ਮਨੁੱਖਤਾ ’ਤੇ ਵਧ ਰਹੀ ਕੈਂਸਰ ਦੀ ਕਰੋਪੀ

ਮਨੁੱਖਤਾ ’ਤੇ ਵਧ ਰਹੀ ਕੈਂਸਰ ਦੀ ਕਰੋਪੀ

ਕੈਂਸਰ ਦੀ ਬਿਮਾਰੀ ਦਾ ਨਾਂਅ ਸੁਣਦੇ ਹੀ ਲੋਕ ਸਹਿਮ ਜਾਂਦੇ ਹਨ। ਲੋਕ ਇਸ ਬਿਮਾਰੀ ਦਾ ਨਾਂਅ ਲੈਣ ਤੋਂ ਵੀ ਝਿਜਕਦੇ ਹਨ। ਕੈਂਸਰ ਨੇ ਮਨੁੱਖਤਾ ਦੇ ਪੈਂਰੀ ਅਜਿਹਾ ਨਾਗਵਲ਼ ਪਾਇਆ ਹੈ ਜਿਸ ਵਿੱਚ ਪੂਰੀ ਦੁਨੀਆਂ ਜਕੜੀ ਜਾ ਰਹੀ ਹੈ। ਅਜਗਰ ਵਾਂਗ ਇਹ ਬਿਮਾਰੀ ਮਾਨਵਤਾ ਨੂੰ ਨਿਗਲਦੀ ਜਾ ਰਹੀ ਹੈ ਜੋ ਵਿਸ਼ਵ-ਵਿਆਪੀ ਚਿੰਤਾ ਦਾ ਵਿਸ਼ਾ ਹੈ।

ਪੰਜਾਬ ਵਿੱੱਚ, ਖਾਸ ਕਰਕੇ ਮਾਲਵਾ ਖੇਤਰ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਨਾਲ ਲੱਗਦੇ ਇਲਾਕਿਆਂ ’ਚ ਕੈਂਸਰ ਨੇ ਕਹਿਰ ਮਚਾਇਆ ਹੋਇਆ ਹੈ। ਉਦਯੋਗੀਕਰਨ ਦੇ ਨਾਂਅ ਹੇਠ ਇਸ ਇਲਾਕੇ ਵਿੱਚ ਪ੍ਰਦੂਸ਼ਣ ਕੰਟਰੋਲ ਮਹਿਕਮੇ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਕਾਰਪੋਰੇਟ ਘਰਾਣਿਆਂ ਦੇ ਉਦਯੋਗਾਂ ਨੇ ਜ਼ਮੀਨੀ ਪਾਣੀ ਨੂੰ ਦੂਸ਼ਿਤ ਕਰਨ ਦੇ ਨਾਲ ਵਾਤਾਵਰਨ ਨੂੰ ਜ਼ਹਿਰੀਲਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ।

ਤਾਪ ਬਿਜਲੀ ਘਰਾਂ ਦੇ ਕੋਇਲੇ ਦੇ ਧੂੰਏਂ ਅਤੇ ਰਾਖ ਨੇ ਮਾਲਵਾ ਖੇਤਰ ਨੂੰ ਦਮਘੁਟੀ ਦੀ ਦਲਦਲ ਵਿੱਚ ਧੱਕਿਆ ਹੈ। ਸੂਬੇ ਦੀਆਂ ਕਾਫੀ ਫੈਕਟਰੀਆਂ ਅਤੇ ਹੋਰ ਉਦਯੋਗਿਕ ਇਕਾਈਆਂ ਦੇ ਕਚਰੇ ਤੇ ਗੰਦੇ ਪਾਣੀ ਨੂੰ ਬੋਰ ਕਰਕੇ ਸਿੱਧਾ ਜ਼ਮੀਨ ਵਿੱਚ ਪਾਉਣ ਦੀਆਂ ਖਬਰਾਂ ਮੀਡੀਆ ’ਚ ਨਸ਼ਰ ਹੋ ਚੁੱਕੀਆਂ ਹਨ ਜਿਸਦਾ ਪੁਖਤਾ ਸਬੂਤ ਜ਼ਮੀਨ ਹੇਠਲੇ ਪਾਣੀ ਵਿੱਚ ਯੂਰੇਨੀਅਮ ਤੇ ਹੋਰ ਖਤਰਨਾਕ ਤੱਤਾਂ ਦਾ ਰਿਸਾਅ ਹੈ ਜੋ ਜੱਗ-ਜਾਹਿਰ ਹੈ ਜਿਸ ਕਾਰਨ ਇੱਥੋਂ ਦੇ ਲੋਕ ਗੰਦਾ ਪਾਣੀ ਪੀਣ ਕਰਕੇ ਕਾਲਾ ਪੀਲੀਆ ਤੇ ਕੈਂਸਰ ਦੀ ਪਕੜ ਹੇਠ ਹਨ।
ਸਿਹਤ ਵਿਭਾਗ ਦੁਆਰਾ ਕੀਤੇ ਸਰਵੇਖਣ ਅਨੁਸਾਰ ਪੰਜਾਬ ’ਚ ਕੈਂਸਰ ਦੇ ਮਰੀਜ਼ਾਂ ਦਾ ਅਨੁਪਾਤ 90:100000 ਹੈ ਜਦਕਿ ਦੇਸ਼ ਪੱਧਰ ’ਤੇ ਇਹ ਅਨੁਪਾਤ 80:100000 ਹੈ।

ਪੰਜਾਬ ਦੇ ਮਾਲਵਾ ਖੇਤਰ ’ਚ ਕੈਂਸਰ ਮਰੀਜਾਂ ਦਾ ਅਨੁਪਾਤ 107:100000 ਹੈ, ਦੁਆਬੇ ’ਚ 88:100000 ਤੇ ਮਾਝੇ ’ਚ 64:100000 ਹੈ। ਮਾਲਵਾ ਖੇਤਰ ਦੇ ਚਾਰ ਜਿਲਿ੍ਹਆਂ ’ਚ ਇਹ ਅਨੁਪਾਤ ਬਹੁਤ ਜ਼ਿਆਦਾ ਹੈ। ਮੁਕਤਸਰ ਸਾਹਿਬ ’ਚ 136:100000, ਮਾਨਸਾ 134:100000, ਬਠਿੰਡਾ 125:100000, ਫਿਰੋਜ਼ਪੁਰ 114:100000 ਹੈ ਜਦਕਿ ਤਰਨਤਾਰਨ ਵਿੱਚ ਇਹ ਅਨੁਪਾਤ 41:100000 ਹੈ। ਪਿਛਲੇ ਪੰਜ ਸਾਲ ਦੇ ਅੰਕੜਿਆਂ ਅਨੁਸਾਰ ਸੂਬੇ ’ਚ ਰੋਜਾਨਾ ਕੈਂਸਰ ਕਰਕੇ 18 ਲੋਕਾਂ ਦੀ ਮੌਤ ਹੋਈ ਹੈ। ਸਿਹਤ ਵਿਭਾਗ ਦੁਆਰਾ ਸੂਬੇ ਦੇ 2.65 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਸੀ ਜਿਨ੍ਹਾਂ ’ਚੋਂ 24000 ਲੋਕ ਕੈਂਸਰ ਪੀੜਤ ਸਨ ਅਤੇ 84453 ਲੋਕਾਂ ਨੂੰ ਕੈਂਸਰ ਦੇ ਸ਼ੱਕੀ ਮਰੀਜਾਂ ਵਜੋਂ ਰੱਖਿਆ ਗਿਆ।

ਕੈਂਸਰ ਨੂੰ ਲੈ ਕੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਹ ਕਿਸ ਤਰ੍ਹਾਂ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ। ਮਨੁੱਖੀ ਸਰੀਰ ਸੈੱਲਾਂ ਦਾ ਬਣਿਆ ਹੋਇਆ ਹੈ ਸਰੀਰ ਦੇ ਸਾਰੇ ਕਾਰਜ ਸੈੱਲਾਂ ਅਤੇ ਸਰੀਰ ’ਚ ਮੌਜੂਦ ਦ੍ਰਵਾਂ ਜਿਵੇਂ ਖੂਨ, ਹਾਰਮੋਨ ਆਦਿ ਦੁਆਰਾ ਕੀਤੇ ਜਾਂਦੇ ਹਨ। ਇਨ੍ਹਾਂ ਸੈੱਲਾਂ ਦੀ ਵਿਲੱਖਣਤਾ ਇਹ ਹੈ ਕਿ ਇਹ ਇੱਕ-ਦੂਜੇ ਨਾਲ ਜੁੜੇ ਹੁੰਦੇ ਹਨ ਭਾਵ ਸਿੱਧੇ-ਅਸਿੱਧੇ ਤੌਰ ’ਤੇ ਸਬੰਧ ਰੱਖਦੇ ਹਨ। ਸਰੀਰ ਦੇ ਸੈੱਲ ਸਧਾਰਨ ਤਰੀਕੇ ਨਾਲ ਬਣਦੇ ਹਨ ਤੇ ਉਨ੍ਹਾਂ ਵਿੱਚ ਵੰਡ ਆਮ ਢੰਗ ਨਾਲ ਕੁਦਰਤੀ ਹੁੰਦੀ ਰਹਿੰਦੀ ਹੈ। ਇਨ੍ਹਾਂ ਸੈੱਲਾਂ ਦਾ ਜੀਵਨ ਕਾਲ ਨਿਰਧਾਰਿਤ ਹੁੰਦਾ ਹੈ ਤੇ ਆਪਣੇ-ਆਪ ਪ੍ਰਕਿਰਿਆ ਰਾਹੀਂ ਨਸ਼ਟ ਹੁੰਦੇ ਰਹਿੰਦੇ ਹਨ, ਇਨ੍ਹਾਂ ਦੀ ਜਗ੍ਹਾ ਨਵੇਂ ਸੈੱਲ ਲੈ ਲੈਂਦੇ ਹਨ। ਇਸ ਤਰ੍ਹਾਂ ਇਹ ਚੱਕਰ ਸਧਾਰਨ ਸੈੱਲਾਂ ’ਚ ਚੱਲਦਾ ਰਹਿੰਦਾ ਹੈ।

ਸਰੀਰ ਵਿੱੱਚ ਸੈੱਲਾਂ ਦੀ ਬਣਤਰ, ਉਨ੍ਹਾਂ ਦੀ ਗਿਣਤੀ ਤੇ ਪੈਦਾ ਹੋਣ ਦੀ ਪ੍ਰਕਿਰਿਆ ਦਾ ਕਿਸੇ ਕਾਰਨ ਕਰਕੇ ਬੇਕਾਬੂ ਹੋਣਾ ਕੈਂਸਰ ਕਹਾਉਂਦਾ ਹੈ। ਕੈਂਸਰ ਸੈੱਲ ਸਰੀਰ ਦੇ ਸਧਾਰਨ ਸੈੱਲਾਂ ਤੋਂ ਪੂਰੀ ਤਰ੍ਹਾਂ ਵੱਖ ਹੁੰਦੇ ਹਨ, ਇਨ੍ਹਾਂ ’ਚ ਬੇਤਹਾਸ਼ਾ ਵਾਧਾ ਟਿਊਮਰ ਅਖਵਾਉਂਦਾ ਹੈ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਸਾਰੇ ਟਿਊਮਰ ਕੈਂਸਰ ਨਹੀਂ ਹੁੰਦੇ ਕਿਉਂਕਿ ਟਿਊਮਰ ਦੋ ਤਰ੍ਹਾਂ ਦੇ ਹੁੰਦੇ ਹਨ, ਬਿਨਾਈਨ ਟਿਊਮਰ (ਜੋ ਕੈਂਸਰ ਨਹੀਂ) ਤੇ ਮੈਲਿਗਨੈਂਟ ਟਿਊਮਰ (ਕੈਂਸਰ ਵਾਲੇ)।

ਬਿਨਾਈਨ ਟਿਊਮਰ ਉਹ ਹੁੰਦੇ ਹਨ ਜੋ ਸਰੀਰ ’ਚ ਇੱਕੋ ਜਗ੍ਹਾ ਮੌਜੂਦ ਹੁੰਦੇ ਹਨ ਤੇ ਸਰੀਰ ਦੇ ਹੋਰ ਭਾਗਾਂ ’ਚ ਨਹੀਂ ਫੈਲਦੇ ਜਿਸ ਕਾਰਨ ਸਰੀਰ ਦਾ ਉਹੀ ਹਿੱਸਾ ਪ੍ਰਭਾਵਿਤ ਹੁੰਦਾ ਹੈ ਜਿੱਥੇ ਬਿਨਾਈਨ ਟਿਊਮਰ ਹੋਵੇ। ਮੈਲਿਗਨੈਂਟ ਟਿਊਮਰ ਨੂੰ ਕੈਂਸਰ ਕਿਹਾ ਜਾਂਦਾ ਹੈ ਇਹ ਪਹਿਲਾਂ ਤਾਂ ਹੌਲੀ-ਹੌਲੀ ਵਧਦਾ ਹੈ ਤੇ ਜਿਆਦਾ ਕੋਈ ਲੱਛਣ ਵੀ ਨਜ਼ਰ ਨਹੀਂ ਆਉਂਦੇ, ਪਿੱਛੋਂ ਆ ਕੇ ਇਹ ਬੜੀ ਤੇਜੀ ਨਾਲ ਵਧਦੇ ਹਨ ਜਿਸ ਕਾਰਨ ਮਰੀਜ ’ਚ ਲੱਛਣ ਵੀ ਉਤਪੰਨ ਹੋਣ ਲੱਗਦੇ ਹਨ। ਅਕਸਰ ਹੀ ਇਹ ਆਖਰੀ ਸਟੇਜ ਹੁੰਦੀ ਹੈ। ਮੈਲਿਗਨੈਂਟ ਟਿਊਮਰਾਂ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਇਸਦੇ ਸੈੱਲ ਲਸੀਕਾ, ਖੂਨ ਅਤੇ ਟਿਸ਼ੂਆਂ ਰਾਹੀਂ ਸਰੀਰ ਵਿੱਚ ਇੱਕ ਜਗ੍ਹਾ ਤੋਂ ਦੂਜੀ ਥਾਂ ਪਹੁੰਚ ਜਾਂਦੇ ਹਨ ਜਿੱਥੇ ਜਾ ਕੇ ਨਵਾਂ ਟਿਊਮਰ (ਗੰਢ) ਪੈਦਾ ਕਰਦੇ ਹਨ।

ਇਸ ਪ੍ਰਕਿਰਿਆ ਨੂੰ ਮੈਟਾਸਟੇਸਿਸ ਕਿਹਾ ਜਾਂਦਾ ਹੈ। ਕੈਂਸਰ ਦੇ ਵਧਦੇ ਪ੍ਰਕੋਪ ਅਤੇ ਇਸਦੇ ਕਾਰਨ ਮਨੁੱਖਤਾ ਦੀ ਹੋਂਦ ਨੂੰ ਪੈਦਾ ਹੋਏ ਸੰਭਾਵੀ ਖਤਰੇ ਨੂੰ ਭਾਂਪਦਿਆਂ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਸੰਸਥਾ ਨੇ ਲੋਕਾਂ ਵਿੱਚ ਕੈਂਸਰ ਪ੍ਰਤੀ ਜਾਗਰੂਕਤਾ, ਰੋਗ ਦੀ ਪਹਿਚਾਣ, ਇਲਾਜ ਅਤੇ ਰੋਕਥਾਮ ਸਬੰਧੀ ਸੰਨ 2008 ’ਚ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ। ਇਹ ਸੰਸਥਾ ਵਿਸ਼ਵ ਸਿਹਤ ਸੰਗਠਨ ਅਤੇ ਬਾਕੀ ਦੇਸ਼ਾਂ ਦੀਆਂ ਸੰਸਥਾਵਾਂ ਨਾਲ ਮਿਲ ਕੇ ਕੈਂਸਰ ਦੀ ਰੋਕਥਾਮ ਅਤੇ ਲੋਕਾਂ ਵਿੱਚ ਜਾਗਰੂਕਤਾ ਹਿੱਤ ਤੱਤਪਰ ਹੈ।

ਵਿਕਸਿਤ ਦੇਸ਼ਾਂ ਦੇ ਨਾਲ-ਨਾਲ ਵਿਕਾਸਸ਼ੀਲ ਤੇ ਗਰੀਬ ਮੁਲਕਾਂ ’ਚ ਕੈਂਸਰ ਨੇ ਆਪਣੇ ਪੈਰ ਪਸਾਰੇ ਹੋਏ ਹਨ ਜਿਸ ਕਾਰਨ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਨ 2018 ’ਚ 11.6 ਲੱਖ ਕੈਂਸਰ ਦੇ ਨਵੇਂ ਮਰੀਜਾਂ ਦੀ ਪਹਿਚਾਣ ਹੋਈ ਸੀ, ਜਿਸ ਵਿੱਚੋਂ 7.84 ਲੱਖ ਮਰੀਜਾਂ ਦੀ ਮੌਤ ਹੋਈ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ 10 ਭਾਰਤੀਆਂ ’ਚੋਂ ਇੱਕ ਆਪਣੀ ਜ਼ਿੰਦਗੀ ’ਚ ਕੈਂਸਰ ਦਾ ਸ਼ਿਕਾਰ ਹੁੰਦਾ ਹੈ ਤੇ ਹਰ 15 ’ਚੋਂ 1 ਭਾਰਤੀ ਕੈਂਸਰ ਦਾ ਸਹੀ ਇਲਾਜ ਨਾ ਮਿਲਣ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ। ਭਾਰਤ ਵਿੱਚ ਕੈਂਸਰ ਦੇ ਪ੍ਰਕੋਪ ਦਾ ਮੁੱਖ ਕਾਰਨ ਤੰਬਾਕੂ ਸੇਵਨ ਮੰਨਿਆ ਗਿਆ ਹੈ। ਦੁਨੀਆਂ ਦੇ 50 ਫੀਸਦੀ ਤੰਬਾਕੂ ਦਾ ਸੇਵਨ ਧੂੰਏਂ ਦੇ ਰੂਪ ਵਿੱਚ ਕਰਨ ਵਾਲੇ ਪੁਰਸ਼ ਚੀਨ, ਭਾਰਤ, ਇੰਡੋਨੇਸ਼ੀਆ ਇਨ੍ਹਾਂ ਮੁਲਕਾਂ ’ਚ ਰਹਿੰਦੇ ਹਨ।

ਕਿਦਵਈ ਇੰਸਟੀਚਿਊਟ ਆਫ ਆਨਕੋਲੋਜੀ ਦੇ ਕੈਂਸਰ ਵਿਭਾਗ ਦੇ ਮੁਖੀ ਡਾ. ਸੀ ਰਮੇਸ਼ ਅਨੁਸਾਰ ਭਾਰਤ ’ਚ ਔਸਤਨ ਹਰ ਸਾਲ 7 ਲੱਖ ਤੋਂ ਜਿਆਦਾ ਕੈਂਸਰ ਦੇ ਨਵੇਂ ਮਰੀਜ ਸਾਹਮਣੇ ਆਉਂਦੇ ਹਨ ਅਤੇ ਔਸਤਨ 3.5 ਲੱਖ ਲੋਕ ਕੈਂਸਰ ਕਰਕੇ ਮਰਦੇ ਹਨ। ਨਵੇਂ ਸੱਤ ਲੱਖ ਮਰੀਜਾਂ ’ਚੋਂ 2.3 ਲੱਖ ਭਾਵ 33 ਫੀਸਦੀ ਲੋਕਾਂ ਵਿੱਚ ਕੈਂਸਰ ਤੰਬਾਕੂ ਕਰਕੇ ਹੁੰਦਾ ਹੈ। ਔਰਤਾਂ ’ਚ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ ਬਹੁਤ ਜਿਆਦਾ ਹੈ। ਇੱਕ ਅੰਦਾਜੇ ਮੁਤਾਬਕ ਭਾਰਤ ਵਿੱਚ ਔਰਤਾਂ ’ਚ ਛਾਤੀ ਦੇ ਕੈਂਸਰ ਦੇ ਮਰੀਜ ਸੰਨ 2025 ਤੱਕ ਦੁੱਗਣੇ ਹੋ ਜਾਣਗੇ। ਕੈਂਸਰ ਸਮੁੱਚੀ ਮਨੁੱਖਤਾ ਨੂੰ ਘੁਣ ਵਾਂਗ ਖਾ ਰਿਹਾ ਹੈ।

ਬਦਲਵੇਂ ਜ਼ਿੰਦਗੀ ਜਿਊਣ ਦੇ ਢੰਗ ਨੇ ਕੈਂਸਰ ਅਤੇ ਹੋਰ ਬਿਮਾਰੀਆਂ ’ਚ ਅਥਾਹ ਵਾਧਾ ਕੀਤਾ ਹੈ। ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਨੇ ਕੈਂਸਰ ਆਦਿ ਖਤਰਨਾਕ ਬਿਮਾਰੀਆਂ ਨੂੰ ਜਨਮ ਦਿੱਤਾ ਹੈ। ਓਜ਼ੋਨ ਪਰਤ ਦੀ ਘਣਤਾ ਪਤਲੀ ਹੋਣ ਕਾਰਨ (ਓਜ਼ੋਨ ਛੇਕ) ਪਰਾਵੈਂਗਣੀ ਕਿਰਨਾਂ ਧਰਤੀ ’ਤੇ ਪਹੁੰਚ ਰਹੀਆਂ ਹਨ ਜੋ ਚਮੜੀ ਦਾ ਕੈਂਸਰ ਤੇ ਅੰਨ੍ਹੇਪਣ ਲਈ ਜਿੰਮੇਵਾਰ ਹਨ। ਖੇਤੀ ਖੇਤਰ ਵਿੱਚ ਅੰਨੇਵਾਹ ਰਸਾਇਣਕ ਖਾਦਾਂ ਦੀ ਵਰਤੋਂ, ਉਦਯੋਗਾਂ ਤੇ ਵਾਹਨਾਂ ਦੇ ਪ੍ਰਦੂਸ਼ਣ ਦੇ ਨਾਲ-ਨਾਲ ਮੋਬਾਇਲ ਫੋਨ ਦੀਆਂ ਤਰੰਗਾਂ ਵੀ ਕੈਂਸਰ ਲਈ ਜਿੰਮੇਵਾਰ ਹਨ।

ਵਿਕਸਿਤ ਦੇਸ਼ਾਂ ਦੁਆਰਾ ਆਪਣਾ ਈ ਕਚਰਾ ਵਿਕਾਸਸ਼ੀਲ ਦੇਸ਼ਾਂ ਦੀ ਜ਼ਮੀਨ ਹੇਠਾਂ ਦੱਬਿਆ ਜਾ ਰਿਹਾ ਹੈ।
ਇਸ ਬੀਮਾਰੀ ਤੋਂ ਬਚਣ ਲਈ ਸਭ ਤੋਂ ਪਹਿਲਾਂ ਜੀਵਨਸ਼ੈਲੀ ’ਚ ਸੁਧਾਰ ਕਰਨਾ ਪਵੇਗਾ, ਚੰਗੀ ਖੁਰਾਕ ਤੇ ਨੇਮ ਨਾਲ ਕਸਰਤ ਲਾਜ਼ਮੀ ਹੈ। ਮੋਬਾਇਲ ਫੋਨ ਦੀ ਵਰਤੋਂ ਸੀਮਤ ਕਰਨੀ ਹੋਵੇਗੀ ਤੇ ਇਸਨੂੰ ਸਰੀਰ ਤੋਂ ਦੂਰ ਰੱਖਿਆ ਜਾਵੇ। ਫੋਨ ਦੀ ਖਤਮ ਹੋ ਰਹੀ ਬੈਟਰੀ ਸਮੇਂ ਗੱਲ ਕਰਨ ਤੋਂ ਪ੍ਰਹੇਜ ਕੀਤਾ ਜਾਵੇ ਕਿਉਂਕਿ ਉਸ ਸਮੇਂ ਬਹੁਤ ਖਤਰਨਾਕ ਕਿਰਨਾਂ ਦਾ ਰਿਸਾਅ ਹੁੰਦਾ ਹੈ। ਅਗਰ ਕੈਂਸਰ ਦੀ ਪਹਿਚਾਣ ਸ਼ੁਰੂਆਤੀ ਦੌਰ ’ਚ ਹੋ ਜਾਵੇ ਤਾਂ ਸਹੀ ਇਲਾਜ ਨਾਲ ਮਰੀਜ਼ ਆਮ ਜ਼ਿੰਦਗੀ ਜਿਉਣ ਦੇ ਕਾਬਲ ਹੋ ਜਾਂਦਾ ਹੈ। ਇਹ ਬਿਮਾਰੀ ਸੰਕ੍ਰਮਣ ਨਾਲ ਨਹੀਂ ਫੈਲਦੀ ਤੇ ਕੈਂਸਰ ਪ੍ਰਤੀ ਪਾਏ ਜਾਂਦੇ ਵਹਿਮਾਂ-ਭਰਮਾਂ ਨੂੰ ਛੱਡ ਕੇ ਸਹੀ ਇਲਾਜ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਚੱਕ ਬਖਤੂ, ਬਠਿੰਡਾ
ਮੋ. 94641-72783
-ਲੇਖਕ ਮੈਡੀਕਲ ਅਫਸਰ ਹੈ।

ਡਾ. ਗੁਰਤੇਜ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.