ਮ੍ਰਿਤਕ ਦੇ ਵਾਰਸਾਂ ਨੇ ਧਰਨਾ ਲਾ ਐੱਸਐੱਮਓ ਤੇ ਡਾਕਟਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Dead, Heirs Waterfall, SMO, Doctor

ਮਾਮਲਾ ਸਿਵਲ ਹਸਪਤਾਲ ਗੋਨਿਆਣਾ ਵਿਖੇ ਇੱਕ ਵਿਅਕਤੀ ਦੀ ਮੌਤ ਹੋਣ ਦਾ | Bathinda News

ਗੋਨਿਆਣਾ (ਜਗਤਾਰ ਜੱਗਾ)। ਸਿਵਲ ਹਸਪਤਾਲ ਗੋਨਿਆਣਾ ਮੰਡੀ ਦੀ ਕਥਿਤ ਅਣਗਹਿਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਵਾਰਸਾਂ ਸੁਸ਼ੀਲ ਕੁਮਾਰ, ਰਮੇਸ਼ ਕੁਮਾਰ, ਭੀਮ ਸੈਨ, ਜੈ ਭਗਵਾਨ, ਰਾਮ ਪ੍ਰਤਾਪ ਗੋਬਿੰਦਰਾਮ, ਰਾਮ ਕ੍ਰਿਸ਼ਨ ਤੇ ਹੋਰ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਦੀਪ ਚੰਦ ਪੁੱਤਰ ਫੂਲ ਚੰਦ ਬੀਤੇ ਕੱਲ੍ਹ ਸ਼ੁੱਕਰਵਾਰ ਨੂੰ ਸਰਕਾਰੀ ਹਸਪਤਾਲ ‘ਚ ਸਾਹ ਦੀ ਤਕਲੀਫ਼ ਹੋਣ ਕਾਰਨ ਦਵਾਈ ਲੈਣ ਲਈ ਆਇਆ ਸੀ ਜਿੱਥੇ ਡਾਕਟਰ ਨੇ ਉਸ ਨੂੰ ਦਾਖਲ ਕਰ ਲਿਆ ਤੇ ਪੂਰਾ ਦਿਨ ਉਸ ਦਾ ਇਲਾਜ ਕੀਤਾ ਤੇ ਸ਼ਾਮ ਨੂੰ ਉਸ ਨੂੰ ਛੁੱਟੀ ਦੇ ਦਿੱਤੀ ਗਈ। (Bathinda News)

ਜਦੋਂ ਰਾਤ ਦੇ 10:30 ਵਜੇ ਉਸ ਨੂੰ ਘਰ ਵਿੱਚ ਜ਼ਿਆਦਾ ਤਕਲੀਫ਼ ਹੋ ਗਈ ਤਾਂ ਉਹ ਦੀਪ ਚੰਦ ਨੂੰ ਲੈ ਕੇ ਹਸਪਤਾਲ ਵਿੱਚ ਫਿਰ ਆਏ ਤਾਂ ਡਾਕਟਰ ਇਲਾਜ ਕਰਨ ‘ਚ ਆਨਾਕਾਨੀ ਕਰਨ ਲੱਗਾ ਤਾਂ ਕਾਫ਼ੀ ਮਿੰਨਤਾਂ ਤਰਲੇ ਕਰਨ ‘ਤੇ ਜਦੋਂ ਉਸ ਨੇ ਇਲਾਜ ਸ਼ੁਰੂ ਕੀਤਾ ਤੇ ਥੋੜ੍ਹਾ ਬਹੁਤਾ ਇਲਾਜ ਕਰਕੇ ਉਹ ਆਪਣੀ ਸਰਕਾਰੀ ਰਿਹਾਇਸ਼ ‘ਚ ਚਲਾ ਗਿਆ ਤੇ ਮਰੀਜ ਨੂੰ ਕੋਈ ਜ਼ਿਆਦਾ ਫਾਇਦਾ ਨਾ ਹੋਣ ‘ਤੇ ਪੂਰੇ ਸਟਾਫ ਨਾਲ ਅਤੇ ਡਾਕਟਰ ਨਾਲ ਵਾਰ-ਵਾਰ ਸੰਪਰਕ ਕਰਨ ‘ਤੇ ਉਨ੍ਹਾਂ ਦੀ ਕਿਸੇ ਨੇ ਵੀ ਸਾਰ ਨਾ ਲਈ ਤਾਂ ਅੰਤ ਵਿੱਚ ਦੀਪ ਚੰਦ ਦਮ ਤੋੜ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਇਨ੍ਹਾਂ ਲੋਕਾਂ ਦਾ ਬਣੇਗਾ ਆਯੂਸ਼ਮਾਨ ਕਾਰਡ, ਜਲਦੀ ਦੇਖੋ

ਇਸ ਤੋਂ ਭੜਕੇ ਮ੍ਰਿਤਕ ਦੇ ਵਾਰਸਾਂ, ਰਿਸ਼ਤੇਦਾਰਾਂ ਤੇ ਦੋਸਤਾਂ ਨੇ ਰੋਸ ਵਜੋਂ ਹਸਪਤਾਲ ਦੇ ਅੰਦਰ ਧਰਨਾ ਮਾਰ ਕੇ ਹਸਪਤਾਲ ਦੇ ਪ੍ਰਬੰਧਕਾਂ ਤੇ ਡਾਕਟਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਹਾ ਡਾਕਟਰ ਦੀ ਅਣਗਹਿਲੀ ਕਾਰਨ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋਈ ਹੈ। ਮੌਕੇ ‘ਤੇ ਪਹੁੰਚੇ ਐੱਸਐੱਚਓ ਰਾਜੇਸ਼ ਕੁਮਾਰ ਤੇ ਡਾ. ਅਨਿਲ ਗੋਇਲ ਐੱਸਐੱਮਓ ਨੇ ਮ੍ਰਿਤਕ ਦੇ ਵਾਰਸਾਂ ਤੋਂ ਦਰਖਾਸਤ ਲੈ ਕੇ ਅਣਗਹਿਲੀ ਕਰਨ ਵਾਲੇ ਡਾਕਟਰ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕ ਲਿਆ। ਜਦੋਂ ਇਸ ਸਬੰਧੀ ਡਾ. ਸ਼ੈਰੀ ਗਰਗ ਨਾਲ ਸੰਪਰਕ ਕਰਨ ਲਈ ਫੋਨ ਕੀਤਾ ਤਾਂ ਵਾਰ ਵਾਰ ਘੰਟੀ ਵੱਜਣ ‘ਤੇ ਡਾਕਟਰ ਨੇ ਫੋਨ ਨਹੀਂ ਚੁੱਕਿਆ ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ ਗੋਨਿਆਣਾ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇੱਕ ਨੌਜਵਾਨ ਇਲਾਜ ਤੋਂ ਬਿਨਾਂ ਹੀ ਦਮ ਤੋੜ ਗਿਆ ਸੀ। (Bathinda News)

ਇੱਥੋਂ ਦਾ ਸਟਾਫ ਇਲਾਜ ਕਰਨ ਨਾਲੋਂ ਰੈਫਰ ਕਰਨ ‘ਚ ਹੀ ਆਪਣੀ ਡਿਊਟੀ ਸਮਝਦਾ ਹੈ । ਜਦੋਂ ਵੀ ਕੋਈ ਮਰੀਜ਼ ਇਸ ਹਸਪਤਾਲ ‘ਚ ਇਲਾਜ ਕਰਵਾਉਣ ਲਈ ਆਉਂਦਾ ਹੈ ਤਾਂ ਡਾਕਟਰ ਰੈਫਰ ਕਰਕੇ ਆਪਣੇ ਵੱਲੋਂ ਆਪਣੀ ਡਿਊਟੀ ਪੂਰੀ ਕਰ ਦਿੰਦੇ ਹਨ। ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਿਵਲ ਹਸਪਤਾਲ ‘ਚ ਰੈਫਰ ਕਰਨ ਲਈ ਹੀ ਡਾਕਟਰ ਰੱਖੇ ਗਏ ਹਨ ਤਾਂ ਇੰਨਾ ਪੈਸਾ ਬਿਲਡਿੰਗ ‘ਤੇ ਲਾਉਣ ਦਾ ਕੀ ਫਾਇਦਾ ਜਾਂ ਸਰਕਾਰੀ ਡਾਕਟਰਾਂ ਨੂੰ ਇੰਨੀਆਂ ਤਨਖ਼ਾਹਾਂ ਦੇਣ ਦਾ ਕੀ ਫਾਇਦਾ। ਸਰਕਾਰ ਵੱਲੋਂ ਆਮ ਲੋਕਾਂ ਨੂੰ ਫਿਰ ਸਿਹਤ ਸਹੂਲਤਾਂ ਦੇਣ ਲਈ ਕਰੋੜਾਂ ਰੁਪਇਆ ਖ਼ਰਚਿਆ ਜਾਂਦਾ ਹੈ, ਜਿਸ ਨੂੰ ਇਹ ਡਾਕਟਰ ਸਿਰਫ਼ ਰੈਫਰ ਕਰਕੇ ਹੀ ਪਾਣੀ ਦੀ ਤਰ੍ਹਾਂ ਵਹਾ ਰਹੇ ਹਨ।