Crime News: 208 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ

ਮੋਬਾਈਲ ਤੇ ਸਪਲੈਂਡਰ ਮੋਟਰਸਾਈਕਲ ਬਰਾਮਦ

Khushdeep Singh Picture
Published On

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫ਼ਰੀਦਕੋਟ ਪੁਲਿਸ ਨੇ ਨਸ਼ਾ ਤਸਕਰੀ ਦੇ ਨੈੱਟਵਰਕਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 208 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕਬਜ਼ੇ ’ਚੋਂ ਤਿੰਨ ਮੋਬਾਈਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਬੈਕਵਰਡ ਤੇ ਫਾਰਵਰਡ ਲਿੰਕਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਐਸਐਸਪੀ ਫਰੀਦਕੋਟ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।

ਇਸੇ ਲੜੀ ਤਹਿਤ ਐਸਪੀ (ਇਨਵੈਸਟੀਗੇਸ਼ਨ) ਜੋਗੇਸ਼ਵਰ ਸਿੰਘ ਗੋਰਾਇਆ ਦੀ ਰਹਿਨੁਮਾਈ ਹੇਠ ਸੀਆਈਏ ਸਟਾਫ਼ ਫਰੀਦਕੋਟ ਨੇ ਇਹ ਸਫ਼ਲ ਕਾਰਵਾਈ ਅਮਲ ’ਚ ਲਿਆਂਦੀ। ਪੁਲਿਸ ਅਨੁਸਾਰ 31 ਜੁਲਾਈ ਨੂੰ ਸੀਆਈਏ ਸਟਾਫ਼ ਦੀ ਟੀਮ ਦਾਣਾ ਮੰਡੀ, ਫਿਰੋਜ਼ਪੁਰ ਰੋਡ ਫਰੀਦਕੋਟ ਵਿਖੇ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਦਾਣਾ ਮੰਡੀ ਦੇ ਸ਼ੈੱਡ ਹੇਠ ਇੱਕ ਸਪਲੈਂਡਰ ਮੋਟਰਸਾਈਕਲ ’ਤੇ ਬੈਠੇ ਦੋ ਨੌਜਵਾਨ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 208 ਗ੍ਰਾਮ ਹੈਰੋਇਨ, ਇੱਕ ਪਾਰਦਰਸ਼ੀ ਮੋਮੀ ਲਿਫ਼ਾਫ਼ਾ, ਵੀਵੋ, ਓਪੋ ਤੇ ਆਈਫੋਨ ਸਮੇਤ ਤਿੰਨ ਮੋਬਾਈਲ ਫੋਨ ਤੇ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮੰਨੂੰ ਪੁੱਤਰ ਗੁਰਦੀਪ ਸਿੰਘ ਵਾਸੀ ਅਰਾਈਆਂ ਵਾਲੀ ਬਸਤੀ, ਫਿਰੋਜ਼ਪੁਰ ਤੇ ਹਰਪ੍ਰੀਤ ਸਿੰਘ ਉਰਫ਼ ਹੈਰੀ ਪੁੱਤਰ ਜਸਵਿੰਦਰ ਸਿੰਘ ਵਾਸੀ ਚੱਕ ਮੇਘਾ ਵਿਰਾਨ, ਫਿਰੋਜ਼ਪੁਰ ਵਜੋਂ ਹੋਈ ਹੈ। Faridkot News

ਇਹ ਵੀ ਪੜ੍ਹੋ : Congress Protest: ਵਿਦਿਆਰਥੀਆਂ ਦੇ ਸਮਰਥਨ ’ਚ ਮਹਿਲਾ ਕਾਂਗਰਸ ਦਾ ਡੀਐਮ ਦਫਤਰ ਦਾ ਘਿਰਾਓ

ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਸਰਹੱਦੀ ਖੇਤਰ ਤੋਂ ਲਿਆਂਦੀ ਗਈ ਸੀ, ਜਿਸ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਇਸ ਖੇਪ ਨੂੰ ਬਰਾਮਦ ਕਰ ਲਿਆ। ਜਾਂਚ ਦੌਰਾਨ ਲਖਵਿੰਦਰ ਸਿੰਘ ਉਰਫ਼ ਲੱਖਾ ਪੁੱਤਰ ਦਲਬੀਰ ਸਿੰਘ ਵਾਸੀ ਲੱਖਾ ਸਿੰਘ ਵਾਲਾ ਹਿਠਾੜ, ਜ਼ਿਲ੍ਹਾ ਫਿਰੋਜ਼ਪੁਰ ਤੇ ਰਮਨਜੀਤ ਸਿੰਘ ਉਰਫ਼ ਸੋਨੂੰ ਪੁੱਤਰ ਸਤਨਾਮ ਸਿੰਘ ਵਾਸੀ ਕੁੱਟੀ, ਜ਼ਿਲ੍ਹਾ ਫਿਰੋਜ਼ਪੁਰ ਨੂੰ ਵੀ ਇਸ ਮੁਕੱਦਮੇ ’ਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਅਨੁਸਾਰ ਦੋਵਾਂ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਨਸ਼ਾ ਤਸਕਰੀ ਨਾਲ ਜੁੜੇ ਪੂਰੇ ਨੈੱਟਵਰਕ, ਬੈਕਵਰਡ ਤੇ ਫਾਰਵਰਡ ਲਿੰਕਾਂ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਇਸ ਸਬੰਧੀ ਥਾਣਾ ਸਿਟੀ ਫ਼ਰੀਦਕੋਟ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

Related Posts