ਭਿੱਜੀਆਂ ਅੱਖਾਂ ਨਾਲ ਮਨੋਹਰ ਲਾਲ ਇੰਸਾਂ ਨੂੰ ਦਿੱਤੀ ਸ਼ਰਧਾਂਜਲੀ

ਸੱਚ ਦੇ ਰਾਹ ‘ਤੇ ਚਲਦਿਆਂ ਹੁੰਦੇ ਜਬਰ ਖਿਲਾਫ਼ ਸੰਘਰਸ਼ ਜ਼ਾਰੀ ਰੱਖਣ ਦਾ ਦਿੱਤਾ ਸੁਨੇਹਾ

ਸਲਾਬਤਪੁਰਾ, (ਸੁਰਿੰਦਰਪਾਲ) ਮਾਨਵਤਾ ਦੇ ਰਾਹ ‘ਤੇ ਚਲਦਿਆਂ ਅੱਤਿਆਚਾਰੀ ਤਾਕਤਾਂ ਦੇ ਹਮਲੇ ‘ਚ ਸ਼ਹੀਦ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਨੋਹਰ ਲਾਲ ਇੰਸਾਂ ਭਗਤਾ ਭਾਈ ਨਮਿੱਤ ਨਾਮ ਚਰਚਾ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਹੋਈ ਨਾਮ ਚਰਚਾ ‘ਚ ਸਲਾਬਤਪੁਰਾ ਦੇ ਨੇੜਲੇ ਬਲਾਕਾਂ ‘ਚੋਂ ਪੁੱਜੀ ਸਾਧ-ਸੰਗਤ ਤੋਂ ਇਲਾਵਾ ਜਿੰਮੇਵਾਰ ਸੇਵਾਦਾਰਾਂ, ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

ਇਸ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਸਟੇਟ ਕਮੇਟੀ ਮੈਂਬਰ ਗੁਰਚਰਨ ਕੌਰ ਇੰਸਾਂ ਨੇ ਕਿਹਾ ਕਿ ਮਨੋਹਰ ਲਾਲ ਇੰਸਾਂ ਦੇ ਸੁਭਾਅ ਦੀਆਂ ਸਿਫ਼ਤਾਂ ਉਨ੍ਹਾਂ ਦੇ ਸਸਕਾਰ ਮੌਕੇ ਭਗਤਾ ਭਾਈ ਦੇ ਲੋਕਾਂ ਮੂੰਹੋਂ ਸੁਣੀਆਂ ਕਿ ਕਿਸ ਤਰ੍ਹਾਂ ਉਹ ਲੋੜਵੰਦਾਂ ਦੀ ਮੱਦਦ ਲਈ ਹਰ ਵੇਲੇ ਤਿਆਰ ਰਹਿੰਦੇ ਸਨ ਉਨ੍ਹਾਂ ਮਨੋਹਰ ਲਾਲ ਇੰਸਾਂ ਨੂੰ ਇੱਕ ਦਲੇਰ ਸ਼ਰਧਾਲੂ ਆਖਦਿਆਂ ਕਿਹਾ ਕਿ ਕਈ ਮੁਸੀਬਤਾਂ ਆਉਣ ਤੋਂ ਬਾਅਦ ਵੀ ਉਹ ਆਪਣੇ ਮੁਰਸ਼ਿਦ ਦੇ ਦਰ ਤੋਂ ਨਾ ਡੋਲੇ ਉਨ੍ਹਾਂ ਕਿਹਾ ਕਿ ਝੂਠ ਨੂੰ ਲਲਕਾਰ ਹੈ ਕਿ ਸੱਚ ਨਿਹੱਥਾ ਨਹੀਂ ਹੁੰਦਾ ਸਗੋਂ ਤਾਕਤਵਰ ਹੁੰਦਾ ਹੈ ਸੱਚ ਨੂੰ ਜੇ ਸ਼ਹੀਦ ਕਰ ਦਿੱਤਾ ਜਾਵੇ ਤਾਂ ਵੀ ਉਹ ਮਰਦਾ ਨਹੀਂ ਉਨ੍ਹਾਂ ਆਪਣੀ ਸ਼ਰਧਾਂਜਲੀ ਦੌਰਾਨ ਸੱਚ ਦੇ ਰਾਹ ‘ਤੇ ਚੱਲਣ ਵਾਲੇ ਸੂਰਬੀਰ ਯੋਧਿਆਂ ਆਦਿ ਨਾਲ ਸਬੰਧਿਤ ਸਤਰਾਂ ਵੀ ਬੋਲੀਆਂ

ਜਿੰਨ੍ਹਾਂ ‘ਚ ‘ਅਸੀਂ ਕਤਲ ਹੋ ਕੇ ਵੀ ਸਰਫਰਾਜ਼ (ਸਨਮਾਨਿਤ) ਰਹਾਂਗੇ, ਝੂਠ ਜਿੱਤਕੇ ਵੀ ਸ਼ਰਮਸ਼ਾਰ ਰਹਿਣਗੇ’ ਵੀ ਸ਼ਾਮਿਲ ਸੀ ਹਰਿਆਣਾ ਦੇ 45 ਮੈਂਬਰ ਅਮਰਜੀਤ ਸਿੰਘ ਇੰਸਾਂ ਅਤੇ ਰਾਜਸਥਾਨ ਦੇ 45 ਮੈਂਬਰ ਸੰਪੂਰਨ ਸਿੰਘ ਇੰਸਾਂ ਨੇ ਵੀ ਮਨੋਹਰ ਲਾਲ ਇੰਸਾਂ ਵੱਲੋਂ ਕੀਤੇ ਜਾਂਦੇ ਰਹੇ ਮਾਨਵਤਾ ਭਲਾਈ ਦੇ ਕਾਰਜ਼ਾਂ ਦਾ ਜਿਕਰ ਕੀਤਾ ਇਨ੍ਹਾਂ ਜਿੰਮੇਵਾਰ ਸੇਵਾਦਾਰਾਂ ਨੇ ਆਖਿਆ ਕਿ ਭਲਾਈ ਕਾਰਜ਼ ਕਰਨ ਵਾਲਿਆਂ ‘ਤੇ ਐਨੇਂ ਜੁਲਮ ਕੀਤੇ ਜਾਂਦੇ ਹਨ ਪਰ ਸੱਚ ਦੇ ਰਾਹ ‘ਤੇ ਚੱਲਣ ਵਾਲੇ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਕਰਦੇ  ਉਨ੍ਹਾਂ ਕਿਹਾ ਕਿ ਇਸ ਰਾਹ ‘ਤੇ ਚਲਦਿਆਂ ਸ਼ਹਾਦਤ ਪ੍ਰਾਪਤ ਕਰਨ ਵਾਲਿਆਂ ਦਾ ਨਾਂਅ ਇਤਿਹਾਸ ‘ਚ ਦਰਜ ਹੋ ਜਾਂਦਾ ਹੈ ਜਦੋਂਕਿ ਜੁਲਮ ਕਰਨ ਵਾਲਿਆਂ ਦਾ ਨਾਮੋ-ਨਿਸ਼ਾਨ ਮਿਟ ਜਾਂਦਾ ਹੈ ਉਨ੍ਹਾਂ ਮੰਗ ਕੀਤੀ ਕਿ ਸਾਧ ਸੰਗਤ ਨਾਲ ਨਿਆਂ ਹੋਣਾ ਚਾਹੀਦਾ ਹੈ ਕਿਉਂਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨਾ ਤਾਂ ਦੂਰ ਅਜਿਹਾ ਸੋਚ ਵੀ ਨਹੀਂ ਸਕਦੇ

ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਚੰਦਰਕਾਂਤ ਚੱਢਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਨੋਹਰ ਲਾਲ ਇੰਸਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਧਰਮ ਦੇ ਸੱਚੇ ਰਾਹ ‘ਤੇ ਚਲਦਿਆਂ ਉਨ੍ਹਾਂ ਕੋਈ ਪ੍ਰਵਾਹ ਨਹੀਂ ਕੀਤੀ ਉਨ੍ਹਾਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਪੂਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਅੱਜ ਮਨੋਹਰ ਲਾਲ ਇੰਸਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਜਿਸ ਤਰ੍ਹਾਂ ਸੱਚਾ ਸੌਦਾ ਦੀ ਸਾਧ ਸੰਗਤ ਭਲਾਈ ਕਾਰਜ਼ਾਂ ਦੇ ਲਈ ਜਾਣੀ ਜਾਂਦੀ ਹੈ ਉਸੇ ਰਾਹ ‘ਤੇ ਨਿਰੰਤਰ ਚਲਦੇ ਰਹੋਂਗੇ ਇਸ ਮੌਕੇ ਵਿਦੇਸ਼ਾਂ ‘ਚੋਂ ਕੈਨੇਡਾ, ਅਮਰੀਕਾ ਤੋਂ ਇਲਾਵਾ ਭਾਰਤ ਦੇ ਹਰਿਆਣਾ, ਰਾਜਸਥਾਨ, ਮਹਾਂਰਾਸ਼ਟਰ, ਦਿੱਲੀ ਅਤੇ ਯੂਪੀ, ਸੱਚ ਕਹੂੰ ਮੁੱਖ ਦਫ਼ਤਰ ਵੱਲੋਂ ਤੇ ਹੋਰ ਕਈ ਰਾਜਾਂ ‘ਚੋਂ ਸਾਧ ਸੰਗਤ ਵੱਲੋਂ ਸੋਗ ਸੰਦੇਸ਼ ਵੀ ਭੇਜੇ ਗਏ ਇਸ ਤੋਂ ਪਹਿਲਾਂ ਨਾਮ ਚਰਚਾ ‘ਚ ਕਵੀਰਾਜ ਵੀਰਾਂ ਨੇ ਮਨੁੱਖੀ ਜਨਮ ਪ੍ਰਥਾਏ ਸ਼ਬਦ ਬੋਲੇ ਅਤੇ ਪਵਿੱਤਰ ਗ੍ਰੰਥ ‘ਚੋਂ ਸੰਤਾਂ ਮਹਾਤਮਾਂ ਦੇ ਅਨਮੋਲ ਬਚਨ ਪੜ੍ਹਕੇ ਸੁਣਾਏ

ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ, ਪ੍ਰਬੰਧਕੀ ਕਮੇਟੀ ਦੇ ਮੈਂਬਰ ਮੋਹਨ ਲਾਲ ਇੰਸਾਂ, ਸੁਖਦੇਵ ਦੀਵਾਨਾ ਇੰਸਾਂ, 45 ਮੈਂਬਰ ਪੰਜਾਬ ਜਸਵੀਰ ਸਿੰਘ ਇੰਸਾਂ, ਜਤਿੰਦਰ ਮਹਾਸ਼ਾ, ਗੁਰਸੇਵਕ ਇੰਸਾਂ ਗੋਨਿਆਣਾ, ਗੁਰਦੇਵ ਸਿੰਘ ਇੰਸਾਂ ਬਠਿੰਡਾ, ਬਲਦੇਵ ਕ੍ਰਿਸ਼ਨ, ਹਰਿੰਦਰ ਸਿੰਘ ਇੰਸਾਂ ਅਤੇ ਰਾਮਪਾਲ ਇੰਸਾਂ ਤੋਂ ਇਲਾਵਾ ਹੋਰ ਜਿੰਮੇਵਾਰ ਸੇਵਾਦਾਰ ਵੀਰ ਤੇ ਭੈਣਾਂ ਹਾਜ਼ਰ ਸਨ ਨਾਮ ਚਰਚਾ ਦੀ ਕਾਰਵਾਈ ਸਾਧ ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਸ਼ਿੰਦਰਪਾਲ ਇੰਸਾਂ ਵੱਲੋਂ ਚਲਾਈ ਗਈ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਭਗਤਾ ਭਾਈ ‘ਚ ਡੇਰਾ ਸ਼ਰਧਾਲੂ ਮਨੋਹਰ ਲਾਲ ਇੰਸਾਂ ਦਾ ਦੋ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ

ਜ਼ਿਆਦਤੀਆਂ ਖਿਲਾਫ਼ ਸੰਘਰਸ਼ ਜਾਰੀ ਰਹੇਗਾ : ਹਰਚਰਨ ਸਿੰਘ ਇੰਸਾਂ

45 ਮੈਂਬਰ ਪੰਜਾਬ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੇ ਭਰੋਸੇ ਤੋਂ ਬਾਅਦ ਸਸਕਾਰ ਕਰਨ ਪਿੱਛੋਂ ਬਹੁਤ ਸਾਰੀ ਸਾਧ-ਸੰਗਤ ਨੇ ਇਹੋ ਸਵਾਲ ਕੀਤੇ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪ੍ਰਸ਼ਾਸ਼ਨ ਦੀਆਂ ਵਾਅਦਾ ਖਿਲਾਫ਼ੀਆਂ ਹੋਈਆਂ ਨੇ ਕੀ ਹੁਣ ਭਰੋਸੇ ਮਗਰੋਂ ਸੰਘਰਸ਼ ਖਤਮ ਕਰ ਦਿੱਤਾ ਉਨ੍ਹਾਂ ਸਾਧ ਸੰਗਤ ਨੂੰ ਆਖਿਆ ਕਿ ਅੱਜ ਮਨੋਹਰ ਲਾਲ ਇੰਸਾਂ ਦੀ ਅੰੰਤਿਮ ਅਰਦਾਸ ਮੌਕੇ ਦੱਸਦੇ ਹਾਂ ਕਿ ਇਹ ਸੰਘਰਸ਼ ਖਤਮ ਨਹੀਂ ਹੋਇਆ ਸਿਰਫ ਵਿਰ੍ਹਾਮ ਦਿੱਤਾ ਗਿਆ ਹੈ ਕਿਉਂਕਿ ਜੇ ਸਾਧ-ਸੰਗਤ ਨਾਲ ਜ਼ਿਆਦਤੀ ਹੋਵੇਗੀ ਤੇ ਇਨਸਾਫ਼ ਨਹੀਂ ਮਿਲੇਗਾ ਤਾਂ ਇਹ ਸੰਘਰਸ਼ ਡਟਕੇ ਇਸੇ ਤਰ੍ਹਾਂ ਚਲਦਾ ਰਹੇਗਾ

ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਧੱਕੇਸ਼ਾਹੀਆਂ ਬੰਦ ਨਾ ਕੀਤੀਆਂ ਗਈਆਂ ਅਤੇ ਇਨਸਾਫ਼ ਨਾ ਦਿੱਤਾ ਗਿਆ ਤਾਂ ਦੇਸ਼ ਦੇ ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ‘ਚ ਰਹਿਕੇ ਅੰਤਿਮ ਸਾਹਾਂ ਤੱਕ ਸੰਘਰਸ਼ ਲੜਦੇ ਰਹਾਂਗੇ ਇਹੋ ਮਨੋਹਰ ਲਾਲ ਇੰਸਾਂ ਨੂੰ ਸੱਚੀ ਸ਼ਰਧਾਂਜਲੀ ਹੈ ਨਾਮ ਚਰਚਾ ‘ਚ ਮੌਜੂਦ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ‘ਮਨੋਹਰ ਲਾਲ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਨਾਲ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.