ਵਿਧਾਨ ਸਭਾ ਦੇ ਚਿੱਠੀ-ਪੱਤਰ ਲਈ ਖਹਿਰਾ ਨੇ ਕੀਤੀ ‘ਨੋ ਐਂਟਰੀ’

Vidhan Sabha, Khaira

ਸੁਖਪਾਲ ਖਹਿਰਾ ਦੀ ਕੋਠੀ ‘ਚ ਸਥਿੱਤ ਸਟਾਫ਼ ਜਾਂ ਫਿਰ ਮੌਜੂਦ ਵਿਅਕਤੀ ਨਹੀਂ ਲੈ ਰਿਹਾ ਐ ਵਿਧਾਨ ਸਭਾ ਦਾ ਚਿੱਠੀ-ਪੱਤਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਵਿੱਚ ਆਪਣੀ ਮੈਂਬਰਸ਼ਿਪ ਬਚਾਉਣ ਲਈ ਸੁਖਪਾਲ ਖਹਿਰਾ ਕੋਈ ਵੀ ਸਰਕਾਰੀ ਨੋਟਿਸ ਜਾਂ ਫਿਰ ਚਿੱਠੀ ਲੈਣ ਤੋਂ ਹੀ ਸਾਫ਼ ਇਨਕਾਰ ਕਰ ਰਹੇ ਹਨ। ਇਥੇ ਤੱਕ ਕਿ ਇਸ ਸਬੰਧੀ ਸੁਖਪਾਲ ਖਹਿਰਾ ਨੇ ਬਕਾਇਦਾ ਆਪਣੀ ਕੋਠੀ ਵਿਖੇ ਸਥਿਤ ਕਰਮਚਾਰੀਆਂ ਨੂੰ ਹਦਾਇਤਾਂ ਤੱਕ ਕੀਤੀ ਹੋਈਆ ਹਨ ਕਿ ਵਿਧਾਨ ਸਭਾ ਵੱਲੋਂ ਆਉਣ ਵਾਲੀ ਕਿਸੇ ਵੀ ਡਾਕ ਨੂੰ ਨਾ ਲਿਆ ਜਾਵੇ। ਜਿਸ ਦੇ ਚਲਦੇ 15 ਦਿਨ ਪਹਿਲਾਂ ਵਿਧਾਨ ਸਭਾ ਵੱਲੋਂ ਭੇਜੀਆਂ ਹੋਇਆ ‘ਕਾਰਨ ਦੱਸੋ’ ਨੋਟਿਸ ਵੀ ਵਾਪਸ ਵਿਧਾਨ ਸਭਾ ਕੋਲ ਆ ਗਿਆ ਹੈ। ਇਸ ਸਰਕਾਰੀ ਨੁਕਤੇ ਦੌਰਾਨ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਮੁੜ ਤੋਂ 15 ਦਿਨ ਦਾ ਨੋਟਿਸ ਭੇਜ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਸੁਖਪਾਲ ਖਹਿਰਾ ਨੂੰ 19 ਫਰਵਰੀ ਤੱਕ ਆਪਣਾ ਪੱਖ ਰੱਖਣਾ ਪਏਗਾ। ਜੇਕਰ ਇਸ ਵਾਰ ਵੀ ਸੁਖਪਾਲ ਖਹਿਰਾ ਵੱਲੋਂ ਇਸ ਨੋਟਿਸ ਨੂੰ ਨਹੀਂ ਲਿਆ ਗਿਆ ਤਾਂ ਵਿਧਾਨ ਸਭਾ ਵੱਲੋਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣ ਜਾਂ ਫਿਰ ਖਹਿਰਾ ਦੇ ਘਰ ਦੇ ਬਾਹਰ ਨੋਟਿਸ ਚਿਪਕਾਉਣ ਲਈ ਵੀ ਮਜ਼ਬੂਰ ਹੋਣਾ ਪੈ ਸਕਦਾ ਹੈ।
ਸਿਰਫ਼ ਵਿਧਾਨ ਸਭਾ ਵੱਲੋਂ ਭੇਜਿਆ ਗਿਆ ਨੋਟਿਸ ਹੀ ਨਹੀਂ ਸਗੋਂ ਪੰਜਾਬ ਵਿਧਾਨ ਸਭਾ ਵੱਲੋਂ ਬਤੌਰ ਮੈਂਬਰ ਸੁਖਪਾਲ ਖਹਿਰਾ ਨੂੰ ਭੇਜੀ ਜਾਣ ਵਾਲੀ ਹਰ ਡਾਕ  ਸੁਖਪਾਲ ਖਹਿਰਾ ਜਾਂ ਫਿਰ ਉਨਾਂ ਦੇ ਸਟਾਫ਼ ਮੈਂਬਰਾਂ ਵਲੋਂ ਲੈਣ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਵਿਧਾਨ ਸਭਾ ਦੀ ਹਰ ਡਾਕ ਨਹੀਂ ਲੈਣ ਦੇ ਕਾਰਨ ਵਾਪਸ ਆ ਰਹੀਂ ਹੈ। ਅਗਾਮੀ ਬਜਟ ਸੈਸ਼ਨ ਦੀ ਜਾਣਕਾਰੀ ਦੇਣ ਸਬੰਧੀ ਵੀ ਸੁਖਪਾਲ ਖਹਿਰਾ ਨੂੰ ਦਸਤੀ ਡਾਕ ਭੇਜੀ ਗਈ ਸੀ ਪਰ ਸੁਖਪਾਲ ਖਹਿਰਾ ਨੇ ਸਟਾਫ਼ ਮੈਂਬਰ ਜਾਂ ਫਿਰ ਕੋਠੀ ਵਿਖੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਉਹ ਡਾਕ ਵੀ ਲੈਣ ਤੋਂ ਸਾਫ਼ ਕਰ ਦਿੱਤਾ ਹੈ। ਜਿਸ ਕਾਰਨ ਖਹਿਰਾ ਨੂੰ ਭੇਜੀ ਜਾਣ ਵਾਲੀ ਹਰ ਤਰਾਂ ਦੀ ਡਾਕ ਵਾਪਸ ਆ ਰਹੀਂ ਹੈ।
ਇਥੇ ਦੱਸਣ ਯੋਗ ਹੈ ਕਿ ਸੁਖਪਾਲ ਖਹਿਰਾ ਵਲੋਂ ਆਮ ਆਦਮੀ ਪਾਰਟੀ ਤੋਂ ਆਪਣਾ ਅਸਤੀਫ਼ਾ ਦਿੰਦੇ ਹੋਏ ਖ਼ੁਦ ਦੀ ਨਵੀਂ ਪਾਰਟੀ ਬਣਾ ਲਈ ਗਈ ਸੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਭੁਲੱਥ ਦੇ ਇੱਕ ਵੋਟਰ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਦਿੰਦੇ ਹੋਏ ਸੁਖਪਾਲ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਸੀ। ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਇਸ ਸਬੰਧੀ ਕਾਰਵਾਈ ਕਰਦੇ ਹੋਏ ਪਿਛਲੀ 21 ਜਨਵਰੀ ਨੂੰ 15 ਦਿਨ ਦਾ ਨੋਟਿਸ ਜਾਰੀ ਕਰਦੇ ਹੋਏ ਸੁਖਪਾਲ ਖਹਿਰਾ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਸੀ ਪਰ ਡਾਕ ਰਾਹੀਂ ਭੇਜੇ ਗਏ ਇਸ ਨੋਟਿਸ ਨੂੰ ਸੁਖਪਾਲ ਖਹਿਰਾ ਵਲੋਂ ਲਿਆ ਹੀ ਨਹੀਂ ਗਿਆ ਅਤੇ ਇਸ ਨੋਟਿਸ ਨੂੰ ਵਾਪਸ ਭੇਜ ਦਿੱਤਾ ਗਿਆ।
ਇਸ ਸਬੰਧੀ ਸੁਖਪਾਲ ਖਹਿਰਾ ਦਾ ਕਈ ਵਾਰ ਪੱਖ ਲੈਣ ਦੀ ਕੋਸ਼ਸ਼ ਕੀਤੀ ਗਈ ਪਰ ਸੁਖਪਾਲ ਖਹਿਰਾ ਦੇ ਪੀ.ਏ. ਵਲੋਂ ਹੀ ਹਰ ਵਾਰ ਫੋਨ ਚੁੱਕ ਕੇ ਕਿਹਾ ਗਿਆ ਕਿ ਉਹ ਕਾਫ਼ੀ ਜਿਆਦਾ ਰੁੱਝੇ ਹੋਏ ਹਨ ਅਤੇ ਇਸ ਲਈ ਅਜੇ ਗੱਲਬਾਤ ਨਹੀਂ ਕਰ ਸਕਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।