ਕਣਕ ਦੇ ਵਧੇ ਝਾੜ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਂਦੀ

Farmers

ਕਣਕ ਦੇ ਬੇਮੌਸਮੀ ਬਾਰਸ਼ ਦੀ ਮਾਰ ਹੇਠ ਆਉਣ ਦੇ ਕਿਆਸ ਪਏ ਫਿੱਕੇ | Farmers

ਨਾਭਾ (ਤਰੁਣ ਕੁਮਾਰ ਸਰਮਾ) ਕਣਕ ਦੇ ਵੱਧ ਝਾੜ ਨੇ ਕਿਸਾਨਾਂ ਦੇ ਚਿਹਰਿਆ ’ਤੇ ਮੁਸਕਰਾਹਟ ਲਿਆ ਦਿੱਤੀ ਹੈ। ਕਿਹਾ ਜਾ ਸਕਦਾ ਹੈ ਕਿ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਸਰਕਾਰੀ ਮੁਆਵਜਾ ਪਹਿਲੀ ਵਾਰ ਕਿਸਾਨਾਂ ਲਈ ਤੋਹਫਾ ਬਣਨ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵਿੱਤੀ ਕਰਜੇ, ਘਰੇਲੂ ਅਤੇ ਪਰਿਵਾਰਕ ਜਰੂਰਤਾਂ ਨਾਲ ਕੁਦਰਤ ਦੀ ਕਰੋਪੀ ਝੱਲਦੇ ਕਿਸਾਨਾਂ ਦੇ ਚਿਹਰੇ ’ਤੇ ਆਈ ਮੁਸਕ੍ਰਾਹਟ ਕਾਫੀ ਲੰਮੇ ਸਮੇਂ ਬਾਅਦ ਦੇਖਣ ਨੂੰ ਨਜਰ ਆ ਰਹੀ ਹੈ। ਜਿਕਰਯੋਗ ਹੈ ਕਿ ਹਾੜੀ ਦੀ ਪ੍ਰਮੁੱਖ ਫਸਲ ਕਣਕ ਦੇ ਬੀਤੇ ਮਹੀਨੇ ਬੇਮੌਸਮੀ ਬਾਰਸ਼ ਦੀ ਮਾਰ ਹੇਠ ਆਉਣ ਦੇ ਲਗਾਏ ਜਾ ਰਹੇ ਕਿਆਸ ਉਸ ਸਮੇਂ ਫਿੱਕੇ ਪੈਂਦੇ ਨਜਰ ਆਏ ਜਦੋਂ ਮੰਡੀਆਂ ’ਚ ਪੁੱਜ ਰਹੀ ਕਣਕ ਦੀ ਫਸਲ ਦੀ ਔਸਤ ਵਾਧੇ ਦੀ ਦਰ ਉਪਰਲਾ ਕ੍ਰਮ ਪਕੜਦੀ ਨਜਰ ਆਈ।

ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਆਮਦ ਨੇ ਫੜੀ ਰਫਤਾਰ

ਮੰਡੀਆਂ ਵਿੱਚ ਬੈਠੇ ਕਿਸਾਨ ਸ਼ਿੰਗਾਰਾ ਸਿੰਘ, ਕੁਲਦੀਪ ਪੁਰੀ ਅਤੇ ਲਖਵੀਰ ਸਿੰਘ ਨੇ ਦੱਸਿਆ ਕਿ ਜਿੰਨੇ ਨੁਕਸਾਨ ਦੀ ਸੰਭਾਵਨਾ ਦਾ ਡਰ ਸੀ, ਉਸ ਮੁਕਾਬਲੇ ਕੁਦਰਤ ਨੇ ਕਿਸਾਨਾਂ ਦੇ ਸਿਰ ’ਤੇ ਨਾ ਸਿਰਫ ਹੱਥ ਰੱਖ ਲਿਆ ਬਲਕਿ ਪਲੋਸ ਵੀ ਦਿੱਤਾ ਹੈ। ਪ੍ਰਤੀ ਵਿੱਘਾ ਚਾਰ ਤੋਂ ਪੰਜ ਕੁਵਿੰਟਲ ਦਾ ਝਾੜ ਮਿਲ ਰਿਹਾ ਹੈ ਜਿਸ ਕਾਰਨ ਕਿਸਾਨ ਕਾਫੀ ਖੁਸ਼ ਅਤੇ ਸੰਤੁਸ਼ਟ ਨਜਰ ਆ ਰਹੇ ਹਨ। ਕੁਦਰਤ ਦੇ ਕਰਿਸਮੇ ਦੀ ਵਾਹ-ਵਾਹੀ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਕਿਸਮਤ ਅਤੇ ਕੁਦਰਤ ਉਹਨਾਂ ਦਾ ਸਾਥ ਦੇ ਦੇਵੇਗੀ।

ਇਹ ਵੀ ਪੜ੍ਹੋ: ਮੰਡੀ ’ਚ ਅੱਗ ਲੱਗਣ ਨਾਲ ਹਜ਼ਾਰਾਂ ਕਣਕ ਦੀਆਂ ਬੋਰੀਆਂ ਤੇ ਖਾਲੀ ਬਾਰਦਾਨਾ ਸੜਿਆ

ਨਾਭਾ ਮੰਡੀ ਦੇ ਮਜਦੂਰਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਦੇਖਣ ਨੂੰ ਆ ਰਿਹਾ ਹੈ ਕਿ ਕਿਸਾਨ ਮੰਡੀਆਂ ਵਿੱਚ ਫਸਲ ਵੇਚਣ ਤੋਂ ਬਾਅਦ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਵੀ ਕਾਫੀ ਚੰਗਾ ਹੈ ਕਿ ਝਾੜ ਵਧਣ ਨਾਲ ਕਣਕ ਦੀ ਫਸਲ ਦੀ ਆਮਦ ਵੀ ਵਧ ਗਈ ਹੈ ਜਿਸ ਤੋਂ ਉਨ੍ਹਾਂ ਨੂੰ ਵੀ ਮਜਦੂਰੀ ਦੇ ਰੂਪ ’ਚ ਚੋਖੀ ਮਜਦੂਰੀ ਪ੍ਰਾਪਤ ਹੋ ਜਾਵੇਗੀ। ਕਿਸਾਨਾਂ ਅਤੇ ਮਜਦੂਰਾਂ ਵਿੱਚ ਪਾਈ ਜਾ ਰਹੀ ਖੁਸ਼ੀ ਤੋਂ ਆੜ੍ਹਤੀਆ ਭਾਈਚਾਰਾ ਵੀ ਸੱਖਣਾ ਨਹੀਂ ਰਿਹਾ ਕਿਉਂਕਿ ਕਣਕ ਦੇ ਵੱਧ ਝਾੜ ਤੋਂ ਉਤਸਾਹਿਤ ਕਿਸਾਨਾਂ ਵੱਲ ਉਨ੍ਹਾਂ ਦਾ ਕਰਜਾ ਵਾਪਸ ਆਉਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਵਧੇ ਝਾੜ ਨਾਲ ਆੜ੍ਹਤ ਤੋਂ ਵੀ ਚੋਖੀ ਕਮਾਈ ਹੋ ਜਾਵੇਗੀ।

ਕਿਸਾਨਾਂ ਸਮੇਤ ਦੂਜੇ ਵਰਗਾਂ ਨੂੰ ਲਾਹਾ ਮਿਲੇਗਾ | Farmers

ਵਧੇ ਝਾੜ ਤੋਂ ਉਤਸ਼ਾਹਿਤ ਕਿਸਾਨਾਂ ਸਬੰਧੀ ਉਪਰੋਕਤ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਨਾਭਾ ਮਾਰਕੀਟ ਕਮੇਟੀ ਸਕੱਤਰ ਗੁਰਦੀਪ ਸਿੰਘ ਬਡੂੰਗਰ ਨੇ ਦੱਸਿਆ ਕਿ ਲਗਾਏ ਜਾ ਰਹੇ ਕਿਆਸਾਂ ਦੇ ਉਲਟ ਮੰਡੀਆਂ ਵਿੱਚ ਪਹੁੰਚ ਰਹੀ ਕਣਕ ਦੀ ਮਾਤਰਾ ਦੱਸ ਰਹੀ ਹੈ ਕਿ ਇਸ ਵਾਰ ਝਾੜ ਵਧੀਆ ਹੀ ਹੈ ਜਿਸ ਨਾਲ ਕਿਸਾਨਾਂ ਸਮੇਤ ਦੂਜੇ ਵਰਗਾਂ ਨੂੰ ਕਾਫੀ ਲਾਹਾ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਨਾਭਾ ਮੰਡੀ ਅਤੇ ਖਰੀਦ ਕੇਂਦਰਾਂ ਵਿੱਚ ਪੁਖਤਾ ਪ੍ਰਬੰਧਾਂ ਨਾਲ ਸਰਕਾਰੀ ਖਰੀਦ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ