ਦੋ ਵਾਰ ਦਾ ਏਸ਼ੀਅਨ ਚੈਂਪੀਅਨ ਮੱਦਦ ਖੁਣੋਂ ਪਲ-ਪਲ ਹਾਰ ਰਿਹਾ ਜ਼ਿੰਦਗੀ

Asian, Champion, Help, Lose, Life, Momentarily

ਕੋਈ ਸਰਕਾਰੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਪਤਾ ਲੈਣ ਵੀ ਨਾ ਬਹੁੜਿਆ | Hakam Singh Bhattal

ਬਰਨਾਲਾ, (ਜੀਵਨ ਰਾਮਗੜ੍ਹ)। ਇਸ ਨੂੰ ਤਰਾਸਦੀ ਕਹੀਏ ਜਾਂ ਸਰਕਾਰੀ ਬੇਰੁਖ਼ੀ ਦੋ ਵਾਰ ਦੇਸ਼ ਲਈ ਸੋਨਾ ਜਿੱਤਣ ਵਾਲਾ ਐਥਲੀਟ ਅੱਜ ਜਿਗਰ ਦੀ ਬਿਮਾਰੀ ਨਾਲ ਪੀੜਤ ਆਰਥਿਕ ਮੱਦਦ ਖੁਣੋਂ ਪਲ਼-ਪਲ਼ ਜ਼ਿੰਦਗੀ ਹਾਰ ਰਿਹਾ ਹੈ ਹਾਕਮ ਧਿਰ ਨਾਲ ਸਬੰਧਿਤ ਸਾਬਕਾ ਮੁੱਖ ਮੰਤਰੀ ਦਾ ਗਰਾਈਂ ਹੋਣ ਦੇ ਬਾਵਜ਼ੂਦ ਕੋਈ ਸਰਕਾਰੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਉਸਦਾ ਹਾਲ ਜਾਣਨ ਨਹੀਂ ਪੁੱਜਾ ਉਹ ਵੀ ਵੇਲਾ ਸੀ ਜਦ 1978 ‘ਚ ਬੈਂਕਾਕ ਵਿਖੇ ਤੇ 1979 ‘ਚ ਟੋਕੀਓ ਵਿਖੇ ਹੋਈਆਂ ਏਸ਼ੀਅਨ ਖੇਡਾਂ ‘ਚ ਉਸਨੇ 20 ਕਿੱਲੋਮੀਟਰ ‘ਵਾਕ’ ‘ਚ ਦੋ ਵਾਰ ਸੋਨ ਤਮਗਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਸੀ ਤੇ ਪੂਰਾ ਹਿੰਦੋਸਤਾਨ ਉਸਨੂੰ ਦਾਦ ਦੇ ਰਿਹਾ ਸੀ ਪਰ ਅੱਜ ਬਿਮਾਰ ਪਏ ਦੀ ਕੋਈ ਸਰਕਾਰੀ ਅਧਿਕਾਰੀ ਸੁਧ ਲੈਣ ਵੀ ਨਹੀਂ ਪੁੱਜਾ।

ਇਹ ਵੀ ਪੜ੍ਹੋ : ਸਾਵਧਾਨ! ਟੈਟੂ ਬਣਵਾਉਣ ਨਾਲ ਹੋ ਸਕਦੈ ਕੈਂਸਰ

ਇਹ ਸੂਰਤ-ਏ-ਹਾਲ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਗਰਾਈਂ ਹਾਕਮ (Hakam Singh Bhattal) ਸਿੰਘ ਭੱਠਲਾਂ ਦਾ ਹੈ ਜਿਹੜਾ ਜਿਗਰ ਦੀ ਬਿਮਾਰੀ ਤੋਂ ਪੀੜਤ ਜਿੰਦਗੀ ਤੇ ਮੌਤ ਵਿਚਕਾਰਲੇ ਦਿਨ ਗਿਣ ਰਿਹਾ ਹੈ ਓਹੀ ਐਥਲੀਟ ਹਾਕਮ ਸਿੰਘ ਭੱਠਲ ਜਿਸ ਨੇ ਆਪਣੀ ਜਿੰਦਗੀ ਦੇ ਜੁਆਨ ਵਰ੍ਹੇ ਫੌਜ਼, ਪੁਲਿਸ ਤੇ ਖੇਡਾਂ ਦੇ ਪਿੜਾਂ ਰਾਹੀਂ ਦੇਸ਼ ਦੇ ਲੇਖੇ ਲਾਏ ਪਰ ਅੱਜ ਨਾ ਕੋਈ ਖੇਡ ਖੇਤਰ ਦਾ ਭਲਾਮਾਣਸ, ਨਾ ਕੋਈ ਸਰਕਾਰ ਦਾ ਭੱਦਰਪੁਰਸ਼ ਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ ਬਿਮਾਰ ਹਾਕਮ ਸਿੰਘ ਦਾ ਹਾਲ ਜਾਣਨ ਪੁੱਜਾ ਹਸਪਤਾਲ ‘ਚ ਦਾਖਲ ਉਸਦੇ ਮੰਜੇ ਕੋਲ ਬੈਠੀ।

ਉਸਦੀ ਸ਼ਰੀਕ-ਏ-ਹਯਾਤ ਬੇਅੰਤ ਕੌਰ ਨੇ ਦੱਸਿਆ ਕਿ ਉਹ ਜਿਗਰ ਦੀ ਬਿਮਾਰੀ ਦਾ ਪੀੜਤ ਹੈ ਪਹਿਲਾਂ ਬਰਨਾਲਾ ਵਿਖੇ ਇਲਾਜ਼ ਚਲਦਾ ਰਿਹਾ, ਹੁਣ ਸੰਗਰੂਰ ਦੇ ਪ੍ਰਾਈਵੇਟ ਹਸਪਤਾਲ ‘ਚ ਚੱਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਡਾਕਟਰ ਤਾਂ ਰੈਫਰ ਕਰਨ ਨੂੰ ਕਹਿੰਦੇ ਨੇ ਪਰ ਵੱਡੇ ਤੇ ਮਹਿੰਗੇ ਹਸਪਤਾਲ ਦੀ ਪਹੁੰਚ ਉਨ੍ਹਾਂ ਕੋਲ ਨਹੀਂ ਹੈ ਸ਼ਾਨਾਮੱਤੇ ਕੈਰੀਅਰ ਦੀ ਕਹਾਣੀ ਹੁਣ ਉਨ੍ਹਾਂ ਲਈ ਕੋਈ ਮਾਇਨਾ ਨਹੀਂ ਰੱਖਦੀ, ਉਨ੍ਹਾਂ ਲਈ ਸਿਰਫ਼ ਇਲਾਜ਼ ਮਸਲਾ ਬਣਿਆ ਹੋਇਆ ਹੈ ।

ਹਾਕਮ ਸਿੰਘ ਭੱਠਲਾਂ ਦੀ ਜਿੰਦਗੀ ਦੇ ਸੁਨਿਹਰੇ ਵਰਕੇ ਫਰੋਲਦਿਆਂ ਪਤਾ ਚੱਲਾ ਕਿ ਉਸਨੇ ਸ਼ੁਰੂਆਤੀ ਦੌਰ ‘ਚ ਫੌਜ਼ ‘ਚ 6 ਸਿੱਖ ਰੈਜ਼ੀਮੈਂਟ ‘ਚ ਨਾਇਕ ਵਜੋਂ ਸੇਵਾਵਾਂ ਵੀ ਨਿਭਾਈਆਂ ਦੋ ਵਾਰ ਦੇਸ਼ ਲਈ ਜਿੱਤ ਦੇ ਝੰਡੇ ਗੱਡੇ ਪਹਿਲੀ ਵਾਰ ਉਸਨੇ 1978 ‘ਚ ਬੈਂਕਾਕ ਵਿਖੇ ਹੋਈਆਂ ਏਸ਼ੀਅਨ ਖੇਡਾਂ ‘ਚ 20 ਕਿੱਲੋਮੀਟਰ ‘ਵਾਕ’ ‘ਚ ਸੋਨ ਤਮਗਾ ਜਿੱਤਿਆ ਸੀ, ਦੂਜੀ ਵਾਰ 1979 ‘ਚ ਟੋਕੀਓ ਵਿਖੇ ਹੋਈਆਂ ਏਸ਼ੀਅਨ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ 1981 ‘ਚ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ 1987 ‘ਚ 14 ਸਾਲ ਦੀਆਂ ਸੇਵਾਵਾਂ ਉਪਰੰਤ ਉਹ ਆਰਮੀ ‘ਚੋਂ ਘਰ ਆ ਗਏ ਸੰਨ।

ਇਹ ਵੀ ਪੜ੍ਹੋ : ਸੁਭਾਵਿਕ ਸੁਝਾਅ ਦੇਣਾ ਪਿਆ ਮਹਿੰਗਾ, ਗਈਆਂ ਤਿੰਨ ਜਾਨਾਂ

1987 ਤੋਂ 2003 ਤੱਕ ਦੋ ਵਾਰ ਦੇ ਏਸ਼ੀਅਨ ਚੈਂਪੀਅਨ ਦੀ ਜਿੰਦਗੀ ਹਨ੍ਹੇਰ ‘ਚ ਹੀ ਰਹੀ  ਅਖੀਰ 2003 ‘ਚ ਉਸਨੂੰ ਪੰਜਾਬ ਸਰਕਾਰ ਨੇ ਐਥਲੈਟਿਕਸ ਕੋਚ ਵਜੋਂ ਕਾਂਸਟੇਬਲ ਭਰਤੀ ਕਰ ਲਿਆ, ਜਿਸ ਦੌਰਾਨ ਹਾਕਮ ਸਿੰਘ ਭੱਠਲਾਂ ਨੇ ਪੀਏਪੀ ਜਲੰਧਰ ਵਿਖੇ ਕਈ ਖਿਡਾਰੀ ਪੈਦਾ ਕੀਤੇ ਉਸਦੀ ਜਿੰਦਗੀ ‘ਚ ਸੁਨਹਿਰਾ ਦਿਨ ਫਿਰ ਆਇਆ ਜਦੋਂ ਉਸਨੂੰ 29 ਅਗਸਤ 2008 ‘ਚ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਖੇਡਾਂ ਦੇ ਸਰਵੋਤਮ ‘ਧਿਆਨ ਚੰਦ ਲਾਈਫ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ।

ਇਸ ਤੋਂ ਇਲਾਵਾ ਉਸਨੂੰ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਅਖੀਰ 2014 ‘ਚ ਹਾਕਮ ਸਿੰਘ ਰਿਟਾਇਰਮੈਂਟ ਉਪਰੰਤ ਪਿੰਡ ਭੱਠਲਾਂ ਵਿਖੇ ਆ ਗਿਆ ਤੇ ਸਮਾਜ ਸੇਵਾ ਤੇ ਪਿੰਡ ‘ਚ ਖੇਡ ਗਰਾਊਂਡ ਬਣਾ ਕੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਦਾ ਰਿਹਾ ਕੁਝ ਕੁ ਸਮਾਂ ਪਹਿਲਾਂ ਹਾਕਮ ਸਿੰਘ ਨੂੰ ਬਿਮਾਰੀ ਨੇ ਘੇਰ ਲਿਆ ਤੇ ਉਹ ਜਿਗਰ ਦੀ ਬਿਮਾਰੀ ਤੋਂ ਪੀੜਤ ਹੋ ਗਿਆ।

ਹਾਕਮ ਸਿੰਘ ਭੱਠਲ ਦੇ ਲੜਕੇ ਸੁਖਜੀਤ ਅਤੇ ਮਨਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ਼ ਦੋ ਏਕੜ ਜ਼ਮੀਨ ਹੈ ਤੇ ਉਹ ਖੁਦ ਪ੍ਰਾਈਵੇਟ ਨੌਕਰੀ ਕਰਕੇ ਗੁਜ਼ਾਰ ਕਰਦੇ ਹਨ ਉਨ੍ਹਾਂ ਦੱਸਿਆ ਕਿ ਪਿਤਾ ਦਾ ਇਲਾਜ਼ ਹੁਣ ਸੰਗਰੂਰ ਦੇ ਸਿਵੀਆ ਹੈਲਥ ਕੇਅਰ ਵਿਖੇ ਚੱਲ ਰਿਹਾ ਹੈ ਉਨ੍ਹਾਂ ਕਿਹਾ ਕਿ ਖਿਡਾਰੀ ਦੀ ਕਦਰ ਗਰਾਉਂਡਾਂ ‘ਚ ਹੀ ਹੁੰਦੀ ਹੈ ਗਰਾਊਂਡ ‘ਚੋਂ ਬਾਹਰ ਨਹੀਂ ਭਾਵੇਂ ਉਹ ਏਸ਼ੀਅਨ ਚੈਂਪੀਅਨ ਹੋਵੇ ਜਾਂ ਹੋਰ ਸਭ ਭੁੱਲ-ਭੁਲਾ ਜਾਂਦੇ ਹਨ ਤੇ ਸਰਕਾਰਾਂ ਮੂੰਹ ਮੋੜ ਲੈਂਦੀਆਂ ਹਨ ਉਨ੍ਹਾਂ ਆਰਥਿਕ ਮੱਦਦ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੇ ਪਿਤਾ ਦਾ ਇਲਾਜ ਢੁਕਵੇਂ ਹਸਪਤਾਲ ‘ਚ ਕਰਵਾਵੇ ਕੀ ਪਤਾ ਤੰਦਰੁਸਤੀ ਬਹੁੜ ਆਵੇ।