ਸਿੱਧੂ ਵੱਲੋਂ ਸ਼ਹਿਰਾਂ ਤੇ ਸੱਭਿਆਚਾਰ ਲਈ ਵਿਜ਼ਨ ਡਾਕੂਮੈਂਟ ਜਾਰੀ

Release, Vision, Document, Cities, Culture, Navjot Singh Sidhu, Minister, Punjab

30 ਜੂਨ ਤੱਕ ਸਾਰੇ ਸ਼ਹਿਰ ਤੇ ਕਸਬੇ ਹੋਣਗੇ ‘ਖੁੱਲੇ ਵਿੱਚ ਪਖਾਨੇ ਤੋਂ ਮੁਕਤ’

  • ‘ਸੱਭਿਆਚਾਰ ਤੋਂ ਰੋਜ਼ਗਾਰ’ ਰਾਹੀਂ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਅਤੇ ਪੈਰਾਂ ਸਿਰ ਕੀਤਾ ਜਾਵੇਗਾ
  • ਚਾਰ ਵੱਡੇ ਸ਼ਹਿਰਾਂ ਤੇ ਤਿੰਨ ਕਸਬਿਆਂ ਦਾ ਹੋਵੇਗਾ ਫੋਰੈਂਸਿਕ ਆਡਿਟ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਦੋਵੇਂ ਵਿਭਾਗਾਂ ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਵੱਲੋਂ ਹੁਣ ਤੱਕ ਦੇ ਕੀਤੇ ਕੰਮਾਂ ਦਾ ਵਿਸਥਾਰ ਵਿੱਚ ਵੇਰਵਾ ਦਿੰਦਿਆਂ ਭਵਿੱਖ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ। ਉਨ੍ਹਾਂ ਦੋਵੇਂ ਵਿਭਾਗਾਂ ਦਾ ‘ਵਿਜ਼ਨ ਡਾਕੂਮੈਂਟ’ (ਭਵਿੱਖੀ ਯੋਜਨਾਵਾਂ) ਜਾਰੀ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਦਾ ਸਲੋਗਨ ‘ਕੈਪਟਨ ਸਰਕਾਰ, ਲੋਕਾਂ ਦੇ ਦੁਆਰ’ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦਾ ਸਲੋਗਨ ‘ਸੱਭਿਆਚਾਰ ਤੋਂ ਰੁਜ਼ਗਾਰ’ ਰੱਖਿਆ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਅਗਵਾਈ ਸਦਕਾ ਦੋਵੇਂ ਵਿਭਾਗਾਂ ਵਿੱਚ ਵਿਕਾਸ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਿੱਧੂ ਨੇ ਕਿਹਾ ਕਿ ਸ਼ਹਿਰੀਆਂ ਨੂੰ ਘਰ ਬੈਠਿਆਂ ਪ੍ਰਸ਼ਾਸਕੀ ਸੇਵਾਵਾਂ ਦੇਣ ਲਈ ਈ-ਗਵਰਨੈਂਸ ਪ੍ਰੋਜੈਕਟ ਮਾਰਚ 2018 ਤੋਂ ਸ਼ੁਰੂ ਕੀਤਾ ਜਾ ਰਿਹਾ ਜਿਹੜਾ ਦਸੰਬਰ 2018 ਤੱਕ ਲਾਗੂ ਹੋ ਜਾਵੇਗਾ। ਆਨ-ਲਾਈਨ ਨਕਸ਼ੇ ਪਾਸ ਕਰਨ ਦਾ ਕੰਮ ਇਸੇ ਮਹੀਨੇ ਸ਼ੁਰੂ ਹੋ ਜਾਵੇਗਾ ਜਿਹੜਾ ਇਸ ਸਾਲ ਸਤੰਬਰ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਪਾਰਦਰਸ਼ੀ ਤੇ ਸੁਖਾਲੀਆਂ ਸੇਵਾਵਾਂ ਮਿਲਣਗੀਆਂ।

ਇਹ ਵੀ ਪੜ੍ਹੋ : ਸੁਰੱਖਿਆ ਕਰਮਚਾਰੀਆਂ ਕੋਲ ਵੀ ਮੌਜੂਦ ਸੀ ਪਿਸਤੌਲ, ਬਾਵਜੂਦ ਹੋਈ ਕਰੋੜਾਂ ਦੀ ਲੁੱਟ : ਕਮਿਸ਼ਨਰ ਸਿੱਧੂ

ਉਨ੍ਹਾਂ ਦੱਸਿਆ ਕਿ ਸ਼ਹਿਰੀਆਂ ਇਕਾਈਆਂ ਨੂੰ ਜਵਾਬਦੇਹ ਬਣਾਉਣ ਅਤੇ ਪਿਛਲੇ ਸਮੇਂ ਵਿੱਚ ਹੋਏ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਇਸੇ ਮਹੀਨੇ ਤੋਂ ਫੋਰੈਂਸਿਕ ਆਡਿਟ ਸ਼ੁਰੂ ਹੋ ਰਿਹਾ ਹੈ ਅਤੇ ਪਹਿਲੇ ਪੜਾਅ ਵਿੱਚ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਲੁਧਿਆਣਾ ਦੇ ਨਗਰ ਨਿਗਮਾਂ ਅਤੇ ਨਗਰ ਸੁਧਾਰ ਟਰੱਸਟਾਂ ਅਤੇ ਤਿੰਨ ਮਿਉਂਸਪੈਲਟੀਆਂ ਖਰੜ, ਜ਼ੀਰਕਪੁਰ ਤੇ ਰਾਜਪੁਰਾ ਤੋਂ ਇਹ ਕੰਮ ਸ਼ੁਰੂ ਹੋਵੇਗਾ, ਜਿਸ ਨੂੰ ਸਤੰਬਰ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇਗਾ।

ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਬੀ.ਆਰ.ਟੀ.ਐਸ. ਪ੍ਰੋਜੈਕਟ ਲਈ 495 ਕਰੋੜ ਰੁਪਏ ਜਾਰੀ ਹੋ ਗਏ ਹਨ ਅਤੇ ਇਸ ਨਾਲ 31 ਕਿਲੋਮੀਟਰ ਦੇ ਘੇਰੇ ਅੰਦਰ ਤਿੰਨ ਕੋਰੀਡਰ ਬਣਨਗੇ। ਸ਼ਹਿਰਾਂ ਦੇ ਸਰਵ ਪੱਖੀ ਵਿਕਾਸ ਲਈ ਸਥਾਨਕ ਇਕਾਈਆਂ ਨੂੰ ਆਰਥਿਕ ਤੌਰ ‘ਤੇ ਨਿਰਭਰ ਬਣਾਉਣ ਲਈ ਨਵੀਂ ਇਸ਼ਤਿਹਾਰ ਨੀਤੀ ਲਿਆਂਦੀ ਜਾ ਰਹੀ ਹੈ ਜੋ ਇਸੇ ਮਹੀਨੇ ਤਿਆਰ ਕਰ ਕੇ ਅਪਰੈਲ ਮਹੀਨੇ ਤੱਕ ਲਾਗੂ ਕੀਤੀ ਜਾਵੇਗੀ। ਸ਼ਹਿਰਾਂ ਵਿੱਚ ਜੀ.ਆਈ.ਐਸ. ਦੀ ਸਹਾਇਤਾ ਨਾਲ ਸ਼ਹਿਰਾਂ ਦੇ ਮਾਸਟਰ ਪਲਾਨ ਨੋਟੀਫਾਈ ਕੀਤੇ ਜਾ ਰਹੇ ਹਨ। 16 ਅਮਰੁਤ ਸ਼ਹਿਰਾਂ ਵਿੱਚ 31 ਜਨਵਰੀ ਤੱਕ ਜੀ.ਆਈ.ਐਸ. ਅਧਾਰਿਤ ਮਾਸਟਰ ਪਲਾਨ ਦਾ ਕੰਮ ਸ਼ੁਰੂ ਹੋ ਜਾਵੇਗਾ।

ਸ਼ਹਿਰਾਂ ਵਿੱਚ ਇਕਸਾਰ ਇਮਾਰਤਾਂ ਦੇ ਨਿਰਮਾਣ ਲਈ ਯੂਨੀਫਾਈਡ ਬਿਲਡਿੰਗ ਬਾਏਲਾਜ਼ ਬਣਾਏ ਜਾ ਰਹੇ ਹਨ ਜਿਹੜੇ ਮਈ ਮਹੀਨੇ ਤੱਕ ਬਣਾ ਲਏ ਜਾਣਗੇ। ਸ਼ਹਿਰਾਂ ਵਿੱਚ ਪਾਰਕਿੰਗ ਦੀ ਵਿਵਸਥਾ ਦੇ ਸੁਚੱਜੇ ਪ੍ਰਬੰਧਾਂ ਲਈ ਨੀਤੀ ਤਿਆਰ ਕੀਤੀ ਜਾ ਰਹੀ ਹੈ ਜੋ ਅਪਰੈਲ ਮਹੀਨੇ ਤੱਕ ਲਾਗੂ ਹੋ ਜਾਵੇਗੀ। ਸ਼ਹਿਰਾਂ ਵਿੱਚ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਵੀ ਨੀਤੀ ਬਣਾਈ ਜਾ ਰਹੀ ਹੈ। 31 ਦਸੰਬਰ 2017 ਤੱਕ 46 ਸ਼ਹਿਰੀਆਂ ਸਥਾਨਕ ਇਕਾਈਆਂ ਨੂੰ ‘ਖੁੱਲ੍ਹੇ ਵਿੱਚ ਸੌਚ ਤੋਂ ਮੁਕਤ’ ਕਰ ਦਿੱਤਾ ਹੈ ਅਤੇ 100 ਹੋਰ ਸ਼ਹਿਰਾਂ ਨੂੰ ਆਉਂਦੀ 31 ਮਾਰਚ ਤੱਕ ਕਰ ਦਿੱਤਾ ਜਾਵੇਗਾ ਅਤੇ ਸਾਰੇ ਸ਼ਹਿਰ 30 ਜੂਨ ਤੱਕ ਹੋ ਜਾਣਗੇ।

ਇਹ ਵੀ ਪੜ੍ਹੋ : ਅਣਪਛਾਤਿਆਂ ਵੱਲੋਂ ਡਾਕਟਰ ਦਾ ਕਤਲ, ਘਰ ਵਿੱਚੋਂ ਲੈ ਗਏ ਨਕਦੀ

ਸਿੱਧੂ ਨੇ ਕਿਹਾ ਕਿ ਤਿੰਨ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਸਮਾਰਟ ਸਿਟੀ ਅੰਦਰ ਕਵਰ ਹਨ, ਇਨ੍ਹਾਂ ਸ਼ਹਿਰਾਂ ਲਈ ਕੇਂਦਰ ਵੱਲੋਂ 350 ਕਰੋੜ ਰੁਪਏ ਖ਼ਰਚੇ ਜਾਣਗੇ, ਜਿਸ ਲਈ ਪੰਜਾਬ ਨੇ ਵੀ 50 ਕਰੋੜ ਰੁਪਏ ਦਾ ਹਿੱਸਾ ਪਾਇਆ ਹੈ। ਹੁਣ ਤੱਕ 87 ਫੀਸਦੀ ਸ਼ਹਿਰੀ ਵਸੋਂ ਨੂੰ ਸਾਫ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ ਅਤੇ 73 ਫੀਸਦੀ ਨੂੰ ਸੀਵਰੇਜ ਦੀ ਸਹੂਲਤ ਹਾਸਲ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦਾ ਟੀਚਾ 100 ਫੀਸਦੀ ਵਸੋਂ ਪਾਣੀ ਤੇ ਸੀਵਰੇਜ ਹੇਠ ਕਵਰ ਕਰਨਾ ਹੈ। ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਪਟਿਆਲਾ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਲਈ ਚਾਰ ਵੱਡੇ ਸ਼ਹਿਰਾਂ ਦੇ ਲਈ ਕ੍ਰਮਵਾਰ 1708 ਕਰੋੜ ਰੁਪਏ, 2874 ਕਰੋੜ ਰੁਪਏ, 2000 ਕਰੋੜ ਰੁਪਏ ਤੇ 7171 ਕਰੋੜ ਦਾ ਪ੍ਰਾਜੈਕਟ ਹੈ।

ਸਿੱਧੂ ਨੇ ਕਿਹਾ ਕਿ ਵਿਭਾਗ ਵੱਲੋਂ ਸੂਬੇ ਦੀ ਜਵਾਨੀ ਨੂੰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਅਤੇ ਉਨ੍ਹਾਂ ਲਈ ਸੱਭਿਆਚਾਰ ਤੋਂ ਰੋਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਵਿਆਪਕ ਸੱਭਿਆਚਾਰਕ ਨੀਤੀ ਬਣਾਈ ਗਈ, ਜਿਸ ਨੂੰ ਬਣਾਉਣ ਵਾਲਾ ਪੰਜਾਬ ਦੇਸ਼ ਦਾ ਮਨੀਪੁਰ ਤੋਂ ਬਾਅਦ ਦੂਜਾ ਸੂਬਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਸੈਰ-ਸਪਾਟਾ ਤੇ ਮੈਡੀਕਲ ਸੈਰ-ਸਪਾਟਾ ਨੀਤੀ ਵੀ ਤਿਆਰ ਹੈ ਜਿਸ ਨੂੰ ਜਲਦ ਹੀ ਕੈਬਨਿਟ ਤੋਂ ਮਨਜ਼ੂਰੀ ਦਿਵਾਈ ਜਾਵੇਗੀ।