ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਮਿ੍ਰਤਕਾ ਦੇ ਪਿਤਾ ਦੇ ਬਿਆਨਾਂ ’ਤੇ ਪਿੰਡ ਦੇ ਹੀ ਨੌਜਵਾਨ ਵਿਰੁੱਧ ਮਾਮਲਾ ਕੀਤਾ ਦਰਜ਼
(ਜਸਵੀਰ ਸਿੰਘ ਗਹਿਲ) ਲੁਧਿਆਣ। ਜ਼ਿਲੇ ’ਚ ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਕਤਲ ਕਰ ਦਿੱਤਾ ਹੈ। ਪਿੰਡ ਕੁਹਾੜਾ ਵਿਖੇ ਧੀ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਰੋਕਣ ’ਤੇ ਇੱਕ ਸਿਰਫ਼ਿਰੇ ਵੱਲੋਂ ਦੋ ਬੱਚਿਆਂ ਦੀ ਵਿਧਵਾ ਮਾਂ ਨੂੰ ਚਾਕੂ ਮਾਰ ਕੇ ਮੌਤ (Murder) ਦੇ ਘਾਟ ਉਤਾਰ ਦਿੱਤਾ ਗਿਆ ਹੈ। ਹਮਲਾਵਰ ਵੱਲੋਂ ਔਰਤ ਦੇ ਚਿਹਰੇ ਅਤੇ ਗਰਦਨ ’ਤੇ ਕਈ ਵਾਰ ਕੀਤੇ ਗਏ। ਜਿਸ ਦੀ ਹਸਪਤਾਲ ਵਿਖੇ ਜ਼ੇਰੇ ਇਲਾਜ਼ ਮੌਤ ਹੋ ਗਈ।
ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਪਿੰਡ ਦੇ ਹੀ ਨੌਜਵਾਨ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਗਈ ਹੈ।
ਮ੍ਰਿਤਕਾ ਦੇ ਪਿਤਾ ਬੰਤ ਸਿੰਘ ਪੁੱਤਰ ਲੇਟ ਜਾਗੀਰ ਸਿੰਘ ਵਾਸੀ ਕੁਹਾੜਾ ਨੇ ਦੱਸਿਆ ਕਿ ਉਸ ਦੀ ਧੀ ਬਬਲਜੀਤ ਕੌਰ ਦੇ ਪਤੀ ਚਰਨਜੀਤ ਸਿੰਘ ਵਾਸੀ ਕੁੱਪਕਲਾਂ (ਸੰਗਰੂਰ) ਦੀ ਤਕਰੀਬਨ 13 ਕੁ ਸਾਲ ਪਹਿਲਾਂ ਹੋਈ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਬਬਲਜੀਤ ਕੌਰ ਆਪਣੀ 18 ਸਾਲਾ ਧੀ ਨਵਜੋਤ ਕੌਰ ਤੇ 15 ਸਾਲਾ ਲੜਕੇ ਸਾਇਮਨ ਸਿੰਘ ਨਾਲ ਉਸ ਕੋਲ ਕੁਹਾੜਾ ਪਿੰਡ ਹੀ ਰਹਿ ਰਹੀ ਸੀ।
ਬਬਲਜੀਤ ਕੌਰ ਦੀ ਗਰਦਨ ਅਤੇ ਚਿਹਰੇ ’ਤੇ ਚਾਕੂ ਨਾਲ ਕੀਤੇ ਵਾਰ (Murder)
ਇਸ ਦੌਰਾਨ ਕੁੱਝ ਸਮੇਂ ਤੋਂ ਪਿੰਡ ਦਾ ਹੀ ਹਰਸ਼ਦੀਪ ਸਿੰਘ ਪੁੱਤਰ ਰਣਜੀਤ ਸਿੰਘ ਨਾਂਅ ਦਾ ਨੌਜਵਾਨ ਉਸਦੀ ਦੋਹਤੀ ਨਵਜੋਤ ਕੌਰ ਨੂੰ ਤੰਗ-ਪ੍ਰੇਸ਼ਨ ਕਰ ਰਿਹਾ ਸੀ। ਜਿਸ ਨੂੰ ਬਬਲਜੀਤ ਕੌਰ ਅਜਿਹਾ ਕਰਨ ਤੋਂ ਅਕਸਰ ਹੀ ਰੋਕਦੀ ਰਹਿੰਦੀ ਸੀ। ਉਨਾਂ ਦੱਸਿਆ ਕਿ 8 ਅਪਰੈਲ ਨੂੰ ਜਿਉਂ ਹੀ ਉਹ ਕੰਮ ਕਾਰ ਤੋਂ ਆਪਣੇ ਘਰ ਪੁੱਜਾ ਤਾਂ ਹਰਸ਼ਦੀਪ ਸਿੰਘ ਉਸ ਦੀ ਧੀ ਬਬਲਜੀਤ ਕੌਰ ਦੀ ਗਰਦਨ ਅਤੇ ਚਿਹਰੇ ’ਤੇ ਚਾਕੂ ਨਾਲ ਲਗਾਤਾਰ ਵਾਰ ਕਰ ਰਿਹਾ ਸੀ ਜੋ ਉਸ ਨੂੰ ਤੇ ਲੋਕਾਂ ਦਾ ਇਕੱਠ ਦੇਖ ਚਾਕੂ ਸਮੇਤ ਮੌਕੇ ’ਤੋਂ ਫਰਾਰ ਹੋ ਗਿਆ।
ਇਸ ਉਪਰੰਤ ਉਨਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਦਿਆਂ ਲੋਕਾਂ ਦੀ ਮੱਦਦ ਨਾਲ ਬਬਲਜੀਤ ਕੌਰ ਨੂੰ ਅਪੋਲੋ ਹਸਪਤਾਲ ਵਿਖੇ ਇਲਾਜ਼ ਲਈ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਲੰਘੇ ਕੱਲ ਬਬਲਜੀਤ ਕੌਰ (46) ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮੌਕੇ ’ਤੇ ਪਹੁੰਚੀ ਪੁਲਿਸ ਨੇ ਬੰਤ ਸਿੰਘ ਦੇ ਬਿਆਨਾਂ ’ਤੇ ਹਰਸ਼ਦੀਪ ਸਿੰਘ ਵਾਸੀ ਕੁਹਾੜਾ ਵਿਰੁੱਧ 302 ਦਾ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਥਾਣੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਵੱਲੋਂ ਬਬਲਜੀਤ ਕੌਰ ਨੂੰ ਮੌਤ ਦੇ ਘਾਟ ਉਤਾਰਨ ਦੇ ਦੋਸ਼ ’ਚ ਮਿ੍ਰਤਕਾ ਦੇ ਪਿਤਾ ਬੰਤ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਆਰੰਭ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ