… ਪਰਲੇ ਪਾਰ ਦਾ ਦਰ

Cross-border pain

ਸੂਰਜ ਦੀਆਂ ਕਿਰਨਾਂ ਅਜੇ ਫੁੱਟੀਆਂ ਨਹੀਂ ਸੀ ਗਰਮੀ ਦੇ ਦਿਨ ਸੀ ਤੇਜੋ ਓਟੇ ਕੋਲ ਬੈਠੀ ਚੁੱਲ੍ਹੇ ਨੂੰ ਪਾਂਡੂ ਦਾ ਪੋਚਾ ਫੇਰ ਸੀ ਚੁੱਲ੍ਹੇ ਨੂੰ ਮਿੱਟੀ ਕਈ ਦਿਨ ਪਹਿਲਾਂ ਲਾ ਦਿੱਤੀ ਸੀ ਤੇਜੋ ਦੀ ਉਮਰ ਪੰਜਾਹ ਸਾਲਾਂ ਤੋਂ ਟੱਪ ਚੱਲੀ ਸੀ ਇੰਨੇ ਨੂੰ ਤੇਜੋ ਦੀ ਗੁਆਂਢਣ ਭੂਰੋ ਵੀ ਆ ਗਈ ਭੂਰੋ ਬਰਾਂਡੇ ਕੋਲ ਖੜ੍ਹੇ ਮੰਜੇ ਨੂੰ ਡਾਹੁੰਦੇ ਹੋਈ ਤੇਜੋ ਨੂੰ ਬੋਲੀ, ‘ਕੁੜੇ ਅੱਜ ਤਾਂ ਪਹੁ ਫੁੱਟਦੀ ਲੱਗ ਗਈ ਚੁੱਲ੍ਹਾ ਸੰਵਾਰਨ ਦਿਨ ਤਾਂ ਚੜ੍ਹ ਲੈਣ ਦਿੰਦੀ’ ਤੇਜੋ ਨੇ ਭੂਰੋ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਆਖਿਆ, ‘ਨੀ ਤੈਨੂੰ ਤਾਂ ਪਤਾ ਹੈ।

ਲੋਹੜੇ ਦੀ ਗਰਮੀ ਪੈਂਦੀ ਆ ਨਾਲੇ ਆਹ ਚੁੱਲ੍ਹੇ ਨੂੰ ਮਿੱਟੀ ਤਾਂ ਕਿੱਦੇਂ ਦੀ ਲਾਈ ਆ ਆਹ ਚੰਦਰਾ ਪਾਂਡੂ ਫੇਰਨ ਦਾ ਟੈਮ ਨ੍ਹੀਂ ਲੱਗਾ ਮੈਂ ਸੋਚਿਆ ਅੱਜ ਨਿਬੇੜ ਹੀ ਦੇਵਾਂ’ ‘ਚੱਲ ਵਧੀਆ ਕੰਮਾਂ-ਧੰਦਿਆਂ ਵਿਚ ਟੈਮ ਜਾਂਦੇ ਦਾ ਪਤਾ ਨ੍ਹੀਂ ਲੱਗਦਾ’ ਤੇਜੋ ਘਰ ਵਿਚ ਇਕੱਲੀ ਤੀਵੀਂ-ਮਾਨੀ ਸੀ ਤੇਜੋ ਦਾ ਪਿਛੋਕੜ ਰਾਵਲਪਿੰਡੀ ਪਾਕਿਸਤਾਨ ਦਾ ਸੀ ਉਹ ਵੀਹ ਕੁ ਸਾਲਾਂ ਦੀ ਸੀ, ਜਦੋਂ ਉਸ ਦਾ ਵਿਆਹ ਭਾਗ ਸਿੰਘ ਨਾਲ ਹੋਇਆ ਸੀ ਵਿਆਹ ਤੋਂ ਦੋ ਸਾਲ ਬਾਅਦ ਦੇਸਾਂ ਦਾ ਬਟਵਾਰਾ ਹੋ ਗਿਆ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਲੋਕ ਆਪਣੀਆਂ ਜਾਨਾਂ ਬਚਾ ਕੇ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਨੂੰ ਭੱਜੇ ਉਨ੍ਹਾਂ ਪਰਿਵਾਰਾਂ ‘ਚ ਤੇਜੋ ਵੀ ਸ਼ਾਮਲ ਸੀ ਤੇਜੋ ਦਾ ਘਰਵਾਲਾ ਭਾਗ ਉੱਧਰ ਹੀ ਰਹਿ ਗਿਆ ਜਾਂ ਮਰ ਗਿਆ, ਉਸ ਦਾ ਕੋਈ ਥਹੁ-ਪਤਾ ਨਾ ਲੱਗਾ ਜਦੋਂ ਤੇਜੋ ਚੜ੍ਹਦੇ ਪੰਜਾਬ ਆ ਕੇ ਵੱਸੀ ਤਾਂ ਉਸ ਦਾ ਮੁੰਡਾ ਇੱਕ ਸਾਲ ਦਾ ਸੀ।

ਤੰਗੀਆਂ-ਤੁਰਸ਼ੀਆਂ ਕੱਟਦੀ ਨੇ ਉਸ ਨੂੰ ਪਾਲ਼ਿਆ ਪਹਿਲਾਂ ਪਿੰਡ ਦੇ ਸਕੂਲੇ ਪਾਇਆ ਫੇਰ ਸ਼ਹਿਰ ਕਾਲਜ ‘ਚ ਪੜ੍ਹਾਇਆ ਫਿਰ ਤੇਜੋ ਨਾਲ ਜਿੱਦ ਕਰਕੇ ਬਾਹਰਲੇ ਮੁਲਕ ਚਲਾ ਗਿਆ ਪੜ੍ਹਾਈ ਕਰਨ ਵਾਸਤੇ ਗਿਆ ਮੁੰਡਾ ਉੱਥੇ ਪੜ੍ਹ ਕੇ ਨੌਕਰੀ ਲੱਗ ਗਿਆ ਕਈ ਸਾਲ ਹੋ ਗਏ ਸੀ, ਪਰ ਉਹ ਪਿੰਡ ਨਾ ਮੁੜਿਆ ਤੇਜੋ ਉਹਨੂੰ ਫੋਨ ‘ਚ ਬਥੇਰਾ ਕਹਿੰਦੀ, ਵੀ ਬਹੁਤ ਕਮਾਈਆਂ ਹੋ ਗਈਆਂ ਪੁੱਤ ਘਰ ਮੁੜ ਆ ਆਵਦੀਆਂ ਬੁੱਢੀਆਂ ਹੱਡੀਆਂ ਦਾ ਵਾਸਤਾ ਪਾਉਂਦੀ, ਪਰ ਉਹਨੂੰ ਉਸ ਮੁਲਕ ਨਾਲ ਮੋਹ ਪੈ ਗਿਆ ਸੀ ਤੇਜੋ ਦਿਨ-ਰਾਤ ਆਵਦੇ ਘਰ ਵਾਲੇ ਭਾਗ ਸਿਹੁੰ ਅਤੇ ਮੁੰਡੇ ਨੂੰ ਯਾਦ ਕਰਦੀ ਰਹਿੰਦੀ ਆਪੇ ਰੋ ਕੇ ਚੁੱਪ ਕਰ ਜਾਂਦੀ ਆਂਢ-ਗੁਆਂਢ ਕੋਲ ਆਪਣਾ ਦੁੱਖ ਫੋਲਦੀ ਭੂਰੋ ਕੋਲ ਮੁਲਕ ਦੇ ਪਰਲੇ ਪਾਰ ਬੈਠੇ ਭਾਗ ਸਿਹੁੰ ਅਤੇ ਮੁੰਡੇ ਬਾਰੇ ਗੱਲਾਂ ਕਰ-ਕਰ ਆਪਣਾ ਦਰਦ ਘੱਟ ਕਰਨ ਦੀ ਕੋਸ਼ਿਸ ਕਰਦੀ ਆਖਰ ਇੱਕ ਦਿਨ ਤੇਜੋ ਮੁਲਕ ਦੇ ਪਰਲੇ ਪਾਰ ਵਾਲਾ ਦਰਦ ਆਪਣੇ ਜ਼ਿਹਨ ਲੈ ਕੇ ਜਹਾਨੋਂ ਰੁਖਸਤ ਹੋ ਗਈ।

ਜ਼ਮਾਨਾ

‘ਬਈ ਜੈਲਿਆ, ਕਿਧਰੋਂ ਸਵੇਰੇ-ਸਵੇਰੇ ਆਹ ਖਾਲੀ ਢੋਲੀਆਂ ਲਈ ਆਉਣਾ। ਇੰਨੀ ਕਲਪਨਾ ਨਾ ਕਰਿਆ ਕਰ, ਸੁੱਖ ਨਾਲ ਮੁੰਡੇ ਵਧੀਆ ਕੰਮ ਕਰਦੇ ਆ।ਆਜਾ ਬੈਠ ਜਾ ਘੰਟਾ ਘੜੀ।’ ‘ਕਿਤੇ ਨ੍ਹੀਂ ਬੂਟਾ ਸਿੰਆ, ਆਹ ਵੀਹ ਕੁ ਸੇਰ ਸਬਜ਼ੀ ਸੀ ਨਾਲੇ ਲੱਸੀ ਹੁੰਦੀ ਆ ਉਹ ਦੇ ਆਈ ਦੀ ਆ ਸ਼ਹਿਰ। ਵਧੀਆ ਚਾਰ ਪੈਸੇ ਵੱਟੇ ਜਾਂਦੇ ਨੇ, ਐਵੇਂ ਪਸੂਆਂ ਨੂੰ ਪਾਉਣ ਨਾਲੋਂ ਤਾਂ ਮਹਿੰਗੀ-ਸਸਤੀ ਵੇਚੀ ਠੀਕ ਆ।’ ‘ਉਹ ਤਾਂ ਵਧੀਆ ਗੱਲ ਆ ਜਦੋਂ ਇੰਨੀ  ਮਿਹਨਤ ਕਰਦੇ ਆਂ ਤਾਂ ਵੇਚਣ ਵੇਲੇ ਕਾਹਦੀ ਸ਼ਰਮ! ਪਰ ਆਹ ਲੱਸੀ ਫਿਰ ਰੁੰਗੇ ‘ਚ ਦੇ ਆਉਂਦਾ ਬਈ, ਪੱਕੇ ਗਾਹਕਾਂ ਨੂੰ?’ ਜੈਲੇ ਨੂੰ ਮਸ਼ਕਰੀ ਕਰਦਿਆਂ ਬੂਟੇ ਨੇ ਪੁੱਛਿਆ।

‘ਕਿਉਂ ਦਿਮਾਗ ‘ਚ ਫਰਕ ਆ, ਜਿਹੜਾ ਮੁਫਤ ਵੰਡਦੇ ਫਿਰਾਂਗੇ, ਸਬਜ਼ੀ ਤਾਂ ਕਦੇ ਵਿਕਣੋ ਰਹਿ ਜਾਂਦੀ ਆ ਪਰ ਆਹ ਤੇਰਵਾਂ ਰਤਨ ਤਾਂ ਹੱਥੋ-ਹੱਥ ਵਿਕਦਾ ਬੂਟਾ ਸਿੰਆ।’ ਜੈਲੇ ਨੇ ਬੂਟੇ ਨੂੰ ਸ਼ਹਿਰ ਵਿੱਚ ਲੱਸੀ ਦੀ ਮਹੱਤਤਾ ਦੱਸੀ। ‘ਹੈਂ ਜੈਲਿਆ! ਇਹ ਵੀ ਵੇਚ ਕੇ ਆਉਣਾ, ਤੂੰ ਤਾਂ ਬੜਾ ਵਪਾਰੀ ਨਿੱਕਲਿਆ। ਯਾਰ ਸੁਣ ਕੇ ਯਕੀਨ ਨਹੀਂ ਹੁੰਦਾ ਕਿ ਲੱਸੀ ਵੀ ਵਿਕਣ ਲੱਗ ਗਈ। ਵੇਖ ਲੋ ਸਮਾਂ ਕਿੰਨਾ ਬਦਲ ਗਿਐ।’
ਬੂਟੇ ਨੇ ਹੈਰਾਨ ਹੁੰਦੇ ਹੋਏ ਪੁੱਛਿਆ।

‘ਕਿਉਂ ਬੂਟੇ, ਜੇ ਕਣਕ, ਦਾਲਾਂ, ਸਬਜ਼ੀਆਂ,ਦੁੱਧ, ਘਿਓ ਵਿਕ ਸਕਦਾ ਤਾਂ ਲੱਸੀ ਕਿਉ ਨਹੀਂ? ਚੱਲ ਜਿਆਦਾ ਦੂਰ ਨਾ ਜਾ, ਆਹ ਪਾਣੀ ਦੀ ਬੋਤਲ ਵੀਹ ਰੁਪਏ ਦੀ ਆ। ਉਹ ਤਾਂ ਧਰਤੀ ‘ਚੋਂ ਕੱਢ ਕੇ ਵੇਚੀ ਜਾਂਦੇ ਆ। ਆਹ ਲਵੇਰੀਆਂ ਨੂੰ ਤਾਂ ਫੇਰ ਵੀ ਪਹਿਲਾਂ ਘਰ ਖਵਾਉਣਾ ਪੈਂਦਾ ਫੇਰ ਦੁੱਧ ਦਿੰਦੀਆਂ। ਨਾਲੇ ਬੂਟਾ ਸਿੰਆ ਵੱਡੀਆਂ-ਵੱਡੀਆਂ ਕੰਪਨੀਆਂ ਵੀ ਤਾਂ ਪੈਕੇਟਾਂ ‘ਚ ਦੁੱਧ-ਲੱਸੀ ਆਦਿ ਵੇਚਦੀਆਂ ਤਾਂ ਫਿਰ ਆਪਾਂ ਨੂੰ ਕਾਹਦੀ ਸ਼ਰਮ? ਹਾਂ ਸਮਾਂ ਜਰੂਰ ਬਦਲ ਗਿਆ, ਪਹਿਲਾਂ ਇੰਨੀ ਮਹਿੰਗਾਈ ਨਹੀਂ ਸੀ ਸਾਰੇ ਇੱਕ-ਦੂਜੇ ਦੇ ਕੰਮ ਆਉਂਦੇ ਸੀ ਪਰ ਹੁਣ ਵੇਖ ਲੈ ਕਿੰਨੀ ਮਹਿੰਗਾਈ ਆ ਖਲ਼ ਦੀ ਬੋਰੀ ਹਜ਼ਾਰ ਤੋਂ ਵੱਧ ਹੋਊ, ਕੰਮ ਆਉਣ ਵਾਲੀ ਗੱਲ ਤੇ ਛੱਡ ਅਗਲਾ ਐਵੇਂ ਸੌ ਗ੍ਰਾਮ ਖੰਡ ਵੀ ਨਹੀਂ ਦਿੰਦਾ, ਫੇਰ ਆਪਾਂ ਐਵੇਂ ਵੰਡਦੇ ਫਿਰੀਏ, ਆਪਾਂ ਨੂੰ ਕੀ ਪੈਸੇ ਦੰਦੀਆਂ ਵੱਢਦੇ ਆ! ਬਾਕੀ ਸਮੇਂ-ਸਮੇਂ ਦੀ ਗੱਲ ਐ ਭਰਾਵਾ, ਹੁਣ ਜਮਾਨਾ ਬਦਲ ਗਿਐ।’ ਇਹ ਕਹਿੰਦੇ ਹੋਏ ਜੈਲੇ ਨੇ ਸਾਈਕਲ ਨੂੰ ਪੈਡਲ ਮਾਰਿਆ ਤੇ ਆਪਣੇ ਘਰ ਵੱਲ ਚੱਲ ਪਿਆ।

ਮਿੰਨੀ ਕਹਾਣੀਆਂ

ਉਲਾਂਭਾ

ਦੋ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ। ਨਦੀਆਂ-ਨਾਲੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਸਨ। ਕਿਸੇ ਵੀ ਵੇਲੇ ਹੜਾਂ ਦੀ ਸਥਿਤੀ ਬਣ ਸਕਦੀ ਸੀ। ਪਾਣੀ ਨਾਲ ਭਰੇ ਖੇਤਾਂ ਵਿੱਚ ਫਸਲਾਂ ਡੁੱਬ ਰਹੀਆਂ ਸਨ। ਘਰ ਢਹਿ ਰਹੇ ਸਨ। ਸੜਕਾਂ ਧਸ ਰਹੀਆਂ ਸਨ। ਜਾਨੀ ਅਤੇ ਮਾਲੀ ਨੁਕਸਾਨ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਸੀ। ਪ੍ਰੇਸ਼ਾਨ ਹੋਏ ਇਨਸਾਨ ਨੇ ਕੁਦਰਤ ਨੂੰ ਉਲਾਂਭਾ ਦਿੱਤਾ, ‘ਐ ਕੁਦਰਤ! ਕਿਉਂ ਇੰਨਾ ਕਹਿਰਵਾਨ ਰੁਖ਼ ਧਾਰਿਆ ਹੈ? ਇਨਸਾਨਾਂ ‘ਤੇ ਕੁੱਝ ਤਾਂ ਰਹਿਮ ਕਰ!’ ਇਨਸਾਨ ਦਾ ਉਲਾਂਭਾ ਸੁਣ ਜੋਰ ਦੀ ਹੱਸਦਿਆਂ ਕੁਦਰਤ ਬੋਲੀ, ‘ਵਾਹ ਉਏ ਚਲਾਕ ਇਨਸਾਨਾਂ! ਗਲਤੀਆਂ ਤੂੰ ਕਰੇਂ ਅਤੇ ਉਲਾਂਭੇ ਮੈਨੂੰ ਦੇਵੇਂ। ਭਲਿਆ ਲੋਕਾ ਕਹਿਰਵਾਨ ਤਾਂ ਤੂੰ ਮੇਰੇ ‘ਤੇ ਹੋਇਆ ਫਿਰਦੈਂ।

ਆਪਣੇ ਮਨੋਰਥ ਲਈ ਤੂੰ ਮੇਰਾ ਰੂਪ ਹੀ ਵਿਗਾੜ ਕੇ ਰੱਖ ਦਿੱਤਾ ਹੈ। ਵਿਕਾਸ ਦੇ ਨਾਂਅ ‘ਤੇ ਮੇਰੇ ਰੁੱਖ ਪੁੱਤਰਾਂ ਨੂੰ ਤੂੰ ਦਿਨ-ਰਾਤ ਕਤਲ ਕਰ ਰਿਹਾ ਹੈਂ। ਇਨਸਾਨਾ ਆਪਣੀ ਤਬਾਹੀ ਦੇ ਮੰਜਰ ਲਈ ਤੂੰ ਖੁਦ ਜਿੰਮੇਵਾਰ ਹੈਂ। ਤੈਨੂੰ ਕੋਈ ਹੱਕ ਨਹੀਂ ਆਪਣੀ ਤਬਾਹੀ ਦਾ ਠ੍ਹੀਕਰਾ ਮੇਰੇ ਸਿਰ ਭੰਨ੍ਹਣ ਦਾ। ਨਾਲੇ ਹੋਰ ਸੁਣ, ਜੇਕਰ ਤੂੰ ਮੇਰੇ ਨਾਲ ਖਿਲਵਾੜ ਕਰਨਾ ਬੰਦ ਕਰ ਦੇਵੇਂ ਤਾਂ ਮੈਂ ਤਾਂ ਤੇਰੇ ਨਾਲ ਖਿਲਵਾੜ ਕਰਨ ਦਾ ਸੁਫ਼ਨੇ ਵਿੱਚ ਵੀ ਨਹੀਂ ਸੋਚ ਸਕਦੀ। ਕਦੇ ਆਪਣੀਆਂ ਹਰਕਤਾਂ ਦਾ ਆਤਮ-ਨਿਰੀਖਣ ਕਰਿਆ ਕਰ। ਐਵੇਂ ਦੂਜਿਆਂ ਨੂੰ ਉਲਾਂਭੇ ਦੇਣ ‘ਤੇ ਜ਼ੋਰ ਨਾ ਰੱਖਿਆ ਕਰ।’ ਕੁਦਰਤ ਦੀਆਂ ਖਰੀਆਂ-ਖਰੀਆਂ ਸੁਣ ਲਾਜਵਾਬ ਹੋਏ ਇਨਸਾਨ ਨੂੰ ਆਪਣੀ ਤਬਾਹੀ ਦੇ ਕਾਰਨਾਂ ਦਾ ਪਤਾ ਲੱਗਦਾ ਜਾ ਰਿਹਾ ਸੀ।

ਧੀ-ਰਾਣੀ

ਸੀਰਤ ਪੜ੍ਹਾਈ ਵਿੱਚ ਤਾਂ ਮੱਲਾਂ ਮਾਰ ਹੀ ਚੁੱਕੀ ਸੀ ਪਰ ਅੱਜ ਦੇਸ਼ ਵਾਸਤੇ ਨਵੀਂ ਖੋਜ ਕਰਨ ਲਈ ਸਨਮਾਨਿਤ ਹੋ ਰਹੀ ਸੀ। ਸਾਰਾ ਪਰਿਵਾਰ ਬੜਾ ਹੀ ਖੁਸ਼ ਸੀ। ਸਨਮਾਨ ਪ੍ਰਾਪਤ ਕਰਨ ਵਾਸਤੇ ਸਾਰਾ ਪਰਿਵਾਰ ਸਵੇਰੇ-ਸਵੇਰੇ ਤਿਆਰ ਹੋ ਰਿਹਾ ਸੀ। ਅਚਾਨਕ ਸੀਰਤ ਬਾਪੂ ਦੇ ਨਾਲ ਸ਼ੀਸ਼ੇ ਸਾਹਮਣੇ ਆਣ ਖੜ੍ਹੀ ਹੋਈ। ਕਹਿਣ ਲੱਗੀ, ‘ਬਾਪੂ ਜੀ, ਅੱਜ ਤੁਹਾਡੀ ਧੀ ਤੁਹਾਡੇ ਮੋਢੇ ਜਿੱਡੀ ਹੋ ਗਈ।’ ਮਨ ਚਾਵਾਂ ਨਾਲ ਭਰ ਗਿਆ ਧੀ ਦੇ ਇਹ ਸ਼ਬਦ ਸੁਣਕੇ। ਅਚਾਨਕ ਇੱਕਦਮ ਦਰਵਾਜੇ ਵਿੱਚ ਨਸ਼ੇ ਦਾ ਰੱਜਿਆ ਪੁੱਤ ਆਣ ਧਮਕਿਆ। ਉੱਚੀ ਸਾਰੀ ਕੜਕਿਆ, ‘ਬਾਪੂ ਮੈਥੋਂ ਪੜ੍ਹਾਈ ਨਹੀਂ ਹੋਣੀ ਹੁਣ ਇੱਥੇ, ਕੋਈ ਵਿਦੇਸ਼ ਜਾਣ ਦਾ ਪ੍ਰਬੰਧ ਕਰੋ।’ ਬਾਪੂ ਵਿਚਾਰਾ ਮੱਥੇ ‘ਤੇ ਹੱਥ ਰੱਖ ਕੇ ਬੈਠ ਗਿਆ ਤੇ ਸੋਚਣ ਲੱਗਾ, ‘ ਮਨਾ ਐਵੇਂ ਲੋਹੜੀ ਵੰਡੀ ਗਿਆ ਤੇ ਜਸ਼ਨ ਮਨਾਈ ਗਿਆ ਇਹੋ-ਜਿਹੇ ਕਪੁੱਤ ਵਾਸਤੇ। ਜਿਉਂਦੀ ਰਹੇ ਮੇਰੀ ਧੀ-ਰਾਣੀ!’

ਇੱਛਾ ਸਕਤੀ

ਸੰਸਾਰੀ ਲਾਲ ਅਖਬਾਰ ਵਿੱਚ ਪਰਾਲੀ ਦੇ ਸਾੜਨ ਨਾਲ ਮਨੁੱਖੀ ਸਿਹਤ ‘ਤੇ ਪੈਣ ਵਾਲੇ ਬੁਰੇ ਪ੍ਰਭਾਵ ਤੇ ਇਸਦੀ ਉਲੰਘਣਾ ਕੀਤੇ ਜਾਣ ‘ਤੇ ਹੋਣ ਵਾਲੀ ਸਖਤ ਸਜ਼ਾ ਬਾਰੇ ਪੜ੍ਹ ਕੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਖੁਸ਼ ਹੋ ਰਿਹਾ ਸੀ, ਪਰ ਜਿਉਂ ਹੀ ਅਗਲੇ ਪੰਨੇ ‘ਤੇ ਨਾਮਵਰ ਕੰਪਨੀਆਂ ਦੁਆਰਾ ਫਾਸਟ ਫੂਡ, ਤੰਬਾਕੂ, ਸ਼ਰਾਬ ਆਦਿ ਦੀ ਇਸ਼ਤਿਹਾਰਬਾਜ਼ੀ ਦੇਖੀ ਤਾਂ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਹੁਣ ਉਹ ਦੋਵਾਂ ਪੰਨਿਆਂ ‘ਤੇ ਕੀਤੀ ਗਈ ਇਸ਼ਤਿਹਾਰਬਾਜੀ ਵਿੱਚ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਚੰਗੇਰਾ ਬਣਾਉਣ ਦੀ ਇੱਛਾ-ਸ਼ਕਤੀ ਬਾਰੇ ਸੋਚਣ ਲੱਗ ਗਿਆ।