਢੇ ’ਤੇ ਰੱਖਦਾ ਹੁੰਦਾ ਸੀ। ਡਿਊਟੀ ’ਤੇ ਜਾਣ ਦੀ ਕਾਹਲੀ ਵਿੱਚ ਤਾਏ ਨਾਲ ਕਿੰਨੀਆਂ ਹੀ ਹੋਰ ਗੱਲਾਂ ਕਰਨ ਦੀ ਖੁਆਇਸ਼ ਮਨ ਵਿੱਚ ਸਮੇਟ ਕੇ ਮੈਂ ਆਪਣੇ ਮੋਟਰਸਾਈਕਲ ’ਤੇ ਗੈਸ ਦਾ ਭਰਿਆ ਹੋਇਆ ਸਿਲੰਡਰ ਬੰਨ੍ਹ ਕੇ ਘਰ ਵੱਲ ਨੂੰ ਚੱਲ ਪਿਆ। ਮੈਂ ਸੋਚਦਾ ਜਾ ਰਿਹਾ ਸੀ ਕਿ ਪਿੰਡ ਦੀ ਸਾਰੀ ਰੌਣਕ ਕੁਝ ਕੁ ਸਾਲਾਂ ਵਿੱਚ ਕਿਵੇਂ ਖਤਮ ਹੋ, ਕੋਈ ਬਜ਼ੁਰਗ ਨਹੀਂ ਦਿਸਦਾ। ਪਤਾ ਨਹੀਂ ਪਿੰਡ ਨੂੰ ਕਿਹੜੀ ਨਜ਼ਰ ਲੱਗ ਗਈ। ਜਦੋਂ ਮੈਂ ਵਾਪਸ ਮੁੜ ਕੇ ਦੇਖਿਆ ਤਾਂ ਤਾਇਆ ਫਿਰ ਖੁੰਢ ’ਤੇ ਜਾ ਬੈਠਾ ਸੀ ਜਿਵੇਂ ਉਹ ਆਪਣੇ ਕਿਸੇ ਹਾਣੀ ਦੀ ਉਡੀਕ ਕਰ ਰਿਹਾ ਹੋਵੇ।
ਸੰਤੋਖ ਪਾਲ
ਮੋ. 80540-10233

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ