ਪਿੰਡ ਦੀ ਲਾਇਬ੍ਰੇਰੀ ’ਚ ਲੱਗਣ ਲੱਗੀਆਂ ਅਨਪੜ੍ਹਾਂ ਨੂੰ ਪੜ੍ਹਾਉਣ ਦੀਆਂ ਕਲਾਸਾਂ
(ਸੁਖਜੀਤ ਮਾਨ) ਬਠਿੰਡਾ। ਪਿੰਡ ਬੱਲ੍ਹੋ ਦੀ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਹੁਣ ਪਿੰਡ ’ਚੋਂ ਅਨਪੜ੍ਹ੍ਹਤਾ ਖਤਮ ਕਰਨ ਦੇ ਰਾਹ ਤੁਰੀ ਹੈ। ਪਹਿਲੇ ਪੜ੍ਹਾਅ ’ਚ ਪਿੰਡ ਦੀ ਲਾਇਬ੍ਰੇਰੀ ’ਚ ਅਨਪੜ੍ਹ ਪੁਰਸ਼ਾਂ ਤੇ ਔਰਤਾਂ ਨੂੰ ਦਸਤਖਤ ਕਰਨ ਦੀ ਮੁਹਿੰਮ ਆਰੰਭੀ ਗਈ ਹੈ। ਦਸਤਖਤ ਕਰਨੇ ਸਿੱਖਣ ਦੇ ਚਾਹਵਾਨ ਚਾਅ ਨਾਲ ਕਲਾਸਾਂ ਲਾਉਣ ਲੱਗੇ ਹਨ। Bathinda News
ਵੇਰਵਿਆਂ ਮੁਤਾਬਿਕ ਪਿੰਡ ਬੱਲ੍ਹੋ ਵਾਸੀਆਂ ਨੇ ਨਿਵੇਕਲੀ ਪਹਿਲ ਕਦਮੀ ਕਰਦਿਆਂ ਸਾਖਰਤਾ ਮੁਹਿੰਮ ਤਹਿਤ ‘ਦਸਤਖਤ ਕਰਨੇ ਸਿੱਖੋ ਤੇ ਇਨਾਮ ਪਾਓ’ ਸਕੀਮ ਦਾ ਆਗਾਜ਼ ਕੀਤਾ ਹੈ। ਇਸ ਸਕੀਮ ਤਹਿਤ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਨੇ ਅੰਗੂਠਾ ਛਾਪ ਪੁਰਸ਼ ਅਤੇ ਔਰਤਾਂ ਨੂੰ ਦਸਤਖਤ ਸਿਖਾਉਣ ਦਾ ਬੀੜਾ ਚੁੱਕਿਆ ਹੈ। ਪਿਛਲੇ ਦਿਨੀਂ ਸੁਸਾਇਟੀ ਦੀ ਹੋਈ ਮੀਟਿੰਗ ਵਿੱਚ ਪਾਸ ਕੀਤੇ ਗਏ ਮਤੇ ਵਿੱਚ ਫੈਸਲਾ ਲਿਆ ਕਿ ਪਿੰਡ ਦੇ ਜਿੰਨੇ ਅਨਪੜ੍ਹ ਹਨ, ਉਨ੍ਹਾਂ ਨੂੰ ਦਸਤਖਤ ਕਰਨੇ ਸਿਖਾਏ ਜਾਣਗੇ ਤਾਂ ਕਿ ਕੋਈ ਵੀ ਅੰਗੂਠਾ ਛਾਪ ਨਾ ਰਹੇ ।
ਸੰਸਥਾ ਦੇ ਸਰਪ੍ਰਸਤ ਤੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਦਾ ਸੁਫਨਾ ਹੈ ਕਿ ਉਨ੍ਹਾਂ ਦੇ ਪਿੰਡ ਦਾ ਕੋਈ ਵੀ ਵਾਸੀ ਅੰਗੂਠਾ ਛਾਪ ਨਾ ਹੋਵੇ, ਸਗੋਂ ਅਨਪੜ੍ਹ ਹੋਣ ਦੇ ਬਾਵਜੂਦ ਦਸਤਖਤ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਗਿਆਨਵਾਨ ਬਣਾਉਣ ਲਈ ਸੰਸਥਾ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ। ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ ਤੇ ਸਲਾਹਕਾਰ ਭੁਪਿੰਦਰ ਸਿੰਘ ਜਟਾਣਾ ਨੇ ਦੱਸਿਆ ਕਿ ਪਿੰਡ ਵਿੱਚ ਜੋ ਪੁਰਸ਼ ਤੇ ਔਰਤਾਂ ਅਨਪੜ੍ਹ ਹੋਣ ਕਾਰਨ ਦਸਤਖਤ ਕਰਨ ਦੀ ਬਜਾਏ ਅੰਗੂਠੇ ਲਾਉਂਦੇ ਹਨ, ਉਨ੍ਹਾਂ ਨੂੰ ਦਸਤਖਤ ਸਿਖਾਉਣ ਦੀ ਮੁਹਿੰਮ ਚਲਾਈ ਗਈ ਹੈ।
ਇਹ ਵੀ ਪੜ੍ਹੋ: ਇਨ੍ਹਾਂ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ‘ਚ ਛੁੱਟੀਆਂ ਦਾ ਐਲਾਨ, ਨਿਬੇੜ ਲਓ ਆਪਣੇ ਕੰਮ-ਧੰਦੇ
ਇਸ ਮੁਹਿੰਮ ਤਹਿਤ ਰੋਜ਼ਾਨਾ ਲਾਇਬ੍ਰੇਰੀ ਵਿੱਚ ਪੁਰਸ਼ਾਂ ਤੇ ਔਰਤਾਂ ਦੇ ਗਰੁੱਪ ਬਣਾ ਕੇ ਕਲਾਸ ਲਗਾਈ ਜਾ ਰਹੀ ਹੈ। ਲਾਇਬ੍ਰੇਰੀਅਨ ਰਾਜਵਿੰਦਰ ਕੌਰ ਤੇ ਸੰਸਥਾ ਦੇ ਮੈਂਬਰ ਦਸਤਖਤ ਕਰਨ ਦੀ ਕਲਾਸ ਲਗਾਉਂਦੇ ਹਨ। ਜੋ ਵਿਅਕਤੀ ਦਸਤਖਤ ਕਰਨਾ ਸਿੱਖ ਗਿਆ ਤਾਂ ਉਸ ਦਾ ਟੈਸਟ ਲੈ ਕੇ ਬਾਅਦ ਵਿੱਚ ਇਨਾਮ ਦੇ ਤੌਰ ’ਤੇ ਮਾਣ ਸਨਮਾਨ ਲਈ 100 ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ। ਇਸ ਮੌਕੇ ਸੰਸਥਾ ਦੇ ਮੈਂਬਰ ਕਰਮਜੀਤ ਸਿੰਘ ਫੌਜੀ , ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਨੰਬਰਦਾਰ , ਸੁਖਦੀਪ ਸਿੰਘ , ਪਰਮਜੀਤ ਸਿੰਘ ਗੱਗੂ, ਨਸੀਬ ਕੌਰ , ਸੁਖਪਾਲ ਕੌਰ ਅਤੇ ਹਰਬੰਸ ਕੌਰ ਹਾਜ਼ਰ ਸਨ । Bathinda News
ਸੰਸਥਾ ਦਾ ਉਪਰਾਲਾ ਸ਼ਲਾਘਾਯੋਗ (Bathinda News)
ਸੰਸਥਾ ਦੇ ਮੈਂਬਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਰਦਮਸ਼ੁਮਾਰੀ 2011 ਦੇ ਅੰਕੜਿਆਂ ਮੁਤਾਬਿਕ ਪਿੰਡ ਦੀ ਆਬਾਦੀ 4446 ਹੈ ਅਤੇ ਸਾਖਰਤਾ ਦੀ ਕੁੱਲ ਦਰ 60.39 ਪ੍ਰਤੀਸ਼ਤ ਹੈ। ਪੁਰਸ਼ 64.89 ਅਤੇ ਔਰਤਾਂ 55.44 ਪ੍ਰਤੀਸ਼ਤ ਪੜ੍ਹੀਆਂ-ਲਿਖੀਆਂ ਹਨ। ਪਿੰਡ ਦੇ ਵਸਨੀਕ ਜਸਵਿੰਦਰ ਸਿੰਘ ਛਿੰਦਾ ਨੇ ਸੰਸਥਾ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਸਤਖਤ ਕਰਨ ਸਿੱਖਣ ਨਾਲ ਅਨਪੜ੍ਹਾਂ ਵਿੱਚ ਵੀ ਆਤਮ ਵਿਸ਼ਵਾਸ ਪੈਦਾ ਹੋਵੇਗਾ ।