ਤਨਖ਼ਾਹ ‘ਚ ਨਹੀਂ ਹੋਵੇਗੀ ਤਬਦੀਲੀ ਕੁਝ, ਕੈਬਨਿਟ ਦਾ ਫੈਸਲਾ ਬਦਲਣਾ ਔਖਾ

Salary, Difficult, Cabinet, Decisions

ਸਾਂਝਾ ਮੋਰਚਾ ਨਾਲ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਦਿੱਤਾ ਸਾਫ਼ ਜਵਾਬ

  • ਤਬਾਦਲੇ ਹੋਣਗੇ ਜਲਦ ਰੱਦ, 11 ਬਰਖ਼ਾਸਤਗੀਆਂ ਹੋਣਗੀਆਂ ਬਹਾਲ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਰਮਸਾ ਅਤੇ ਐੱਸ.ਐੱਸ.ਏ. ਅਧਿਆਪਕਾਂ ਨੂੰ 15 ਹਜ਼ਾਰ 300 ਤੋਂ ਜ਼ਿਆਦਾ ਤਨਖ਼ਾਹ ਦਿੱਤੀ ਹੀ ਨਹੀਂ ਜਾ ਸਕਦੀ ਹੈ, ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਬਹੁਤ ਮੁਸ਼ਕਿਲ ਨਾਲ 5 ਹਜ਼ਾਰ ਰੁਪਏ ਕੈਬਨਿਟ ਤੋਂ ਵਧਵਾਏ ਸਨ ਤੇ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਫੈਸਲਾ ਬਦਲਣ ਕਾਫ਼ੀ ਜਿਆਦਾ ਮੁਸ਼ਕਿਲ ਹੈ, ਇਸ ਮਾਮਲੇ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਚਾਹੁਣ ਤਾਂ ਕੋਈ ਫੈਸਲਾ ਲੈ ਸਕਦੇ ਹਨ ਪਰ ਇਸ ਮੰਗ ਨੂੰ ਸਵੀਕਾਰ ਕਰਨਾ ਕਾਫ਼ੀ ਜਿਆਦਾ ਔਖਾ ਹੈ। ਅਧਿਆਪਕਾਂ ਦੇ ਸਾਂਝੇ ਮੋਰਚੇ ਦੇ ਲੀਡਰਾਂ ਨਾਲ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਦੋ ਟੁੱਕ ਹੀ ਜਵਾਬ ਵਿੱਚ ਸਾਫ਼ ਕਹਿ ਦਿੱਤਾ ਹੈ ਕਿ ਹੁਣ ਕੁਝ ਵੀ ਨਹੀਂ ਹੋ ਸਕਦਾ ਹੈ।

ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਹਾਲਾਂਕਿ ਇਸ ਮੌਕੇ ਸਾਂਝੇ ਮੋਰਚੇ ਦੀਆਂ ਕੁਝ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਉਨ੍ਹਾਂ ਨੂੰ ਲਾਗੂ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। ਸਾਂਝਾ ਮੋਰਚੇ ਦੇ 11 ਉਨ੍ਹਾਂ ਲੀਡਰਾਂ ਨੂੰ ਮੁੜ ਤੋਂ ਨੌਕਰੀ ‘ਤੇ ਬਹਾਲ ਕੀਤਾ ਜਾਏਗਾ, ਜਿਨ੍ਹਾਂ ਨੂੰ ਕਿ ਵਿਭਾਗੀ ਕਾਰਵਾਈ ਤੋਂ ਬਾਅਦ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਨਾਲ ਹੀ ਜਿਹੜੇ ਲੀਡਰਾਂ ਦੀ ਧਰਨੇ ਜਾਂ ਫਿਰ ਵਿਭਾਗੀ ਕਾਰਨਾਂ ਕਰਕੇ ਬਦਲੀ ਕੀਤੀ ਗਈ ਸੀ, ਉਨ੍ਹਾਂ ਦੇ ਤਬਾਦਲਿਆਂ ਨੂੰ ਅਗਲੇ ਕੁਝ ਦਿਨਾਂ ਬਾਅਦ ਹੀ ਰੱਦ ਕਰਦੇ ਹੋਏ ਮੁੜ ਤੋਂ ਪੁਰਾਣੇ ਸਟੇਸ਼ਨ ‘ਤੇ ਭੇਜ ਦਿੱਤਾ ਜਾਏਗਾ।

ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਂਝਾ ਮੋਰਚੇ ਦੀਆਂ ਜ਼ਿਆਦਾਤਰ ਮੰਗਾਂ ਨੂੰ ਉਹ ਪ੍ਰਵਾਨ ਕਰ ਚੁੱਕੇ ਹਨ ਤੇ ਕੁਝ ਮੰਗਾਂ ਨੂੰ ਅੱਜ ਪ੍ਰਵਾਨ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਮਸਾ ਤੇ ਐੱਸ.ਐੱਸ.ਏ. ਅਧਿਆਪਕਾਂ ਨੂੰ ਪੱਕਾ ਕਰਨ ਤੋਂ ਬਾਅਦ ਮਿਲਣ ਵਾਲੀ 15 ਹਜ਼ਾਰ 300 ਤਨਖ਼ਾਹ ‘ਚ ਵਾਧਾ ਕਰਨ ਦਾ ਉਨ੍ਹਾਂ ਨੇ ਨਾ ਤਾਂ ਵਾਅਦਾ ਕੀਤਾ ਸੀ ਤੇ ਨਾ ਹੀ ਇਹ ਮੰਗ ਪੂਰੀ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ਮਾਮਲੇ ‘ਚ ਆਖ਼ਰੀ ਫੈਸਲਾ ਕੈਬਨਿਟ ਨੇ ਲੈਣਾ ਹੈ। ਉਨ੍ਹਾਂ ਕਿਹਾ ਕਿ ਉਹ ਕੈਬਨਿਟ ਮੀਟਿੰਗ ‘ਚ ਇਹ ਮਾਮਲਾ ਜਰੂਰ ਲੈ ਕੇ ਜਾਣਗੇ, ਜਿੱਥੇ ਕਿ ਕੈਬਨਿਟ ਨੇ ਹੀ ਫੈਸਲਾ ਲੈਣਾ ਹੈ। ਉਨ੍ਹਾਂ ਕਿਹਾ ਕਿ ਪਿਛਲਾ ਫੈਸਲਾ ਬਦਲਣਾ ਕਾਫ਼ੀ ਔਖਾ ਹੈ ਪਰ ਫਿਰ ਵੀ ਅਧਿਆਪਕ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਦੌਰਾਨ ਆਪਣੀ ਇਸ ਮੰਗ ਨੂੰ ਰੱਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਸੈਸ਼ਨ 15 ਦਸੰਬਰ ਤੱਕ ਹੋਣ ਦੇ ਕਾਰਨ 16 ਜਾਂ ਫਿਰ 17 ਦਸੰਬਰ ਨੂੰ ਅਧਿਆਪਕਾਂ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾ ਦੇਣਗੇ। ਜਿੱਥੇ ਕਿ ਹਰ ਮੁੱਦੇ ਬਾਰੇ ਚਰਚਾ ਕੀਤੀ ਜਾਏਗੀ।