Theater Festival: ‘ਗੁੰਮਸ਼ੁਦਾ ਔਰਤ’ ਨਾਂਅ ਦਾ ਸੋਲੋ ਨਾਟਕ ਲੋਕਾਂ ਨੂੰ ਦੇ ਗਿਆ ਵੱਡਾ ਸੁਨੇਹਾ

Theater Festival
ਪਟਿਆਲਾ : ‘ਗੁੰਮਸ਼ੁਦਾ ਔਰਤ’ ਨਾਂਅ ਦੇ ਖੇਡੇ ਗਏ ਸੋਲੋ ਨਾਟਕ ਦਾ ਇਕ ਦਿ੍ਰਸ਼।

‘ਗੁੰਮਸ਼ੁਦਾ ਔਰਤ’ ਨਾਂਅ ਦੇ ਸੋਲੋ ਨਾਟਕ ਰਾਹੀਂ ਅਨੀਤਾ ਸ਼ਬਦੀਸ਼ ਨੇ ਪੰਜਾਬੀ ਯੂਨੀਵਰਸਿਟੀ ਦੀ ਸਟੇਜ ਉੱਤੇ ਨਿਭਾਏ ਵੱਖ-ਵੱਖ ਕਿਰਦਾਰ (Theater Festival)

  • ਔਰਤ ਦੇ ਸ਼ਕਤੀਕਰਨ ਦਾ ਦਿੱਤਾ ਗਿਆ ਸੁਨੇਹਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੇ ਥੀਏਟਰ ਫ਼ੈਸਟੀਵਲ (Theater Festival) ਵਿੱਚ ਦੂਜੇ ਦਿਨ ਅਨੀਤਾ ਸ਼ਬਦੀਸ਼ ਵੱਲੋਂ ‘ਗੁੰਮਸ਼ੁਦਾ ਔਰਤ’ ਨਾਂਅ ਦੇ ਸੋਲੋ ਨਾਟਕ ਦੀ ਪੇਸ਼ਕਾਰੀ ਰਾਹੀਂ ਇਕੱਲਿਆਂ ਹੀ ਮੰਚ ਉੱਤੇ ਵੱਖ-ਵੱਖ ਕਿਰਦਾਰ ਨਿਭਾਏ ਗਏ। ਇਸ ਨਾਟਕ ਦੇ ਨਿਰਦੇਸ਼ਕ ਵੀ ਉਹ ਖ਼ੁਦ ਹੀ ਸਨ। ਯੁਵਕ ਭਲਾਈ ਵਿਭਾਗ, ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ,ਪਟਿਆਲਾ ਵੱਲੋਂ ਕਰਵਾਏ ਜਾ ਰਹੇ ਇਸ ਸੱਤ ਰੋਜ਼ਾ ‘9ਵੇਂ ਨੋਰ੍ਹਾ ਰਿਚਰਡ ਥੀਏਟਰ ਫ਼ੈਸਟੀਵਲ ਵਿੱਚ ਸੁਚੇਤਕ ਰੰਗਮੰਚ ਮੋਹਾਲੀ ਦੀ ਇਸ ਪੇਸ਼ਕਾਰੀ, ਜਿਸਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤੀ ਹੈ, ਰਾਹੀਂ ਔਰਤ ਦੇ ਸ਼ਕਤੀਕਰਨ ਦਾ ਸੁਨੇਹਾ ਦਿੱਤਾ ਗਿਆ। ਇਹ ਨਾਟਕ ਸਮਾਜੀ ਜੀਵਨ ਵਿੱਚ ਗੁੰਮਸ਼ੁਦਾ ਜੂਨ ਹੰਢਾ ਰਹੇ ਲੋਕਾਂ ਦੀ ਗਾਥਾ ਹੈ।

ਗਿਆਨਵਾਨ ਲੋਕਾਂ ਦੇ ਗਿਆਨ-ਵਿਹੂਣੇ ਹੋਣ ਉੱਤੇ ਕੀਤਾ ਗਿਆ ਕਟਾਖਸ਼

ਇਹ ਲੋਕ ਸੋਚਦੇ ਤਾਂ ਇਹੀ ਹਨ ਕਿ ਉਨ੍ਹਾਂ ਪੜ੍ਹ-ਲਿਖ ਕੇ ਆਪਾ ਲੱਭ ਲਿਆ ਹੈ, ਪਰ ਉਨ੍ਹਾਂ ਨੂੰ ਇਲਮ ਤੱਕ ਨਹੀਂ ਹੈ ਕਿ ਉਹ ਤਾਂ ਗਵਾਚੇ ਹੋਏ ਘੁੰਮ ਰਹੇ ਹਨ। ਇਸ ਨਾਟਕ ਦੀ ਕਹਾਣੀ ਘਰੇਲੂ ਨੌਕਰਾਣੀ ਦੇ ਨਜ਼ਰੀਏ ਤੋਂ ਦਰਸਾਈ ਗਈ ਹੈ, ਜੋ ਇੱਕ ਪੜ੍ਹੀ-ਲਿਖੀ ਔਰਤ ਦੀ ਦਿੱਤੀ ਮੱਤ ਮੁਤਾਬਿਕ ਡਾਇਰੀ ਲਿਖ ਰਹੀ ਹੈ। ਉਹ ਹਰ ਰੋਜ਼ ਪੂਰੇ ਦਿਨ ਦਾ ਹਾਲ-ਹਵਾਲ ਲਿਖਦੀ-ਲਿਖਦੀ ਦਿਲ ਦਾ ਹਾਲ ਵੀ ਲਿਖਣ ਲੱਗ ਪੈਂਦੀ ਹੈ। ਨਾਟਕ ਦੀ ਕਹਾਣੀ ਉਸ ਗਵਾਚੀ ਹੋਈ ਡਾਇਰੀ ਦੁਆਲ਼ੇ ਘੁੰਮਦੀ ਹੈ, ਜਿਸ ਵਿੱਚ ਉਸ ਨੇ ਸੂਝਵਾਨ ਸਮਾਜ ਦਾ ਅੰਦਰਲਾ ਖੋਲ ਵਿਖਾ ਦਿੱਤਾ ਹੈ। (Theater Festival)

ਇਹ ਵੀ ਪੜ੍ਹੋ : Election Results : ਭਾਜਪਾਈ ਤਿੰਨ ਰਾਜਾਂ ‘ਚ ਜਿੱਤਣ ’ਤੇ ਬਾਗੋਬਾਗ, ਵੰਡੇ ਲੱਡੂ

ਇਸ ਵਿੱਚ ਉਸਦੇ ਦੋ ਮਾਲਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਹਮੇਸ਼ਾ ਉਸਨੂੰ ਉਤਸ਼ਾਹਿਤ ਕੀਤਾ ਹੈ। ਉਹਦੇ ਮਾਲਕ ਪਤੀ-ਪਤਨੀ ਹਨ ਜਾਂ ਨਹੀਂ, ਇਹ ਰਹੱਸ ਅੰਤ ਤੱਕ ਕਾਇਮ ਰਹਿੰਦਾ ਹੈ। ਉਹ ਦੋਵੇਂ ਪਹਿਲਾਂ ਵੱਖੋ-ਵੱਖਰੇ ਘਰ ਵਿੱਚ ਰਹਿੰਦੇ ਸਨ। ਫ਼ਿਰ ਉਹ ਇੱਕੋ ਘਰ ਵਿੱਚ ਰਹਿਣ ਲੱਗੇ ਸਨ ਤੇ ਉਨ੍ਹਾਂ ਘਰੇਲੂ ਨੌਕਰਾਣੀ ਨੂੰ ਪੱਕੇ ਤੌਰ ਉੱਤੇ ਆਪਣੇ ਕੋਲ ਰੱਖ ਲਿਆ ਸੀ।

ਜਦੋਂ ਸ਼ਹਿਰ ਵਿੱਚ ਇੱਕ ਇਕੱਲੀ ਰਹਿੰਦੀ ਬਜ਼ੁਰਗ ਔਰਤ ਦਾ ਕਤਲ ਹੋ ਗਿਆ ਤਾਂ ਉਹ ਉਸ ਘਰ ਦੀ ਨੌਕਰਾਣੀ ਦੀ ਗਿ੍ਰਫ਼ਤਾਰੀ ਕਾਰਨ ਪਰੇਸ਼ਾਨ ਹੈ, ਪਰ ਉਸਦੀ ਮਾਲਕਣ ਨੂੰ ਘਰੇਲੂ ਨੌਕਰਾਣੀ ਉੱਤੇ ਸ਼ੱਕ ਹੈ। ਉਹ ਘਰੇਲੂ ਨੌਕਰਾਣੀ, ਜਿਸਨੇ ਇਸਮਤ ਚੁਗਤਾਈ ਦਾ ਜੀਵਨ ਪੜ੍ਹ ਲਿਆ ਸੀ, ਇਸ ਤਰ੍ਹਾਂ ਦੇ ਸ਼ੱਕੀ ਰਵੱਈਏ ਤੋਂ ਖਿਝ ਕੇ ਬਾਗ਼ੀ ਹੋ ਜਾਂਦੀ ਹੈ। ਉਹ ਕੰਮ ਛੱਡ ਕੇ ਝੁੱਗੀ ਵਿੱਚ ਵਾਪਸ ਆ ਜਾਂਦੀ ਹੈ, ਜਿੱਥੇ ਬਾਪ ਦਵਾਈ ਖੁਣੋਂ ਮਰ ਚੁੱਕਾ ਹੈ; ਭਰਾ ਨਸ਼ੇੜੀ ਹੈ ਅਤੇ ਭੈਣ ਪਤੀ ਦੀ ਕੁੱਟ-ਮਾਰ ਸਹਿ ਵੀ ਦਿਨਕਟੀ ਕਰ ਰਹੀ ਹੈ। ਉਹਦੀ ਇਮਾਨਦਾਰੀ ਅਤੇ ਸੂਝ ਦਾ ਸਫ਼ਰ, ਜੋ ਮਾਂ ਨੂੰ ਪਹਿਲੇ ਦਿਨੋਂ ਪਸੰਦ ਨਹੀਂ ਸੀ, ਉਸ ਦਾ ਗਿਲਾ ਡਾਇਰੀ ਗਵਾਚਣ ਨਾਲ ਹੋਰ ਪਰੇਸ਼ਾਨ ਕਰ ਜਾਂਦਾ ਹੈ।

ਨਾਟਕ ਦਾ ਸੈੱਟ ਲੱਖਾ ਲਹਿਰੀ ਨੇ ਕੀਤਾ ਸੀ ਡਿਜ਼ਾਇਨ  (Theater Festival)

ਬੇਸ਼ੱਕ ਬਜ਼ੁਰਗ ਔਰਤ ਦੇ ਕਤਲ ਦੀ ਸੱਚਾਈ ਜ਼ਾਹਰ ਹੋਣ ਉੱਤੇ ਉਸ ਨੂੰ ਵਾਪਸ ਲਿਜਾਣ ਆਉਦੀ ਹੈ, ਪਰ ਉਹ ਉਸਦਾ ਕਹਿਣਾ ਹੈ; ਤੁਰੇ ਹੋਏ ਕਦਮ ਪਿਛਾਂਹ ਨਹੀਂ ਜਾ ਸਕਦੇ। ਇਸ ਤਰ੍ਹਾਂ ਨਾਟਕ ਗਿਆਨਵਾਨ ਲੋਕਾਂ ਦੇ ਗਿਆਨ-ਵਿਹੂਣੇ ਹੋਣ ਉੱਤੇ ਵੀ ਕਟਾਖਸ਼ ਕਰਦਾ ਹੈ ਤੇ ਦੱਸਦਾ ਹੈ ਕਿ ਕਿਤਾਬਾਂ ਨੂੰ ਪੜ੍ਹਨਾ ਹੀ ਨਹੀਂ ਹੈ, ਉਨ੍ਹਾਂ ਦੇ ਗਿਆਨ ਉੱਤੇ ਅਮਲ ਕਰਨਾ ਹੈ। ਅਨੀਤਾ ਸ਼ਬਦੀਸ਼ ਨੇ ਨੌਕਰਾਣੀ ਅਤੇ ਇਸਮਤ ਚੁਗਤਾਈ ਤੋਂ ਇਲਾਵਾ ਹੋਰ ਕਿਰਦਾਰਾਂ ਨੂੰ ਵੀ ਮੰਚ ਉੱਤੇ ਸਾਕਾਰ ਕੀਤਾ। ਸ਼ਬਦੀਸ਼ ਨੇ ਇਸ ਸੋਲੋ ਨਾਟਕ ਲਈ ਇਸਮਤ ਚੁਗਤਾਈ ਦੀ ਸਵੈ-ਜੀਵਨੀ ਦੇ ਕਾਂਡ ਦਾ ਸੰਪਾਦਤ ਰੂਪ ਪੇਸ਼ ਕੀਤਾ ਹੈ ਤੇ ਹਿੰਦੀ ਲੇਖਕ ਕ੍ਰਿਸ਼ਨ ਬਲਦੇਵ ਵੈਦ ਦੀਆਂ ਰਚਨਾਵਾਂ ਵੀ ਇਸਤੇਮਾਲ ਵੀ ਕੀਤੀਆਂ ਹਨ। ਇਸ ਨਾਟਕ ਦਾ ਸੈੱਟ ਲੱਖਾ ਲਹਿਰੀ ਨੇ ਡਿਜ਼ਾਇਨ ਕੀਤਾ ਸੀ।

ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਇੰਚਾਰਜ, ਯੁਵਕ ਭਲਾਈ ਡਾ. ਗਗਨਦੀਪ ਥਾਪਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਐਜੂਕੇਸ਼ਨ ਮਲਟੀਮੀਡੀਆ ਰਿਸਰਚ ਸੈਂਟਰ ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ, ਡਾ. ਰਵੀ ਕੁਮਾਰ ਅਨੁ, ਡਾ. ਗੁਰਨਾਇਬ ਸਿੰਘ, ਡਾ. ਸੁਰਜੀਤ ਭੱਟੀ, ਪ੍ਰੀਤ ਮਹਿੰਦਰ ਸੇਖੋਂ , ਦਲੀਪ ਸਿੰਘ ਉੱਪਲ, ਡਾ. ਕੁਲਦੀਪ ਕੌਰ, ਇੰਜ. ਐੱਮ. ਐੱਮ. ਸਿਆਲ ਅਤੇ ਨਕਸ਼ਮੀ ਨਰਾਇਣ ਭੀਖੀ ਵੀ ਇਸ ਮੌਕੇ ਹਾਜ਼ਰ ਰਹੇ। ਮੰਚ ਸੰਚਲਨ ਦਾ ਕਾਰਜ ਡਾ. ਇੰਦਰਜੀਤ ਕੌਰ ਨੇ ਕੀਤਾ।