…ਆਹੀ ਫਰਕ ਆ ਆਪਣਾ ਤੇ ਬਾਹਰਲਿਆਂ ਦਾ!

Difference, Between, Outsiders, Outsiders!

ਵਿਦੇਸ਼ੀਂ ਵੱਸਣ ਦਾ ਰੁਝਾਨ ਅੱਜ-ਕੱਲ੍ਹ ਪੂਰੇ ਸਿਖਰ ‘ਤੇ ਹੈ। ਜਿੱਥੇ ਹਰ ਬੱਚਾ ਦਸਵੀਂ ਜਮਾਤ ਦੀ ਪੜ੍ਹਾਈ ਦੌਰਾਨ ਹੀ ਵਿਦੇਸ਼ ਵੱਸਣ ਦੇ ਸੁਫ਼ਨੇ ਵੇਖਣਾ ਸ਼ੁਰੂ ਕਰ ਦਿੰਦਾ ਹੈ, ਉੱਥੇ ਮਾਪੇ ਵੀ ਸੀਨੇ ‘ਤੇ ਪੱਥਰ ਰੱਖ ਕੇ ਅਤੇ ਔਖਿਆਈਆਂ ਸਹਿ ਕੇ ਆਪਣੇ ਲਾਡਲਿਆਂ ਨੂੰ ਵਿਦੇਸ਼ਾਂ ਵੱਲ ਰਵਾਨਾ ਕਰ ਰਹੇ ਹਨ। ਬਾਰ੍ਹਵੀਂ ਜਮਾਤ ਪਾਸ ਕਰਨ ਸਾਰ ਬੱਚਿਆਂ ਦਾ ਬਾਹਰਲੇ ਦੇਸ਼ਾਂ ਵੱਲ ਪ੍ਰਵਾਸ ਸ਼ੁਰੂ ਹੋ ਜਾਂਦਾ ਹੈ। ਇਸ ਸਭ ਕੁੱਝ ਲਈ ਮਾਪਿਆਂ ਨੂੰ ਪਾਣੀ ਵਾਂਗ ਪੈਸਾ ਵਹਾਉਣਾ ਪੈਂਦਾ ਹੈ। ਆਈਲੈਟਸ ਕੋਚਿੰਗ ਦੀਆਂ ਮਹਿੰਗੀਆਂ ਫੀਸਾਂ ਤੋਂ ਲੈ ਕੇ ਆਈਲੈਟਸ ਪ੍ਰੀਖਿਆ ਦੀਆਂ ਫੀਸਾਂ, ਵਿਦੇਸ਼ੀ ਕਾਲਜਾਂ ਦੀਆਂ ਫੀਸਾਂ ਤੇ ਏਜੰਟਾਂ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਲੁਕਵੇਂ ਖਰਚੇ ਵੀ ਮਾਪਿਆਂ ਨੂੰ ਸਹਿਣ ਕਰਨੇ ਪੈ ਰਹੇ ਹਨ।

ਵਿਦੇਸ਼ੀਂ ਵੱਸਣ ਦੀ ਵਧਦੀ ਲਾਲਸਾ ਦੇ ਕਾਰਨਾਂ ‘ਚੋਂ ਬਿਨਾਂ ਸ਼ੱਕ ਰੁਜ਼ਗਾਰ ਨੰਬਰ ਇੱਕ ‘ਤੇ ਹੈ। ਪਰ ਕਈ ਚੰਗੇ ਅਹੁਦਿਆਂ ਜਿਵੇਂ ਕਿ ਡਾਕਟਰ, ਵਕੀਲ, ਪ੍ਰੋਫੈਸਰ, ਇੰਜੀਨੀਅਰ ਅਤੇ ਅਧਿਆਪਕ ਆਦਿ ‘ਤੇ ਨਿਯੁਕਤ ਲੋਕਾਂ ਦਾ ਵਿਦੇਸ਼ੀਂ ਜਾ ਵੱਸਣਾ ਪ੍ਰਵਾਸ ਲਈ ਸਿਰਫ ਰੁਜ਼ਗਾਰ ਹੀ ਮੁੱਖ ਕਾਰਨ ਹੋਣ ‘ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਵਿਦੇਸ਼ ਗਏ ਲੋਕਾਂ ਨਾਲ ਜਦੋਂ ਗੱਲਬਾਤ ਕਰੀਦੀ ਹੈ ਤਾਂ ਉਹ ਵਿਦੇਸ਼ਾਂ ਦੇ ਅਤੇ ਆਪਣੇ ਜੀਵਨ ਅੰਦਾਜ਼ ਪ੍ਰਤੀ ਹਉਕਾ ਭਰ ਜਾਂਦੇ ਹਨ।

ਉਹਨਾਂ ਵੱਲੋਂ ਦੱਸਣ ਤੋਂ ਬਿਨਾ ਵੈਸੇ ਵੀ ਆਪਾਂ ਸਾਰੇ ਇੱਕ ਗੱਲ ਤੋਂ ਭਲੀਭਾਂਤ ਜਾਣੂ ਹਾਂ ਕਿ ਵਿਦੇਸ਼ਾਂ ਵਿੱਚ ਕਾਨੂੰਨ ਦਾ ਰਾਜ ਹੈ ਸਾਡੇ ਤਾਕਤ ਦਾ। ਸਾਡੇ ਮੁਲਕ ਦੇ ਕਾਨੂੰਨ ਅਤੇ ਨਿਯਮ ਰਾਜਨੀਤਕ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਲੋਕਾਂ ਅੱਗੇ ਗੋਡੇ ਟੇਕ ਜਾਂਦੇ ਹਨ। ਪਰ ਵਿਦੇਸ਼ਾਂ ਦਾ ਕਾਨੂੰਨ ਸਭ ਲਈ ਬਰਾਬਰ ਹੈ। ਆਪਾਂ ਲੋਕ ਕਾਨੂੰਨ ਤੋੜਨ ਵਿੱਚ ਮਾਣ ਸਮਝਦੇ ਹਾਂ ਤੇ ਵਿਦੇਸ਼ੀ ਲੋਕ ਕਾਨੂੰਨ ਦੀ ਪਾਲਣਾ ਕਰਨ ਵਿੱਚ ਸਟੇਟਸ ਸਮਝਦੇ ਹਨ।

ਇਹ ਵੀ ਪੜ੍ਹੋ : ਨਹਿਰ ’ਚ ਆਇਆ ਕੈਮੀਕਲ ਵਾਲਾ ਪਾਣੀ, ਕਈ ਪਸ਼ੂ ਝੁਲਸੇ, ਮਾਮਲਾ ਦਰਜ਼

ਸਾਡੇ ਮੁਲਕ ਵਿੱਚ ਜ਼ਿੰਦਗੀ ਦੇ ਹਰ ਮੋੜ ‘ਤੇ ਲੋਕਾਂ ਨੂੰ ਕਾਨੂੰਨ ਅਤੇ ਨਿਯਮ ਦੀ ਸੰਘੀ ਮਰੋੜਦਿਆਂ ਵੇਖਿਆ ਜਾ ਸਕਦਾ ਹੈ। ਆਪਾਂ ਤਾਂ ਇੱਕ ਤਰ੍ਹਾਂ ਨਾਲ ਡੰਡੇ ਦੇ ਪੀਰ ਹੋ ਕੇ ਰਹਿ ਗਏ ਹਾਂ। ਬਿਨਾਂ ਡਰ ਦੇ ਕਾਨੂੰਨ ਦੀ ਪਾਲਣਾ ਕਰਨਾ ਆਪਾਂ ਸਿੱਖਿਆ ਹੀ ਨਹੀਂ। ਜਦੋਂ ਟਰੈਫਿਕ ਪੁਲਿਸ ਨਾਕਾ ਲਾ ਕੇ ਚਲਾਨ ਹੱਥਾਂ ਵਿੱਚ ਫੜਾਉਣ ਲੱਗ ਜਾਂਦੀ ਹੈ ਤਾਂ ਸਭ ਵਾਹਨ ਚਾਲਕ ਆਵਾਜਾਈ ਨਿਯਮਾਂ ਦੀ ਪਾਲਣਾ ਅਤੇ ਵਾਹਨ ਕਾਗਜ਼ਾਂ ਦੀ ਪੂਰਤੀ ਕਰਨੀ ਸ਼ੁਰੂ ਕਰ ਦਿੰਦੇ ਹਨ। ਸਰਕਾਰੀ ਬਿਲਡਿੰਗਾਂ ਦੀਆਂ ਬੇਸਮੈਂਟ ਪਾਰਕਿੰਗਾਂ ਵਿੱਚ ਇੱਕ ਗੇਟ ਅੰਦਰ ਜਾਣ ਲਈ ਤੇ ਦੂਜਾ ਗੇਟ ਬਾਹਰ ਜਾਣ ਲਈ ਬਣਿਆ ਹੁੰਦਾ ਹੈ। ਇਸ ਪਾਰਕਿੰਗ ਵਿੱਚ ਵਾਹਨ ਵੀ ਤਕਰੀਬਨ ਪੜ੍ਹੇ-ਲਿਖੇ ਕਰਮਚਾਰੀਆਂ ਨੇ ਹੀ ਖੜ੍ਹੇ ਕਰਨੇ ਹੁੰਦੇ ਹਨ।

ਪਰ ਇੱਥੇ ਵੀ ਨਿਰਧਾਰਤ ਦਰਵਾਜ਼ੇ ਤੋਂ ਦੂਜੇ ਦਰਵਾਜੇ ਅੰਦਰ ਜਾਂਦੇ ਤੇ ਬਾਹਰ ਆਉਂਦੇ ਵਾਹਨ ਆਮ ਵੇਖੇ ਜਾ ਸਕਦੇ ਹਨ। ਇਸ ਤਰ੍ਹਾਂ ਦੀ ਉਲੰਘਣਾ ਕਦੇ ਵੀ ਗੰਭੀਰ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਹਨਾਂ ਵਾਹਨ ਪਾਰਕਿੰਗਾਂ ਵਿੱਚ ਲਿਫਟਾਂ ਦੀ ਸੁਵਿਧਾ ਵੀ ਹੈ। ਹਰ ਲਿਫਟ ਦੇ ਸਾਹਮਣੇ ਵਾਲੇ ਖੇਤਰ ਨੂੰ ਵਾਹਨਾਂ ਤੋਂ ਮੁਕਤ ਰੱਖਣ ਲਈ ‘ਇੱਥੇ ਕੋਈ ਵੀ ਵਹੀਕਲ ਖੜ੍ਹਾ ਕਰਨਾ ਮਨਾ ਹੈ ਜੀ’ ਆਦਿ ਦੇ ਵੱਡੇ-ਵੱਡੇ ਅੱਖਰਾਂ ਵਿੱਚ ਲਿਖੇ ਨੋਟਿਸ ਲਾਏ ਹੁੰਦੇ ਹਨ।ਪਰ ਸਦਕੇ ਜਾਈਏ ਸਾਡੇ ਨਾਗਰਿਕਾਂ ਦੀ ਨਿਯਮ ਤੋੜਨ ਵਾਲੀ ਮਾਨਸਿਕਤਾ ਦੇ, ਜਿਨ੍ਹਾਂ ਨੂੰ ਇਸ ‘ਨੋ ਪਾਰਕਿੰਗ’ ਖੇਤਰ ਵਿੱਚ ਆਪਣੇ ਵਾਹਨ ਖੜ੍ਹੇ ਕਰਕੇ ਹੀ ਸਵਾਦ ਆਉਂਦਾ ਹੈ।

ਇਹ ਵੀ ਪੜ੍ਹੋ : ਲਾਹੇਵੰਦ ਹੋ ਸਕਦੈ ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ

ਸਾਡੇ ਸ਼ਹਿਰ ਦੇ ਮਿੰਨੀ ਸਕੱਤਰੇਤ ਵਿਚਲੀ ਬੇਸਮੈਂਟ ਪਾਰਕਿੰਗ ਵਿੱਚ ਲਿਫਟ ਦੇ ਸਾਹਮਣੇ ਵਾਲੇ ‘ਨੋ ਪਾਰਕਿੰਗ’ ਖੇਤਰ ‘ਚ ਖੜ੍ਹੀ ਇੱਕ ਕਾਰ ਨੇ ਮੈਨੂੰ ਨਾ ਸਿਰਫ ਲਿਖਣ ਲਈ ਮਜ਼ਬੂਰ ਕੀਤਾ, ਸਗੋਂ ਆਪਣਾ ਅਤੇ ਬਾਹਰਲਿਆਂ ਦਾ ਅੰਤਰ ਵੀ ਬਿਨਾਂ ਕੁੱਝ ਬੋਲੇ ਬਾਖੂਬੀ ਸਮਝਾ ਦਿੱਤਾ। ਰੋਜ਼ਾਨਾ ਜੀਵਨ ਵਿੱਚ ਗੁਜ਼ਰਦਿਆਂ ਲੋਕਾਂ ਨੂੰ ਨਿਯਮ ਤੋੜਦਿਆਂ ਆਮ ਵੇਖਿਆ ਜਾ ਸਕਦਾ ਹੈ। ਟਰੈਫਿਕ ਲਾਈਟਾਂ ‘ਤੇ ਰੁਕਣ ਦੀ ਗੱਲ ਹੋਵੇ ਜਾਂ ਕਿਤੇ ਲਾਈਨ ਵਿੱਚ ਲੱਗ ਕੇ ਕੰਮ ਕਰਵਾਉਣ ਦੀ ਹੋਵੇ ਤਾਂ ਸਾਡੇ ਲੋਕਾਂ ਨੂੰ ਖੜਨਾ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਅਸੀਂ ਵੀ ਬਾਹਰਲੇ ਮੁਲਕਾਂ ਦੇ ਲੋਕਾਂ ਵਾਂਗ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨ ਦਾ ਸਧਾਰਨ ਜਿਹਾ ਸਿਧਾਂਤ ਆਪਣੇ ਜੀਵਨ ਵਿੱਚ ਲਾਗੂ ਕਰਨ ਦੇ ਆਦੀ ਹੋ ਜਾਈਏ ਤਾਂ ਸਾਡਾ ਮੁਲਕ ਵਿਦੇਸ਼ਾਂ ਨਾਲੋਂ ਕਿਤੇ ਜ਼ਿਆਦਾ ਸਵਰਗ ਦਾ ਰੂਪ ਧਾਰ ਸਕਦਾ ਹੈ।