ਕੋਰੋਨਾ ਖਿਲਾਫ਼ ਜੰਗ : ਸਰਕਾਰੀ ਰਜਿੰਦਰਾ ਹਸਪਤਾਲ ਇੱਕੋ ਸਮੇਂ 600 ਮਰੀਜਾਂ ਦੇ ਇਲਾਜ ਲਈ ਤਿਆਰ

ਮੌਜ਼ੂਦਾ ਸਮੇਂ ਸਿਰਫ਼ ਦੋ ਮਰੀਜ਼ ਹੀ ਜੇਰੇ ਇਲਾਜ਼

ਪਟਿਆਲਾ,(ਖੁਸ਼ਵੀਰ ਸਿੰਘ ਤੂਰ) ਕੋਰੋਨਾ ਵਾਇਰਸ ਖਿਲਾਫ਼ ਵਿੱਢੀ ਜੰਗ ‘ਚ ਸਰਕਾਰੀ ਰਜਿੰਦਰਾ ਹਸਪਤਾਲ 600 ਮਰੀਜਾਂ ਦਾ ਇੱਕੋ ਸਮੇਂ ਇਲਾਜ ਕਰਨ ਲਈ ਸਾਰੀਆਂ ਅਤਿਆਧੁਨਿਕ ਸਹੂਲਤਾਂ ਤੇ ਸਾਜੋ-ਸਮਾਨ ਨਾਲ ਲੈਸ ਹੋ ਕੇ ਪੂਰੀ ਤਰ੍ਹਾਂ ਤਿਆਰ ਹੈ। ਉਂਜ ਮੌਜ਼ੂਦਾ ਸਮੇਂ ਕੋਵਿਡ-19 ਤੋਂ ਪੀੜਤ ਕੇਵਲ ਦੋ ਮਰੀਜ ਜ਼ੇਰ-ਏ-ਇਲਾਜ ਹਨ, ਪਰੰਤੂ ਸਰਕਾਰ ਵੱਲੋਂ ਇੱਥੇ ਅਜਿਹੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ ਕਿ ਇੱਥੇ ਦੀਆਂ ਤਿੰਨ ਇਮਾਰਤਾਂ ‘ਚ ਸੈਂਕੜੇ ਮਰੀਜਾਂ ਦਾ ਇੱਕੋ ਸਮੇਂ ਸਿੱਕੇਬੰਦ ਇਲਾਜ ਸੰਭਵ ਹੋ ਸਕਦਾ ਹੈ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਬਿਮਾਰੀ ਤੇ ਜਿੱਤ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਪਟਿਆਲਾ ਦਾ ਸਰਕਾਰੀ ਰਜਿੰਦਰਾ ਹਸਪਤਾਲ ਅਤੇ ਅੰਮ੍ਰਿਤਸਰ ਦੇ ਸਰਕਾਰੀ ਹਸਪਾਤਲ ਅੰਦਰ ਹੀ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ਼ ਹੁੰਦਾ ਹੈ।  ਇਸ ਸਮੇਂ ਸਰਕਾਰੀ ਰਜਿੰਦਰਾ ਹਸਪਤਾਲ ਦੀ ਆਧੁਨਿਕ ਸਹੂਲਤਾਂ ਨਾਲ ਲੈਸ ਐਮ.ਸੀ.ਐਚ. ਇਮਾਰਤ ਦੀ 7ਵੀਂ ਮੰਜ਼ਿਲ ਨੂੰ ਸਕਰੀਨਿੰਗ ਲਈ ਅਤੇ 8ਵੀਂ ਮੰਜ਼ਿਲ ਨੂੰ ਆਈ.ਸੀ.ਯੂ. ਤੇ ਕੋਰੋਨਾ ਪਾਜ਼ਿਟਿਵ ਮਰੀਜਾਂ ਲਈ ਵਰਤਿਆ ਜਾ ਰਿਹਾ ਹੈ। ਜਦੋਂਕਿ ਮਰੀਜਾਂ ਦੀ ਗਿਣਤੀ ਵਧਣ ‘ਤੇ ਤੀਜੀ ਮੰਜਿਲ ਨੂੰ ਸਕਰੀਨਿੰਗ ਲਈ ਅਤੇ ਬਾਕੀ ਮੰਜ਼ਿਲਾਂ ਨੂੰ ਕੋਰੋਨਾ ਮਰੀਜਾਂ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਸਥਿਤੀ ਜਿਆਦਾ ਗੰਭੀਰ ਹੋਣ ‘ਤੇ ਗੁਰੂ ਨਾਨਕ ਸੁਪਰ ਸਪੈਸ਼ਲਿਟੀ ਬਲਾਕ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾ ਸਕੇਗਾ।

ਰਜਿੰਦਰਾ ਹਸਪਤਾਲ ਦੇ ਡਾਕਟਰ ਵੀ 24 ਘੰਟੇ ਆਪਣੀ ਡਿਊਟੀਆਂ ਤੇ ਡਟੇ ਹੋਏ ਹਨ। ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਅਤੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵੀ.ਕੇ. ਡਾਂਗਵਾਲ ਦੀ ਦੇਖ-ਰੇਖ ਹੇਠ ਛਾਤੀ, ਸਾਂਹ ਤੇ ਟੀ.ਬੀ. ਰੋਗਾਂ ਦੇ ਮਾਹਰ ਡਾ. ਵਿਸ਼ਾਲ ਚੋਪੜਾ, ਮੈਡੀਸਨ ਮਾਹਰ ਡਾ. ਰਮਿੰਦਰ ਪਾਲ ਸਿੰਘ ਸਿਬੀਆ ਅਤੇ ਕੋਵਿਡ-19 ਦੇ ਨੋਡਲ ਅਫ਼ਸਰ ਡਾ. ਸਚਿਨ ਕੌਸ਼ਲ ਦੀ ਅਗਵਾਈ ਹੇਠ ਡੇਢ ਦਰਜਨ ਤੋਂ ਵਧੇਰੇ ਡਾਕਟਰਾਂ ਦੀ ਟੀਮ, 70 ਦੇ ਕਰੀਬ ਨਰਸਿੰਗ ਸਟਾਫ਼ ਸਮੇਤ ਹੋਰ ਅਮਲਾ ਕੋਰੋਨਾ ਵਾਇਰਸ ਨੂੰ ਹਰਾਉਣ ਲਈ  24 ਘੰਟੇ ਆਪਣੀਆਂ ਡਿਊਟੀਆਂ ਪੂਰੇ ਜਜ਼ਬੇ ਨਾਲ ਨਿਭਾ ਰਿਹਾ ਹੈ।

ਇਸ ਸਮੇਂ ਡਾਕਟਰਾਂ ਦੀ ਟੀਮ ਵਿੱੱਚ ਡਾ. ਵਿਕਾਸ ਸ਼ਰਮਾ, ਡਾ. ਲਵਲੀਨ ਭਾਟੀਆ, ਡਾ. ਐਮ.ਐਸ. ਮਾਨ, ਡਾ. ਸੰਜੀਵ ਭਗਤ, ਡਾ. ਸੰਜੇ ਗੋਇਲ, ਡਾ. ਅਮਨਦੀਪ ਸਿੰਘ ਬਖ਼ਸ਼ੀ, ਡਾ. ਐਚ.ਕੇ.ਐਸ. ਚਾਵਲਾ, ਡਾ. ਰੁਪਿੰਦਰਜੀਤ ਕੌਰ, ਡਾ. ਐਚ.ਐਸ. ਰੇਖੀ, ਡਾ. ਡੀ.ਐਸ. ਵਾਲੀਆ, ਡਾ. ਪਰਮੋਦ ਕੁਮਾਰ, ਡਾ. ਲਲਿਤ ਗਰਗ ਤੇ ਹੋਰ ਸ਼ਾਮਲ ਹਨ। ਇਸ ਦੇ ਨਾਲ ਹੀ ਨਰਸਿੰਗ ਸਟਾਫ਼ ਇੰਚਾਰਜ ਸਿਸਟਰ ਗੁਰਕਿਰਨ ਕੌਰ ਅਤੇ 3 ਹੋਰ ਨਰਸਿੰਗ ਇੰਚਾਰਜ ਸਿਸਟਰਜ ਦੀ ਅਗਵਾਈ ਹੇਠ 67 ਜਣਿਆਂ ਦਾ ਨਰਸਿੰਗ ਸਟਾਫ਼ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ। ਇਸ ਸਮੁੱਚੇ ਸਟਾਫ਼ ਦੀਆਂ ਡਿਊਟੀਆਂ ਰੋਸਟਰ ਵਿੱਚ ਲੱਗ ਰਹੀਆ ਹਨ ਅਤੇ ਪੂਰੇ ਸਾਜੋ ਸਮਾਨ ਨਾਲ ਲੈਸ ਮੈਡੀਕਲ ਅਮਲਾ ਪੂਰੇ ਹੌਂਸਲੇ ਵਿੱਚ ਕੋਰੋਨਾ ਮਰੀਜਾਂ ਦੇ ਇਲਾਜ ਲਈ ਤਿਆਰ-ਬਰ-ਤਿਆਰ ਹੈ।

ਸ਼ਹਿਰ ਦੇ ਹਸਪਤਾਲਾਂ ਅੰਦਰ 100 ਦੇ ਕਰੀਬ ਵੈਟੀਲੇਂਟਰ

ਰਜਿੰਦਰਾ ਹਸਪਤਾਲ ਵਿਖੇ 27 ਵੈਟੀਲੇਟਰ, ਸਰਕਾਰੀ ਮਾਤਾ ਕੁਸੱਲਿਆ ਹਸਪਤਾਲ ਵਿਖੇ 7 ਵੈਟੀਲੇਟਰ ਮੌਜੂਦ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲ ਅਮਰ ਹਸਪਤਾਲ ਵਿਖੇ 22, ਕੋਲੰਬੀਆ ਹਸਪਤਾਲ ਵਿਖੇ 10 ਵੱਡੇ ਵਿਅਕਤੀਆਂ ਲਈ ਜਦਕਿ 10 ਨਵ ਜਨਮੇ ਬੱਚਿਆਂ ਲਈ, ਸਦਭਾਵਨਾ ਹਸਪਤਾਲ ਵਿਖੇ 6 ਵੈਟੀਲੇਟਰ, ਪਟਿਆਲਾ ਹਾਰਟ ਵਿਖੇ 5 ਸ਼ਾਮਲ ਹਨ। ਰਜਿੰਦਰਾ ਹਸਪਤਾਲ ਦੇ ਨੋਡਲ ਅਫ਼ਸਰ ਸਚਿਨ ਕੌਂਸਲ ਦਾ ਕਹਿਣਾ ਹੈ ਕਿ 14 ਵੈਟੀਲੇਟਰ ਨਿੱਜੀ ਹਸਪਤਾਲਾਂ ਚੋਂ ਲੈਣ ਦੀ ਗੱਲ ਹੋ ਚੁੱਕੀ ਹੈ। ਸਰਕਾਰ ਵੱਲੋਂ ਵੀ ਹੋਰ ਵੈਟੀਲੇਟਰ ਖਰੀਦੇ ਜਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।