ਸਾਬਕਾ ਸੀਐਮ ਚੰਨੀ ਤੋਂ ਵਿਜੀਲੈਂਸ ਨੇ ਕੀਤੀ 3 ਘੰਟੇ ਪੁੱਛਗਿੱਛ

channi

ਆਮਦਨ ਤੋਂ ਵੱਧ ਆਮਦਨ ਦੇ ਮਾਮਲੇ ’ਚ ਹੋਈ ਤੀਜੀ ਵਾਰ ਪੇਸੀ

(ਐੱਮ ਕੇ ਸ਼ਾਇਨਾ) ਮੋਹਾਲੀ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ (Former CM Channi) ਵਿਜੀਲੈਂਸ ਦਫਤਰ ਪਹੁੰਚੇ। ਵਿਜੀਲੈਂਸ ਦੀ ਜਾਂਚ ਟੀਮ ਨੇ ਬੁੱਧਵਾਰ ਤੀਜੀ ਵਾਰ ਉਸ ਤੋਂ ਪੁੱਛਗਿੱਛ ਕੀਤੀ। ਜਾਂਚ ਟੀਮ ਨੇ ਚੰਨੀ ਤੋਂ ਉਸ ਦੀ ਸਾਰੀ ਜਾਇਦਾਦ ਦੇ ਵੇਰਵੇ ਮੰਗੇ ਸਨ। ਇਸ ਮੌਕੇ ਚੰਨੀ ਤੋਂ 3 ਘੰਟੇ ਪੁੱਛਗਿੱਛ ਕੀਤੀ ਗਈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚੰਨੀ ਜਾਇਦਾਦ ਨਾਲ ਸਬੰਧਤ ਦਸਤਾਵੇਜ ਲੈ ਕੇ ਵਿਜੀਲੈਂਸ ਟੀਮ ਕੋਲ ਪਹੁੰਚਿਆ ਸੀ। ਪਰ ਵਿਜੀਲੈਂਸ ਉਸ ਵੱਲੋਂ ਦਿੱਤੀ ਸੂਚਨਾ ਤੋਂ ਸੰਤੁਸਟ ਨਹੀਂ ਸੀ। ਇਸ ਕਾਰਨ ਤੀਜੀ ਵਾਰ ਜਾਂਚ ਦੌਰਾਨ ਉਸ ਤੋਂ ਉਸ ਦੀ ਸਾਰੀ ਜਾਇਦਾਦ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੰਗੀ ਗਈ।

ਚੰਨੀ ਨੇ ਕਿਹਾ, ਸਰਕਾਰ ਮੈਨੂੰ ਹਰ ਹਾਲਤ ਵਿਚ ਅੰਦਰ ਕਰਨਾ ਚਾਹੁੰਦੀ ਹੈ

3 ਘੰਟੇ ਤੱਕ ਚੱਲੀ ਪੁੱਛਗਿਛ ਮਗਰੋਂ ਵਿਜੀਲੈਂਸ ਦੀ ਕਾਰਵਾਈ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ, ਸਰਕਾਰ ਮੈਨੂੰ ਹਰ ਹਾਲਤ ਵਿਚ ਅੰਦਰ ਕਰਨਾ ਚਾਹੁੰਦੀ ਹੈ, ਕਰੀਬ ਡੇਢ ਸਾਲ ਤੋਂ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਦੇ ਵਿਆਹ ਦਾ ਖਰਚਾ ਅਤੇ ਕਦੇ ਰੋਟੀ ਦਾ ਖਰਚਾ ਅਤੇ ਹੁਣ ਜ਼ਮੀਨ ਦਾ ਹਿਸਾਬ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਨੇ ਵੋਟਾਂ ਤੋਂ ਪਹਿਲਾਂ ਮੇਰੇ ਵਿਰੁੱਧ ਝੂਠਾ ਪ੍ਰਚਾਰ ਕੀਤਾ ਸੀ ਕਿ ਮੇਰੇ ਕੋਲ 169 ਕਰੋੜ ਦੀ ਜਾਇਦਾਦ ਹੈ। ਮੈਂ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਾ ਹਾਂ ਕਿ ਮੇਰੀ ਇਸ ਜਾਇਦਾਦ ਦਾ ਵੇਰਵਾ ਅਖ਼ਬਾਰਾਂ ਵਿਚ ਨਸ਼ਰ ਕਰੋ। ਮੈਂ ਅਪਣੀ ਜਾਇਦਾਦ ਦਾ ਪੂਰਾ ਵੇਰਵਾ ਵਿਜੀਲੈਂਸ ਨੂੰ ਸੌਂਪ ਦਿੱਤਾ ਹੈ, ਤੁਸੀਂ ਇਸ ਨੂੰ ਅਖ਼ਬਾਰਾਂ ਵਿਚ ਨਸ਼ਰ ਕਰੋ ਤਾਂ ਕਿ ਲੋਕਾਂ ਨੂੰ ਸੱਚਾਈ ਪਤਾ ਲੱਗ ਸਕੇ।

ਇਹ ਵੀ ਪੜ੍ਹੋ : ਸਿਹਤ ਵਿਭਾਗ ਦੀ ਟੀਮ ਨੇ ਤੰਬਾਕੂ ਵੇਚਣ ਵਾਲਿਆਂ ਦੇ ਕੱਟੇ ਚਲਾਨ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਮੋਗਾ ਵਿਚ ਮੁੱਖ ਮੰਤਰੀ ਇਕ ਟੋਲ ਪਲਾਜ਼ਾ ਬੰਦ ਕਰਵਾਉਣ ਗਏ ਹਨ, ਉਥੇ ਕਿੰਨੇ ਪੁਲਿਸ ਕਰਮਚਾਰੀ ਗਏ ਹੋਣਗੇ ਤੇ ਇਕ ਹੈਲੀਕਾਪਟਰ ਵੀ ਗਿਆ ਹੈ। ਪੰਜਾਬ ਦਾ ਕਿੰਨਾ ਖਰਚਾ ਹੋ ਰਿਹਾ ਹੈ, ਜਿਹੜੇ ਟੋਲ ਪਲਾਜ਼ੇ ਦੀ ਮਿਆਦ ਹੀ ਖ਼ਤਮ ਹੋ ਗਈ, ਉਹ ਬਾਅਦ ਵਿਚ ਕਿਵੇਂ ਚੱਲੇਗਾ। ਉਸ ਨੂੰ ਬੰਦ ਕਰਨ ਦਾ ਡਰਾਮਾ ਕਿਉਂ ਕੀਤਾ ਜਾ ਰਿਹਾ ਹੈ? ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਪੁੱਛਿਆ ਕਿ ਹੈਲੀਕਾਪਟਰ ਬਾਰੇ ਆਰ.ਟੀ.ਆਈ. ਜ਼ਰੀਏ ਜਾਣਕਾਰੀ ਦੇਣ ਲਈ ਵਿਚ ਇਤਰਾਜ਼ ਕੀ ਹੈ?

ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਏ ਜਾਣ ’ਤੇ ਚੰਨੀ ਨੇ ਕਿਹਾ, ਭਾਜਪਾ ਨੇ ਫ਼ੈਸਲਾ ਕਰ ਲਿਆ ਹੈ ਕਿ ਦੇਸ਼ ਭਰ ਵਿਚ ਦਲਿਤਾਂ ਨੂੰ ਨੀਵਾਂ ਦਿਖਾਉਣਾ ਹੈ ਕਿਉਂਕਿ ਜਾਖੜ ਨੇ ਕਿਹਾ ਸੀ ਕਿ ‘ਕਾਂਗਰਸ ਨੇ ਪੈਰਾਂ ਵਿਚ ਬਿਠਾਉਣ ਵਾਲੇ ਲੋਕਾਂ ਨੂੰ ਸਿਰ ਉਤੇ ਬਿਠਾ ਲਿਆ ਹੈ’। ਇਹੀ ਕਾਰਨ ਸੀ ਕਿ ਕਾਂਗਰਸ ਨੇ ਉਨ੍ਹਾਂ ਨੂੰ ਦਲਿਤਾਂ ਵਿਰੁਧ ਬੋਲਣ ਲਈ ਨੋਟਿਸ ਜਾਰੀ ਕੀਤਾ ਸੀ। ਭਾਜਪਾ ਆਉਣ ਵਾਲੇ ਸਮੇਂ ਵਿਚ ਦਲਿਤ ਵਿਰੋਧੀ ਕਾਰਵਾਈਆਂ ਕਰੇਗੀ।