ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਵਿਭਾਗਾਂ ਦਾ ਰਲੇਵਾਂ ਕਰਨ ਦਾ ਮੁੱਦਾ ਭਖਿਆ, ਯੂਨੀਵਰਸਿਟੀ ਵਿਦਿਆਰਥੀਆਂ ਨੇ ਚੁੱਕਿਆ ਝੰਡਾ

Punjabi University

ਵਾਈਸ ਚਾਂਸਲਰ ਦਫਤਰ ਸਾਹਮਣੇ ਲਾਇਆ ਧਰਨਾ, ਜ਼ੋਰਦਾਰ ਕੀਤੀ ਨਾਅਰੇਬਾਜ਼ੀ, ਸੌਂਪਿਆ ਮੰਗ ਪੱਤਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਵਿਚਲੇ ਦੋ ਵਿਭਾਗਾਂ ਇਤਿਹਾਸ ਵਿਭਾਗ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦਾ ਆਪਸ ਵਿੱਚ ਰਲੇਵਾਂ ਕਰਨ ਤੋਂ ਬਾਅਦ ਰੋਹ ਰੁਕਣ ਦਾ ਨਾਂਅ ਨਹੀਂ ਲੈ ਰਿਹਾ, ਯੂਨੀਵਰਸਿਟੀ ਦੇ ਇਸ ਫੈਸਲੇ ਨੂੰ ਜਿੱਥੇ ਰਾਜਨੀਤਿਕ ਆਗੂਆਂ ਅਤੇ ਬੁੱਧੀਜੀਵੀਆਂ ਵੱਲੋਂ ਮੰਦਭਾਗਾ ਕਰਾਰ ਦਿੱਤਾ ਗਿਆ ਹੈ, ਉੱਥੇ ਹੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਜੱਥੇਬੰਦੀਆਂ ਨੇ ਵੀ ਆਪਣਾ ਝੰਡਾ ਚੁੱਕ ਲਿਆ ਹੈ ਅਤੇ ਇਸ ਫੈਸਲੇ ਖਿਲਾਫ਼ ਡਟ ਕੇ ਖੜ੍ਹ ਗਈਆਂ ਹਨ। ਅੱਜ ਇਨ੍ਹਾਂ ਵਿਦਿਆਰਥੀ ਜੱਥੇਬੰਦੀਆਂ ਵੱਲੋਂ ਵਾਈਸ ਚਾਂਸਲਰ ਦਫਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਇਸ ਦੌਰਾਨ ਡੀਐੱਸਓ ਪੰਜਾਬ ਵੱਲੋਂ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਪਿਛਲੇ ਦਿਨਾਂ ਤੋਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦਾ ਰਲੇਵਾਂ ਕਰਨ ਦੇ ਨਾਂਅ ’ਤੇ ਕੁਝ ਵਿਭਾਗਾਂ ਨੂੰ ਖਤਮ ਕੀਤਾ ਜਾ ਰਿਹਾ ਹੈ, ਉਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ।

ਵਿਭਾਗਾਂ ਵਿਚ ਨਵੀਂ ਤੇ ਪੱਕੀ ਭਰਤੀ ਕੀਤੀ ਜਾਵੇ

ਵਿਭਾਗਾਂ ਦਾ ਰਲੇਵਾਂ ਕਰਨ ਦੀ ਬਜਾਏ ਉਨ੍ਹਾਂ ਵਿਭਾਗਾਂ ਵਿਚ ਨਵੀਂ ਤੇ ਪੱਕੀ ਭਰਤੀ ਕੀਤੀ ਜਾਵੇ। ਵਿਭਾਗਾਂ ਨੂੰ ਖਤਮ ਕਰਨ ਨਾਲ ਇੱਕ ਤਾਂ ਪ੍ਰੋਫੈਸਰਾਂ ਅਤੇ ਹੋਰ ਅਮਲੇ ਦੀਆਂ ਸੀਟਾਂ ਘੱਟ ਹੁੰਦੀਆਂ ਹਨ ਅਤੇ ਨਾਲ ਹੀ ਰਿਸਰਚ ਦੇ ਕੰਮ ਵਿੱਚ ਵੀ ਗਿਰਾਵਟ ਆਉਣੀ ਹੈ। ਇਸ ਸਮੇਂ ਇਕੱਤਰ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡੀਐੱਸਓ ਦੇ ਆਗੂ ਬਲਕਾਰ ਸਿੰਘ ਨੇ ਕਿਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਨਵੀਂ ਸਿੱਖਿਆ ਨੀਤੀ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਇਸ ਨੂੰ ਤੁਰੰਤ ਬੰਦ ਕੀਤਾ ਜਾਵੇ। ਇਹ ਨੀਤੀ ਵਿਦਿਆਰਥੀ ਵਿਰੋਧੀ ਹੈ ਤੇ ਸਰਕਾਰੀ ਅਦਾਰਿਆਂ ਨੂੰ ਖਤਮ ਕਰਨ ਲਈ ਬਣਾਈ ਗਈ ਹੈ। ਪੰਜਾਬੀ ਯੂਨੀਵਰਸਿਟੀ ਦੇ ਵੀਸੀ ਵੱਲੋਂ ਪਹਿਲਾਂ ਤਾਂ ਸੈਲਫ ਫਾਈਨਾਂਸਡ ਕੋਰਸ ਖੋਲ੍ਹੇ ਗਏ ਹਨ ਅਤੇ ਹੁਣ ਸਰਕਾਰੀ ਖਰਚੇ ’ਤੇ ਚੱਲਣ ਵਾਲੇ ਕੋਰਸ ਬੰਦ ਕੀਤੇ ਜਾ ਰਹੇ ਹਨ। ਜਿਸ ਤੋਂ ਸਿੱਧਾ-ਸਿੱਧਾ ਪਤਾ ਲੱਗਦਾ ਹੈ ਕਿ ਇਹ ਸਭ ਫੈਸਲੇ ਯੂਨੀਵਰਸਿਟੀ ਨੂੰ ਪ੍ਰਾਈਵੇਟ ਕਰਨ ਲਈ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਡੀਐੱਸਓ ਦੇ ਆਗੂ ਪਾਰਸਦੀਪ ਨੇ ਕਿਹਾ ਕਿ ਜੇਕਰ ਸਾਡੀ ਗੱਲ ਨਹੀਂ ਮੰਨੀ ਜਾਂਦੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਵਿਰੋਧ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ