ਸਾਡੇ ਨਾਲ ਸ਼ਾਮਲ

Follow us

24.3 C
Chandigarh
Monday, February 16, 2026
More
    Home ਵਿਚਾਰ ਲੇਖ ਕਿਰਤੀ ਕੌਮ ਦੀਆ...

    ਕਿਰਤੀ ਕੌਮ ਦੀਆਂ ਦੋ ਮਹਾਨ ਹਸਤੀਆਂ

    ਪੰਜ ਮਈ ਦੇ ਦਿਨ 294 ਸਾਲ ਪਹਿਲਾਂ 1723 ‘ਚ ਜੱਸਾ ਸਿੰਘ ਰਾਮਗੜ੍ਹੀਏ ਨੇ ਮਾਤਾ ਗੰਗੋ ਦੀ ਕੁੱਖੋਂ ਪਿਤਾ ਸ. ਭਗਵਾਨ ਸਿੰਘ ਦੇ ਘਰ ਪਿੰਡ ਈਚੋਗਿਲ ਜ਼ਿਲ੍ਹਾ ਲਾਹੌਰ ਤੇ 101 ਸਾਲ ਪਹਿਲਾਂ 1916 ‘ਚ ਗਿਆਨੀ ਜੈਲ ਸਿੰਘ ਨੇ ਮਾਤਾ ਇੰਦੀ ਕੌਰ ਦੀ ਕੁੱਖੋਂ ਭਾਈ ਕਿਸ਼ਨ ਸਿੰਘ ਦੇ ਘਰ ਪਿੰਡ ਸੰਧਵਾਂ ਜ਼ਿਲ੍ਹਾ ਫ਼ਰੀਦਕੋਟ ਵਿਖੇ ਜਨਮ ਲਿਆ।ਦੋਵਾਂ ਭਾਰਤੀ ਇਤਿਹਾਸ ‘ਚ ਮਹਾਨ ਵਿਅਕਤੀ ਮੰਨੇ ਜਾਂਦੇ ਹਨ ਇਨ੍ਹਾਂ ਦਾ ਪਿਛੋਕੜ ਕਿਰਤੀ ਪਰਿਵਾਰਾਂ ‘ਚੋਂ ਹੈ। ਦੋਵਾਂ ਦੀ ਸ਼ਖ਼ਸੀਅਤ ‘ਚ ਬਹੁਤ ਸਾਰੀਆਂ ਸਮਾਨਤਾਵਾਂ ਹਨ ਦੋਵਂੇ ਬਹੁਤ ਸੂਝਵਾਨ ਤੇ ਦੂਰਦਰਸ਼ੀ ਸਨ, ਉਹ ਨਿੱਘੇ ਸੁਭਾਅ ਦੇ ਵਿਅਕਤੀ ਸਨ।ਉਨ੍ਹਾਂ ਦਾ ਵਡੱਪਣ ਸੀ ਕਿ ਉਹ ਆਮ ਲੋਕਾਂ ਤੋਂ ਲੈ ਕੇ ਆਪਣੇ ਵਿਰੋਧੀਆਂ ਤੱਕ ਨਾਲ ਨਿਮਰਤਾ ਨਾਲ ਪੇਸ਼ ਆਉਂਦੇ ਸਨ।

    ਇਤਿਹਾਸਕ ਪੱਖ ‘ਤੇ ਨਜ਼ਰ ਮਾਰੀਏ ਤਾਂ ਇਤਫ਼ਾਕ ਨਾਲ ਲਾਲ ਕਿਲ੍ਹੇ ਦੀ ਫਸੀਲ ‘ਤੇ ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਸ. ਜੱਸਾ ਸਿੰਘ ਰਾਮਗੜ੍ਹੀਏ ਨੂੰ ਕੇਸਰੀ ਨਿਸ਼ਾਨ ਤੇ ਗਿਆਨੀ ਜੈਲ ਸਿੰਘ ਨੂੰ  ਤਿਰੰਗਾ ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ। ਜੱਸਾ ਸਿੰਘ ਰਾਮਗੜ੍ਹੀਏ ਦੇ ਪੁਰਖਿਆਂ ਨੇ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਸੇਵਾ ਕੀਤੀ ਜਿਸ ਕਰਕੇ ਜੱਸਾ ਸਿੰਘ ਰਾਮਗੜ੍ਹੀਏ ਨੂੰ ਗੁਰੂ ਘਰ ਦੀ ਸੇਵਾ ਅਤੇ ਜ਼ਬਰ-ਜ਼ੁਲਮ ਦੇ ਵਿਰੁੱਧ ਆਵਾਜ਼, ਮਜ਼ਲੂਮਾਂ ਦੀ ਰੱਖਿਆ ਦੀ ਗੁੜ੍ਹਤੀ ਮਿਲੀ। ਉਨ੍ਹਾਂ ਆਪਣੇ ਪਿਤਾ ਗਿਆਨੀ ਭਗਵਾਨ ਸਿੰਘ ਜੀ ਪਾਸੋਂ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ , ਜੋ ਕਿ ਇੱਕ ਉੱਚ ਆਚਰਨ ਵਾਲੇ ਕਿਰਤੀ ਤੇ ਸਿਦਕਵਾਨ ਸਨ । ਉਨ੍ਹਾਂ ਨੇ ਬਾਲਗ ਜੱਸਾ ਸਿੰਘ ਨੂੰ ਤਰਖਾਣੇ ਕੰਮ ‘ਚ ਹੱਥ ਵਟਾਉਣ ਲਈ ਲਾਉਣਾ ਚਾਹਿਆ, ਪ੍ਰੰਤੂ ਉਸ ਨੇ ਦਿਲਚਸਪੀ ਨਾ ਲਈ।ਨਾਦਰ ਸ਼ਾਹ ਦੇ ਹਮਲੇ ਕਾਰਨ ਪਰਿਵਾਰ ਨੂੰ ਪਿੰਡ ਛੱਡਣਾ ਪਿਆ।

    1738 ਈ. ‘ਚ ਜਦੋਂ ਜਕਰੀਆ ਖਾਨ ਨੂੰ ਪਤਾ ਲੱਗਾ ਕਿ ਨਾਦਰ ਸ਼ਾਹ ਪੰਜਾਬ ਵੱਲ ਵਧ ਰਿਹਾ ਤਾਂ ਉਸਨੇ ਬਹਾਦਰ ਸਿੰਘਾਂ ਨਾਲ ਸੁਲਾਹ ਕਰਕੇ ਨਾਦਰ ਸ਼ਾਹ ਦਾ ਟਾਕਰਾ ਕਰਨ ਲਈ ਮੱਦਦ ਲੈਣ ਲਈ ਸਿੱਖਾਂ ਨੂੰ ਇੱਕ ਜਗੀਰ ਤੇ ਖਿਲਤ ਪੇਸ਼ ਕੀਤੀ, ਜੋ ਸਿੱਖਾਂ ਨੇ ਸਰਬਸੰਮਤੀ ਨਾਲ ਨਵਾਬ ਕਪੂਰ ਸਿੰਘ ਨੂੰ ਦੇ ਦਿੱਤੀ।ਮਿੱਤਰਤਾ ਦੇ ਫੈਸਲੇ ਨੂੰ ਸਾਰੇ ਸਿੰਘਾਂ ਨੇ ਪ੍ਰਵਾਨ ਕਰਕੇ ਬਹੁਤ ਸਾਰੇ ਸਿੰਘ ਨਾਦਰ ਸ਼ਾਹ ਦੇ ਖਿਲਾਫ ਫ਼ੌਜ਼ ‘ਚ ਭਰਤੀ ਹੋ ਗਏ ਜਿਨ੍ਹਾਂ ‘ਚ ਗਿਆਨੀ ਭਗਵਾਨ ਸਿੰਘ ਤੇ ਜੱਸਾ ਸਿੰਘ ਵੀ ਸ਼ਾਮਲ ਸਨ ।

    1738 ਈ. ‘ਚ ਵਜੀਰਾਬਾਦ ਜ਼ਿਲ੍ਹਾ ਗੁਜਰਾਂਵਾਲਾ,(ਪਾਕਿਸਤਾਨ) ਨੇੜੇ ਟਾਕਰਾ ਹੋਇਆ ਜਿਸ ਵਿਚ  ਗਿਆਨੀ ਭਗਵਾਨ ਸਿੰਘ ਸ਼ਹੀਦ ਹੋ ਗਏ। ਜੱਸਾ ਸਿੰਘ ਏਨੀ ਦਲੇਰੀ, ਨਿੱਡਰਤਾ, ਸੂਰਬੀਰਤਾ ਤੇ ਹਿੰਮਤ ਨਾਲ ਲੜਿਆ ਕਿ ਜਕਰੀਆ ਖਾਨ ਵੀ ਪ੍ਰਭਾਵਿਤ ਹੋਣੋਂ ਨਾ ਰਹਿ ਸਕਿਆ। ਜ਼ਕਰੀਆ ਖ਼ਾਨ ਨੇ ਭਗਵਾਨ ਸਿੰਘ ਦੇ ਪਰਿਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਪਿੰਡ ਵੱਲਾ,ਵੇਰਕਾ, ਸੁਲਤਾਨਵਿੰਡ, ਤੁੰਗ ਤੇ ਚੱਬਾ ਜਗੀਰ ਵਜੋਂ ਦੇ ਦਿੱਤੇ ਤੇ ਜੱਸਾ ਸਿੰਘ ਨੂੰ ਰਸਾਲਦਾਰ ਦੀ ਪਦਵੀ। ਇਨ੍ਹਾਂ ‘ਚੋਂ ਪਿੰਡ ਵੱਲਾ ਜੱਸਾ ਸਿੰਘ ਦੇ ਹਿੱਸੇ ਆਇਆ ਜਿੱਥੋਂ ਉਨ੍ਹਾਂ ਦਾ ਰਾਜਸੀ ਜੀਵਨ ਆਰੰਭ ਹੋਇਆ। ਇਥੇ ਰਹਿੰਦਿਆਂ ਜਲੰਧਰ ਦੁਆਬੇ ਦੇ ਫ਼ੌਜ਼ਦਾਰ ਅਦੀਨਾ ਬੇਗ ਨਾਲ ਹੱਦਾਂ ਦੀ ਵੰਡ ਨੂੰ ਲੈ ਕੇ  ਨੌਰੰਗਾਬਾਦ ਦੇ ਆਸ ਪਾਸ ਲੜਾਈ ਲੜੀ ਗਈ ਅਦੀਨਾ ਬੇਗ ਨੇ ਸ. ਜੱਸਾ ਸਿੰਘ ਨਾਲ ਵੈਰ ਵਧਾਉਣ ਦੀ ਬਜਾਏ ਉਸਦੀ ਤਾਕਤ ਦਾ ਫਾਇਦਾ ਲੈਣ ਦੀ ਰਣਨੀਤੀ ਅਪਣਾਈ। ਉਸਨੇ ਜੱਸਾ ਸਿੰਘ ਨੂੰ ਆਪਣੀ ਫ਼ੌਜ਼ ‘ਚ ਭਰਤੀ ਕਰਕੇ 500 ਘੋੜ ਸਵਾਰਾਂ ਦਾ ਆਗੂ ਨਿਯੁਕਤ ਕਰ ਦਿੱਤਾ। ਇਧਰੋਂ ਸਿੱਖ ਸਰਦਾਰ ਵੀ ਸ. ਜੱਸਾ ਸਿੰਘ ਨੂੰ ਅਦੀਨਾ ਬੇਗ ਨਾਲ ਗੱਲਬਾਤ ਕਰਨ ਲਈ ਆਪਣੇ ਸਫੀਰ ਦੇ ਤੌਰ ‘ਤੇ ਰੱਖਣਾ ਚਾਹੁੰਦੇ ਸਨ ਸਿਰਫ  ਜੱਸਾ ਸਿੰਘ ਆਹਲੂਵਾਲੀਆ ਹੀ ਅਦੀਨਾ ਬੇਗ ਨਾਲ ਸੁਲਾਹ ਦੇ ਖਿਲਾਫ ਸੀ।

    1748 ਨੂੰ ਹੀ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਪਹਿਲੀ ਵਾਰ ਹਮਲਾ ਕੀਤਾ ਤੇ ਇਸ ਨੂੰ ਮੁਈਨ-ਉਲ-ਮੁਲਕ ਨੇ ਮਨੂੰਪੁਰ ਦੇ ਅਸਥਾਨ ‘ਤੇ ਭਾਰੀ ਹਾਰ ਦਿੱਤੀ, ਜਿਸ ਤੋਂ ਬਾਦਸ਼ਾਹ ਨੇ ਖੁਸ਼ ਹੋ ਕੇ ਉਸਨੂੰ ਮੀਰ-ਮੰਨੂ ਦਾ ਖਿਤਾਬ ਦੇ ਕੇ ਪੰਜਾਬ ਦਾ ਗਵਰਨਰ ਥਾਪ ਦਿੱਤਾ। ਮੀਰ ਮਨੂੰ ਸਿੱਖਾਂ ਦੀ ਵਧਦੀ ਤਾਕਤ ਨੂੰ ਦੇਖ ਕੇ ਬਹੁਤ ਘਬਰਾ ਗਿਆ ਤੇ ਆਪਣੀ ਗੱਦੀ ਨੂੰ ਕਾਇਮ ਰੱਖਣ ਲਈ ਸਿੱਖਾਂ ਨੂੰ ਖਤਮ ਕਰਨ ਦੀ ਨੀਤੀ ਅਪਣਾਈ। ਅਮਨ ਕਾਇਮ ਕਰਨ ਦੇ ਬਹਾਨੇ ਉਸਨੇ ਇਲਾਕੇ ‘ਚ ਗਸ਼ਤੀ ਭੇਜ ਕੇ ਸਿੱਖਾਂ ਦੇ ਕਤਲ-ਏ-ਆਮ ਦਾ ਹੁਕਮ ਚਾੜ੍ਹ ਦਿੱਤਾ।ਸਿੱਖ ਰੁਪੋਸ਼ ਹੋ ਗਏ। ਕੁਝ ਚੋਣਵੇਂ ਯੋਧੇ ਹਰਮੰਦਰ ਸਾਹਿਬ ਦੀ ਰਾਖੀ ਹਿੱਤ ਰਾਮ ਰੌਣੀ ‘ਚ ਜਮ੍ਹਾ ਹੋ ਗਏ। ਮੀਰ ਮਨੂੰ ਨੇ ਆਪਣੀਆਂ ਫ਼ੌਜਾਂ ਨੂੰ ਰਾਮ ਰੌਣੀ ਨੂੰ ਘੇਰਨ ਦਾ ਹੁਕਮ ਦੇ ਦਿੱਤਾ ਤੇ ਨਾਲ ਹੀ ਅਦੀਨਾ ਬੇਗ ਨੂੰ ਵੀ ਫ਼ੌਜ਼ ਸਮੇਤ ਅੰਮ੍ਰਿਤਸਰ ਪਹੁੰਚਣ ਲਈ ਕਿਹਾ।ਅਦੀਨਾ ਬੇਗ ਨੂੰ ਸ. ਜੱਸਾ ਸਿੰਘ ਨੂੰ ਨਾਲ ਲੈ ਕੇ ਰਾਮ ਰੌਣੀ ਦੇ ਘੇਰੇ ਵਿਚ ਸ਼ਾਮਲ ਹੋਇਆ।

    ਤਕਰੀਬਨ 6 ਮਹੀਨੇ ਘੇਰਾ ਪਿਆ ਰਿਹਾ, ਰਸਦ ਵਗੈਰਾ ਮੁੱਕਣ ਨਾਲ ਸਿੰਘਾਂ ਦੀ ਹਾਲਤ ਮਾੜੀ ਹੋ ਗਈ। ਇਸ ਦੌਰਾਨ ਸਿੱਖ ਫ਼ੌਜ ਨੇ ਸ. ਜੱਸਾ ਸਿੰਘ ਨੂੰ ਸੰਦੇਸ਼ਾ ਘੱਲਿਆ ਕਿ ਇਸ ਵੇਲੇ ਅਸੀਂ ਮੁਸੀਬਤ ‘ਚ ਹਾਂ ਤੇ ਸਾਡੀ ਮੱਦਦ ਕਰੋ। ਸ. ਜੱਸਾ ਸਿੰਘ ਮੁਗਲ ਫ਼ੌਜ ਦਾ ਸਾਥ ਛੱਡ ਕੇ ਆਪਣੇ ਸਾਰੇ ਸਾਥੀਆਂ ਸਮੇਤ ਰਾਮ ਰੌਣੀ ‘ਚ ਆ ਗਿਆ। ਸਿੱਖ ਫ਼ੌਜ਼ ਦੇ ਹੌਂਸਲੇ ਦੁੱਗਣੇ ਹੋ ਗਏ ਤੇ ਮੁਗਲ ਫ਼ੌਜ਼ ਦੇ ਹੌਂਸਲੇ ਪਸਤ ਹੋ ਗਏ।ਉਧਰੋਂ ਅਹਿਮਦ ਸ਼ਾਹ ਅਬਦਾਲੀ ਦੇ ਮੁੜ ਹਮਲੇ ਦੀ ਖਬਰ ਨੇ ਮੀਰ ਮੰਨੂ ਨੂੰ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਜ਼ਬੂਰ ਕਰ ਦਿੱਤਾ। ਸ. ਜੱਸਾ ਸਿੰਘ ਦੀ ਇਸ ਔਖੇ ਸਮੇਂ ਕੌਮ ਦੀ ਮੱਦਦ ਕਰਨ ਲਈ ਬਹੁਤ ਪ੍ਰਸੰਸਾ ਕੀਤੀ ਤੇ ਉਸਨੂੰ ਰਾਮ ਰੌਣੀ ਦੀ ਜੱਥੇਦਾਰੀ ਸੌਂਪ ਦਿੱਤੀ।ਸ. ਜੱਸਾ ਸਿੰਘ ਨੇ ਜਥੇਦਾਰੀ ਮਿਲਣ ਤੋਂ ਬਾਦ ਰਾਮ ਰੌਣੀ ਨੂੰ ਇੱਕ ਵਿਸ਼ਾਲ ਪੱਕੇ ਕਿਲ੍ਹੇ ਦੀ ਸ਼ਕਲ ਦੇ ਦਿੱਤੀ ਤੇ ਇਸਦਾ ਨਾਂਅ ‘ਰਾਮਗੜ੍ਹ’ ਰੱਖ ਦਿੱਤਾ।ਇਹ ਕਿਲ੍ਹਾ ਮੁਗਲਾਂ ਦੀਆਂ ਅੱਖਾਂ ‘ਚ ਰੜਕਣ ਲਗਾ।

    ਰਾਮਗੜ੍ਹ ਕਿਲ੍ਹੇ ਨੂੰ ਢਾਹੁਣ ਤੇ ਵਾਰ-ਵਾਰ ਉਸਾਰਨ ਤੇ ਇਸਦੀ ਰਾਖੀ ਲਈ ਲੜਦਿਆਂ ਸ. ਜੱਸਾ ਸਿੰਘ ਤੇ ਬਾਕੀ ਸਾਰੇ ਯੋਧਿਆਂ ਨੂੰ ‘ਰਾਮਗੜ੍ਹ ਕਿਲ੍ਹੇ ਵਾਲੇ’ ਕਿਹਾ ਜਾਣ ਲੱਗਾ ਸ. ਜੱਸਾ ਸਿੰਘ ਹੁਣ ‘ਰਾਮਗੜ੍ਹੀਆ’ ਵਜੋਂ ਜਾਣਿਆ ਜਾਣ ਲੱਗ ਪਿਆ। ਜਦੋਂ ਸਿੱਖ ਬਾਰਾਂ ਮਿਸਲਾਂ ‘ਚ ਵੰਡੇ ਗਏ ਤਾਂ ਸ. ਜੱਸਾ ਸਿੰਘ ਉਸ ਵੇਲੇ ਸ. ਨੰਦ ਸਿੰਘ ਸੰਘਾਣੀਆਂ ਦੀ ਮਿਸਲ ‘ਚ ਸੀ ਤੇ ਸੰਘਾਣੀਆਂ ਦੀ ਮੌਤ ਦੇ ਬਾਦ ਇਸ ਨੂੰ ਮਿਸਲ ਦਾ ਮੁਖੀ ਥਾਪ ਦਿੱਤਾ ਗਿਆ ਜੋ ਕਿ ਬਾਦ ‘ਚ ‘ਰਾਮਗੜ੍ਹੀਆ ਮਿਸਲ’ ਵਜੋਂ ਮਸ਼ਹੂਰ ਹੋਈ। ਸ. ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੀ ਬੁਹਾਦਰੀ, ਸਿਆਣਪ, ਦੂਰਅੰਦੇਸ਼ੀ ਨਾਲ ਇਸ ਮਿਸਲ ਨੂੰ ਸਾਰੀਆਂ ਮਿਸਲਾਂ ਨਾਲੋਂ ਤਾਕਤਵਰ ਬਣਾ ਦਿੱਤਾ ਤੇ ਇਲਾਕਿਆਂ ਦਾ ਸੱਭ ਤੋਂ ਵੱਧ ਵਿਸਥਾਰ ਕਰਕੇ ਮਹਾਰਾਜਾ ਦਾ ਦਰਜਾ ਪ੍ਰਾਪਤ ਕੀਤਾ। ਉਸਨੇ ਆਪਣੇ ਰਾਜ ਵਿੱਚ ਤਕਰੀਬਨ 360 ਕਿਲ੍ਹੇ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਲਈ ਰਾਮਗੜ੍ਹੀਆ ਬੁੰਗਾ ਤੇ ਦੋ ਮਿਨਾਰ ਬਣਾਏ।

    ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਦੀਆਂ ਲਗਾਤਾਰ ਜਿੱਤਾਂ ਨਾਲ ਫ਼ੌਜ਼ੀ ਤਾਕਤ ‘ਚ ਵਾਧਾ ਹੋਣ ਕਰਕੇ ਸਾਰੀਆਂ ਮਿਸਲਾਂ ਉਨ੍ਹਾਂ ਨਾਲ ਈਰਖਾ ਕਰਨ ਲੱਗ ਪਈਆਂ। ਸ. ਜੱਸਾ ਸਿੰਘ ਆਹਲੂਵਾਲੀਏ ਦੀ ਰਾਮਗੜ੍ਹੀਆ ਹੱਥੋਂ ਗ੍ਰਿਫਤਾਰੀ ਤੇ ਸ. ਚੜ੍ਹਤ ਸਿੰਘ ਸ਼ੁਕਰਚੱਕੀਏ ਦੀ ਹਾਰ ਨੇ ਬਾਕੀ ਮਿਸਲਾਂ ਦੇ ਗੱਠਜੋੜ ਦਾ ਮੁੱਢ ਬੰਨ੍ਹ ਦਿੱਤਾ। ਇਨ੍ਹਾਂ ਨੇ ਰਾਮਗੜ੍ਹੀਏ ਦੇ ਸਾਰੇ ਇਲਾਕਿਆਂ ‘ਤੇ ਕਬਜ਼ਾ ਕਰ ਲਿਆ।

    ਰਾਮਗੜ੍ਹੀਆ ਸਰਦਾਰ ਆਪਣਾ ਇਲਾਕਾ ਛੱਡ ਕੇ ਆਪਣੇ ਚੋਣਵੇਂ ਯੋਧਿਆਂ ਨਾਲ ਸਤਲੁਜ ਤੋਂ ਪਾਰ ਚਲਾ ਗਿਆ, ਜਿੱਥੇ ਪਟਿਆਲਾ ਰਿਆਸਤ ਦੇ ਰਾਜੇ ਸ. ਅਮਰ ਸਿੰਘ ਨੇ ਉਸ ਨਾਲ ਦੋਸਤੀ ਦਾ ਹੱਥ ਵਧਾਇਆ ਕਿਉਂਕਿ ਉਹ ਜੱਸਾ ਸਿੰਘ ਬਾਰੇ ਜਾਣਦਾ ਸੀ। ਰਾਜਾ ਉਸਨੂੰ ਆਪਣੇ ਵਿਰੋਧੀਆਂ ਖਿਲਾਫ ਵਰਤਣਾ ਚਾਹੁੰਦਾ ਸੀ। ਇਸ ਲਈ ਉਨ੍ਹਾਂ ਹਾਂਸੀ ਤੇ ਹਿਸਾਰ ਦਾ ਇਲਾਕਾ ਜਗੀਰ ਵਜੋਂ ਦੇ ਦਿੱਤਾ। ਸਿੱਖ ਫ਼ੌਜ਼ ਨੇ ਦਿੱਲੀ ‘ਤੇ ਹਮਲਾ ਕਰ ਦਿੱਤਾ, ਇੱਕ ਪਾਸਿਉਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਆਪਣੀਆਂ ਫ਼ੌਜ਼ਾਂ  ਨਾਲ ਤੇ ਦੂਸਰੇ ਪਾਸੇ ਤੋਂ ਸ. ਜੱਸਾ ਸਿੰਘ ਆਹਲੂਵਾਲੀਆ ਤੇ ਸ. ਬਘੇਲ ਸਿੰਘ ਵੀ ਆਪਣੀਆਂ ਫ਼ੌਜ਼ਾਂ ਸਮੇਤ ਪਹੁੰਚ ਗਏ। ਸਾਰੀਆਂ ਸਿੱਖ ਫ਼ੌਜ਼ਾਂ ਨੇ 11 ਮਾਰਚ, 1783 ਨੂੰ ਦਿੱਲੀ ਦੇ ਲਾਲ ਕਿਲ੍ਹੇ ‘ਚ ਦਾਖਲ ਹੋ ਕੇ ਕਿਲ੍ਹੇ ‘ਤੇ ਕਬਜ਼ਾ ਕਰ ਲਿਆ ਤੇ ਜਿੱਤ ਦਾ ਝੰਡਾ ਗੱਡ ਦਿੱਤਾ। ਮੁਗਲਾਂ ਦੇ ਰਾਜ ਨੂੰ ਜੜ੍ਹੋਂ ਪੁੱਟਣ ਲਈ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਗਲਾਂ ਦੀ ਤਾਜਪੋਸ਼ੀ ਵਾਲੀ ਪੱਥਰ ਦੀ ਸਿਲ  6’3” ਲੰਮੀ 4’6” ਚੌੜੀ 9” ਮੋਟੀ ਬਾਰਾਂਦਰੀ ਦੇ 44 ਥੰਮ੍ਹ ਪੁੱਟ ਕੇ ਆਪਣੇ ਨਾਲ ਲੈ ਆਂਦੇ, ਜੋ ਅੱਜ ਵੀ ਰਾਮਗੜ੍ਹੀਆ ਬੁੰਗਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ‘ਚ ਲੱਗੇ ਹੋਏੇ ਹਨ। ਜੱਸਾ ਸਿੰਘ ਰਾਮਗੜ੍ਹੀਆ ਨੇ ਪੰਜਾਬ ਵਾਪਸ ਆ ਕੇ ਦੁਬਾਰਾ ਰਾਮਗੜ੍ਹੀਆ ਮਿਸਲ ਦੀ ਸ਼ਾਨ ਬਹਾਲ ਕਰ ਲਈ।ਅਖੀਰ 8 ਅਗਸਤ 1803 ਨੂੰ ਜੱਸਾ ਸਿੰਘ ਰਾਮਗੜ੍ਹੀਆ  ਆਪਣੀ ਰਾਜਧਾਨੀ ਸ੍ਰੀ ਹਰਗੋਬਿੰਦਪੁਰ ਵਿਖੇ ਕੁਝ ਸਮਾਂ ਬਿਮਾਰ ਰਹਿਣ ਮਗਰੋਂ 80 ਸਾਲ ਦੀ ਉਮਰ ‘ਚ ਸਵਰਗਵਾਸ ਹੋ ਗਏ।

    ਗਿਆਨੀ ਜੈਲ ਸਿੰਘ ਨੂੰ 25 ਜੁਲਾਈ 1982  ‘ਚ ਭਾਰਤ ਦੇ 7ਵੇਂ ਰਾਸ਼ਟਰਪਤੀ ਬਣਨ ਉਪਰੰਤ ਲਾਲ ਕਿਲ੍ਹੇ ਦੀ ਫ਼ਸੀਲ ‘ਤੇ 26 ਜਨਵਰੀ 1983 ਨੂੰ ਤਿਰੰਗਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ, ਉਹ ਇਸ ਅਹੁਦੇ ‘ਤੇ 25 ਜੁਲਾਈ, 1987 ਤੱਕ ਰਹੇ। ਉਹ ਇਸ ਤੋਂ ਪਹਿਲਾਂ ਪੈਪਸੂ ‘ਚ ਮਾਲ ਅਤੇ ਖੇਤੀਬਾੜੀ ਮੰਤਰੀ, 1972 ਤੋਂ 1977 ‘ਚ ਪੰਜਾਬ ਦੇ ਮੁੱਖ ਮੰਤਰੀ, 1980 ਤੋਂ 1982 ਤੱਕ ਭਾਰਤ ਦੇ ਗ੍ਰਹਿ ਮੰਤਰੀ  ਰਹੇ । ਉਹ ਭਾਰਤੀ ਰਾਸ਼ਟਰੀ ਕਾਂਗਰਸ  ਦੇ ਸਰਗਰਮ ਨੇਤਾ ਰਹੇ। ਉਨ੍ਹਾਂ ਦੀ ਸਰਕਾਰ ਨੇ ਪੰਜਾਬੀ ਸੂਬੇ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਿਨ੍ਹਾਂ ਵਿੱਚੋਂ ਪਿੰਡਾਂ ਦਾ ਸੌ ਫ਼ੀਸਦੀ ਬਿਜਲੀਕਰਨ ਸਭ ਤੋਂ ਵੱਡੀ ਪ੍ਰਾਪਤੀ ਰਹੀ। ਗਿਆਨੀ ਜੀ ਨੇ ਸ. ਭਗਤ ਸਿੰਘ ਦੀ ਮਾਂ ਨੂੰ ‘ਪੰਜਾਬ ਮਾਤਾ’ ਦੇ ਖ਼ਿਤਾਬ ਨਾਲ ਸਨਮਾਨਿਆ। ਗਿਆਨੀ ਜ਼ੈਲ ਸਿੰਘ ਦੇ ਯਤਨਾਂ ਨਾਲ ਹੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤ ਲਿਆਂਦੀਆਂ ਗਈਆਂ ।

    ਉਨ੍ਹਾਂ ਨੇ  ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਦੋ ਤਖ਼ਤਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜੋੜਨ ਵਾਲਾ 640 ਕਿਲੋਮੀਟਰ ਗੁਰੂ ਗੋਬਿੰਦ ਸਿੰਘ ਮਾਰਗ ਬਣਵਾਇਆ। ਗਿਆਨੀ ਜੀ ਦਾ ਆਪਣੇ ਆਪ ‘ਤੇ ਪੂਰਨ ਕੰਟਰੋਲ ਸੀ। ਉਹ ਵੱਡੀ ਤੋਂ ਵੱਡੀ ਗੱਲ ਹੋਣ ‘ਤੇ ਵੀ ਡੋਲਦੇ ਨਹੀਂ ਸਨ । ਉਨ੍ਹਾਂ ਦੇ ਸਮੇਂ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਦੀ ਕੋਈ ਘਟਨਾ ਨਹੀਂ ਮਿਲਦੀ।

    ਗਿਆਨੀ ਜੀ ਨੇ ਸੱਤਾ ਵਿੱਚ ਹੁੰਦੇ ਹੋਏ ਕਦੇ ਵੀ ਆਪਣੇ ਵਿਰੋਧੀਆਂ ਵਿਰੁੱਧ ਕਾਰਵਾਈ ਕਰਨ ਬਾਰੇ ਨਹੀਂ ਸੀ ਸੋਚਿਆ। ਫ਼ਰੀਦਕੋਟ ਦੇ ਮਹਾਰਾਜੇ ਹਰਿੰਦਰ ਸਿੰਘ ਬਰਾੜ ਨੇ ਆਪਣੇ ਰਾਜ ਸਮੇਂ ਗਿਆਨੀ ਜੀ ਨਾਲ ਅਨੇਕਾਂ ਵਧੀਕੀਆਂ ਕੀਤੀਆਂ ਸਨ ਪਰ ਉਹ ਮੁੱਖ ਮੰਤਰੀ ਬਣਨ ‘ਤੇ ਮਹਾਰਾਜੇ ਦੇ ਘਰ ਗਏ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਉਹ ਮੁੱਖ ਮੰਤਰੀ ਹਨ। ਗਿਆਨੀ ਜੀ ਵੱਲੋਂ ਸੁਤੰਤਰਤਾ ਸੰਗਰਾਮ ਲਈ ਕੀਤੀਆਂ ਕੁਰਬਾਨੀਆਂ ਸਦਕਾ ਉਹ ਹਮੇਸ਼ਾ ਸੁਤੰਤਰਤਾ ਸੰਗਰਾਮੀਆਂ ਦੀ ਮੱਦਦ ਨੂੰ ਪਹਿਲ ਦਿੰਦੇ ਸਨ ਭਾਵੇਂ ਉਹ ਕਿਸੇ ਵੀ ਅਹੁਦੇ ‘ਤੇ ਰਹੇ।ਉਨ੍ਹਾਂ ਦੇ ਪੁਰਾਣੇ ਸਾਥੀ ਅੱਜ ਵੀ ਉਨ੍ਹਾਂ ਦੀ ਮਿੱਤਰਤਾ ਦੀਆਂ ਕਹਾਣੀਆਂ ਫ਼ਖ਼ਰ ਨਾਲ ਸੁਣਾਉਂਦੇ ਹਨ।

    ਗਿਆਨੀ ਜੀ ਅਖੀਰ ਆਪਣੀਆਂ ਮਿੱਠੀਆਂ ਯਾਦਾਂ ਛੱਡਦੇ ਹੋਏ 25 ਦਸੰਬਰ 1994 ਨੂੰ ਸਦੀਵੀ ਵਿਛੋੜਾ ਦੇ ਗਏ। ਅੱਜ ਅਸੀਂ ਕੌਮ ਦੇ ਮਹਾਨ ਯੋਧਿਆਂ ਨੂੰ ਯਾਦ ਕਰਦਿਆਂ ਆਪਣੀ ਸ਼ਰਧਾ ਪ੍ਰਗਟ ਕਰੀਏ ਤੇ ਉਨ੍ਹਾਂ ਵੱਲੋਂ ਕੀਤੇ ਕਾਰਨਾਮਿਆਂ ਨੂੰ ਯਾਦ ਕਰੀਏ।

    LEAVE A REPLY

    Please enter your comment!
    Please enter your name here