ਜਦੋਂ ਮੈਂ ਇੰਗਲੈਂਡ ਦਾ ਵੀਜ਼ਾ ਗਵਾਇਆ

Visa, England

ਬਲਰਾਜ ਸਿੰਘ ਸਿੱਧੂ ਐਸ.ਪੀ.

ਪੰਜਾਬੀਆਂ ਵਿੱਚ ਪੱਛਮੀ ਦੇਸ਼ਾਂ ਵਿੱਚ ਵੱਸਣ ਅਤੇ ਯਾਤਰਾ ਕਰਨ ਦੀ ਜ਼ਬਰਦਸਤ ਇੱਛਾ ਪਾਈ ਜਾਂਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਜ਼ਿੰਦਗੀ ਵਿੱਚ ਇੱਕ-ਅੱਧੀ ਵਾਰ ਤਾਂ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਆਦਿ ਦੀ ਯਾਤਰਾ ਕਰਨ ਦਾ ਮੌਕਾ ਮਿਲ ਜਾਵੇ। ਅੱਜ-ਕੱਲ੍ਹ ਸਾਰੇ ਰੌਲਾ ਪਾਈ ਜਾਂਦੇ ਹਨ ਕਿ ਪੰਜਾਬ ਦੀ ਜਵਾਨੀ ਅਸਟਰੇਲੀਆ-ਕੈਨੇਡਾ ਵੱਲ ਪਲਾਇਨ ਰਹੀ ਹੈ, ਪਰ ਨੌਜਵਾਨ ਇੱਥੇ ਕਰਨ ਵੀ ਕੀ? ਜੇਕਰ ਪਲੱਸ ਟੂ ਕਰਨ ਤੋਂ ਬਾਅਦ ਬੰਦੇ ਦਾ ਵਧੀਆ ਕਰੀਅਰ ਬਣਦਾ ਹੋਵੇ ਤਾਂ  ਔਖੇ ਪ੍ਰੋਫੈਸ਼ਨਲ ਕੋਰਸ ਕਰ ਕੇ ਅੱਖਾਂ ਅੰਨ੍ਹੀਆਂ ਕਰਨ ਦੀ ਕੀ ਜ਼ਰੂਰਤ ਹੈ, ਜਿਹਨਾਂ ਤੋਂ ਬਾਅਦ ਵੀ ਨੌਕਰੀ ਮਿਲਣ ਦੀ ਕੋਈ ਗਰੰਟੀ ਨਹੀਂ ਹੈ। ਇਸ ਤੋਂ ਇਲਾਵਾ ਭਾਰਤ ਅਤੇ ਖਾਸ ਤੌਰ ‘ਤੇ ਪੰਜਾਬ ਦੇ ਕੁਦਰਤੀ, ਪ੍ਰਸ਼ਾਸਨਿਕ ਅਤੇ ਰਾਜਨੀਤਕ ਵਾਤਾਵਰਨ ਦੀ ਜੋ ਬੁਰੀ ਹਾਲਤ ਹੋ ਰਹੀ ਹੈ, ਉਹ ਸਭ ਦੇ ਸਾਹਮਣੇ ਹੈ। ਦਰਿਆਵਾਂ ਵਿੱਚ ਪਾਣੀ ਦੀ ਬਜਾਏ ਜ਼ਹਿਰ ਵਗ ਰਿਹਾ ਹੈ, ਸਾਹ ਲੈਣ ਲਈ ਸਾਫ਼ ਹਵਾ ਤੱਕ ਨਹੀਂ ਬਚੀ। ਹੁਣ ਵਿਗਿਆਨੀਆਂ ਨੇ ਭਵਿੱਖਬਾਣੀ ਕਰ ਦਿੱਤੀ ਹੈ ਕਿ ਆਉਣ ਵਾਲੇ ਦਸ ਸਾਲਾਂ ਵਿੱਚ ਪੰਜਾਬ ਦਾ ਧਰਤੀ ਹੇਠਲਾ ਪਾਣੀ ਖ਼ਤਮ ਹੋ ਜਾਵੇਗਾ। ਛੋਟਾ ਜਿਹਾ ਸਰਕਾਰੀ ਕੰਮ ਕਰਵਾਉਣ ਲਈ ਵੀ ਵੱਡੀ ਤੋਂ ਵੱਡੀ ਸਿਫਾਰਸ਼ ਲੱਭਣੀ ਪੈਂਦੀ ਹੈ। ਇਹਨਾਂ ਕਾਰਨਾਂ ਕਾਰਨ ਹੀ ਹਰੇਕ ਵਿਅਕਤੀ ਵਿਕਸਿਤ ਦੇਸ਼ਾਂ ਵੱਲ ਭੱਜਣ ਦੀ ਤਿਆਰੀ ਵਿੱਚ ਹੈ।

ਕੁਝ ਸਾਲ ਪਹਿਲਾਂ ਮੈਂ ਇੱਕ ਜਿਲ੍ਹੇ ਵਿੱਚ ਐਸ.ਪੀ. ਲੱਗਾ ਹੋਇਆ ਸੀ। ਮੇਰੀ ਵੀ ਕਿਸੇ ਪੱਛਮੀ ਦੇਸ਼ ਦੀ ਯਾਤਰਾ ਕਰਨ ਦੀ ਬਹੁਤ ਚਾਹਤ ਸੀ। ਇਸ ਲਈ ਮੈਨੂੰ ਕਿਸੇ ਦੋਸਤ ਦੇ ਰਿਸ਼ਤੇਦਾਰ ਨੇ ਇੰਗਲੈਂਡ ਤੋਂ ਸਪਾਂਸਰਸ਼ਿਪ ਭੇਜ ਦਿੱਤੀ। ਕਦੇ ਵੀ ਕਿਸੇ ਪੱਛਮੀ ਦੇਸ਼ ਦੇ ਵੀਜ਼ੇ ਲਈ ਅਪਲਾਈ ਕਰਨਾ ਹੋਵੇ ਤਾਂ ਸਪਾਂਸਰਸ਼ਿੱਪ ਕਿਸੇ ਅਜਿਹੇ ਵਿਅਕਤੀ ਤੋਂ ਮੰਗਵਾਉਣੀ ਚਾਹੀਦੀ ਹੈ, ਜਿਸ ਦਾ ਉੱਥੇ ਰਿਕਾਰਡ ਸਾਫ ਹੋਵੇ ਤੇ ਸਰਕਾਰ ਨੂੰ ਕਾਫੀ ਟੈਕਸ ਭਰਦਾ ਹੋਵੇ। ਜਦੋਂ ਕਿ ਮੈਨੂੰ ਸਪਾਂਸਰਸ਼ਿੱਪ ਭੇਜਣ ਵਾਲਾ ਹਮਾਤੜ ਵਿਚਾਰਾ ਕਿਸੇ ਆਈਸ ਕਰੀਮ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਸੀ। ਮੇਰਾ ਵੀਜ਼ਾ ਕਿੱਥੋਂ ਲੱਗਣਾ ਸੀ? ਦਸਾਂ-ਪੰਦਰਾਂ ਦਿਨਾਂ ਬਾਅਦ ਸਾਰੇ ਟੱਬਰ ਦੇ ਪਾਸਪੋਰਟ ਖੋਟੀ ਚਵਾਨੀ ਵਾਂਗ ਘਰ ਪਹੁੰਚ ਗਏ। ਵੀਜ਼ੇ ਦਾ ਸਿਸਟਮ ਅਜਿਹਾ ਹੈ ਕਿ ਰਿਜੈਕਟ ਹੋਣ ‘ਤੇ ਇਸ ਦੇ ਖਿਲਾਫ ਕਿਤੇ ਦਾਦ-ਫਰਿਆਦ ਨਹੀਂ ਕੀਤੀ ਜਾ ਸਕਦੀ। ਵੀਜ਼ਾ ਲਗਾਉਣਾ ਜਾਂ ਨਾ ਲਗਾਉਣਾ ਸਿਰਫ ਤੇ ਸਿਰਫ ਵੀਜ਼ਾ ਅਫਸਰ ਦੀ ਮਰਜ਼ੀ ‘ਤੇ ਨਿਰਭਰ ਕਰਦਾ ਹੈ। ਜੇ ਉਸ ਦਾ ਮੂਡ ਠੀਕ ਹੈ ਤਾਂ ਲੱਗ ਗਿਆ, ਨਹੀਂ ਰਿਜੈਕਟ। ਮੇਰਾ ਮਨ ਬਹੁਤ ਖਰਾਬ ਹੋਇਆ ਕਿ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਨ ਤੋਂ ਬਾਅਦ ਵੀ ਗੱਲ ਨਹੀਂ ਬਣੀ, ਬੱਚੇ ਵੱਖ ਢਿੱਲਾ ਜਿਹਾ ਮੂੰਹ ਬਣਾਈ ਫਿਰਨ।

ਇਸ ਗੱਲ ਤੋਂ ਕੁਝ ਮਹੀਨੇ ਪਹਿਲਾਂ ਲੰਡਨ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਇੱਕ ਕਤਲ ਹੋ ਗਿਆ ਸੀ। ਇੰਡੀਆ ਤੋਂ ਗਈ ਸੱਸ ਨੂੰ ਨੂੰਹ ਨੇ ਹੀ ਕਤਲ ਕਰ ਦਿੱਤਾ ਸੀ। ਉਹ ਪਰਿਵਾਰ ਮੇਰੀ ਨੌਕਰੀ ਵਾਲੇ ਜਿਲ੍ਹੇ ਨਾਲ ਹੀ ਸਬੰਧਿਤ ਸੀ। ਇਸ ਲਈ ਸਕਾਟਲੈਂਡ ਯਾਰਡ ਪੁਲਿਸ ਦੀ ਇੱਕ ਟੁਕੜੀ ਉਸ ਸਬੰਧੀ ਕੋਈ ਤਫਤੀਸ਼ ਕਰਨ ਲਈ ਮੇਰਾ ਕੇਸ ਰਿਜੈਕਟ ਹੋਣ ਤੋਂ 5-6 ਦਿਨ ਬਾਅਦ ਸਾਡੇ ਜਿਲ੍ਹੇ ਵਿੱਚ ਆ ਗਈ। ਐਸ. ਐਸ. ਪੀ. ਨੇ ਉਸ ਟੀਮ ਦਾ ਆਪਣੇ ਦਫਤਰ ਬਿਠਾ ਕੇ ਵਧੀਆ ਆਦਰ-ਸਨਮਾਨ ਕੀਤਾ। ਭਾਰਤ ਸਰਕਾਰ ਦੇ ਆਗਿਆ ਪੱਤਰ ਅਤੇ ਡੀ. ਜੀ. ਪੀ. ਪੰਜਾਬ ਦੇ ਹੁਕਮ ਵੇਖ ਕੇ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਸਾਰਾ ਸਮਾਂ ਇਸ ਟੀਮ ਦੇ ਨਾਲ ਰਹੋ ਤੇ ਤਫਤੀਸ਼ ਵਿੱਚ ਮੁਕੰਮਲ ਸਹਿਯੋਗ ਦਿਉ। ਮੈਨੂੰ ਆਪਣਾ ਵੀਜ਼ਾ ਰਿਜੈਕਟ ਹੋਣ ਦੀ ਖਿਝ ਚੜ੍ਹੀ ਹੋਈ ਸੀ। ਹਾਲਾਂਕਿ ਪੁਲਿਸ ਟੀਮ ਦਾ ਵੀਜ਼ੇ ਨਾਲ ਕੋਈ ਸਬੰਧ ਨਹੀਂ ਸੀ, ਪਰ ਮੈਨੂੰ ਸਾਰੇ ਅੰਗਰੇਜ਼ ਇੱਕੋ-ਜਿਹੇ ਲੱਗ ਰਹੇ ਸਨ। ਕਾਰਨ ਦੱਸ ਮੈਂ ਐਸ. ਐਸ. ਪੀ. ਨੂੰ ਕਿਹਾ ਕਿ ਮੈਂ ਇਹਨਾਂ ਨਾਲ ਨਹੀਂ ਜਾਣਾ, ਐਵੇਂ ਮੇਰੇ ਮੂੰਹੋਂ ਕੋਈ ਘੱਟ-ਵੱਧ ਗੱਲ ਨਿੱਕਲ ਜਾਵੇਗੀ। ਐਸ. ਐਸ. ਪੀ. ਸਿਆਣਾ ਸੀ, ਉਸ ਨੇ ਸੋਚਿਆ ਕਾਹਨੂੰ ਐਵੇਂ ਇੰਟਰਨੈਸ਼ਨਲ ਪੰਗਾ ਪਾਉਣਾ ਹੈ। ਉਸ ਨੇ ਇਲਾਕੇ ਦੇ ਡੀ. ਐਸ. ਪੀ. ਦੀ ਡਿਊਟੀ ਲਗਾ ਦਿੱਤੀ।

ਉਸ ਡੀ. ਐਸ. ਪੀ. ਨੇ ਪੂਰੀ ਤਨਦੇਹੀ ਨਾਲ 8-10 ਦਿਨ ਨਾਲੇ ਅੰਗਰੇਜ਼ਾਂ ਦੀ ਪੰਜਾਬੀ ਖਾਣਿਆਂ ਆਦਿ ਨਾਲ ਸੇਵਾ ਕੀਤੀ ਤੇ ਨਾਲੇ ਤਫਤੀਸ਼ ਮੁਕੰਮਲ ਕਰਵਾਈ। ਜਾਣ ਲੱਗੇ ਉਹ ਡੀ. ਐਸ. ਪੀ. ਅਤੇ ਐਸ. ਐਸ. ਪੀ. ਦਾ ਖਾਸ ਧੰਨਵਾਦ ਕਰ ਕੇ ਗਏ। ਕੁਝ ਦਿਨਾਂ ਬਾਅਦ ਹੀ ਡੀ. ਐਸ. ਪੀ. ਨੂੰ ਲੰਡਨ ਤੋਂ ਫੋਨ ਆਇਆ ਕਿ ਜੇ ਉਹ ਇੰਗਲੈਂਡ ਦੀ ਸੈਰ ਕਰਨਾ ਚਾਹੁੰਦੇ ਹਨ ਤਾਂ ਉਸ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਡੀ. ਐਸ. ਪੀ. ਵਿਚਾਰਾ ਮੇਰੇ ਵਾਂਗ ਕਦੇ ਦਿੱਲੀ ਤੋਂ ਅੱਗੇ ਨਹੀਂ ਸੀ ਗਿਆ, ਉਸ ਨੇ ਫੌਰਨ ਹਾਮੀ ਭਰ ਦਿੱਤੀ। ਕੁਝ ਦਿਨਾਂ ਬਾਅਦ ਦੁਬਾਰਾ ਫੋਨ ਆਇਆ ਕਿ ਫਲਾਣੀ ਤਰੀਕ ਨੂੰ ਆਪਣਾ ਪਾਸਪੋਰਟ ਬ੍ਰਿਟਿਸ਼ ਅੰਬੈਸੀ ਵਿੱਚ ਜਮ੍ਹਾ ਕਰਵਾ ਦਿਉ। ਕੁਝ ਦਿਨਾਂ ਬਾਅਦ ਹੀ ਤਿੰਨ ਮਹੀਨੇ ਦਾ ਵੀਜ਼ਾ ਲੱਗ ਕੇ ਪਾਸਪੋਰਟ ਉਸ ਦੇ ਘਰ ਪਹੁੰਚ ਗਿਆ। ਸਾਨੂੰ ਉਸ ਦਿਨ ਪਤਾ ਲੱਗਾ ਜਿਸ ਦਿਨ ਉਹ ਪੈਂਟ, ਕੋਟ, ਟਾਈ ਲਗਾ ਕੇ ਦਿੱਲੀ ਜਾਣ ਲਈ ਵਿਦਾਈ ਲੈਣ ਆਇਆ। ਲੰਡਨ ਵਿੱਚ ਉਸ ਦੇ ਦਸ ਦਿਨ ਫਾਈਵ ਸਟਾਰ ਹੋਟਲ ਵਿੱਚ ਰਹਿਣ ਅਤੇ ਘੁੰਮਣ-ਫਿਰਨ ਦਾ ਪ੍ਰਬੰਧ ਵੀ ਸਕਾਟਲੈਂਡ ਯਾਰਡ ਨੇ ਕੀਤਾ। ਇੰਗਲੈਂਡ ਦਾ ਵੀਜ਼ਾ ਐਨਾ ਕੀਮਤੀ ਮੰਨਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਕੈਨੇਡਾ ਅਤੇ ਅਮਰੀਕਾ ਦਾ ਵੀਜ਼ਾ ਆਮ ਤੌਰ ‘ਤੇ ਲੱਗ ਹੀ ਜਾਂਦਾ ਹੈ। ਉਹ ਵਿਅਕਤੀ ਆਪਣੀ ਸਿਆਣਪ ਅਤੇ ਹਲੀਮੀ ਨਾਲ ਮੁਫਤ ਵਿੱਚ ਇੰਗਲੈਂਡ ਘੁੰਮ ਆਇਆ ਤੇ ਮੈਂ ਆਪਣੀ ਅੜਬੰਗਤਾ ਕਾਰਨ ਰੱਬ ਵੱਲੋਂ ਬਖਸ਼ਿਆ ਸੁਨਹਿਰੀ ਮੌਕਾ ਹੱਥੋਂ ਗੁਆ ਬੈਠਾ, ਜਿਸ ਦਾ ਮੈਨੂੰ ਅੱਜ ਵੀ ਅਫਸੋਸ ਹੈ।

ਪੰਡੋਰੀ ਸਿੱਧਵਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।