ਬੰਗਲੁਰੂ ਦੇ ਹਾਲਾਤ ਦੇਸ਼ ਲਈ ਚਿਤਾਵਨੀ

Bangalore

ਦੱਖਣੀ ਅਫਰੀਕਾ, ਅਫਰੀਕਾ ਮਹਾਂਦੀਪ ਦਾ ਇੱਕ ਸਭ ਤੋਂ ਵਿਕਸਿਤ ਦੇਸ਼ ਹੈ। ਉਸ ਦੀ ਰਾਜਧਾਨੀ ਜਾਹਨਜ਼ਬਰਗ ਸ਼ਾਇਦ ਦੁਨੀਆਂ ਵਿੱਚ ਕਿਸੇ ਦੇਸ਼ ਦੀ ਪਹਿਲੀ ਰਾਜਧਾਨੀ ਹੈ ਜਿਸ ਦਾ 2020 ਵਿੱਚ ਧਰਤੀ ਹੇਠਲਾ ਪਾਣੀ ਖ਼ਤਮ ਹੋ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਨੂੰ ਪਾਣੀ ਸਪਲਾਈ ਕਰਨ ਵਾਲੀਆਂ ਝੀਲਾਂ ਵਿੱਚ ਭੰਡਾਰਨ ਸਮਰੱਥਾ ਦਾ ਸਿਰਫ 20% ਪਾਣੀ ਬਚਿਆ ਹੈ। ਇਸ ਸ਼ਹਿਰ ਵਿੱਚ ਪਾਣੀ ਦੀ ਖਾਤਰ ਹਿੰਸਕ ਮੁਜ਼ਾਹਰੇ ਹੋਣਾ ਆਮ ਗੱਲ ਬਣ ਗਈ ਹੈ ਜਿਨ੍ਹਾਂ ਵਿੱਚ ਹੁਣ ਤੱਕ 100 ਦੇ ਕਰੀਬ ਸੁਰੱਖਿਆ ਦਸਤੇ ਅਤੇ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ ਤੇ ਸੈਂਕੜੇ ਜ਼ਖਮੀ ਹੋਏ ਹਨ। (Bangalore)

ਇਸ ਸ਼ਹਿਰ ਦੀ ਬਰਬਾਦੀ ਦੀ ਕਹਾਣੀ ਬਿਲਕੁਲ ਭਾਰਤੀ ਸ਼ਹਿਰਾਂ ਨਾਲ ਮੇਲ ਖਾਂਦੀ ਹੈ। ਵਾਤਾਵਰਨ ਦੀ ਤਬਦੀਲੀ ਕਾਰਨ ਘੱਟ ਹੋ ਰਹੀ ਬਾਰਸ਼ ਅਤੇ ਪੈਸੇ ਦੇ ਲਾਲਚ ਵਿੱਚ ਨੇਤਾਵਾਂ, ਅਫਸਰਾਂ ਤੇ ਕਲੋਨਾਈਜ਼ਰਾਂ ਵੱਲੋਂ ਕੀਤੀਆਂ ਗਈਆਂ ਅੰਨ੍ਹੇਵਾਹ ਉਸਾਰੀਆਂ ਮੁੱਖ ਕਾਰਨ ਹਨ ਜਿਨ੍ਹਾਂ ਨੇ ਪਾਣੀ ਦੇ ਕੁਦਰਤੀ ਸੋਮੇ ਬਰਬਾਦ ਕਰ ਦਿੱਤੇ। ਇਸ ਵੇਲੇ ਭਾਰਤ ਦੇ ਸ਼ਹਿਰ ਬੰਗਲੌਰ ਵਿੱਚ ਵੀ ਇਹੀ ਹਾਲਾਤ ਬਣ ਚੁੱਕੇ ਹਨ। ਬੰਗਲੌਰ ਕਰਨਾਟਕ ਦੀ ਰਾਜਧਾਨੀ ਹੈ ਜਿਸ ਨੂੰ ਆਪਣੇ ਸ਼ਾਨਦਾਰ ਮੌਸਮ ਕਾਰਨ ਸਾਰੇ ਭਾਰਤ ਵਿੱਚ ਪਸੰਦ ਕੀਤਾ ਜਾਂਦਾ ਹੈ। ਇੱਥੇ ਗਰਮੀਆਂ ਵਿੱਚ ਤਾਪਮਾਨ 30 ਡਿਗਰੀ ਤੋਂ ਨਹੀਂ ਵਧਦਾ ਤੇ ਸਰਦੀਆਂ ਵਿੱਚ 20 ਡਿਗਰੀ ਤੋਂ ਥੱਲੇ ਨਹੀਂ ਜਾਂਦਾ। (Bangalore)

ਇਸ ਕਾਰਨ ਇੱਥੇ ਸੈਂਕੜੇ ਪ੍ਰਸਿੱਧ ਕੰਪਨੀਆਂ ਦੇ ਹੈੱਡਕੁਆਰਟਰ ਤੇ ਭਾਰਤ ਦੇ ਅਮੀਰ ਲੋਕਾਂ ਦੇ ਘਰ ਹਨ। ਬੰਗਲੌਰ ਅਜੇ ਪਿਛਲੇ ਸਾਲ ਮਾਨਸੂਨ ਦੌਰਾਨ ਆਏ ਹੜ੍ਹਾਂ ਤੋਂ ਉੱਭਰਿਆ ਨਹੀਂ ਸੀ ਕਿ ਇਸ ਦਾ ਧਰਤੀ ਹੇਠਲਾ ਪਾਣੀ ਖ਼ਤਮ ਹੋ ਗਿਆ ਹੈ। ਸਿਰਫ ਬੰਗਲੌਰ ਸ਼ਹਿਰ ਦਾ ਹੀ ਨਹੀਂ, ਆਸ-ਪਾਸ ਦੇ ਕਈ ਜਿਲ੍ਹਿਆਂ ਵਿੱਚ ਵੀ ਸੋਕਾ ਪੈ ਗਿਆ ਹੈ। ਝੀਲਾਂ, ਤਲਾਬ ਤੇ ਪਾਣੀ ਦੇ ਸਾਰੇ ਕੁਦਰਤੀ ਸੋਮੇ ਸੁੱਕ ਗਏ ਹਨ ਤੇ ਫਸਲਾਂ ਬਰਬਾਦ ਹੋ ਗਈਆਂ ਹਨ। ਸਰਕਾਰ ਦੇ ਇਸ ਸਥਿਤੀ ’ਤੇ ਕਾਬੂ ਪਾਉਣ ਵਿੱਚ ਅਸਫਲ ਹੋ ਜਾਣ ਕਾਰਨ ਪਾਣੀ ਮਾਫੀਆ ਵੱਲੋਂ ਸ਼ਹਿਰ ਵਿੱਚ ਮਹਿੰਗੇ ਰੇਟ ’ਤੇ ਟੈਂਕਰਾਂ ਨਾਲ ਗੰਦਾ-ਮੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। (Bangalore)

ਜਿਸ ਦੀ ਕੀਮਤ ਚੁਕਾਉਣੀ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਬੰਗਲੌਰ ਦੇ ਨਜ਼ਦੀਕ ਕੋਈ ਵੀ ਨਦੀ-ਨਾਲਾ ਨਹੀਂ ਵਗਦਾ। ਸ਼ਹਿਰ ਵਿੱਚ ਪਾਣੀ ਦੀ ਪੂਰਤੀ 100 ਕਿ.ਮੀ. ਦੂਰ ਕਾਵੇਰੀ ਨਦੀ ਤੋਂ ਪਾਈਪਾਂ ਰਾਹੀਂ ਪਾਣੀ ਲਿਆ ਕੇ ਕੀਤੀ ਜਾਂਦੀ ਹੈ। ਪਰ ਕਾਵੇਰੀ ਦੇ ਪਾਣੀ ਨਾਲ ਬੰਗਲੌਰ ਦੀ ਇੱਕ ਕਰੋੜ ਪੈਂਤੀ ਲੱਖ ਅਬਾਦੀ ਦੀਆਂ ਜ਼ਰੂਰਤਾਂ ਪੂਰੀਆਂ ਨਾ ਹੋਣ ਕਾਰਨ ਕਰੀਬ ਅੱਧੇ ਸ਼ਹਿਰ ਨੂੰ ਟਿਊਬਵੈੱਲਾਂ ਦਾ ਪਾਣੀ ਸਪਲਾਈ ਕੀਤਾ ਜਾਂਦਾ ਸੀ ਜੋ ਹੁਣ ਗਾਇਬ ਹੋ ਗਿਆ ਹੈ। ਸ਼ਾਨਦਾਰ ਮੌਸਮ ਅਤੇ ਮਲਟੀਨੈਸ਼ਨਲ ਸਾਫਟਵੇਅਰ ਕੰਪਨੀਆਂ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਲੱਖਾਂ ਨੌਕਰੀਆਂ ਕਾਰਨ ਬੰਗਲੌਰ ਨੇ ਕੁਝ ਸਾਲਾਂ ਵਿੱਚ ਹੀ ਹੈਰਾਨੀਜਨਕ ਤਰੱਕੀ ਕੀਤੀ ਸੀ। (Bangalore)

ਜੋ ਹੁਣ ਇਸ ਦੀ ਬਰਬਾਦੀ ਦਾ ਕਰਨ ਬਣ ਗਈ ਹੈ। ਇਨ੍ਹਾਂ ਨੌਕਰੀਆਂ ਦੀ ਖਿੱਚ ਤੇ ਮਿਲਣ ਵਾਲੀਆਂ ਮੋਟੀਆਂ ਤਨਖਾਹਾਂ ਕਾਰਨ ਲੱਖਾਂ ਦੀ ਗਿਣਤੀ ਵਿੱਚ ਭਾਰਤੀ ਅਤੇ ਵਿਦੇਸ਼ੀ ਇਸ ਸ਼ਹਿਰ ਵਿੱਚ ਰਹਿਣ ਲਈ ਪਹੁੰਚ ਗਏ। ਕੁਦਰਤੀ ਹੈ ਕਿ ਸ਼ਹਿਰ ਵਿੱਚ ਜਿੰਨੀ ਅਬਾਦੀ ਹੋਵੇਗੀ, ਉਸ ਮੁਤਾਬਕ ਵਾਹਨ ਵੀ ਹੋਣਗੇ। ਬੰਗਲੌਰ ਵਿੱਚ ਇਸ ਵੇਲੇ 75 ਲੱਖ ਦੇ ਕਰੀਬ ਸਕੂਟਰਾਂ-ਮੋਟਰ ਸਾਈਕਲਾਂ ਸਮੇਤ ਇੱਕ ਕਰੋੜ ਤੋਂ ਵੱਧ ਵਾਹਨ ਹਨ। ਇਨ੍ਹਾਂ ਵੱਲੋਂ ਦਿਨ-ਰਾਤ ਉਗਲਿਆ ਜਾਂਦਾ ਜ਼ਹਿਰੀਲਾ ਧੂੰਆਂ (ਫੈਕਟਰੀਆਂ ਦਾ ਅਲੱਗ) ਵਾਤਾਵਰਨ ’ਤੇ ਮਾਰੂ ਅਸਰ ਪਾ ਰਿਹਾ ਹੈ ਜਿਸ ਕਾਰਨ ਬੰਗਲੌਰ ਦਾ ਔਸਤ ਤਾਪਮਾਨ ਵਧ ਰਿਹਾ ਹੈ ਤੇ ਬਾਰਸ਼ਾਂ ਬੇਤਰਤੀਬੀਆਂ ਹੋ ਰਹੀਆਂ ਹਨ। (Bangalore)

ਅੱਜ ਤੋਂ 30 40 ਸਾਲ ਪਹਿਲਾਂ ਤੱਕ ਬੰਗਲੌਰ ਦੇ ਆਸ-ਪਾਸ ਵੱਡੀ ਗਿਣਤੀ ਵਿੱਚ ਝੀਲਾਂ, ਤਲਾਬ ਅਤੇ ਪਾਣੀ ਦੇ ਹੋਰ ਕੁਦਰਤੀ ਸ੍ਰੋਤ ਸਨ ਜਿਨ੍ਹਾਂ ਦਾ ਪਾਣੀ ਸ਼ਹਿਰ ਦੀਆਂ ਜ਼ਰੂਰਤਾਂ ਅਤੇ ਖੇਤੀਬਾੜੀ ਵਾਸਤੇ ਵਰਤਿਆ ਜਾਂਦਾ ਸੀ। ਪਰ ਇਸ ਸਮੇਂ ਦੌਰਾਨ ਬੰਗਲੌਰ ਵਿੱਚ ਅਬਾਦੀ ਵਿਸਫੋਟ (40 ਸਾਲਾਂ ਵਿੱਚ 53% ਵਾਧਾ) ਹੋਇਆ ਤੇ ਉਨ੍ਹਾਂ ਨੂੰ ਰਿਹਾਇਸ਼ ਅਤੇ ਹੋਰ ਸ਼ਹਿਰੀ ਸਹੂਲਤਾਂ ਦੇਣ ਵਾਸਤੇ (ਅਸਲ ਵਿੱਚ ਮੋਟਾ ਮਾਲ ਕਮਾਉਣ ਖਾਤਰ) 80% ਦੇ ਕਰੀਬ ਝੀਲਾਂ ਤੇ ਤਲਾਬ ਸੀਮਿੰਟ ਦੇ ਜੰਗਲਾਂ ਹੇਠ ਦਫਨ ਕਰ ਦਿੱਤੇ ਗਏ। 1980 ਤੋਂ ਬਾਅਦ ਬੰਗਲੌਰ ਵਿੱਚ ਜ਼ਮੀਨ ਜਾਇਦਾਦ ਦੇ ਰੇਟ ਅਸਮਾਨ ਨੂੰ ਚੜ੍ਹ ਗਏ ਸਨ। (Bangalore)

ਸੋਨੇ ‘ਤੇ ਸੁਹਾਗਾ ਹੈ ਸੇਵਾ ਦੇ ਨਾਲ ਕੀਤਾ ਗਿਆ ਸਿਮਰਨ : Saint Dr MSG

ਜਿਸ ਦਾ ਫਾਇਦਾ ਉਠਾਉਣ ਲਈ ਕਲੋਨਾਈਜ਼ਰਾਂ ਨੇ ਬੇਰਹਿਮੀ ਨਾਲ ਸੈਂਕੜੇ ਤਲਾਬਾਂ ਤੇ ਟੋਭਿਆਂ ਨੂੰ ਪੂਰ ਕੇ ਕਲੋਨੀਆਂ ਬਣਾ ਦਿੱਤੀਆਂ। ਜਿਸ ਸ਼ਹਿਰ ਦੇ 28 ਵਿੱਚੋਂ 26 ਵਿਧਾਇਕਾਂ ਨੇ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ ਵਿੱਚ ਆਪਣਾ ਕਾਰੋਬਾਰ ਪ੍ਰਾਪਰਟੀ ਡੀਲਿੰਗ ਲਿਖਿਆ ਹੋਵੇ, ਉੱਥੇ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ। ਕੀ ਇਹ ਲੋਕ ਸਰਕਾਰ ਨੂੰ ਆਪਣੇ ਕਾਰੋਬਾਰ ਦੀ ਕੀਮਤ ’ਤੇ ਸ਼ਹਿਰ ਦੇ ਹੜ੍ਹ ਜਾਂ ਸੋਕੇ ਦੀ ਸਮੱਸਿਆ ਹੱਲ ਕਰਨ ਲਈ ਕੋਈ ਸਖਤ ਫੈਸਲਾ ਲੈਣ ਜਾਂ ਕਾਨੂੰਨ ਬਣਾਉਣ ਦੀ ਆਗਿਆ ਦੇ ਸਕਦੇ ਹਨ? ਇਸ ਸ਼ਹਿਰ ਵਿੱਚ ਸੰਸਾਰ ਦੇ ਚੋਟੀ ਦੇ ਭੂ-ਵਿਗਿਆਨੀ, ਜਾਗਰੂਕ ਨਾਗਰਿਕਾਂ ਦੀਆਂ ਜਥੇਬੰਦੀਆਂ ਅਤੇ ਤਕਨੀਤੀ ਮਾਹਿਰ ਵੀ ਵੱਸਦੇ ਹਨ। (Bangalore)

ਜੋ ਸਮੇਂ-ਸਮੇਂ ’ਤੇ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਬਾਰੇ ਰਾਜਨੀਤਿਕ ਅਤੇ ਸਮਾਜਿਕ ਪਲੇਟਫਾਰਮਾਂ ’ਤੇ ਅਵਾਜ਼ ਉਠਾਉਂਦੇ ਰਹਿੰਦੇ ਹਨ। ਇਸ ਸਬੰਧੀ ਸੈਂਕੜੇ ਪਟੀਸ਼ਨਾਂ ਅਦਾਲਤਾਂ ਵਿੱਚ ਲੰਬਿਤ ਹਨ, ਪਰ ਰਾਜਨੀਤਿਕ ਉਦਾਸੀਨਤਾ ਅਤੇ ਪੈਸੇ ਦੀ ਭੁੱਖ ਅੱਗੇ ਉਨ੍ਹਾਂ ਦੀ ਅਵਾਜ਼ ਨਗਾਰਖਾਨੇ ਵਿੱਚ ਤੂਤੀ ਦੀ ਅਵਾਜ਼ ਵਾਂਗ ਗੁੰਮ ਹੋ ਜਾਂਦੀ ਹੈ। ਕੰਨੜ ਭਾਸ਼ਾ ਦੇ ਮਹਾਨ ਕਵੀ ਸਰਵਗਨ ਨੇ 17ਵੀਂ ਸਦੀ ਵਿੱਚ ਆਪਣੀ ਇੱਕ ਕਵਿਤਾ ਵਿੱਚ ਸਵਾਲ ਕੀਤਾ ਸੀ ਕਿ ਜੋ ਵਿਅਕਤੀ ਤਲਾਬ ਸੁਕਾ ਕੇ ਆਪਣਾ ਘਰ ਬਣਾਉਂਦਾ ਹੈ, ਕੀ ਉਸ ਨੂੰ ਹੜ੍ਹ ਤੋਂ ਡਰਨਾ ਨਹੀਂ ਚਾਹੀਦਾ? ਜਿਸ ਬੰਗਲੌਰ ਨੇ ਆਪਣੇ ਤਲਾਬ ਖੁਦ ਹੀ ਸੁਕਾ ਲਏ ਹਨ। (Bangalore)

ਕੀ ਉਹ ਹੁਣ ਲੋਕਾਂ ਦੇ ਪਾਣੀ ਦੀ ਜਰੂਰਤ ਟੈਂਕਰਾਂ ਰਾਹੀਂ ਪੂਰੀ ਕਰ ਸਕਦਾ ਹੈ? ਪਿਛਲੇ ਸਾਲ ਜਦੋਂ ਬੰਗਲੌਰ ਵਿੱਚ ਹੜ੍ਹ ਆਏ ਸਨ ਤਾਂ ਪਾਣੀ ਪਾਸ਼ ਇਲਾਕਿਆਂ ਵਿੱਚ ਸੱਤਾਧਾਰੀਆਂ ਅਤੇ ਧਨਾਢਾਂ ਦੇ ਬੈੱਡਰੂਮਾਂ ਵਿੱਚ ਵੀ ਦਾਖਲ ਹੋ ਗਿਆ ਸੀ, ਕਈਆਂ ਨੂੰ ਤਾਂ ਕਿਸ਼ਤੀਆਂ ਰਾਹੀਂ ਬਾਹਰ ਕੱਢਣਾ ਪਿਆ ਸੀ। ਉਸ ਸਮੇਂ ਮੀਡੀਆ ਵਿੱਚ ਪਏ ਰੌਲੇ-ਗੌਲੇ ਕਾਰਨ ਜਨਤਾ ਦੇ ਹੰਝੂ ਕੁਝ ਦੇਰ ਲਈ ਪੂੰਝਣ ਖਾਤਰ ਸਰਕਾਰ ਨੇ ਸ਼ਹਿਰ ਵਿੱਚ ਪਾਣੀ ਦੇ ਕੁਦਰਤੀ ਰਸਤੇ ਰੋਕ ਕੇ ਕੀਤੀਆਂ ਉਸਾਰੀਆਂ ਢਾਹੁਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕੁਝ ਦਿਨਾਂ ਬਾਅਦ ਪਾਣੀ ਸ਼ਹਿਰ ਵਿੱਚੋਂ ਬਾਹਰ ਨਿੱਕਲ ਗਿਆ ਤੇ ਲੋਕ ਵੀ ਸਭ ਕੁਝ ਭੁੱਲ-ਭੁਲਾ ਗਏ। (Bangalore)

ਇਸ ਵੇਲੇ ਹਾਲਾਤ ਐਨੇ ਭਿਆਨਕ ਹਨ ਕਿ ਟੈਂਕਰ ਜਿਹੜੇ ਟਿਊਬਵੈੱਲਾਂ ਤੋਂ ਪਾਣੀ ਲਿਆ ਰਹੇ ਸਨ, ਉੱਥੇ ਵੀ ਪਾਣੀ ਖ਼ਤਮ ਹੋ ਗਿਆ ਹੈ। ਇਸ ਸਮੇਂ ਬੰਗਲੌਰ ਵਿੱਚ ਪਾਣੀ ਦੀ ਰਾਸ਼ਨਿੰਗ ਕੀਤੀ ਜਾ ਰਹੀ ਹੈ ਤੇ ਸਪਲਾਈ ਵਿੱਚ 50 ਤੋਂ 75% ਤੱਕ ਕੱਟ ਲੱਗ ਰਹੇ ਹਨ। ਪੌਦਿਆਂ, ਲਾਅਨਾਂ ਨੂੰ ਪਾਣੀ ਦੇਣ ਜਾਂ ਕਾਰਾਂ ਆਦਿ ਧੋਣ ’ਤੇ ਵੱਡੇ ਜ਼ੁਰਮਾਨੇ ਵਸੂਲੇ ਜਾ ਰਹੇ ਹਨ। ਕਈ ਇਲਾਕਿਆਂ ਵਿੱਚ ਤਾਂ ਲੋਕਾਂ ਨੂੰ ਨਹਾਉਣ ਜਾਂ ਕੱਪੜੇ ਧੋਣ ਵਾਸਤੇ ਵੀ ਪਾਣੀ ਨਹੀਂ ਮਿਲ ਰਿਹਾ। ਬਹੁ-ਮੰਜ਼ਿਲ ਇਮਾਰਤਾਂ ਦੀ ਹਾਲਤ ਤਾਂ ਹੋਰ ਵੀ ਬੁਰੀ ਹੈ ਕਿਉਂਕਿ ਪ੍ਰੈਸ਼ਰ ਘੱਟ ਹੋਣ ਕਾਰਨ ਉੱਪਰਲੀਆਂ ਮੰਜ਼ਿਲਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ। (Bangalore)

55-60 ਸਾਲ ਦੀ ਉਮਰ ਵਾਲੀ ਸਾਡੀ ਪੀੜ੍ਹੀ ਨੇ ਦੇਸ਼ ਵਿੱਚ ਹਰੀ ਕ੍ਰਾਂਤੀ ਤੋਂ ਲੈ ਕੇ ਵੱਖ-ਵੱਖ ਖੇਤਰਾਂ ਵਿੱਚ ਹੋਈ ਹਰ ਪ੍ਰਕਾਰ ਦੀ ਤਰੱਕੀ ਵੇਖੀ ਹੈ। ਚਿੱਠੀਆਂ-ਖਤ ਵੀ ਲਿਖੇ ਹਨ ਤੇ ਜੀਮੇਲ, ਵੱਟਸਐਪ ਆਦਿ ’ਤੇ ਮੈਸੇਜ਼ ਵੀ ਭੇਜੇ ਹਨ। ਕਿਸਾਨਾਂ ਨੂੰ ਖੇਤਾਂ ਵਿੱਚ ਡੰਗਰਾਂ ਨਾਲ ਹਲ ਵਾਹੁੰਦੇ ਤੇ ਇਨਸਾਨ ਨੂੰ ਚੰਦ ’ਤੇ ਉੱਤਰਦੇ ਵੇਖਿਆ ਹੈ। ਪਰ ਦਿਲ ਵਿੱਚ ਦਰਦ ਉਦੋਂ ਉੱਠਦਾ ਹੈ ਜਦੋਂ ਵੇਖਦੇ ਹਾਂ ਕਿ ਪੰਜਾਬ ਵਿੱਚ ਤੀਹ-ਚਾਲੀ ਸਾਲ ਪਹਿਲਾਂ ਪਾਣੀ ਦਾ ਪੱਧਰ ਜੋ ਦਸ-ਪੰਦਰਾਂ ਫੁੱਟ ’ਤੇ ਹੁੰਦਾ ਸੀ, ਉਹ ਹੁਣ ਦੋ-ਢਾਈ ਸੌ ਫੁੱਟ ’ਤੇ ਪਹੁੰਚ ਗਿਆ ਹੈ। ਨਦੀਆਂ ਦਾ ਅੰਮ੍ਰਿਤ ਵਰਗਾ ਸ਼ੁੱਧ ਪਾਣੀ ਸ਼ਹਿਰਾਂ ਦੇ ਸੀਵਰੇਜ਼ ਨੇ ਜ਼ਹਿਰੀਲਾ ਕਰ ਦਿੱਤਾ ਹੈ।

ਸ਼ਹਿਰਾਂ ਵਿੱਚ ਖੁੰਬਾਂ ਵਾਂਗ ਬਣ ਰਹੇ ਬਹੁਮੰਜ਼ਿਲਾ ਫਲੈਟਾਂ ਨੂੰ ਵੇਖ ਕੇ ਕਈ ਵਾਰ ਸੋਚ ਆਉਂਦੀ ਸੀ ਕਿ ਜੇ ਪਾਣੀ ਖ਼ਤਮ ਹੋ ਗਿਆ ਤਾਂ ਇਹ ਲੋਕ ਕਿੱਥੇ ਜਾਣਗੇ? ਪਰ ਸੁਰਸਾ ਵਾਂਗ ਮੂੰਹ ਖੋਲ੍ਹੀ ਪੰਜਾਬ ਵੱਲ ਵਧ ਰਹੀ ਪਾਣੀ ਦੀ ਇਸ ਸਮੱਸਿਆ ਦਾ ਸਾਡੀ ਜਨਤਾ ਜਾਂ ਸਰਕਾਰਾਂ ਦੀ ਸਿਹਤ ’ਤੇ ਕੋਈ ਖਾਸ ਅਸਰ ਨਹੀਂ ਹੈ। ਪਾਣੀ ਦੀ ਬਰਬਾਦੀ ਰੋਕਣ ਲਈ ਬਿੱਲ ਲੈਣ ਦੀ ਬਜਾਏ ਸਗੋਂ ਪਾਣੀ ਮੁਫ਼ਤ ਕੀਤਾ ਜਾ ਰਿਹਾ ਹੈ। ਜੇ ਅਸੀਂ ਬੰਗਲੌਰ ਜਾਂ ਦੱਖਣੀ ਅਫਰੀਕਾ ਤੋਂ ਸਿੱਖਿਆ ਨਾ ਲਈ ਤਾਂ ਅਗਲੇ ਕੁਝ ਹੀ ਸਾਲਾਂ ਵਿੱਚ ਸਾਡੇ ਹਾਲਾਤ ਵੀ ਉਨ੍ਹਾਂ ਵਰਗੇ ਹੋਣ ਦੀ ਪੂਰੀ ਸੰਭਾਵਨਾ ਹੈ। ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਉਣ ਲਈ ਸਭ ਨੂੰ ਰਲ-ਮਿਲ ਕੇ ਹੰਭਲਾ ਮਾਰਨਾ ਪੈਣਾ ਹੈ ਕਿਉਂਕਿ ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ। (Bangalore)